ਚੜਿਆ ਸੋਧਣਿ ਧਰਤਿ ਲੁਕਾਈ

ਚੜਿਆ ਸੋਧਣਿ ਧਰਤਿ ਲੁਕਾਈ

ਸ੍ਰੀ ਗੁਰੂ ਨਾਨਕ ਦੇਵ ਜੀ ਨੇ 24 ਸਾਲਾਂ ਵਿਚ ਦੋ ਉਪ ਮਹਾਂਦੀਪਾਂ ਦੇ 60 ਪ੍ਰਮੁੱਖ ਸ਼ਹਿਰਾਂ ਦੀ ਪੈਦਲ ਯਾਤਰਾ ਕੀਤੀ। ਇਸ ਦੌਰਾਨ 28 ਹਜ਼ਾਰ ਕਿਲੋਮੀਟਰ ਦਾ ਸਫਰ ਤੈਅ ਕੀਤਾ। ਉਨ੍ਹਾਂ ਦੀਆਂ ਯਾਤਰਾਵਾਂ ਦਾ ਮਕਸਦ ਸਮਾਜ ਵਿਚ ਫੈਲੀ ਊਚ-ਨੀਚ, ਜਾਤ-ਪਾਤ, ਅੰਧ ਵਿਸ਼ਵਾਸ ਆਦਿ ਨੂੰ ਖਤਮ ਕਰ ਕੇ ਸਮਾਜ ਵਿਚ ਤਾਲਮੇਲ, ਸਮਾਨਤਾ ਕਾਇਮ ਕਰਨਾ ਸੀ।
ਉਹ ਜਿਥੇ ਵੀ ਗਏ, ਇਕ ਪਰਮਾਤਮਾ ਦੀ ਗੱਲ ਕੀਤੀ ਅਤੇ ਸਭ ਨੂੰ ਉਸ ਦੀ ਸੰਤਾਨ ਦੱਸਿਆ। ਉਨ੍ਹਾਂ ਦੀਆਂ ਇਹ ਯਾਤਰਾਵਾਂ ਅੱਜ ਵੀ ਕਈ ਮਸਲਿਆਂ ਨੂੰ ਹੱਲ ਕਰਨ ਦਾ ਰਾਹ ਦੱਸਦੀਆਂ ਹਨ। ਇਨ੍ਹਾਂ ਯਾਤਰਾਵਾਂ ਦੌਰਾਨ ਗੁਰੂ ਜੀ ਨੂੰ ਰਸਤੇ ਵਿਚ ਜਿਹੜੇ ਰਿਆਸਤਾਂ ਦੇ ਰਾਜੇ ਜਾਂ ਬਾਦਸ਼ਾਹ ਮਿਲੇ ਉਨ੍ਹਾਂ ਨੂੰ ਇਹੀ ਗੱਲਾਂ ਸਮਝਾਈਆਂ।
ਪਹਿਲੀ ਉਦਾਸੀ : ਗੁਰੂ ਜੀ ਆਪਣੀ ਪਹਿਲੀ ਉਦਾਸੀ ਦੌਰਾਨ ਪੰਜਾਬ ਤੋਂ ਹਰਿਆਣਾ, ਉਤਰਾਖੰਡ, ਦਿੱਲੀ, ਉੱਤਰ ਪ੍ਰਦੇਸ਼, ਬਿਹਾਰ, ਨੇਪਾਲ, ਸਿੱਕਮ, ਭੂਟਾਨ, ਢਾਕਾ, ਅਸਮ, ਨਾਗਾਲੈਂਡ, ਤ੍ਰਿਪੁਰਾ, ਚਟਗਾਂਵ ਤੋਂ ਹੁੰਦੇ ਹੋਏ ਬਰਮਾ (ਮੀਆਂਮਾਰ) ਪਹੁੰਚੇ ਸਨ। ਉਥੋਂ ਦੀ ਉਹ ਉੜੀਸਾ, ਛੱਤੀਸਗੜ੍ਹ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼ ਅਤੇ ਹਰਿਆਣਾ ਤੋਂ ਹੁੰਦੇ ਹੋਏ ਵਾਪਸ ਪਰਤੇ। ਪਹਿਲੀ ਉਦਾਸੀ ਵੇਲੇ ਗੁਰੂ ਜੀ ਦੀ ਉਮਰ 31 ਸਾਲ ਸੀ। 