ਰੁਝਾਨ ਖ਼ਬਰਾਂ
ਪੰਜ ਸਦੀਆਂ ਪਰਤ ਕੇ

ਪੰਜ ਸਦੀਆਂ ਪਰਤ ਕੇ

ਡੇਰਾ ਬਾਬਾ ਨਾਨਕ ਸਰਹੱਦ ਤੇ ਖਲੋ ਕੇ

ਪੰਜ ਸਦੀਆਂ ਪਰਤ ਕੇ ਨਾਨਕ ਪਿਆਰਾ ਵੇਖਿਆ ।
ਕਿਰਤ ਦਾ ਵੱਖਰਾ ਨਜ਼ਾਰਾ ਵੇਖਿਆ ।
ਖੇਤਾਂ ਨੂੰ ਵਾਹੁੰਦਾ, ਬੀਜਦਾ ਤੇ ਆਪ ਪਾਲਣਹਾਰ ਹੈ ।
ਜਪਦਾ ਨਾ ਕੱਲ੍ਹੇ ਨਾਮ ਨੂੰ, ਹੱਥੀਂ ਵੀ ਕਰਦਾ ਕਾਰ ਹੈ ।
ਗ਼ਰਜ਼ਮੰਦਾਂ ਵੰਡਦਾ ਅੰਨ ਦਾ ਭੰਡਾਰਾ ਵੇਖਿਆ।
ਕਿਰਤ ਦਾ ਕਰਤਾਰਪੁਰ ।

ਕੱਢਦਾ ਸਿਆੜ੍ਹ ਫੇਰ ਖ਼ੁਦ, ਰੂਹਾਂ ‘ਚ ਬਾਣੀ ਕੇਰਦਾ ।
ਮਾਲਾ ਨਾ ਕੱਲ੍ਹੀ, ਘੁੰਮਦੀ, ਮਨ ਦੇ ਵੀ ਮਣਕੇ ਫੇਰਦਾ ।
ਰਾਵੀ ਦੇ ਕੰਢੇ ਵਰਤਦਾ ਅਦਭੁਤ ਨਜ਼ਾਰਾ ਵੇਖਿਆ।
ਕਿਰਤ ਦਾ ਕਰਤਾਰਪੁਰ ।

ਨਿਸ਼ਕਾਮ ਨਿਰਛਲ ਨੀਰ ਨੂੰ ਅੰਗਦ ਬਣਾਇਆ ਲਹਿਣਿਓਂ ।
ਸੇਵਾ ਹੈ ਏਦਾਂ ਮੌਲਦੀ, ਮਿਲਦਾ ਬਿਨਾ ਕੁਝ ਕਹਿਣਿਓਂ ।
ਬਿਨ ਬੋਲਿਆਂ ਸਭ ਜਾਣਦਾ, ਐਸਾ ਪਿਆਰਾ ਵੇਖਿਆ ।
ਕਿਰਤ ਦਾ ਕਰਤਾਰਪੁਰ ।

ਪੰਜ ਸਦੀਆਂ ਬਾਦ ਅੱਜ ਰਟਦੇ ਹਾਂ ਤੇਰੇ ਨਾਮ ਨੂੰ ।
ਛੇੜਦਾ ਨਾ ਸੁਰ ਅੱਲਾਹੀ ਹੁਣ ਕੋਈ ਸੁਬਹ ਸ਼ਾਮ ਨੂੰ ।
ਸੁਰਤਿ ਦਾ ਤਾਹੀਓਂ ਹੀ ਤਾਂ ਪੈਂਦਾ ਖਿਲਾਰਾ ਵੇਖਿਆ ।
ਕਿਰਤ ਦਾ ਕਰਤਾਰਪੁਰ ।

ਕਿਹੜਾ ਕਹੇ ਮਰਦਾਨਿਆਂ ਤੂੰ ਛੇੜ ਹੁਣ ਰਬਾਬ ਨੂੰ।
ਤਾਹੀਓਂ ਸਿਉਂਕ ਲੱਗ ਗਈ ਬਾਬਾ ਤੇਰੇ ਪੰਜਾਬ ਨੂੰ ।
ਰੂਹਾਂ ਨੂੰ ਚੀਰੀ ਜਾ ਰਿਹਾ, ਭਟਕਣ ਦਾ ਆਰਾ ਦੇਖਿਆ ।
ਕਿਰਤ ਦਾ ਕਰਤਾਰਪੁਰ ।

ਦੇ ਕੇ ਪੰਜਾਲੀ ਬੌਲਦਾਂ ਨੂੰ ਬਾਬਾ ਲਾਉਂਦਾ ਜੋਤਰਾ ।
ਓਸ ਨੇ ਨਾ ਵੇਖਿਆ ਕਿਹੜਾ ਹੈ ਪੁੱਤ ਜਾਂ ਪੋਤਰਾ।
ਇਕ ਹੀ ਓਂਕਾਰ ਦਾ ਨੂਰੀ ਦੁਲਾਰਾ ਵੇਖਿਆ ।
ਕਿਰਤ ਦਾ ਕਰਤਾਰਪੁਰ ।

ਲੋਧੀ ਸਣੇ ਬਾਬੇ ਦੀ ਨਗਰੀ ਹੋ ਗਿਆ
ਬੇਈਂ ‘ਚੋਂ ਉਚਰੇ ਸ਼ਬਦ ਦਾ ਭੀੜਾਂ ‘ਚ ਚਿਹਰਾ ਖੋ ਗਿਆ ।
ਅੰਨ੍ਹੀ ਰੱਯਤ ਭਟਕਦੀ ਖ਼ੁਰਦਾ ਕਿਨਾਰਾ ਵੇਖਿਆ ।
ਕਿਰਤ ਦਾ ਕਰਤਾਰਪੁਰ ।

ਤੇਰੇ ਵਿਆਹ ਤੇ ਅੱਜ ਵੀ ਹਰ ਸਾਲ ਵਾਜੇ ਵੱਜਦੇ ।
ਚੜ੍ਹਦੀ ਬਾਰਾਤ ਕੂੜ ਦੀ, ਬੱਦਲ ਸਿਆਸੀ ਗੱਜਦੇ ।
ਪੇਕੇ ਸੁਲੱਖਣੀ ਮਾਤ ਦੇ ਇਹ ਵੀ ਮੈਂ ਕਾਰਾ ਵੇਖਿਆ ।
ਕਿਰਤ ਦਾ ਕਰਤਾਰਪੁਰ ।

ਪੌਣ ਗੁਰ, ਪਾਣੀ ਪਿਤਾ, ਧਰਤੀ ਨੁ ਮਾਤਾ ਕਹਿ ਗਿਆ ।
ਤੇਜ਼ ਰਫ਼ਤਾਰ ‘ਚ ਹੁਣ ਉਪਦੇਸ਼ ਪਿੱਛੇ ਰਹਿ ਗਿਆ ।
ਕਹਿਰ ਦਾ ਤਾਹੀਓਂ, ਦਿਨੇ ਚੜ੍ਹਿਆ ਸਿਤਾਰਾ ਵੇਖਿਆ।
ਕਿਰਤ ਦਾ ਕਰਤਾਰਪੁਰ ।

ਸਿੱਧਾ ਨੇ ਚੋਲੇ ਪਹਿਨ ਕੇ ਤੇਰੀ ਹੀ ਬਾਣੀ ਰੱਟ ਲਈ ।
ਅੱਚਲ ਵਟਾਲਾ ਛੱਡ ਕੇ, ਥਾਂ – ਥਾਂ ਚਲਾਉਂਦੇ ਹੱਟ ਕਈ ।
ਭਰਮਾਂ ਦਾ ਭਾਂਡਾ ਭਰ ਗਿਆ, ‘ਗੋਸ਼ਟਿ ਵਿਚਾਰਾ ਵੇਖਿਆ ।
ਕਿਰਤ ਦਾ ਕਰਤਾਰਪੁਰ ।

ਹਾਲੇ ਕੰਧਾਰੀ ਵਲੀ ਦਾ ਹੰਕਾਰ ਨਹੀਓਂ ਟੁੱਟਿਆ ।
ਅੱਜ ਵੀ ਉਹ ਪਾਣੀਆਂ ਤੇ ਕਰਨ ਕਬਜ਼ੇ ਜੁੱਟਿਆ ।
‘ਤਰਕ’ ਦੀ ਛਾਤੀ ਤੇ ਮੁੜ ਪੱਥਰ ਮੈਂ ਭਾਰਾ ਵੇਖਿਆ ।
ਕਿਰਤ ਦਾ ਕਰਤਾਰਪੁਰ ।

ਮਲਿਕ ਭਾਗੋ ਅੱਜ ਵੀ, ਓਨਾਂ ਹੀ ਟੇਢਾ ਬੋਲਦਾ ।
ਤੱਕੜੀ ਵਾਲਾ ਵੀ ਮੋਦੀ, ਘੱਟ ਸੌਦਾ ਤੋਲਦਾ ।
ਉਡਦਾ ਅੰਬਰ ‘ਚ ਮੈ, ਫੂਕੀ ਗੁਬਾਰਾ ਵੇਖਿਆ ।
ਕਿਰਤ ਦਾ ਕਰਤਾਰਪੁਰ ।

‘ਜਪੁਜੀ’ ਦੀ ਸਿਰਜਣ – ਭੂਮ ਦੇ ਚੇਤੇ ਨਿਰੰਤਰ ਡੰਗਦੇ ।
ਤਾਹੀਓਂ ਹੀ ਤੇਰੇ ਪੁੱਤ ਅੱਜ ਰਾਵੀ ਤੋਂ ਲਾਂਘਾ ਮੰਗਦੇ ।
ਪੂਰੀ ਕਰੀਂ ਅਰਦਾਸ ਤੂੰ, ਤੇਰਾ ਸਹਾਰਾ ਵੇਖਿਆ ।
ਕਿਰਤ ਦਾ ਕਰਤਾਰਪੁਰ ਵੱਖਰਾ ਨਜ਼ਾਰਾ ਵੇਖਿਆ ।

-ਗੁਰਭਜਨ ਗਿੱਲ