ਕੈਨੇਡਾ, ਅਮਰੀਕਾ ਅਤੇ ਮੈਕਸੀਕੋ ‘ਚ ਅੱਜ ਨਵੀਂ ਟ੍ਰੇਡ ਡੀਲ ‘ਤੇ ਹੋਣਗੇ ਦਸਤਖ਼ਤ

ਕੈਨੇਡਾ, ਅਮਰੀਕਾ ਅਤੇ ਮੈਕਸੀਕੋ ‘ਚ ਅੱਜ ਨਵੀਂ ਟ੍ਰੇਡ ਡੀਲ ‘ਤੇ ਹੋਣਗੇ ਦਸਤਖ਼ਤ

ਔਟਵਾ : ਬਿਊਨਸ ਏਅਰਜ਼ ਵਿਖੇ ਹੋਣ ਜਾ ਰਹੀ ਜੀ-20 ਸਿਖਰ ਵਾਰਤਾ ਦੌਰਾਨ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੇ ਵਿਦੇਸ਼ ਮੰਤਰੀ ਕ੍ਰਿਸਟੀਆ ਫਰੀਲੈਂਡ ਵਲੋਂ ਨਵੇਂ ਨੌਰਥ ਅਮੈਰੀਕਨ ਫਰੀ ਟਰੇਡ ਸਮਝੌਤੇ ਨੂੰ ਸਿਰੇ ਚੜ੍ਹਾਉਣ ਲਈ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਤੇ ਮੈਕਸਿਕੋ ਦੇ ਐਨਰਿਕ ਪੇਨਾ ਨਿਏਟੋ ਨਾਲ ਮੁਲਾਕਾਤ ਕੀਤੀ ਜਾਵੇਗੀ। ਮਿਲੀ ਜਾਣਕਾਰੀ ਅਨੁਸਾਰ ਸਵੇਰੇ 9:00 ਵਜੇ ਤੱਕ ਇਸ ਸਮਝੌਤੇ ‘ਤੇ ਤਿੰਨੋਂ ਧਿਰਾਂ ਵੱਲੋਂ ਸਾਂਝੇ ਤੌਰ ‘ਤੇ ਬਣੀ ਸਹਿਮਤੀ ਨਾਲ ਦਸਤਖ਼ਤ ਕੀਤੇ ਜਾਣ ਦੀ ਉਮੀਦ ਹੈ। ਪਰ ਇਸ ਸਮਝੌਤੇ ‘ਤੇ ਜਦੋਂ ਤੱਕ ਸਾਰੇ ਦੇਸ਼ ਆਪੋ ਆਪਣੀ ਦੇਸ਼ ਪਾਰਲੀਆਮੈਂਟ ਵਿੱਚ ਪਾਸ ਨਹੀਂ ਕਰਵਾਉਂਦੇ ਉਦੋਂ ਤੱਕ ਇਸ ਤੇ ਪੂਰਨ ਤੌਰ ‘ਤੇ ਸਹਿਮਤੀ ਨਹੀਂ ਜਤਾਈ ਜਾ ਸਕਦੀ। ਦੱਸਿਆ ਇਹ ਵੀ ਜਾ ਰਿਹਾ ਹੈ ਕਿ ਪਿਛਲੀ ਡੀਲ ਦੀ ਤਰ੍ਹਾਂ ਅਮਰੀਕੀ ਕਾਂਗਰਸ ਇਸ ਡੀਲ ਨੂੰ ਵੀ ਅਸਾਨੀ ਨਾਲ ਸਿਰੇ ਨਹੀਂ ਚੜ੍ਹਨ ਦੇਵੇਗੀ ਅਤੇ ਦੂਜੇ ਪਾਸੇ ਨਵੰਬਰ ਵਿੱਚ ਹੋਈਆਂ ਅਮਰੀਕੀ ਮਿਡਟਰਮ ਚੋਣਾਂ ਵਿੱਚ ਹਾਊਸ ਦਾ ਨਿਯੰਤਰਣ ਰਿਪਬਲਿਕਨਾਂ ਦੀ ਥਾਂ ਹੁਣ ਡੈਮੋਕ੍ਰੈਟਸ ਕੋਲ ਆ ਗਿਆ ਹੈ ਅਤੇ ਜ਼ਿਆਦਾਤਰ ਡੈਮੋਕ੍ਰੈਟਸ ਇਸ ਡੀਲ ਦੇ ਪੱਖ ‘ਚ ਨਹੀਂ ਦਿਖਾਈ ਦੇ ਰਹੇ ਜਦੋਂ ਕਿ ਕੁੱਝ ਦਾ ਕਹਿਣਾ ਹੈ ਕਿ ਇਹ ਅਮਰੀਕੀ ਕਾਮਿਆਂ ਦੀ ਸੁਰੱਖਿਆ ਲਈ ਕੋਈ ਖਾਸ ਕਾਰਗਰ ਸਿੱਧ ਨਹੀਂ ਹੋਵੇਗੀ। 2020 ਦੀਆਂ ਅਮਰੀਕੀ ਰਾਸ਼ਟਰਪਤੀ ਚੋਣਾਂ ਲਈ ਸੰਭਾਵੀ ਦਾਅਵੇਦਾਰ ਮੈਸਾਚਿਊਸੈੱਟਸ ਤੋਂ ਸੈਨੇਟਰ ਐਲਿਜ਼ਾਬੈੱਥ ਵਾਰਨ ਵੱਲੋਂ ਵੀ ਵੀਰਵਾਰ ਰਾਤ ਨੂੰ ਦਿੱਤੇ ਜਾਣ ਵਾਲੇ ਆਪਣੇ ਭਾਸ਼ਣ ਵਿੱਚ ਯੂ.ਐਸ.ਐਮ.ਸੀ.ਏ. ਦਾ ਵਿਰੋਧ ਕੀਤੇ ਜਾਣ ਦੀ ਸੰਭਾਵਨਾ ਹੈ। ਦਸੰਬਰ ਤੋਂ ਪਹਿਲਾਂ ਇਸ ਡੀਲ ਉੱਤੇ ਦਸਤਖ਼ਤ ਕੀਤੇ ਜਾਣ ਨਾਲ ਮੈਕਸਿਕੋ ਦੇ ਰਾਸ਼ਟਰਪਤੀ ਐਨਰਿਕ ਪੇਨਾ ਨਿਏਟੋ ਨੂੰ ਅਹੁਦਾ ਛੱਡਣ ਤੇ ਆਪਣੇ ਜਾਨਸ਼ੀਨ ਐਂਡਰਸ ਮੈਨੂਅਲ ਲੋਪੇਜ਼ ਓਬਰਾਡੋ ਦੇ ਅਹੁਦਾ ਸਾਂਭਣ ਤੋਂ ਪਹਿਲਾਂ ਇਸ ਡੀਲ ਉੱਤੇ ਦਸਤਖ਼ਤ ਕਰਨ ਦਾ ਮੌਕਾ ਮਿਲ ਜਾਵੇਗਾ। ਇੱਕ ਵਾਰੀ ਸੰਪੂਰਨ ਸਹਿਮਤੀ ਮਿਲਣ ਤੋਂ ਬਾਅਦ ਯੂਐਸਐਮਸੀਏ ਸਮਝੌਤਾ ਨਾਫਟਾ ਸਮਝੌਤੇ ਦੀ ਥਾਂ ਲੈ ਲਵੇਗਾ।