ਨਨਕਾਣਾ ਸਾਹਿਬ : ਭੈਣਾਂ ਨੂੰ ਸੱਤ ਦਹਾਕੇ ਪਹਿਲਾਂ ਵਿਛੜਿਆ ਭਰਾ ਮਿਲਿਆ

ਨਨਕਾਣਾ ਸਾਹਿਬ : ਭੈਣਾਂ ਨੂੰ ਸੱਤ ਦਹਾਕੇ ਪਹਿਲਾਂ ਵਿਛੜਿਆ ਭਰਾ ਮਿਲਿਆ

ਨਨਕਾਣਾ ਸਾਹਿਬ : ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਮੌਕੇ ਨਨਕਾਣਾ ਸਾਹਿਬ ‘ਚ ਇਕ ਬਹੁਤ ਹੀ ਜਜ਼ਬਾਤੀ ਘਟਨਾ ਵਾਪਰੀ। 70 ਵਰ੍ਹੇ ਬਾਅਦ ਵਿਛੜੀਆਂ ਭੈਣਾਂ ਆਪਣੇ ਸਕੇ ਭਰਾ ਨੂੰ ਮਿਲਣ ਵਿਚ ਕਾਮਯਾਬ ਹੋ ਗਈਆਂ। ਉਲਫ਼ਤ ਤੇ ਮੈਰਾਜ਼ ਬੀਬੀ ਨਾਂ ਦੀਆਂ ਇਹਨਾਂ ਭੈਣਾਂ ਨੇ ਪਾਕਿ ਸਰਕਾਰ ਤੋਂ ਆਪਣੇ ਭਰਾ ਬੇਅੰਤ ਸਿੰਘ ਦਾ ਵੀਜ਼ਾ ਵਧਾਉਣ ਦੀ ਮੰਗ ਕੀਤੀ ਹੈ।
ਮਿਲੀ ਜਾਣਕਾਰੀ ਮੁਤਾਬਕ ਇਸ ਵਾਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 549ਵੇਂ ਪ੍ਰਕਾਸ਼ ਪੁਰਬ ਮੌਕੇ ਜ਼ਿਲ੍ਹਾ ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਦੇ ਪਿੰਡ ਪਰਾਚਾ ‘ਚ ਰਹਿੰਦੇ ਸ. ਬੇਅੰਤ ਸਿੰਘ ਨੂੰ ਸ੍ਰੀ ਨਨਕਾਣਾ ਸਾਹਿਬ ਵਿਖੇ ਦੇਸ਼ ਦੀ ਵੰਡ ਦੌਰਾਨ ਆਪਣੀਆਂ ਵਿਛੜੀਆਂ ਭੈਣਾਂ ਮਿਲੀਆਂ ਤਾਂ ਮਾਹੌਲ ਬਹੁਤ ਭਾਵੁਕ ਹੋ ਗਿਆ । ਬੇਅੰਤ ਸਿੰਘ ਦੀਆਂ ਭੈਣਾਂ ‘ਚੋਂ ਉਲਫ਼ਤ ਬੀਬੀ ਇਸ ਸਮੇਂ ਪਾਕਿਸਤਾਨ ਦੇ ਜ਼ਿਲ੍ਹਾ ਸ਼ੇਖੁਪੂਰਾ ਅਤੇ ਮੈਰਾਜ਼ ਬੀਬੀ ਜ਼ਿਲ੍ਹਾ ਲਾਹੌਰ ਦੀ ਆਬਾਦੀ ਸ਼ਾਹਦਰਾ ‘ਚ ਰਹਿ ਰਹੀ ਹੈ। ਉਲਫ਼ਤ ਬੀਬੀ ਅਤੇ ਮੈਰਾਜ਼ ਬੀਬੀ ਨੇ ਆਪਣੇ ਵਿਛੜੇ ਭਰਾ ਨੂੰ ਮਿਲਣ ‘ਤੇ ਗੁਰੂ ਨਾਨਕ ਦੇਵ ਜੀ ਦਾ ਸ਼ੁਕਰਾਨਾ ਕਰਦਿਆਂ ਕਿਹਾ ਕਿ ਗੁਰੂ ਸਾਹਿਬ ਦੀ ਬਖ਼ਸ਼ਿਸ਼ ਸਦਕਾ ਹੀ ਉਨ੍ਹਾਂ ਦਾ ਆਪਣੇ ਭਰਾ ਨਾਲ ਮਿਲਣਾ ਸੰਭਵ ਹੋ ਸਕਿਆ ਹੈ।
