Copyright & copy; 2019 ਪੰਜਾਬ ਟਾਈਮਜ਼, All Right Reserved
ਭਗਤ ਕਬੀਰ ਸਾਹਿਬ ਜੀ ਜੀਵਨ ਅਤੇ ਸਿਖਿਆਵਾਂ

ਭਗਤ ਕਬੀਰ ਸਾਹਿਬ ਜੀ ਜੀਵਨ ਅਤੇ ਸਿਖਿਆਵਾਂ

ਭਾਰਤ ਦੀ ਧਰਤੀ ਉੱਪਰ ਬਹੁਤ ਸਾਰੀਆਂ ਮਹਾਨ ਸ਼ਖ਼ਸੀਅਤਾਂ ਨੇ ਜਨਮ ਲਿਆ ਹੈ ਅਤੇ ਉਨ੍ਹਾਂ ਦੇ ਕੁਝ ਮਹਾਨ ਕਾਰਨਾਮਿਆਂ ਦੀ ਬਦੌਲਤ ਉਨ੍ਹਾਂ ਦਾ ਨਾਮ ਰਹਿੰਦੀ ਦੁਨੀਆਂ ਤੱਕ ਰਹੇਗਾ। ਭਾਰਤ ਦੀ ਧਰਤੀ ਬਹੁਤ ਸਾਰੇ ਮਹਾਨ ਰਿਸ਼ੀਆਂ-ਮੁਨੀਆਂ, ਪੀਰਾਂ ਤੇ ਪੈਗੰਬਰਾਂ ਦੀ ਧਰਤੀ ਹੈ। ਭਗਤ ਕਬੀਰ ਜੀ ਉਨ੍ਹਾਂ ਮਹਾਨ ਸ਼ਖ਼ਸੀਅਤਾਂ ਵਿੱਚੋਂ ਇੱਕ ਹਨ। ਭਗਤ ਕਬੀਰ ਜੀ ਦੇ ਜਨਮ ਸੰਬੰਧੀ ਵੱਖ ਵੱਖ ਸਾਖੀਆਂ ਪ੍ਰਚਲਿਤ ਹਨ। ਇੱਕ ਮਨੌਤ ਅਨੁਸਾਰ ਉਨ੍ਹਾਂ ਦਾ ਜਨਮ 1440 ਵਿੱਚ ਲਾਹੌਰ, ਜੋ ਅੱਜ ਕੱਲ ਪਾਕਿਸਤਾਨ ਵਿੱਚ ਹੈ; ਵਿਖੇ ਹੋਇਆ ਮੰਨਿਆ ਜਾਂਦਾ ਹੈ। ਭਾਈ ਕਾਹਨ ਸਿੰਘ ਨਾਭਾ ਕ੍ਰਿਤ ‘ਮਹਾਂਨ ਕੋਸ਼’ ਅਨੁਸਾਰ ਭਗਤ ਕਬੀਰ ਜੀ ਦਾ ਜਨਮ ਇੱਕ ਵਿਧਵਾ ਬ੍ਰਾਹਮਣੀ ਦੇ ਉਦਰ ਤੋਂ ਜੇਠ ਸੁਦੀ 15 ਸੰਮਤ 1455 ਭਾਵ ਗੁਰੂ ਨਾਨਕ ਸਾਹਿਬ ਜੀ ਤੋਂ ਲਗਪਗ 71 ਸਾਲ ਪਹਿਲਾਂ ਹੋਇਆ। ਇਨ੍ਹਾਂ ਦੀ ਮਾਤਾ ਨੇ ਬਨਾਰਸ ਕੋਲ ਲਹਿਰ- ਤਲਾਉ ਦੇ ਪਾਸ ਨਵੇਂ ਜਨਮੇ ਬਾਲਕ ਨੂੰ ਰੱਖ ਦਿੱਤਾ; ਜਿਸ ‘ਤੇ ਤਰਸ ਖਾ ਕੇ ਅਲੀ (ਨੀਰੂ) ਜੁਲਾਹੇ ਨੇ ਆਪਣੇ ਘਰ ਲੈ ਆਂਦਾ ਅਤੇ ਉਸ ਦੀ ਇਸਤ੍ਰੀ ਨੀਮਾ ਨੇ ਪੁੱਤ੍ਰ ਮੰਨ ਕੇ ਪਾਲ਼ਿਆ। ਯੋਗ ਸਮੇਂ ਮੁਸਲਮਾਨੀ ਮਤ ਅਨੁਸਾਰ ਬੱਚੇ ਦਾ ਨਾਉਂ ‘ਕਬੀਰ’ ਰੱਖਿਆ ਗਿਆ। ‘ਕਬੀਰ’ ਅਰਬੀ ਸ਼ਬਦ ਅਲ-ਕਬੀਰ ਤੋਂ ਆਇਆ ਹੈ, ਜਿਸ ਦਾ ਅਰਥ ਹੈ ‘ਮਹਾਨ’। ਪੁੱਤਰ ਮੰਨ ਕੇ ਉਨ੍ਹਾਂ ਦੀ ਪਾਲਣਾ ਕਰਨ ਵਾਲੇ ਮਾਤਾ ਪਿਤਾ ਨੇ ਉਨ੍ਹਾਂ ਨੂੰ ਇਸਲਾਮ ਦੀ ਸਿੱਖਿਆ ਦਿੱਤੀ, ਪਰ ਕਬੀਰ ਜੀ ਦਾ ਸੁਭਾਵਕ ਝੁਕਾਅ ਹਿੰਦੂ ਮਤ ਵੱਲ ਸੀ। ਜਵਾਨ ਅਵਸਥਾ ਹੋਣ ਪੁਰ ਆਪ ਦੀ ਸ਼ਾਦੀ ‘ਬੀਬੀ ਲੋਈ’ ਨਾਲ ਹੋਈ, ਜਿਸ ਤੋਂ ‘ਕਮਾਲ’ ਪੁੱਤਰ ਪੈਦਾ ਹੋਇਆ। ਕਬੀਰ ਜੀ ਨੇ ਰਾਮਾਨੰਦ ਜੀ ਤੋਂ ਰਾਮ ਨਾਮ ਦਾ ਉਪਦੇਸ਼ ਲੈ ਕੇ ਵੈਸ਼ਨਵ ਮਤ ਧਾਰਣ ਕੀਤਾ। ਕਾਸ਼ੀ ਵਿਦਵਾਨਾਂ ਦਾ ਅਸਥਾਨ ਹੋਣ ਕਰਕੇ ਕਬੀਰ ਜੀ ਨੂੰ ਮਤ ਮਤਾਂਤਰਾਂ ਦੇ ਨਿਯਮ ਜਾਣਨ ਅਤੇ ਚਰਚਾ ਕਰਨ ਦਾ ਚੰਗਾ ਮੌਕਾ ਮਿਲਿਆ ਅਤੇ ਤੀਖਣ ਬੁੱਧੀ ਹੋਣ ਕਰਕੇ ਏਹ ਖੰਡਨ ਮੰਡਨ ਵਿੱਚ ਵੱਡੇ ਨਿਪੁੰਨ ਹੋ ਗਏ। ਬਹੁਤ ਚਿਰ ਪੂਰਨ ਗਿਆਨੀਆਂ ਦੀ ਸੰਗਤ ਕਰਕੇ ਆਪ ਤੱਤ ਗਿਆਨੀ ਹੋਏ ਅਤੇ ਆਪਣੀ ਸੰਗਤ ਤੋਂ ਅਨੇਕਾਂ ਨੂੰ ਲਾਭ ਪਹੁੰਚਾਇਆ। ਕਾਸ਼ੀ ਵਿੱਚ ਕਬੀਰ ਜੀ ਦਾ ਅਸਥਾਨ ‘ਕਬੀਰ ਚੌਰਾ’ ਨਾਉਂ ਤੋਂ ਪ੍ਰਸਿੱਧ ਹੈ। ਲਹਿਰ ਤਲਾਉ ‘ਤੇ ਭੀ ਆਪ ਜੀ ਦਾ ਮੰਦਿਰ ਹੈ। ਕਬੀਰ ਜੀ ਦੀ ਬਾਣੀ ਦਾ ਸੰਗ੍ਰਹਿ, ਜੋ ਧਰਮ ਦਾਸ ਅਤੇ ਸੂਰਤ ਗੋਪਾਲ ਆਦਿ ਚੇਲਿਆਂ ਨੇ ਕੀਤਾ ਹੈ, ਉਸ ਦਾ ਨਾਉਂ ‘ਕਬੀਰ ਬੀਜਕ’ ਹੈ। ਰਿਆਸਤ ਰੀਵਾ ਵਿੱਚ ‘ਕਬੀਰ ਬੀਜਕ’ ਧਰਮ ਦਾਸ ਦਾ ਲਿਖਿਆ ਹੋਇਆ ਸੰਮਤ 1521 ਦਾ ਦੱਸਿਆ ਜਾਂਦਾ ਹੈ। ਇਸ ਤੋਂ ਇਲਾਵਾ ਕਬੀਰ ਗ੍ਰੰਥਾਵਲੀ, ਸਾਖੀ ਕਬੀਰ ਅਤੇ ਅਨੁਰਾਗ ਸਾਗਰ ਆਪ ਜੀ ਦੀਆਂ ਮੁੱਖ ਰਚਨਾਵਾਂ ਹਨ। ਕਬੀਰ ਜੀ ਦੀ ਬਾਣੀ ਦਾ ਦੂਜਾ ਵੱਡਾ ਅਤੇ ਪ੍ਰਮਾਣਿਕ ਸਰੋਤ ‘ਗੁਰੂ ਗ੍ਰੰਥ ਸਾਹਿਬ ਜੀ’ ਹਨ। ‘ਗੁਰੂ ਗ੍ਰੰਥ ਸਾਹਿਬ ਜੀ’ ਵਿੱਚ ਆਪ ਜੀ ਦੀ ਬਾਣੀ 17 ਰਾਗਾਂ ਵਿੱਚ ਉਪਲਬਧ ਹੈ ਜਿਸ ਵਿੱਚ ਕੁੱਲ 225 ਸ਼ਬਦ, 3 ਅਸਟਪਦੀਆਂ, 1 ਬਾਵਨ ਅੱਖਰੀ, 1 ਥਿਤੀ, 1 ਸਤ ਵਾਰ ਤੇ 243 ਸਲੋਕ ਦਰਜ ਹਨ।
ਇਤਿਹਾਸ ‘ਰਾਮਾਨੰਦ ਸਾਗਰ’ ਜੀ ਨੂੰ ਭਗਤ ਕਬੀਰ ਜੀ ਦੇ ਗੁਰੂ ਹੋਣ ਬਾਰੇ ਬਿਆਨ ਕਰਦਾ ਹੈ। ਆਪ ਜੀ ਦੀਆਂ ਲਿਖਤਾਂ ਨੇ ਭਗਤੀ ਲਹਿਰ ਉੱਤੇ ਬਹੁਤ ਪ੍ਰਭਾਵ ਪਾਇਆ। ਕਬੀਰ ਫ਼ਿਲਾਸਫ਼ੀ ਦਾ ਗੁਰਮਤਿ ਵਿਚਾਰਧਾਰਾ ਨਾਲ ਬਹੁਤ ਸੁਮੇਲ ਹੈ। ਕਬੀਰ ਜੀ ਦੇ ਵਿਰਸੇ ਨੂੰ ਅੱਜ ‘ਕਬੀਰ ਪੰਥ’ ਅੱਗੇ ਲਿਜਾ ਰਿਹਾ ਹੈ। ਇਹ ਸੰਤ ਮਤ ਪੰਥਾਂ ਵਿਚੋਂ ਇੱਕ ਹੈ ਅਤੇ ਇਸ ਦੇ ਅਨੁਯਾਈ ਉੱਤਰੀ ਅਤੇ ਕੇਂਦਰੀ ਭਾਰਤ ਵਿੱਚ ਫੈਲੇ ਹੋਏ ਹਨ।
ਜਦ ਸਿਕੰਦਰ ਲੋਧੀ ਸੰਮਤ 1547 ਵਿੱਚ ਬਨਾਰਸ ਆਇਆ, ਤਦ ਕਬੀਰ ਜੀ ਨੂੰ ਮੁਤੱਸਵੀ ਮੁਸਲਮਾਨਾਂ ਦੀ ਤੰਗ ਦ੍ਰਿਸ਼ਟੀ ਕਰਕੇ ਬਹੁਤ ਕਸ਼ਟ ਦਿੱਤੇ ਗਏ, ਜਿਸ ਦਾ ਜ਼ਿਕਰ ਕਬੀਰ ਜੀ ਨੇ ਗੋਂਡ ਰਾਗੁ ਵਿੱਚ ਉਚਾਰਨ ਕੀਤੇ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 870 ਉੱਪਰ ਦਰਜ ਸ਼ਬਦ ਵਿੱਚ ਇਸ ਤਰ੍ਹਾਂ ਕੀਤਾ ਹੈ: ”ਭੁਜਾ ਬਾਂਧਿ ਭਿਲਾ ਕਰਿ ਡਾਰਿਓ ॥ ਹਸਤੀ ਕ੍ਰੋਪਿ ਮੂੰਡ ਮਹਿ ਮਾਰਿਓ ॥ ਹਸਤਿ ਭਾਗਿ ਕੈ ਚੀਸਾ ਮਾਰੈ ॥ ਇਆ ਮੂਰਤਿ ਕੈ ਹਉ ਬਲਿਹਾਰੈ॥” ਭਾਵ ਮੇਰੀਆਂ ਬਾਹਾਂ ਬੰਨ੍ਹ ਕੇ ਢੇਮ ਵਾਂਗ (ਮੈਨੂੰ ਇਹਨਾਂ ਲੋਕਾਂ ਨੇ ਹਾਥੀ ਅੱਗੇ) ਸੁੱਟ ਦਿੱਤਾ, (ਮਹਾਵਤ ਨੇ) ਗੁੱਸੇ ਵਿਚ ਆ ਕੇ ਹਾਥੀ ਦੇ ਸਿਰ ਉੱਤੇ (ਕੁੰਡੀ ਦੀ ਚੋਟ) ਮਾਰੀ। ਪਰ ਹਾਥੀ (ਮੈਨੂੰ ਪੈਰਾਂ ਹੇਠ ਲਿਤਾੜਨ ਦੀ ਬਜਾਏ) ਚੀਕਾਂ ਮਾਰ ਕੇ (ਹੋਰ ਪਾਸੇ) ਭੱਜਦਾ ਹੈ, (ਜਿਵੇਂ ਆਖਦਾ ਹੋਵੇ ਕਿ) ਮੈਂ ਸਦਕੇ ਹਾਂ ਇਸ ਸੋਹਣੇ ਬੰਦੇ ਤੋਂ।
