ਦੋ ਘੁਘੀਆਂ

ਦੋ ਘੁਘੀਆਂ

ਘਣੀ ਘਣੀ
ਵਿਹੜੇ ਸਾਡੇ ਦੀ
ਹਰੀ ਹਰੀ
ਪਿਪਲੀ ਦੇ ਉੱਤੇ
ਦੋ ਘੁਘੀਆਂ ਇਕ ਘਰ ਬਣਾਇਆ ।
ਕਰ ਕਰ ਟੁਟੇ ਖੰਭ ਇਕੱਠੇ
ਚੁਣ ਚੁਣ ਸੁੱਕੇ ਘਾਹ ਦੇ ਪੱਤੇ
ਖੁੱਥੇ ਕਾਗਤ
ਘਸੀਆਂ ਲੀਰਾਂ
ਨਿਘਾ ਜਿਹਾ ਇਕ ਆਲ੍ਹਣਾ ਪਾਇਆ ।
ਵਿਚ ਘੁਘੀਆਂ ਦੀ ਚੜ੍ਹੀ ਜਵਾਨੀ
ਚੁਪ-ਚੁਪੀਤੀ
ਭੋਲੀ ਭਾਲੀ
ਜਦ ਸਧਰਾਂ ਨੇ ਅਤਿ ਮਚਾਈ
ਦੋ ਚੁੰਝਾਂ ਦੇ ਚੁਹਲਾਂ ‘ਚੋਂ ਯਾ
ਕੂਲੀਆਂ ਕੂਲੀਆਂ ਖੰਭਲੀਆਂ ਦੀ
ਪੋਲੀ ਪੋਲੀ ਖਹਿਸਰ ਵਿਚੋਂ
ਦੁੱਧੋਂ ਵਧ
ਇਕ ਚਿੱਟੀ ਚਿੱਟੀ
ਨਿੱਕੀ ਨਿੱਕੀ
ਤਿਲ੍ਹਕ ਅੰਡਿਆਂ ਦੀ ਜੋੜੀ ਆਈ ।

ਡੂੰਘੀਆਂ ਇਕ ਤਰਕਾਲਾਂ ਵੇਲੇ
ਮੁੰਡੂ ਸਾਡਾ
ਅਤਿ ਗ਼ੁਰਬਤ ਨੇ
ਜਿਸਦੇ ਜਜ਼ਬੇ ਕੁਲ ਲਤਾੜੇ
ਜਿਸਦੀ ਜਦੀ ਜਾਇਦਾਦ ਅੰਦਰ
ਸੜੇ ਹੋਏ ਅਹਿਸਾਸ ਨੇ ਸਾਰੇ
ਮਾਰ ਟਪੋਸੀ
ਬਾਂਦਰ ਜਿਉਂ
ਪਿਪਲੀ ਤੇ ਚੜ੍ਹ ਗਿਆ
ਚੜ੍ਹ ਗਿਆ
ਮੇਰੇ ਵਿੰਹਦਿਆਂ ਵਿੰਹਦਿਆਂ
ਕਹਿੰਦਿਆਂ ਕਹਿੰਦਿਆਂ
ਭੰਨ ਆਲ੍ਹਣਾ
ਪਿਆਰੇ ਪਿਆਰੇ
ਅੰਡਿਆਂ ਦੇ ਦੋ ਨਿੱਕੇ ਆਲਮ
ਚੁਕ ਓਸ ਭੁੰਜੇ ਪਟਕਾਰੇ ।

ਘੜੀ ਪਿਛੋਂ
ਘੁਘੀਆਂ ਦਾ ਜੋੜਾ
ਪੋਟੇ ਭਰ ਫ਼ਸਲਾਂ ਤੋਂ ਮੁੜਿਆ
ਭਰੇ ਹੋਏ ਅਰਮਾਨ ਦਿਲਾਂ ਵਿਚ
ਸਧਰਾਂ ਦੇ ਤੂਫ਼ਾਨ ਦਿਲਾਂ ਵਿਚ
ਵੇਖ ਆਪਣਾ ਮਹਿਲ-ਮੁਨਾਰਾ
ਰੁਲਿਆ ਹੋਇਆ
ਗੁਮਿਆ ਹੋਇਆ
ਚੁਪ-ਚੁਪੀਤਾ ਫੜਕਣ ਲਗ ਪਿਆ
ਉਡ ਪਿਪਲੀ ਤੋਂ ਬੂਹੇ ਅਗੇ
ਬੂਹਿਓਂ ਉਡ ਬਨੇਰੇ ਉੱਤੇ
ਫ਼ਰਿਆਦਾਂ ਵਿਚ ਤੜਫ਼ਣ ਲਗ ਪਿਆ
ਪਰ ਸੜਕ ਤੇ ਤੇਜ਼ ਮੋਟਰਾਂ
ਸ਼ੂੰਕ ਸ਼ੂੰਕ ਓਵੇਂ ਹੀ ਜਾਵਣ
ਓਵੇਂ ਦੁੱਧ ਦੀ ਭਰੀ ਗਵਾਲਣ
ਗਾਗਰ ਆ ਹੱਟੀ ਤੇ ਰਖ ਗਈ
ਮੁੜੇ ਮਜ਼ੂਰ ਨੇ ਛੁਟੀ ਕਰਕੇ
ਰੋਜ਼ ਵਾਂਗਰਾਂ
ਲੜਦੇ ਖਹਿੰਦੇ
ਨਾਲੇ ਹੱਸਣ ਨਾਲੇ ਗਾਵਣ ।

ਕਰਤਾਰ ਸਿੰਘ ਦੁੱਗਲ