1500 ਤੇ 1506 ਤੱਕ, ਕੁੱਲ 7 ਸਾਲ ਦੀ ਯਾਤਰਾ ਕੀਤੀ ਤੇ 8,169 ਕਿਲੋਮੀਟਰ ਦਾ ਸਫਰ ਤੈਅ ਕੀਤਾ।
ਦੂਜੀ ਉਦਾਸੀ: ਗੁਰੂ ਜੀ ਨੇ ਦੂਜੀ ਉਦਾਸੀ ਕਰਤਾਰਪੁਰ ਤੋਂ ਸ਼ੁਰੂ ਕੀਤੀ ਤੇ 8,169 ਕਿਲੋਮੀਟਰ ਦਾ ਸਫਰ ਤੈਅ ਕੀਤਾ। ਉਸ ਵੇਲੇ ਗੁਰੂ ਜੀ ਦੀ ਉਮਰ 37 ਸਾਲ ਸੀ। ਸੰਨ 1506 ਤੋਂ 1513 ਤੱਕ, ਕੁੱਲ 7 ਸਾਲ ਦੀ ਯਾਤਰਾ ਕੀਤੀ। ਦੂਜੀ ਉਦਾਸੀ ਦੌਰਾਨ ਗੁਰੂ ਜੀ ਨੇ ਪੱਛਮੀ ਪੰਜਾਬ (ਪਾਕਿਸਤਾਨ), ਸਿੰਧ, ਸਮੁੰਦਰੀ ਕੰਢੇ ਦੇ ਇਲਾਕਿਆਂ ਵਿਚੋਂ ਘੁੰਮਦੇ ਹੋਏ ਗੁਜਰਾਤ, ਮਹਾਰਾਸ਼ਟਰ, ਕੇਰਲ, ਤਾਮਿਲਨਾਡੂ ਤੇ ਮੈਦਾਨੀ ਇਲਾਕਿਆਂ ਵਿਚੋਂ ਹੁੰਦੇ ਹੋਏ ਸ੍ਰੀਲੰਕਾ ਪਹੁੰਚੇ ਅਤੇ ਫਿਰ ਤਾਮਿਲਨਾਡੂ, ਆਂਧਰਾ ਪ੍ਰਦੇਸ਼, ਉੜੀਸਾ, ਕਰਨਾਟਕ, ਮਹਾਰਾਸ਼ਟਰ, ਮੱਧ ਪ੍ਰਦੇਸ਼, ਰਾਜਸਥਾਨ, ਹਰਿਆਣਾ ਹੁੰਦੇ ਹੋਏ ਵਾਪਸ ਪਰਤੇ।
ਤੀਜੀ ਉਦਾਸੀ: ਤੀਸਰੀ ਉਦਾਸੀ ਸੁਲਤਾਨਪੁਰ ਲੋਧੀ ਤੋਂ ਸ਼ੁਰੂ ਕੀਤੀ। ਉਸ ਵੇਲੇ ਉਮਰ 45 ਸਾਲ ਸੀ। ਸੰਨ 1514 ਤੋਂ 1521 ਤੱਕ, ਕੁੱਲ ਪੰਜ ਸਾਲ ਦੀ ਯਾਤਰਾ ਕੀਤੀ ਤੇ 5,835 ਕਿਲੋਮੀਟਰ ਦਾ ਪੈਂਡਾ ਤੈਅ ਕੀਤਾ। ਤੀਸਰੀ ਉਦਾਸੀ ਵਿਚ ਗੁਰੂ ਜੀ ਹਰਿਆਣਾ, ਹਿਮਾਚਲ ਪ੍ਰਦੇਸ਼, ਤਿੱਬਤ (ਸੁਮੇਰ ਪਰਬਤ ਦਾ ਇਲਾਕਾ) ਹੁੰਦੇ ਹੋਏ ਲੇਹ-ਲੱਦਾਖ, ਕਸ਼ਮੀਰ, ਅਫ਼ਗ਼ਾਨਿਸਤਾਨ (ਕਾਬੁਲ), ਪੱਛਮੀ ਪੰਜਾਬ ਵਿਚੋਂ ਹੁੰਦੇ ਹੋਏ ਵਾਪਸ ਆਏ।