ਪਰ ਅੰਤ ਨੂੰ ਇਨ੍ਹਾਂ ਦੀ ਬਜ਼ੁਰਗੀ ਦਾ ਅਸਰ ਬਾਦਸ਼ਾਹ ਦੇ ਚਿੱਤ ਉੱਪਰ ਹੋਇਆ। ਪੁਜਾਰੀ ਵਰਗ ਵੱਲੋਂ ਪ੍ਰਚਲਿਤ ਕੀਤੀ ਇਸ ਗ਼ਲਤ ਮਨੌਤ ਕਿ ‘ਕਾਸ਼ੀ ਵਿੱਚ ਮਰਨ ਵਾਲੇ ਨੂੰ ਮੁਕਤੀ ਮਿਲਦੀ ਹੈ ਅਤੇ ਮਗਹਰ ਮਰਨ ਵਾਲੇ ਦੀ ਗਤਿ ਨਹੀਂ ਹੁੰਦੀ’ ਦਾ ਖੰਡਨ ਕਰਨ ਲਈ ਕਬੀਰ ਸਾਹਿਬ ਜੀ ਆਪਣੇ ਦੇਹਾਂਤ ਤੋਂ ਕੁਛ ਸਮਾਂ ਪਹਿਲਾਂ ਮਗਹਰ (ਜੋ ਗੋਰਖਪੁਰ ਤੋਂ ਪੱਛਮ ਵੱਲ 15 ਮੀਲ ਦੀ ਦੂਰੀ ‘ਤੇ ਹੈ) ਜਾ ਕੇ ਵੱਸ ਗਏ। ਪੁਜਾਰੀ ਵਰਗ ਵੱਲੋਂ ਪਾਏ ਇਨ੍ਹਾਂ ਵਹਿਮਾ ਭਰਮਾ ਵਿਚੋਂ ਕੱਢਣ ਲਈ ਉਨ੍ਹਾਂ ਇਹ ਸ਼ਬਦ ਉਚਾਰਨ ਕੀਤੇ, ਜੋ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹਨ: ”ਜਿਉ, ਜਲ ਛੋਡਿ; ਬਾਹਰਿ ਭਇਓ ਮੀਨਾ ॥ ਪੂਰਬ ਜਨਮ; ਹਉ ਤਪ ਕਾ ਹੀਨਾ ॥1॥ ਅਬ ਕਹੁ, ਰਾਮ ਕਵਨ ਗਤਿ ਮੋਰੀ ? ॥ ਤਜੀ ਲੇ ਬਨਾਰਸ; ਮਤਿ ਭਈ ਥੋਰੀ ॥1॥ ਰਹਾਉ ॥ ਸਗਲ ਜਨਮੁ, ਸਿਵ ਪੁਰੀ ਗਵਾਇਆ ॥ ਮਰਤੀ ਬਾਰ, ਮਗਹਰਿ ਉਠਿ ਆਇਆ ॥2॥ ਬਹੁਤੁ ਬਰਸ, ਤਪੁ ਕੀਆ ਕਾਸੀ ॥ ਮਰਨੁ ਭਇਆ, ਮਗਹਰ ਕੀ ਬਾਸੀ ॥3॥ ਕਾਸੀ ਮਗਹਰ ਸਮ ਬੀਚਾਰੀ ॥ ਓਛੀ ਭਗਤਿ; ਕੈਸੇ ਉਤਰਸਿ ਪਾਰੀ ?॥4॥ ਕਹੁ, ਗੁਰ ਗਜ ਸਿਵ; ਸਭੁ ਕੋ ਜਾਨੈ ॥ ਮੁਆ ਕਬੀਰੁ, ਰਮਤ ਸ੍ਰੀ ਰਾਮੈ ॥5॥ (ਭਗਤ ਕਬੀਰ ਜੀ /ਪੰਨਾ 326), ਤੋਰੇ ਭਰੋਸੇ ਮਗਹਰ ਬਸਿਓ; ਮੇਰੇ ਤਨ ਕੀ ਤਪਤਿ ਬੁਝਾਈ ॥ ਪਹਿਲੇ ਦਰਸਨੁ ਮਗਹਰ ਪਾਇਓ; ਫੁਨਿ ਕਾਸੀ ਬਸੇ ਆਈ ॥2॥ ਜੈਸਾ ਮਗਹਰੁ, ਤੈਸੀ ਕਾਸੀ; ਹਮ ਏਕੈ ਕਰਿ ਜਾਨੀ ॥ ਹਮ ਨਿਰਧਨ ਜਿਉ ਇਹੁ ਧਨੁ ਪਾਇਆ; ਮਰਤੇ ਫੂਟਿ ਗੁਮਾਨੀ ॥3॥” (ਭਗਤ ਕਬੀਰ ਜੀ /ਪੰਨਾ 969)
