ਕੀ ਗੈਂਗ ਹਿੰਸਾ ਕਦੇ ਰੁੱਕੇਗੀ?

ਕੀ ਗੈਂਗ ਹਿੰਸਾ ਕਦੇ ਰੁੱਕੇਗੀ?

ਸਰੀ : ਅਮਰਪਾਲ ਸਿੰਘ : ਪਿਛਲੇ 24-25 ਸਾਲਾਂ ਤੋਂ ਚੱਲ ਰਹੀ ਗੈਂਗਵਾਰ ਰੁੱਕਣ ਦਾ ਨਾਮ ਨਹੀਂ ਲੈ ਰਹੀ। ਇਨ੍ਹਾਂ ਹਿੰਸਕ ਵਾਰਦਾਤਾਂ ‘ਚ ਸੈਂਕੜੇ ਨੌਜਵਾਨ ਇਸ ਦਾ ਸ਼ਿਕਾਰ ਹੋ ਚੁੱਕੇ ਹਨ। ਵੈਕੂਵਰ ਤੋਂ ਹੋਈ ਇਸ ਦੀ ਸ਼ੁਰੂਆਤ ਹੁਣ ਸਰੀ ਅਤੇ ਐਬਰਟਸਫੋਰਡ ‘ਚ ਵੀ ਆਪਣੀ ਜੜ੍ਹਾ ਜਮਾਂ ਚੁੱਕੀ ਹੈ।
ਬੀਤੇ ਸੋਮਵਾਰ ਭੰਗੜਾ ਪ੍ਰਮੋਟਰ ਰਾਜ ਸੰਘਾ ਨੂੰ ਮੌਤ ਦੀ ਘਾਟ ਉਤਾਰ ਦਿੱਤਾ ਗਿਆ। ਇਸ ਕਤਲ ਬਾਰੇ ਪੁਲਿਸ ਦਾ ਕਹਿਣਾ ਹੈ ਕਿ ਇਹ ਮਿੱਥ ਕੇ ਕੀਤਾ ਗਿਆ ਕਤਲ ਸੀ ਪਰ ਗੈਂਗ ਹਿੰਸਾ ਨਾਲ ਇਸਦਾ ਕੋਈ ਸਬੰਧ ਨਹੀਂ।
ਕਤਲ ਵਾਲੀ ਥਾਂ ਤੋਂ ਥੋੜੀ ਦੂਰ ਹੀ ਸਰੀ ਪੁਲਸ ਦਾ ਮੁੱਖ ਦਫਤਰ ਤੇ ਸੂਬਾਈ ਅਦਾਲਤੀ ਕੰਪਲੈਕਸ ਹੈ, ਜਿੱਥੇ ਸਾਰਾ ਦਿਨ ਲੋਕਾਂ ਦੀ ਭਰਵੀਂ ਆਵਾਜਾਈ ਰਹਿੰਦੀ ਹੈ। ਅਜਿਹੇ ‘ਚ ਇਸ ਤਰ੍ਹਾਂ ਦੀ ਵਾਰਦਾਤ ਪ੍ਰਸ਼ਾਸਨ ਦੇ ਸੁਰੱਖਿਆ ਪ੍ਰਬੰਧਾਂ ‘ਤੇ ਸਵਾਲ ਖੜ੍ਹੇ ਕਰ ਰਹੀ ਹੈ।
ਪਿਛਲੇ 4-5 ਮਹੀਨਿਆਂ ਤੋਂ ਲੱਗਭਗ ਹਰ ਹਫ਼ਤੇ ਕੋਈ ਨਾ ਕੋਈ ਪੰਜਾਬੀ ਇਸ ਗੈਂਗਹਿੰਸਾ ਦਾ ਸ਼ਿਕਾਰ ਹੋ ਰਿਹਾ ਹੈ। ਇਨ੍ਹਾਂ ਘਟਨਾਵਾਂ ਤੋਂ ਬਾਅਦ ਪੰਜਾਬੀ ਮਾਪਿਆਂ ਦੀ ਨੀਂਦ ਹਰਾਮ ਹੋਈ ਪਈ ਹੈ। ਹਰ ਮਾਪੇ ਨੂੰ ਫਿਕਰ ਰਹਿੰਦਾ ਹੈ ਕਿ ਉਹਨਾਂ ਬੱਚਾ ਇਨ੍ਹਾਂ ਗੈਂਗਾਂ ਵਿੱਚ ਨਾ ਚਲਾ ਜਾਵੇ ਜਾਂ ਇਸ ਹਿੰਸਾ ਦਾ ਸ਼ਿਕਾਰ ਨਾ ਹੋ ਜਾਵੇ ।
ਸੱਚ ਤਾਂ ਇਹ ਹੈ ਕਿ ਅਨੇਕਾਂ ਕਤਲਾਂ ਤੋਂ ਬਾਅਦ ਵੀ ਪੁਲਿਸ ਵਲੋਂ ਕੋਈ ਵਿਸ਼ੇਸ਼ ਤਫਤੀਸ਼ ਨਹੀਂ ਕੀਤੀ ਗਈ ਲੱਗਦੀ ਅਤੇ ਨਾ ਹੀ ਕੋਈ ਸਫ਼ਲ ਨਤੀਜਾ ਸਾਹਮਣੇ ਨਹੀਂ ਆਇਆ ਹੈ। ਸਰੀ ‘ਚ ਆਰ.ਸੀ.ਐਮ.ਪੀ. ਨੂੰ ਬਦਲ ਕੇ ਸਰੀ ਦੀ ਆਪਣੀ ਪੁਲਿਸ ਲਿਆਉਣ ਦੀਆਂ ਗੱਲਾਂ ਹੋ ਰਹੀਆਂ ਹਨ ਪਰ ਐਬਟਸਫੋਰਡ ਸ਼ਹਿਰਾਂ ਕੋਲ ਤਾਂ ਆਪਣੀ ਪੁਲਿਸ ਹੈ ਅਤੇ ਉਥੇ ਵੀ ਇਹ ਘਟਨਾਵਾਂ ਲਗਾਤਾਰ ਵਾਪਰ ਰਹੀਆਂ ਹਨ।
ਹਰ ਵਾਰ ਜਦੋਂ ਵੀ ਚੋਣਾਂ ਹੁੰਦੀਆਂ ਹਨ ਚਾਹੇ ਉਹ ਸਿਟੀ, ਪ੍ਰੋਵਿੰਸ਼ਲ ਜਾਂ ਫੈਡਰਲ ਚੋਣਾਂ ਹੋਣ ਇਹ ਮਸਲਾ ਜ਼ਰੂਰ ਅੱਗੇ ਆਉਂਦਾ ਹੈ ਅਤੇ ਫਿਰ ਆਇਆ – ਗਿਆ ਹੋ ਜਾਂਦਾ ਹੈ ਅਤੇ ਗੈਂਗਾਂ ਨੂੰ ਰੋਕਣ ਦੇ ਨਾਮ ਤੇ ਕਈ ਸੰਸਥਾਵਾਂ ਵੀ ਬਣੀਆਂ ਹਨ ਪਰ ਕੋਈ ਸਫਲ ਨਤੀਜਾ ਸਾਹਮਣੇ ਨਹੀਂ ਆਇਆ।
ਗੈਂਗਾਂ ਹਿੰਸਾ ‘ਚ ਹੋਈਆਂ ਮੌਤਾਂ ਦੀ ਜਾਂਚ ਕਰਨ ਵਾਲੀ ਪੁਲਿਸ ਟੀਮ 989” 9ਅਵਕਪਗ਼ਵਕਦ 8ਰਠਜਫਜਦਕ 9ਅਡਕਤਵਜਪ਼ਵਜਰਅ ”ਕ਼ਠ ਭਾਈਚਾਰੇ ‘ਚ ਵਿਸ਼ਵਾਸ਼ ਗਵਾ ਰਹੀ ਹੈ। ਜਦੋਂ ਕੋਈ ਨਸ਼ਿਆਂ ਦੇ ਧੰਦੇ ਨਾਲ ਜੁੜਿਆ ਨੌਜਵਾਨ ਇਸ ਹਿੰਸਾ ਦਾ ਸ਼ਿਕਾਰ ਹੁੰਦਾ ਹੈ ਤਾਂ ਉਸਦੇ ਦੋਸਤਾਂ-ਰਿਸ਼ਤੇਦਾਰਾਂ ਨੂੰ ਬਹੁਤ ਦੁੱਖ ਹੁੰਦਾ ਜਦਕਿ ਬਾਕੀ ਭਾਈਚਾਰੇ ਨੂੰ ਦੁੱਖ ਤਾਂ ਹੁੰਦਾ ਪਰ ਇਹ ਕਹਿ ਕੇ ਦੁੱਖ ਘਟਾ ਲੈਂਦੇ ਕਿ ਇਸ ਰਾਹ ‘ਤੇ ਤੁਰਨ ਵਾਲੇ ਦਾ ਅੰਤ ਇਹੀ ਹੋਣਾ ਸੀ।
ਇਹ ਸਵਾਲ ਅਜੇ ਵੀ ਬਰਕਰਾਰ ਹੈ ਕਿ ਜਿਹੜੇ ਲੋਕ ਮਾਰੇ ਗਏ ਅਤੇ ਬਾਅਦ ‘ਚ ਪੁਲਿਸ ਨੇ ਸਾਫ ਕਰ ਦਿੱਤਾ ਕਿ ਉਨ੍ਹਾਂ ਦਾ ਗੈਂਗ ਹਿੰਸਾ ਨਾਲ ਕੋਈ ਸਬੰਧ ਨਹੀਂ ਸੀ, ਉਨ੍ਹਾਂ ਦੇ ਕਾਤਲ ਹਾਲੇ ਤੱਕ ਕਿਉਂ ਨਹੀਂ ਫੜੇ ਗਏ? ਜਦ ਵੀ ਕੋਈ ਪੰਜਾਬੀ ਗੋਲੀ ਨਾਲ ਮਰਦਾ ਤਾਂ ਸਾਰੇ (ਖਾਸਕਰ ਗੈਰ ਪੰਜਾਬੀ) ਸੋਚਦੇ ਕਿ ਕੋਈ ਨਾ ਕੋਈ ਸਬੰਧ ਤਾਂ ਹੋਣਾ ਹੀ ਹੈ, ਬਿਨਾਂ ਗੱਲੋਂ ਕੌਣ ਕਿਸੇ ਦੇ ਗੋਲੀ ਮਾਰਦਾ। ਪਰ ਜਦ ਪੁਲਿਸ ਕਹਿ ਦਿੰਦੀ ਕਿ ਉਨ੍ਹਾਂ ਦਾ ਗੈਂਗ ਹਿੰਸਾ ਨਾਲ ਕੋਈ ਸਬੰਧ ਨਹੀਂ ਸੀ, ਤਾਂ ਉਸ ਸਮੇਂ ਇਹ ਕਿਉਂ ਸ਼ਪੱਸ਼ਟ ਨਹੀਂ ਕੀਤਾ ਜਾਂਦਾ ਕਿ ਇਹ ਪੂਰੀ ਘਟਨਾ ਵਾਪਰੀ ਕਿਵੇਂ? ਇਸ ਪਿਛੇ ਆਖਰ ਹੈ ਕੌਣ? ਜੇ ਕੋਈ ਲੁਕਵਾਂ ਸਬੰਧ ਸੀ ਤਾਂ ਵੀ ਜਨਤਾ ਨੂੰ ਦੱਸਿਆ ਤਾਂ ਜਾਵੇ, ਜੇ ਨਹੀਂ ਸੀ ਤਾਂ ਕਾਤਲ ਫੜ ਕੇ ਪਰਿਵਾਰਾਂ ਨੂੰ ਇਨਸਾਫ ਕਿਉਂ ਨਹੀ ਦਿੱਤਾ ਜਾਦਾ?
ਅਸੀੱਂ ਇੱਥੇ ਇਸ ਗੱਲ ਨੂੰ ਵੀ ਨਹੀਂ ਨਕਾਰ ਸਕਦੇ ਜਿੱਥੇ ਅਸੀਂ ਪ੍ਰਸ਼ਾਸ਼ਨ ਨੂੰ ਦੋਸ਼ੀ ਗਰਦਾਨਦੇ ਹਾਂ ਉੱਥੇ ਸਾਡੇ ਪਰਿਵਾਰਾਂ ਦੇ ਮਾਹੌਲ ਨੂੰ ਬਦਲਣ ਦੀ ਸਖਤ ਜ਼ਰੂਰ ਹੈ ਅਤੇ ਭਾਈਚਾਰੇ ਨੂੰ ਇਸ ਸਬੰਧੀ ਸਖਤ ਮਿਹਤਨ ਵੀ ਕਰਨੀ ਪਵੇਗੀ । ਪਿਛਲੇ ਦਿਨੀਂ ਬੀ.ਸੀ. ਵਿੱਚ ਗੈਂਗ ਹਿੰਸਾ ਬਾਰੇ ਗਲੋਬਲ ਨਿਊਜ਼ ਟੀ.ਵੀ. ਵਲੋਂ ਲਗਾਤਾਰ ਰਿਪੋਰਟਾਂ ਦਿਖਾਈਆਂ ਗਈਆਂ ਹਨ ਕਿ ਕਿਵੇਂ ਕੈਨੇਡਾ ‘ਚ ਨਸ਼ਾਂ ਫੈਲ ਰਿਹਾ ਹੈ। ਨਸ਼ਿਆਂ ਅਤੇ ਹਵਾਲੇ ਮਨੀ ਬਾਰੇ ਦਿਖਾਈਆਂ ਰਿਪੋਰਟਾਂ ਤੋਂ ਬਾਅਦ ਮਾਪਿਆਂ ਨੂੰ ਸਾਵਧਾਨ ਰਹਿਣ ਦੀ ਜ਼ਰੂਰਤ ਹੈ ਤਾਂ ਜੋ ਉਨ੍ਹਾਂ ਦੇ ਬੱਚੇ ਇਸ ਗੈਂਗਾਂ ਦਾ ਸ਼ਿਕਾਰ ਨਾ ਹੋਣ।
ਨਵੇਂ ਕਾਨੂੰਨਾਂ ਦੀ ਵੀ ਲੋੜ ਹੈ, ਅਤੇ ਸਰਕਾਰ ਵਲੋਂ ਹਿੰਸਕ ਵਾਰਦਾਤਾਂ ਪ੍ਰਤੀ ਸੰਜੀਦਾ ਹੋਣ ਦੀ ਵੀ ਲੋੜ ਹੈ ਤਾਂ ਕਿ ਜੁਰਮ ਕਰਨ ਵਾਲਿਆਂ ਲਈ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ । ਮਾਪਿਆਂ ਦਾ ਵੀ ਫਰਜ਼ ਬਣਦਾ ਹੈ ਕਿ ਉਹ ਆਪਣੇ ਬੱਚਿਆਂ ਪ੍ਰਤੀ ਬਹੁਤ ਜ਼ਿਆਦਾ ਚੌਕਸੀ ਵਰਤਣ । ਕੈਨੇਡਾ ਦੇ ਵਿੱਚ ਪੰਜਾਬੀਆਂ ਦੀ ਵਸੋਂ 2 ਤੋਂ 3 ਪ੍ਰਤੀਸ਼ਤ ਹੈ ਪਰ ਗੈਂਗਾਂ ਲੜਾਈਆਂ ਵਿੱਚ ਅਸੀਂ ਕਿਤੇ ਅੱਗੇ ਹਾਂ। ਭਾਈਚਾਰੇ ਨੂੰ ਚਾਹੀਦਾ ਹੈ ਕਿ ਨਸ਼ਿਆਂ ਦੀ ਵਰਤੋਂ ਪਾਰਟੀ ਅਤੇ ਦਿਖਾਵੇ ਲਈ ਨਾ ਕੀਤੀ ਜਾਵੇ ਹੋ ਸਕਦਾ ਹੈ ਕਿ ਕਿਤੇ ਨਾ ਕਿਤੇ ਬੱਚਿਆਂ ਦੀ ਮਾਨਸਿਕਤਾ ‘ਤੇ ਇਸ ਦਾ ਵੀ ਅਸਰ ਪੈਂਦਾ ਹੈ।