ਉਨ੍ਹਾਂ ਦੱਸਿਆ ਕਿ ਵੰਡ ਦੇ ਦੌਰਾਨ ਉਨ੍ਹਾਂ ਦਾ ਉਕਤ ਭਰਾ ਤੇ ਇਕ ਭੈਣ ਭਾਰਤ ‘ਚ ਹੀ ਰਹਿ ਗਏ ਸਨ। ਜਿਨ੍ਹਾਂ ਬਾਰੇ ਜਾਣਕਾਰੀ ਪ੍ਰਾਪਤ ਕਰਕੇ ਉਨ੍ਹਾਂ ਨੂੰ ਆਪਣੇ ਪਾਸ ਲੈ ਕੇ ਆਉਣ ਲਈ ਉਨ੍ਹਾਂ ਦੀ ਮਾਂ ਅੱਲ੍ਹਾ ਰੱਖੀ ਨੇ ਕਈ ਕੋਸ਼ਿਸ਼ਾਂ ਕੀਤੀਆਂ। ਉਲਫ਼ਤ ਬੀਬੀ ਅਨੁਸਾਰ ਪਹਿਲਾਂ ਤਾਂ ਉਨ੍ਹਾਂ ਦੀ ਮਾਂ ਇਹੋ ਸਮਝਦੀ ਰਹੀ ਕਿ ਵੰਡ ਵੇਲੇ ਹੋਏ ਫ਼ਿਰਕੂ ਦੰਗਿਆਂ ‘ਚ ਉਸ ਦੇ ਪੁੱਤਰ ਤੇ ਧੀ ਨੂੰ ਕਿਸੇ ਨੇ ਕਤਲ ਕਰ ਦਿੱਤਾ ਹੋਵੇਗਾ ਪਰ ਫਿਰ ਉਸ ਨੇ ਪਿੰਡ ਪਰਾਚਾ ‘ਚ ਵੰਡ ਤੋਂ ਪਹਿਲਾਂ ਦੇ ਆਪਣੇ ਗੁਆਂਢੀ ਮੱਖਣ ਸਿੰਘ ਨਾਲ ਸੰਪਰਕ ਕੀਤਾ, ਜਿਸ ਤੋਂ ਉਸ ਨੂੰ ਆਪਣੇ ਪੁੱਤਰ ਦੇ ਜਿਉਂਦੇ ਹੋਣ ਬਾਰੇ ਜਾਣਕਾਰੀ ਮਿਲੀ। ਉਲਫ਼ਤ ਅਤੇ ਮੈਰਾਜ਼ ਬੀਬੀ ਅਨੁਸਾਰ ਉਨ੍ਹਾਂ ਆਪਣੇ ਭਰਾ ਨਾਲ ਚਿੱਠੀ ਪੱਤਰ ਤੇ ਫ਼ੋਨ ਰਾਹੀਂ ਸੰਪਰਕ ਕੀਤਾ ਅਤੇ ਹੁਣ ਉਨ੍ਹਾਂ ਦਾ ਆਪਣੇ ਭਰਾ ਨਾਲ ਮਿਲਣਾ ਸੰਭਵ ਹੋ ਸਕਿਆ। ਉਕਤ ਦੋਵੇਂ ਭੈਣਾਂ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਭਰਾ ਨੂੰ ਪਾਕਿਸਤਾਨ ਦੀ ਨਾਗਰਿਕਤਾ ਦਿੱਤੀ ਜਾਵੇ ਤਾਂ ਕਿ ਉਹ ਆਪਣੀ ਜ਼ਿੰਦਗੀ ਦੇ ਆਖ਼ਰੀ ਵਰ੍ਹੇ ਆਪਣੇ ਭਰਾ ਨਾਲ ਬਿਤਾ ਸਕਣ ਜਾਂ ਫਿਰ ਉਨ੍ਹਾਂ ਦੇ ਭਰਾ ਦਾ ਵੀਜ਼ਾ ਲੰਬੇ ਸਮੇਂ ਲਈ ਵਧਾਇਆ ਜਾਵੇ।