ਕਬੀਰ ਜੀ ਅਨੁਸਾਰ ਸਾਡਾ ਸਾਰਾ ਜੀਵਨ ਦੋ ਧਾਰਮਿਕ ਸਿਧਾਂਤਾਂ ਦੇ ਇਰਦ-ਗਿਰਦ ਹੀ ਘੁੰਮਦਾ ਹੈ: ਇੱਕ ਤਾਂ ਸਾਡੀ ਜੀਵ ਆਤਮਾ ਹੈ ਤੇ ਦੂਜਾ ਪ੍ਰਮਾਤਮਾ ਹੈ। ਕਬੀਰ ਜੀ ਇਨ੍ਹਾਂ ਦੋਹਾਂ ਸਿਧਾਂਤਾਂ ਵਿੱਚ ਮੇਲ਼ ਹੋਣ ਨੂੰ ਮੁਕਤੀ ਦਾ ਰਾਹ ਦੱਸਦੇ ਹਨ। ਕਬੀਰ ਜਾਤ ਪਾਤ ਤੋਂ ਮੁਕਤ ਹਨ। ਜਾਤ ਅਭਿਮਾਨੀ ਬ੍ਰਾਹਮਣਾਂ ਨੂੰ ਤਾਂ ਉਹ ਵੰਗਾਰ ਕੇ ਆਖਦੇ ਹਨ:
(1). ਸਾਰੇ ਜੀਵਾਂ ਦੀ ਉਤਪਤੀ ਪਰਮਾਤਮਾ ਦੀ ਅੰਸ਼ ਤੋਂ (ਹੋ ਰਹੀ) ਹੈ ਭਾਵ ਸਭ ਦਾ ਮੂਲ ਪਰਮਾਤਮਾ ਆਪ ਹੈ; ਮਾਂ ਦੇ ਪੇਟ ਵਿਚ ਤਾਂ ਕਿਸੇ ਨੂੰ ਇਹ ਸਮਝ ਨਹੀਂ ਹੁੰਦੀ ਕਿ ਮੈਂ ਕਿਸ ਕੁਲ ਦਾ ਹਾਂ: ”ਗਰਭ ਵਾਸ ਮਹਿ, ਕੁਲੁ ਨਹੀ ਜਾਤੀ॥ ਬ੍ਰਹਮ ਬਿੰਦੁ ਤੇ, ਸਭ ਉਤਪਾਤੀ॥”
ਸ਼ਬਦ ਦੇ ਤੱਤ-ਸਾਰ (ਰਹਾਉ) ਰਾਹੀਂ ਸਮਝਾਉਂਦੇ ਹਨ ਕਿ ਹੇ ਪੰਡਿਤ ! ਦੱਸ ਤੁਸੀਂ ਬ੍ਰਾਹਮਣ ਕਦੋਂ ਤੋਂ ਬਣ ਗਏ ਹੋ ? ਇਹ ਆਖ ਆਖ ਕੇ ਕਿ ਮੈਂ ਬ੍ਰਾਹਮਣ ਹਾਂ, ਮੈਂ ਬ੍ਰਾਹਮਣ ਹਾਂ, ਮਨੁੱਖਾ ਜਨਮ (ਅਹੰਕਾਰ ਵਿਚ ਅਜਾਈਂ) ਨਾ ਗਵਾਓ: ”ਕਹੁ ਰੇ ਪੰਡਿਤ ! ਬਾਮਨ ਕਬ ਕੇ ਹੋਏ ॥ ਬਾਮਨ ਕਹਿ ਕਹਿ, ਜਨਮੁ ਮਤ ਖੋਏ ॥1॥ ਰਹਾਉ॥”
(2). ਜੇ (ਹੇ ਪੰਡਿਤ !) ਤੂੰ (ਸੱਚ-ਮੁੱਚ) ਬ੍ਰਾਹਮਣ ਹੈਂ ਤੇ ਬ੍ਰਾਹਮਣੀ ਦੇ ਪੇਟੋਂ ਜੰਮਿਆ ਹੈਂ ਤਾਂ ਕਿਸੇ ਹੋਰ (ਮਾਤਾ ਦੇ ਗਰਭ ਤੋਂ ਬਿਨਾਂ) ਰਾਸਤੇ ਕਿਉਂ ਨਹੀਂ ਜੰਮ ਪਿਆ ? ਪਰ ਜੇ ਅਸੀਂ ਸਾਰਿਆਂ ਨੇ ਹੀ ਮਾਤਾ ਦੇ ਗਰਭ ਰਾਹੀਂ ਜਨਮ ਲਿਆ ਹੈ, ਫਿਰ ਤੂੰ ਵਿਸ਼ੇਸ਼ ਕਿਵੇਂ : ”ਜੌ ਤੂੰ ਬ੍ਰਾਹਮਣੁ, ਬ੍ਰਹਮਣੀ ਜਾਇਆ ॥ ਤਉ ਆਨ ਬਾਟ, ਕਾਹੇ ਨਹੀ ਆਇਆ ॥2॥”