ਚੌਥੀ ਉਦਾਸੀ: ਗੁਰੂ ਨਾਨਕ ਦੇਵ ਜੀ ਆਪਣੀ ਚੌਥੀ ਉਦਾਸੀ ਦੌਰਾਨ ਮੁਲਤਾਨ, ਸਿੰਧ, ਬਲੋਚਿਸਤਾਨ, ਜੈਦਾ, ਮੱਕਾ ਪਹੁੰਚੇ ਅਤੇ ਮਦੀਨਾ, ਬਗ਼ਦਾਦ, ਖੁਰਮਾਬਾਦ, ਈਰਾਨ (ਇਥੇ ਉਨ੍ਹਾਂ ਦੇ ਸਾਥੀ ਮਰਦਾਨਾ ਦਾ ਦੇਹਾਂਤ ਹੋ ਗਿਆ ਸੀ), ਇਸਫਹਾਨ, ਕਾਬੁਲ, ਪੱਛਮੀ ਪੰਜਾਬ ਤੋਂ ਹੁੰਦੇ ਹੋਏ ਕਰਤਾਰਪੁਰ ਸਾਹਿਬ ਵਾਪਸ ਪਰਤੇ ਸਨ। ਇਸ ਦੌਰਾਨ ਗੁਰੂ ਜੀ ਨੇ 3,501 ਕਿਲੋਮੀਟਰ ਸਫਰ ਤੈਅ ਕੀਤਾ। ਇਸ ਵੇਲੇ ਗੁਰੂ ਜੀ ਦੀ ਉਮਰ 50 ਸਾਲ ਸੀ।
ਸੰਨ 1519 ਤੋਂ 1521 ਤੱਕ, ਕੁੱਲ ਤਿੰਨ ਸਾਲ ਦੀ ਯਾਤਰਾ ਕੀਤੀ। ਹਾਲਾਂਕਿ ਗੁਰੂ ਜੀ ਦੀ 54 ਸਾਲ ਦੀ ਉਮਰੇ ਪੰਜਵੀਂ ਉਦਾਸੀ ਬਾਰੇ ਵੀ ਕਈ ਇਤਿਹਾਸਕਾਰਾਂ ਨੇ ਦਾਅਵਾ ਕੀਤਾ ਹੈ। ਕਿਹਾ ਜਾਂਦਾ ਹੈ ਕਿ ਸੰਨ 1523 ਤੋਂ 1525 ਤੱਕ, ਕੁਲ ਦੋ ਸਾਲ ਗੁਰੂ ਜੀ ਨੇ ਯਾਤਰਾ ਕੀਤੀ ਤੇ 2,334 ਕਿਲੋਮੀਟਰ ਦਾ ਸਫਰ ਤੈਅ ਕੀਤਾ। ਇਸ ਉਦਾਸੀ ਦੇ ਪ੍ਰਮਾਣ ਦੀ ਕੋਈ ਪੁਸ਼ਟੀ ਨਹੀਂ ਹੈ, ਪਰ ਕੁਲਦੀਪ ਸਿੰਘ ਢਿੱਲੋਂ ਦੀ ਖੋਜ ਅਨੁਸਾਰ 5ਵੀਂ ਉਦਾਸੀ ਦੌਰਾਨ ਗੁਰੂ ਜੀ ਨੇ 2334 ਕਿਲੋਮੀਟਰ ਦਾ ਸਫਰ ਤੈਅ ਕੀਤਾ ਸੀ।