ਸ਼ੇਰ ਮਾਰ-ਗਿੱਦੜ ਕਲੋਲਾਂ

ਚੱਲੇ ਗੋਪੀਆ ਨਾ ਮਣ੍ਹੇ ਹੇਠੋਂ,
ਬਿਨ ਢੁੰਡਰੀ ਨਾ ਖੜਕੇ ਟੱਲ ਬਾਬਾ।
ਬਾਜ਼ੀ ਮਾਰ ਤਾਂ ਗਏ ਸ਼ਰੀਕ ਤੇਰੇ,
ਫੋਕੀ ਆਪਣੀ ਬਣਾ ਨਾ ਭੱਲ ਬਾਬਾ।

ਗੱਪ ਛੱਡਦੇ ਮਾਰਨੇ ਅਣ ਤੋਲੇ,
ਨਹੀਂ ਚੱਲਣੇ ਤੇਰੇ ਟਰਫ਼ੱਲ ਬਾਬਾ।
ਗੰਦ ਚਾੜ੍ਹ ਨਾ ਪਹਾੜੀਂ ਗਿੱਦੜਾਂ ਦਾ,
ਹੋਈ ਪਈ ਐ ਚੱਲੋ ਚੱਲ ਬਾਬਾ।
ਰਾਜ ਕਰ ਗਿਐਂ ਸੇਵਾ ਕਹਿਕੇ ਤੂੰ,
ਕਰਦਾ ਅੱਜ ਕੱਲ੍ਹ ਅੱਜ ਕੱਲ੍ਹ ਬਾਬਾ।
ਮਾਰ ਸ਼ੇਰ ਦੀ ਗਿੱਦੜ ਕਲੋਲ ਕਰਦੇ,
ਕੌੜ ਤੁੰਮੇ ਨਾ ਅੰਬਾਂ ਦਾ ਹੱਲ ਬਾਬਾ।

ਅੰਨ੍ਹੀ ਪੀਸ ਗਈ ਚੱਟ ਗਏ ਕੁੱਤੇ,
ਛੱਡੇ ਲੁੱਟਣੋਂ ਨਾ ਕੱਦੂ ਅੱਲ ਬਾਬਾ।
ਬੋਤੀ ਆ ਜੂ ‘ਭਗਤਿਆ’ ਬੋਹੜ ਥੱਲੇ,
ਬਿੰਦ ਝੱਟ ਦੀ ਐ ਵੱਸ ਗੱਲ ਬਾਬਾ।

-ਸੁਖਮੰਦਰ ਸਿੰਘ ਬਰਾੜ ‘ਭਗਤਾ ਭਾਈ ਕਾ’, 604-751-1113