(3). (ਹੇ ਪੰਡਿਤ !) ਤੁਸੀਂ ਕਿਵੇਂ ਬ੍ਰਾਹਮਣ (ਬਣ ਗਏ) ? ਅਤੇ ਅਸੀਂ ਕਿਵੇਂ ਸ਼ੂਦਰ (ਰਹਿ ਗਏ) ? ਅਗਰ ਸਾਡੇ ਸਰੀਰ ਵਿਚ ਲਹੂ ਹੈ ? ਤਾਂ ਤੁਹਾਡੇ ਸਰੀਰ ਵਿਚ ਕਿਹੜਾ (ਲਹੂ ਦੀ ਥਾਂ) ਦੁੱਧ ਹੈ ? : ”ਤੁਮ ਕਤ ਬ੍ਰਾਹਮਣ ? ਹਮ ਕਤ ਸੂਦ ? ॥ ਹਮ ਕਤ ਲੋਹੂ ? ਤੁਮ ਕਤ ਦੂਧ ?॥3॥”
(4). ਦਰਅਸਲ, ਕਬੀਰ ਜੀ ਆਖਦੇ ਹਨ ਕਿ ਅਸੀਂ ਤਾਂ ਉਸ ਮਨੁੱਖ ਨੂੰ ਬ੍ਰਾਹਮਣ ਮੰਨਦੇ ਹਾਂ ਜੋ ਸਦਾ ਪਰਮਾਤਮਾ (ਬ੍ਰਹਮ) ਨੂੰ ਵੀਚਾਰਦਾ (ਯਾਦ ਕਰਦਾ) ਰਹਿੰਦਾ ਹੈ : ”ਕਹੁ ਕਬੀਰ ! ਜੋ ਬ੍ਰਹਮੁ ਬੀਚਾਰੈ ॥ ਸੋ ਬ੍ਰਾਹਮਣੁ, ਕਹੀਅਤੁ ਹੈ ਹਮਾਰੈ ॥4॥” (ਭਗਤ ਕਬੀਰ/੩੨੪)
ਕਬੀਰ ਜੀ ਮਹਾਰਾਜ, ਮਨੁੱਖ ਨੂੰ ਜੀਵਣ-ਮਰਨ ਦੇ ਚੱਕਰ ਦੀ ਚਿੰਤਾ ਤੋਂ ਮੁਕਤ ਹੋਣ ਲਈ ਪ੍ਰਭੂ ਜੀ ਦੀ ਭਗਤੀ ਵੱਲ ਪ੍ਰੇਰਦੇ ਹਨ। ਕਬੀਰ ਜੀ ਨੂੰ ਮਰਨ ਦਾ ਕੋਈ ਵੀ ਭੈਅ ਨਹੀਂ ਸਤਾਉਂਦਾ, ਉਹ ਕਹਿੰਦੇ ਹਨ ਕਿ ਦੁਨਿਆਵੀ ਬੰਧਨਾਂ ਵਿੱਚ ਫਸ ਕੇ ਜੀਵ-ਆਤਮਾਵਾਂ ਦੁੱਖ ਭੋਗਦੀਆਂ ਹਨ। ਮਨ ਦੀਆਂ ਇਛਾਵਾਂ ਮਰਨ ਤੋਂ ਬਾਅਦ ਹੀ ਉਹ ਸੁੱਖ ਸ਼ਾਂਤ ਰਹਿ ਸਕਦੀਆਂ ਹਨ ਭਾਵ ਮਨ ਦੀਆਂ ਇਛਾਵਾਂ ਮਰਨ ਤੋਂ ਬਾਅਦ ਹੀ ਅਸਲ ਮੁਕਤੀ ਪ੍ਰਾਪਤ ਹੁੰਦੀ ਹੈ।
ਮੁਕਤੀ ਬਾਰੇ ਕਬੀਰ ਜੀ ਦੇ ਵਚਨ ਹਨ ਕਿ (‘ਦੁਨੀਆ’ ਦੀ ਖ਼ਾਤਰ ‘ਦੀਨ’ ਨੂੰ ਵਿਸਾਰ ਕੇ ਮਨੁੱਖ ਧਨ-ਪਦਾਰਥ, ਪੁੱਤ੍ਰ, ਇਸਤ੍ਰੀ ਆਦਿਕ ਕਈ ਮਿੱਤ੍ਰ ਬਣਾਉਂਦਾ ਹੈ ਅਤੇ ਇਹਨਾਂ ਤੋਂ ਸੁੱਖ ਦੀ ਆਸ ਰੱਖਦਾ ਹੈ, ਜਿਸ ਕਾਰਨ ਇਹਨਾਂ ਨਾਲੋਂ ਮੋਹ ਤੋੜ ਨਹੀਂ ਸਕਦਾ; ਪਰ) ਹੇ ਕਬੀਰ ! ਜਿਸ (ਮੋਹ ਦੇ ਤਿਆਗ-ਰੂਪ) ਮੌਤ ਤੋਂ ਜਗਤ ਡਰਦਾ ਹੈ, ਉਸ (ਮੌਤ) ਨਾਲ ਮੇਰੇ ਮਨ ਵਿਚ ਖ਼ੁਸ਼ੀ ਪੈਦਾ ਹੁੰਦੀ ਹੈ; ‘ਦੁਨੀਆ’ ਦੇ ਇਸ ਮੋਹ ਵੱਲੋਂ ਮਰਿਆਂ ਹੀ ਉਹ ਪਰਮਾਤਮਾ ਮਿਲਦਾ ਹੈ, ਜੋ ਮੁਕੰਮਲ ਤੌਰ ‘ਤੇ ਆਨੰਦ ਸਰੂਪ ਹੈ: ”ਕਬੀਰ ! ਜਿਸੁ ਮਰਨੇ ਤੇ ਜਗੁ ਡਰੈ, ਮੇਰੇ ਮਨਿ ਆਨੰਦੁ ॥ ਮਰਨੇ ਹੀ ਤੇ, ਪਾਈਐ ਪੂਰਨੁ ਪਰਮਾਨੰਦੁ ॥” (ਕਬੀਰ ਜੀ/1365)
ਪੁਜਾਰੀ ਵਰਗ ਵੱਲੋਂ ਪ੍ਰਭੂ ਸਿਮਰਨ ਨੂੰ ਵਿਸਾਰ ਕੇ ਹੋਰ ਵਿਖਾਵੇ ਦੇ ਧਾਰਮਿਕ ਚਿਨ੍ਹਾਂ ਅਤੇ ਕਰਮਕਾਂਡਾਂ ਦਾ ਵੀ ਕਬੀਰ ਜੀ ਨੇ ਜੋਰਦਾਰ ਸ਼ਬਦਾਂ ਵਿੱਚ ਖੰਡਨ ਕੀਤਾ; ਜਿਵੇਂ ਕਿ (ਲੋਕ) ਮੱਥੇ ਉੱਤੇ ਤਿਲਕ ਲਾ ਲੈਂਦੇ ਹਨ, ਹੱਥ ਵਿਚ ਮਾਲਾ ਫੜ ਲੈਂਦੇ ਹਨ, ਧਾਰਮਿਕ ਪਹਿਰਾਵਾ ਬਣਾ ਲੈਂਦੇ ਹਨ (ਤੇ ਸਮਝਦੇ ਹਨ ਕਿ ਪਰਮਾਤਮਾ ਦੇ ਭਗਤ ਬਣ ਗਏ ਹਾਂ) ਲੋਕਾਂ ਨੇ ਪਰਮਾਤਮਾ ਨੂੰ ਖਿਡੌਣਾ (ਭਾਵ ਅੰਞਾਣ ਬਾਲ) ਸਮਝ ਲਿਆ ਹੈ (ਕਿ ਇਨ੍ਹੀਂ ਗੱਲੀਂ ਉਸ ਨੂੰ ਪਰਚਾਇਆ ਜਾ ਸਕਦਾ ਹੈ:- ”ਮਾਥੇ ਤਿਲਕੁ, ਹਥਿ ਮਾਲਾ ਬਾਨਾਂ॥ ਲੋਗਨ, ਰਾਮੁ ਖਿਲਉਨਾ ਜਾਨਾਂ ॥” (ਕਬੀਰ ਜੀ/ 1158)
ਆਪ ਜੀ ਵਿਖਾਵੇ ਮਾਤਰ ਭਗਤੀ ਦੇ ਖਿਲਾਫ ਸਨ, ਇਸ ਲਈ ਵਚਨ ਕੀਤੇ ਕਿ ਹੇ ਭਾਈ ! ਤੂੰ ਤੁਲਸੀ ਰੁੱਦ੍ਰਾਖ ਆਦਿਕ ਦੀ ਮਾਲਾ (ਹੱਥ ਵਿਚ ਲੈ ਕੇ) ਕਿਉਂ ਲੋਕਾਂ ਨੂੰ ਵਿਖਾਂਦਾ ਫਿਰਦਾ ਹੈਂ ? ਤੂੰ ਆਪਣੇ ਹਿਰਦੇ ਵਿਚ ਤਾਂ ਪਰਮਾਤਮਾ ਨੂੰ ਯਾਦ ਨਹੀਂ ਕਰਦਾ, (ਹੱਥ ਵਿਚ ਫੜੀ ਹੋਈ) ਇਸ ਮਾਲਾ ਦਾ ਕੋਈ ਲਾਭ ਨਹੀਂ ਹੋ ਸਕਦਾ: ”ਕਬੀਰ ! ਜਪਨੀ ਕਾਠ ਕੀ, ਕਿਆ ਦਿਖਲਾਵਹਿ ਲੋਇ ॥ ਹਿਰਦੈ ਰਾਮੁ ਨ ਚੇਤਹੀ, ਇਹ ਜਪਨੀ ਕਿਆ ਹੋਇ ॥”
