ਕਿੰਤੂ ਤੋਂ ਮਰਿਯਾਦਾ ਤੀਕਰ

ਕਿੰਤੂ ਤੋਂ ਮਰਿਯਾਦਾ ਤੀਕਰ

ਸ਼ੁਰੂ ਹੋਇਆ ਸੀ
ਜੋ ਫਲਸਫ਼ਾ ਹੀ ਕਿੰਤੂ ਤੋਂ……..
ਉਹ ਤਾਂ ਸਿਮਟ ਕੇ ਰਹਿ ਗਿਆ ਹੈ
ਸ਼ਰਧਾ ਦੇ ਰੁਮਾਲਿਆਂ ਵਿਚ !
ਨਾਨਕਧਾਰਾ……..
ਮਰਿਯਾਦਾ ਵਿਚ ਕੈਦ ਹੈ !
ਤਰਕ ਕਰਨਾ ਅਵੈਧ ਹੈ !

ਸੁੱਕੇ ਪਏ ਨੇ……..
ਅਜੇ ਵੀ ਅਮਲਾਂ ਦੇ ਖੇਤ,
ਪਰ ਸੰਗਮਰਮਰ ਦੀਆਂ ਦੁਧੀਆਂ ਸਿਲ੍ਹਾਂ ਨੂੰ
ਦੁੱਧ ਨਾਲ ਧੋਇਆ ਜਾ ਰਿਹੈ !
ਪਾਵਿਆਂ ਨੂੰ…….
ਘੁਟਿਆ ਜਾ ਰਿਹੈ !
ਪਰ ਫਲਸਫ਼ੇ ਨੂੰ ਭੁੱਲਿਆ ਜਾ ਰਿਹੈ !

ਜਿਸ ਫਲਸਫ਼ੇ ਨੇ…….
”ਤੈਂ” ਨੂੰ ਵੀ ਸਵਾਲ ਕਰਨੇ ਸੀ !
ਵਰਤਿਆ ਜਾ ਰਿਹਾ ਹੈ
ਹੁਣ ਤਾਂ ਕੇਵਲ……..
ਰਜ਼ਾ ਦੀਆਂ ਚੱਕੀਆਂ ਪਿਸਵਾਉਣ ਲਈ !
ਤਾਂਹੀਓ ਤਾਂ ਪਾਪ ਦੀ ਜੰਞ
ਆਏ ਦਿਨ ਢੁੱਕਦੀ ਹੈ
ਸਾਡੀ ਚੁੱਪ ਦੇ……..
ਭਿੜੇ ਹੋਏ ਦਰਵਾਜ਼ਿਆਂ ਮੂਹਰੇ !
ਰਣਸਿੰਙੇ ਗੂੰਜਦੇ ਨੇ……..
ਨਗਾਰਿਆਂ ‘ਤੇ ਚੋਟ ਪੈਂਦੀ ਹੈ
ਨਿੱਤ ਸੰਖ ਪੂਰੇ ਜਾ ਰਹੇ……..
ਪਰ ਬਾਬਰਾਂ ਨੂੰ ਚੁਣੌਤੀ ਕੌਣ ਦਿੰਦਾ ਹੈ ?
ਚਿੱਟੇ ਚਾਨਣ ਨੂੰ……..
ਕਵਰ ਚਾੜ ਦਿੱਤੇ ਗਏ ਨੇ !
ਚੰਦੋਏ ਤਾਣ ਦਿੱਤੇ ਗਏ ਨੇ !
ਚੌਰਾਂ ਦੀ ਲੋੜ……..
ਤੇਰੀ ਬਾਣੀ ਨੂੰ ਕਦੋਂ ਸੀ ?
ਜ਼ਿਹਨਾਂ ‘ਤੇ ਜੰਮੀ ਹੋਈ ਗਰਦ
ਅਸੀਂ ਕਦੇ….ਦੂਰ ਕੀਤੀ ਹੀ ਨਹੀਂ !

ਹਾਲੇ ਵੀ……..
ਸਾਡੇ ਹਿਰਦਿਆਂ ਵਿਚ,
ਦਇਆ ਨਾਮ ਦੀ ਕਪਾਹ ਨਹੀਂ ਉਗਦੀ
ਸੰਤੋਖ ਦਾ ਸੂਤ…….
ਸੰਕੀਰਣ ਸੋਚ ਦੀਆਂ ਖੱਡੀਆਂ ਉਤੇ
ਕਿਵੇਂ ਬੁਣਿਆ ਜਾ ਸਕਦਾ ਸੀ ?
ਜਤੁ ਦੀਆਂ ਗੰਢਾਂ ਤਾਂ,
ਕਿਰਤੀ ਹੱਥ ਹੀ ਦੇ ਸਕਦੇ ਨੇ !
ਬੂਬਨਿਆਂ ਕੋਲ ਤਾਂ,
ਸਿਰਫ਼ ਮਾਲਾ ਫ਼ੇਰਨ ਦੀ ਕਲਾ ਹੈ !

ਜਤੁ ਵਾਲਾ ਵੱਟ…….
ਅਗਰ ਪਾਂਡੇ ਲਈ ਔਖਾ ਸੀ
ਤਾਂ ਔਖਾ ਸੀ,
ਭਾਈ ਵਾਸਤੇ ਵੀ…….
ਨਾਈਲਨ ਦੀ ਡੋਰੀ ਨੂੰ ਵੱਟ ਦੇਣਾ !

ਜੋ ਮਲੀਨ ਨਾ ਹੁੰਦਾ,
ਜੋ ਸਾਹਾਂ ਨਾਲ ਨਿਭ ਜਾਂਦਾ……..
ਜੋ ਜਲਦਾ ਨਾ ਹਾਉਮੈਂ ਦੀ ਅੱਗ ਵਿਚ ਕਾਸ਼ !
ਕਿਤਿਓ ਉਹ ਜਨੇਊ ਮਿਲ ਸਕਦਾ !!!