ਹੁਣ ਤੇ ਜ਼ਮਾਨਾ ਹੋਰ ਹੈ

ਹੁਣ ਤੇ ਜ਼ਮਾਨਾ ਹੋਰ ਹੈ

ਸੀਨੇ ‘ਚ ਦਰਦ ?
ਲੁਕਾ ਕੇ ਰਖ ਸੀਨੇ ‘ਚ ਦਰਦ ।
ਇਹ ਪੁਛ ਨਾ, ਕਿਥੋਂ ਫੁਟਿਆ ?
ਕਦ ਤੀਰ ਕੀਹਦਾ ਛੁਟਿਆ ?

ਇਹ ਦਰਦ ਬੇ-ਪਨਾਹ ਹੈ
ਇਹ ਦਰਦ ਸਚ ਸੁਦਾ ਹੈ
ਇਹ ਦਰਦ ਬਸ ਬਲਾ ਹੈ
ਹੁਣ ਭੁਲ ਸਕੂ ! ਭੁਲ ਦੇ ਦਰਦ ।

ਰਜ ਰਜ ਕੇ ਹਸ ਗਵਾ ਦੇ ਦਰਦ ।
ਜੇ ਸੌਂ ਸਕੇ ਸਵਾ ਦੇ ਦਰਦ ।
ਲੁਕ ਛਿਪ ਕੇ ਰੋ ਵਗਾ ਦੇ ਦਰਦ ।
ਸੀਨੇ ‘ਚ ਦਰਦ !
ਲੁਕਾ ਕੇ ਰਖ ਸੀਨੇ ‘ਚ ਦਰਦ ।

ਨਾ ਪਿਆਰ ਕਰ,
ਕਿਸੇ ਨੂੰ ਭੁਲ ਨਾ ਪਿਆਰ ਕਰ ।
ਹੋ ਪਿਆਰ ਵਿਚ ਬੇ-ਹਾਲ ਨਾ
ਅਪਣੇ ਸਿਖਰ ਨੂੰ ਢਾਲ ਨਾ

ਪਿਆਰ ਅੰਧ ਹੈ ਘੋਰ ਹੈ
ਪਿਆਰ ਪੁਰਾਣਾ ਲੋਰ ਹੈ
ਹੁਣ ਤੇ ਜ਼ਮਾਨਾ ਹੋਰ ਹੈ
ਇਹਦੇ ਕੰਡੇ ਦੀ ਪੋੜ ਹੋਰ
ਇਹਦੇ ਫੁਟਣ ਦੀ ਫੋੜ ਹੋਰ

ਇਹਦੇ ਘੁਲਣ ਦੀ ਕੋੜ ਹੋਰ
ਇਹਦੀ ਹੈ ਅਪਣੀ ਲੋੜ ਹੋਰ

ਨਾ ਪਿਆਰ ਕਰ
ਕਿਸੇ ਨੂੰ ਭੁਲ ਨਾ ਪਿਆਰ ਕਰ ।

ਕੋਈ ਦਿਲ ‘ਚ ਪੀੜ ?
ਦਬਾ ਦੇ ਦਿਲ ਦੀ ਦਿਲ ‘ਚ ਪੀੜ
ਉਠ ਤਕ ਜ਼ਮਾਨੇ ਦਾ ਨਿਖਾਰ
ਕੁਦਰਤ ਦੀ ਛਾਤੀ ਦਾ ਉਭਾਰ

ਬੁਲਬੁਲ ਦੇ ਡੂੰਘੇ ਵੈਣ ਭੁਲ
ਨਰਗਸ ਦੇ ਸਿਕਦੇ ਨੈਣ ਭੁਲ
ਕਾਲੀ ਘਟਾ ਦੀ ਸੈਣ ਭੁਲ

ਤੂੰ ਭੁਲ, ਤੇਰਾ ਬਿਆਨ ਹੈ ਇੰਜ
ਹਰ ਇਕ ਦੀ ਦਾਸਤਾਨ ਹੈ ਇੰਜ
ਨਾ ਕਰ ਗਿਲਾ ਜਹਾਨ ਹੈ ਇੰਜ
ਸਦਾ ਤੋਂ ਆਸਮਾਨ ਹੈ ਇੰਜ

ਕੋਈ ਦਿਲ ‘ਚ ਪੀੜ ?
ਦਬਾ ਦੇ ਦਿਲ ਦੀ ਦਿਲ ‘ਚ ਪੀੜ !

ਕਰਤਾਰ ਸਿੰਘ ਦੁੱਗਲ