ਕਰਤਾਰਪੁਰ ਸਾਹਿਬ ਦਾ ਲਾਂਘਾ ਤੇ ਸਿਆਸਤ

ਕਰਤਾਰਪੁਰ ਸਾਹਿਬ ਦਾ ਲਾਂਘਾ ਤੇ ਸਿਆਸਤ

ਕਰਤਾਰਪੁਰ ਸਾਹਿਬ ਦਾ ਲਾਂਘਾ ਖੁਲ੍ਹਣ ਦਾ ਦੁਨੀਆ ਭਰ ਦੇ ਸਿੱਖਾਂ ਨੇ ਸੁਆਗਤ ਕੀਤਾ ਹੈ। ਦੋਹਾਂ ਦੇਸ਼ਾਂ ਵਲੋਂ ਆਪਣੇ ਆਪਣੇ ਪਾਸਿਓਂ ਸੜਕ ਮਾਰਗ ਤਿਆਰ ਕਰਨ ਦਾ ਐਲਾਨ ਵੀ ਕੀਤਾ ਜਾ ਚੁੱਕਾ ਹੈ। ਇਹ ਲਾਂਘਾ ਖੁਲ੍ਹਣ ਦਾ ਐਲਾਨ ਸਾਜ਼ਗਾਰ ਮਾਹੌਲ ਵੱਲ ਪੇਸ਼ਕਦਮੀ ਹੈ। ਦੁਨੀਆ ਭਰ ਦੇ ਸਿੱਖਾਂ ਤੋਂ ਖੁਸ਼ੀਆਂ ਅਤੇ ਚਾਅਵਾਂ ਨੂੰ ਸੰਭਾਲਿਆ ਨਹੀਂ ਜਾ ਰਿਹਾ। ਸੱਚਮੁੱਚ ਹੀ ਇਹ ਇਤਿਹਾਸਕ ਅਤੇ ਲੋਕਾਂ ਖਾਸ ਕਰਕੇ ਬਾਬੇ ਨਾਨਕ ਦੇ ਪੈਰੋਕਾਰਾਂ ਲਈ ਸਭ ਤੋਂ ਵੱਡੀਆਂ ਖੁਸ਼ੀਆਂ ਵਾਲਾ ਫੈਸਲਾ ਹੈ। ਦਹਾਕਿਆਂ ਤੋਂ ਲੀਡਰ ਲੋਕ ਇਸ ਕੋਰੀਡੋਰ ਦੇ ਖੁਲ੍ਹਣ ਦੀਆਂ ਤਕਰੀਰਾਂ ਅਤੇ ਵਾਅਦੇ ਕਰਦੇ ਰਹੇ। ਬਗ਼ੈਰ ਸ਼ੱਕ ਹੁਣ ਇਸ ਦਾ ਸਿਹਰਾ ਪਾਕਿਸਤਾਨ ਦੇ ਨੌਜਵਾਨ ਪ੍ਰਧਾਨ ਮੰਤਰੀ ਸਾਹਿਬ ਇਮਰਾਨ ਖ਼ਾਨ ਨੂੰ ਜਾਂਦਾ ਹੈ। ਪਰ ਨਵਜੋਤ ਸਿੰਘ ਸਿੱਧੂ ਖ਼ਾਨ ਸਾਬ੍ਹ ਦਾ ਕ੍ਰਿਕਟ ਵਾਲੇ ਪਾਸਿਓਂ ਦੋਸਤ ਵੀ ਹਨ। ਉਨ੍ਹਾਂ ਦੀ ਵੀ ਪਕਿਸਤਾਨ ‘ਚ ਚੰਗੀ ਵਾਹ-ਵਾਹ ਹੋ ਰਹੀ ਹੈ। ਉਸ ਤੋਂ ਵੀ ਖੁਸ਼ੀ ਨਹੀਂ ਸੰਭਾਲੀ ਜਾ ਰਹੀ। ਤਿੰਨ ਕੁ ਮਹੀਨੇ ਪਹਿਲਾਂ ਉਹ ਇਮਰਾਨ ਖਾਨ ਦੇ ਸਹੁੰ ਚੁੱਕ ਸਮਾਰੋਹ ਦੇ ਸ਼ਾਮਿਲ ਹੋਣ ਲਈ ਪਾਕਿਸਤਾਨ ਗਿਆ ਤਾਂ ਪਾਕਿ ਫੌਜ ਦੇ ਮੁੱਖੀ ਜਰਨਲ ਬਾਜਵਾ ਨੂੰ ਜੱਫੀ ਪਾ ਬੈਠਾ। ਹਿੰਦੁਸਤਾਨ ‘ਚ ਤਾਂ ਵਾਵੇਲਾ ਹੀ ਮੱਚ ਗਿਆ। ਜਨਰਲ ਬਾਜਵਾ ਨੇ ਹੀ ਸਿੱਧੂ ਨੂੰ ਲਾਂਘਾ ਖੋਲ੍ਹਣ ਦੇ ਪਾਕਿ ਫੈਸਲੇ ਬਾਰੇ ਦੱਸਿਆ, ਜੱਫੀ ਤਾਂ ਪੈਣੀ ਹੀ ਸੀ। ਪਰ ਹੁਣ ਪਾਕਿਸਤਾਨ ਵਾਲੇ ਪਾਸੇ ਉਦਘਾਟਨ ਸਮਾਰੋਹ ਸ. ਸਿੱਧੂ, ਸ. ਪੁਰੀ ਤੇ ਹਰਸਿਮਰਤ ਕੌਰ ਬਾਦਲ, ਸ਼੍ਰੋਮਣੀ ਕਮੇਟੀ ਪ੍ਰਧਾਨ ਲੌਂਗੋਵਾਲ ਸਾਹਿਬ ਕਰਤਾਰਪੁਰ ਗਏ। ਦੋਹਾਂ ਮੁਲਕਾਂ ਦੇ ਇਮਾਮ ਨੇ ਖੁਸ਼ੀਆਂ ਮਨਾਈਆਂ। ਹਰ ਗੁਰੂ ਨਾਨਕ ਨਾਮ ਲੇਵਾ ਬਾਗੋ ਬਾਗ਼ ਹੈ। ਕਰਤਾਰਪੁਰ ਵਾਲੇ ਗੁਰੂ ਘਰ ਦੀ ਸੇਵਾ ਮਹਾਰਾਜਾ ਰਣਜੀਤ ਸਿੰਘ ਨੇ ਪਟਿਆਲੇ ਦੇ ਰਾਜਾ ਤੇ ਤਤਕਾਲ ਪੰਜਾਬ (ਚੜ੍ਹਦੇ ਪੰਜਾਬ) ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਾਦੇ ਮਹਾਰਾਜਾ ਭੁਪਿੰਦਰ ਸਿੰਘ ਨੇ ਤੇ ਪਾਕਿਸਤਾਨ ਦੀ ਸਰਕਾਰ ਨੇ ਕਰਵਾਈ ਹੈ। ਹੁਣ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਰਤਾਪੁਰ ਵਿਖੇ 100 ਕਮਰਿਆਂ ਦੀ ਸਰਾਂ ਬਣਾਉਣ ਲਈ ਪਾਕਿ ਸਰਕਾਰ ਨੂੰ ਬੇਨਤੀ ਕੀਤੀ ਹੈ। ਡੇਰਾ ਬਾਬਾ ਨਾਨਕ ਸਰਹੱਦ ‘ਤੇ ਲਾਂਘੇ ਵਾਲੀ ਐਂਟਰੀ ਤੇ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਗੇਟ ਦੀ ਸੇਵਾ ਪੰਜਾਬ ਸਰਕਾਰ ਨੂੰ ਸੌਂਪਣ ਲਈ ਵੀ ਭਾਰਤ ਸਰਕਾਰ ਨੂੰ ਬੇਨਤੀ ਕੀਤੀ ਹੈ। ਪਾਕਿਸਤਾਨ ਜਿਥੇ ਹੁਣ ਤੱਕ ਫੌਜ ਦੀ ਪਾਵਰ ਨੂੰ ਸਵੀਕਾਰ ਕੀਤਾ ਜਾ ਰਿਹਾ ਹੈ, ਦੇ ਪ੍ਰਧਾਨ ਮੰਤਰੀ ਸਾਹਿਬ ਦਾ ਐਡਾ ਵੱਡਾ ਦਿਲ ਕੱਢਣਾ, ਸੱਚਮੁੱਚ ਹੀ ਵੱਡੇ ਮਾਇਨੇ ਰੱਖ ਰਿਹਾ ਹੈ। ਇਮਰਾਨ ਸਾਹਿਬ ਨੇ ਦੋਹਾਂ ਦੇਸ਼ਾਂ ਦੀਆਂ ਦੂਰੀਆਂ ਨੂੰ ਮਿਟਾ ਕੇ ਨਵਾਂ ਅਧਿਆਇ ਸਿਰਜਨ ਦੀ ਵੀ ਪਹਿਲ ਕਦਮੀ ਕੀਤੀ ਹੈ। ਹੁਣ ਭਾਰਤ ਸਰਕਾਰ ਨੂੰ ਕੁਝ ਕਦਮ ਅੱਗੇ ਆਉਣਾ ਪਵੇਗਾ, ਭਾਵੇਂ ਕਿ ਕਸ਼ਮੀਰ ਦੀ ਸ਼ਾਂਤੀ ਵੀ ਦੋਹਾਂ ਮੁਲਕਾਂ ਲਈ ਜ਼ਰੂਰੀ ਹੈ। ਲੋਕ ਹਮੇਸ਼ਾ ਹੀ ਸ਼ਾਂਤੀ ਚਾਹੁੰਦੇ ਹਨ ਅਜਿਹਾ ਦੋਹਾਂ ਮੁਲਕਾਂ ਦੇ ਹਿੱਤ ‘ਚ ਹੋਵੇਗਾ।
ਬਗੈਰਸ਼ੱਕ ਕਰਤਾਪੁਰ ਸਾਹਿਬ ਦਾ ਲਾਂਘਾ ਖੁੱਲ੍ਹਣ ਨਾਲ ਦੋਹਾਂ ਮੁਲਕਾਂ ਦੇ ਰਿਸ਼ਤੇ ਅਮਨ ਸ਼ਾਂਤੀ ਵਾਲੇ, ਪਿਆਰ ਮੁਹੱਬਤ ਦੇ ਅਤੇ ਨਵੀਆਂ ਆਸਾਂ ਉਮੰਗਾਂ ਦੀਆਂ ਪੂਰਤੀਆਂ ਵਾਲੇ ਹੋਣਗੇ ਜਿਨ੍ਹਾਂ ਦੀ ਅੱਜ ਸਮੇਂ ਮੁਤਾਬਕ ਲੋੜ ਵੀ ਹੈ। ਅਸੀਂ ਤਾਂ ਆਸ ਅਤੇ ਦੁਆ ਕਰਦੇ ਹਾਂ ਕਿ ਸਰਹੱਦਾਂ ਦੀ ਲੋੜ ਹੀ ਨਾ ਹੋਵੇ। ਕੰਡਿਆਲੀਆਂ ਤਾਰਾਂ ਕਿਸੇ ਨੇ ਕੀ ਕਰਨੀਆਂ ਨੇ। ਇਹ ਦੱਸਣਾ ਜ਼ਰੂਰੀ ਹੈ ਕਿ ਭਾਰਤ ਨੇ ਪੰਜਾਬ ਸਰਕਾਰ ਨਾਲ ਰਲ਼ ਕੇ ਡੇਰਾ ਬਾਬਾ ਨਾਨਕ ‘ਚ ਕਰਤਾਰਪੁਰ ਸਾਹਿਬ ਦੇ ਲਾਂਘੇ ਦਾ ਉਦਘਾਟਨ 26 ਨਵੰਬਰ ਨੂੰ ਕੀਤਾ ਜੋ ਕਿ ਸਿਆਸਤ ਦੀ ਭੇਂਟ ਚੜ੍ਹ ਗਿਆ ਅਤੇ ਪਾਕਿਸਤਾਨ ਸਰਕਾਰ ਨੇ ਕਰਤਾਰਪੁਰ ਵਿਖੇ 28 ਨਵੰਬਰ ਨੂੰ ਕੀਤਾ। ਇਮਰਾਨ ਖਾਨ ਨੇ ਕਿਹਾ ਕਿ ਹੁਣ ਦੋਵੇ ਮੁਲਕਾਂ ਨੂੰ ਦੋਸਤੀ ਵੱਲ ਕਦਮ ਵਧਾਉਣੇ ਚਾਹੀਦੇ ਹਨ ਕਿਉਂਕਿ ਹੁਣ ਪ੍ਰਮਾਣੂ ਸ਼ਕਤੀ ਦੋਵੇਂ ਦੇਸ਼ਾਂ ਕੋਲ ਹੈ ਜਿਸ ਕਰਕੇ ਜੰਗ ਦਾ ਤਾਂ ਸੁਵਾਲ ਹੀ ਨਹੀਂ ਉਠਦਾ। ਕਰਤਾਰਪੁਰ ਦੇ ਲਾਂਘੇ ਲਈ ਜਿਨ੍ਹਾਂ ਨੇ ਵੀ ਯਤਨ ਕੀਤੇ, ਉਹ ਵਧਾਈ ਦੇ ਹੱਕਦਾਰ ਵੀ ਹਨ। ਸਾਬਕਾ ਪ੍ਰਧਾਨ ਮੰਤਰੀ ਸ. ਮਨਮੋਹਨ ਸਿੰਘ, ਸਵ. ਵਾਜਪਾਈ ਤੋਂ ਇਲਾਵਾ ਕੈਪਟਨ ਸਾਹਿਬ ਮੁੱਖ ਮੰਤਰੀ ਪੰਜਾਬ ਨੇ ਵੀ ਕਿਸੇ ਸਮੇਂ ਪਾਕਿਸਤਾਨ ਦੇ ਰਾਸ਼ਟਰਪਤੀ ਜਨਰਲ ਮੁਸ਼ੱਰਫ਼ ਨੂੰ ਇਹ ਲਾਂਘਾ ਖੋਲ੍ਹਣ ਲਈ ਬੇਨਤੀ ਕੀਤੀ ਸੀ ਪਰ ਉਸ ਸਮੇਂ ਇਹ ਮਾਮਲਾ ਅੱਧਵੱਟੇ ਹੀ ਰਿਹ ਗਿਆ ਸੀ। ਹੁਣ ਦੋਹਾਂ ਮੁਲਕਾਂ ‘ਚ ਇਹ ਲਾਂਘਾ ਖੋਲ੍ਹਣ ਦੇ ਉਦਘਾਟਨ ਹੋ ਚੁੱਕੇ ਹਨ। ਬਗੈਰ ਸ਼ੱਕ ਇਸ ਇਲਾਕੇ ਵਿੱਚ ਹੋਰ ਰੌਣਕਾਂ ਆਉਣਗੀਆਂ ਅਤੇ ਇਸ ਪਿਛੜੇ ਹੋਏ ਇਲਾਕੇ ਦਾ ਵਿਕਾਸ ਵੀ ਹੋਵੇਗਾ। ਕਰਤਾਰਪੁਰ ਸਾਹਿਬ ਵਿਖੇ ਬਾਬਾ ਨਾਨਕ ਨੇ ਆਪਣੀ ਜ਼ਿੰਦਗੀ ਦਾ ਆਖਰੀ ਲੰਮਾ ਸਮਾਂ ਬਿਤਾਇਆ। ਬਾਬੇ ਨੇ ਹੱਥੀ ਖੇਤੀ ਕੀਤੀ ਇਹ ਸਥਾਨ ਲਾਹੌਰ ਤੋਂ 120 ਕਿਲੋਮੀਟਰ ‘ਤੇ ਹਿੰਦ-ਪਾਕਿ ਸਰਹੱਦ ਤੋਂ 3-4 ਕਿਲੋਮੀਟਰ ‘ਤੇ ਸਥਿੱਤ ਹੈ। ਹੁਣ ਤੱਕ ਲੋਕ ਦੂਰਬੀਨੀ ਦਰਸ਼ਨ ਹੀ ਕਰਦੇ ਸਨ। ਕਰਤਾਰਪੁਰ ‘ਚ ਪਾਕਿ ਸਰਕਾਰ ਸਿੱਖਾਂ ਲਈ ਹੋਰ ਵੀ ਰਿਆਇਤਾਂ ਦੇਵੇਗੀ। ਨਵੇਂ ਹੋਟਲ ਬਣਨਗੇ, ਨਵਾਂ ਰੇਲਵੇ ਸ਼ਟੇਸ਼ਨ ‘ਤੇ ਸੜਕਾਂ ਦਾ ਜਾਲ ਵੀ ਵਿਛੇਗਾ। ਕਰਤਾਰਪੁਰ ਪਾਕਿਸਤਾਨ ਦੇ ਨਾਰੋਵਾਲ ਜ਼ਿਲ੍ਹੇ ਦੀ ਸੱਕਰਗੜ੍ਹ ਤਹਿਸੀਲ ‘ਚ ਪੈਂਦਾ ਹੈ। ਇਹ ਰਾਵੀ ਦਰਿਆ ਦਾ ਇਲਾਕਾ ਹੈ। ਨਵੇਂ ਪੁਲ ਦਾ ਨਿਰਮਾਣ ਵੀ ਹੋਵੇਗਾ। ਕਰਤਾਰਪੁਰ ਵਿਖੇ ਭਾਈ ਅਜਿਤੇ ਰੰਧਾਵੇ ਨੇ ਇਹ ਜ਼ਮੀਨ ਬਾਬਾ ਨਾਨਕ ਨੂੰ ਦਿੱਤੀ ਸੀ। ਦੁਨੀਚੰਦ ਜਾਂ ਕਰੋੜੀ ਮੱਲ ਕਹਿ ਲਵੋ, ਨੇ ਵੀ ਲੱਗਭੱਗ 100 ਏਕੜ ਜ਼ਮੀਨ ਇਸ ਅਸਥਾਨ ਨੂੰ ਦੇ ਦਿੱਤੀ। ਬਾਬੇ ਦੇ ਮੁਸਲਮਾਨ ਲੋਕ ਵੀ ਵੱਡੀ ਗਿਣਤੀ ‘ਚ ਸ਼ਰਧਾਲੂ ਬਣੇ। ਡੇਰਾ ਬਾਬਾ ਨਾਨਕ ਦੀ ਸਥਾਪਨਾ ਪਤਾ ਲੱਗਾ ਹੈ ਬਾਬੇ ਦੇ ਪੁੱਤਰਾਂ ਨੇ ਕੀਤੀ ਸੀ। ਭਾਈ ਗੁਰਦਾਸ ਤਾਂ ਕਹਿ ਰਹੇ ਹਨ ਕਿ ਇਥੇ ਆ ਕੇ ਬਾਬੇ ਨੇ ਉਦਾਸੀਆਂ/ਸਾਧੂਆਂ ਵਾਲੇ ਕੱਪੜੇ ਉਤਾਰਕੇ ਸੰਸਾਰੀ ਲੋਕਾਂ ਵਾਲਾ ਭੇਸ਼ ਧਾਰਨ ਕਰ ਲਿਆ। ਬਾਬੇ ਦੀਆਂ ਬਾਬਾ ਹੀ ਜਾਣੇ। ਅਸੀਂ ਤਾਂ ਦੋਹਾਂ ਮੁਲਕਾਂ ‘ਚ ਆਪਸੀ ਪਿਆਰ-ਮੁਹੱਬਤ ਦੀ ਅਰਦਾਸ ਹੀ ਗੁਰੂ ਨਾਨਕ ਪਾਤਸ਼ਾਹ ਤੋਂ ਕਰਦੇ ਹਾਂ। ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਦਾ ਸੰਦੇਸ਼ ਹੀ ਦੁਨੀਆ ਦੀ ਤਪਤ ਨੂੰ ਠਾਰਨ ਲਈ ਹਮੇਸ਼ਾ ਸਹਾਈ ਹੋਵੇਗਾ।

-ਰਛਪਾਲ ਸਿੰਘ ਗਿੱਲ