ਆਪ ਜੀ ਦੇ ਵਚਨ ਹਨ ਕਿ ਅਗਰ ਪਾਣੀ ਵਿਚ ਚੁੱਭੀ ਲਾਇਆਂ ਮੁਕਤੀ ਮਿਲ ਸਕਦੀ ਹੋਵੇ ਤਾਂ ਡੱਡੂ ਸਦਾ ਹੀ ਨ੍ਹਾਉਂਦੇ ਰਹਿੰਦੇ ਹਨ, ਜਿਵੇਂ ਡੱਡੂ ਹਨ ਤਿਵੇਂ ਉਨ੍ਹਾਂ ਮਨੁੱਖਾਂ ਨੂੰ ਸਮਝੋ; (ਜੋ ਨਾਮ ਤੋਂ ਬਿਨਾਂ ਕੇਵਲ ਤੀਰਥ ਇਸਨਾਨਾ ‘ਚ ਸਮਾ ਬਰਬਾਦ ਕਰਦੇ ਹਨ ਕਿਉਂਕਿ ਇਸ ਉਪਰੰਤ ਵੀ) ਸਦਾ ਜੂਨਾਂ ਵਿਚ ਪਏ ਰਹਿੰਦੇ ਹਨ: ”ਜਲ ਕੈ ਮਜਨਿ ਜੇ ਗਤਿ ਹੋਵੈ, ਨਿਤ ਨਿਤ ਮੇਂਡੁਕ ਨਾਵਹਿ ॥ ਜੈਸੇ ਮੇਂਡੁਕ, ਤੈਸੇ ਓਇ ਨਰ; ਫਿਰਿ ਫਿਰਿ ਜੋਨੀ ਆਵਹਿ ॥” (ਕਬੀਰ ਜੀ/484)
ਕਰਮਕਾਂਡਾਂ ਦੀਆਂ ਜਨਮ ਦਾਤੀਆਂ ਸਿੰਮ੍ਰਿਤੀਆਂ ਤੋਂ ਸੁਚੇਤ ਕਰਦੇ ਹੋਏ ਭਗਤ ਜੀ ਫੁਰਮਾਂਦੇ ਹਨ ਕਿ ਹੇ ਵੀਰ ! ਇਹ ਸਿੰਮ੍ਰਿਤੀ ਜੋ ਵੇਦਾਂ ਦੇ ਆਧਾਰ ‘ਤੇ ਬਣੀ ਹੈ (ਇਹ ਤਾਂ ਮਾਨੋ, ਆਪਣੇ ਸ਼ਰਧਾਲੂਆਂ ਵਾਸਤੇ ਵਰਨ ਆਸ਼ਰਮ ਦੇ) ਸੰਗਲ ਤੇ (ਕਰਮਕਾਂਡਾਂ ਦੀਆਂ) ਰੱਸੀਆਂ ਹੀ ਲੈ ਕੇ ਆਈ ਹੋਈ ਹੈ: ”ਬੇਦ ਕੀ ਪੁਤ੍ਰੀ ਸਿੰਮ੍ਰਿਤਿ ਭਾਈ ॥ ਸਾਂਕਲ ਜੇਵਰੀ ਲੈ ਹੈ ਆਈ ॥” (ਕਬੀਰ ਜੀ/ 329)
ਲੁਕਾਈ ਨੂੰ ਵਿਕਾਰਾਂ ਵੱਲੋਂ ਸੁਚੇਤ ਕਰਦੇ ਆਪ ਜੀ ਵਚਨ ਕਰਦੇ ਹਨ ਕਿ ਹੇ ਭਾਈ ! ਹੇ ਜਗਤ ਦੇ ਲੋਕੋ ! ਸੁਚੇਤ ਰਹੋ, ਜਾਗਦੇ ਰਹੋ, ਤੁਸੀਂ ਤਾਂ (ਆਪਣੇ ਵੱਲੋਂ) ਜਾਗਦੇ ਹੀ ਲੁੱਟੇ ਜਾ ਰਹੇ ਹੋ; ਵੇਦ ਸ਼ਾਸਤ੍ਰ-ਰੂਪ ਸੁਚੇਤ ਪਹਿਰੇਦਾਰਾਂ ਦੇ ਵੇਖਦਿਆਂ (ਹੁੰਦਿਆਂ) ਵੀ ਤੁਹਾਨੂੰ ਜਮ-ਰਾਜ ਲਈ ਜਾ ਰਿਹਾ ਹੈ ਭਾਵ ਸ਼ਾਸਤ੍ਰਾਂ ਦੀ ਰਾਖੀ ਪਹਿਰੇਦਾਰੀ ਵਿਚ ਭੀ ਤੁਸੀਂ ਅਜਿਹੇ ਕੰਮ ਕਰੀ ਜਾ ਰਹੇ ਹੋ, ਜਿਨ੍ਹਾਂ ਕਰਕੇ ਜਨਮ ਮਰਨ ਦਾ ਗੇੜ ਬਣਿਆ ਰਹਿੰਦਾ ਹੈ: ”ਦੁਨੀਆ ਹੁਸੀਆਰ ਬੇਦਾਰ, ਜਾਗਤ ਮੁਸੀਅਤ ਹਉ ਰੇ ਭਾਈ ॥ ਨਿਗਮ ਹੁਸੀਆਰ ਪਹਰੂਆ ਦੇਖਤ ਜਮੁ ਲੇ ਜਾਈ ॥” (ਕਬੀਰ ਜੀ/ 972)
ਨਾਮ ਸਿਮਰਨ ਨੂੰ ਛੱਡ ਕੇ ਕੇਵਲ ਕਰਮਕਾਂਡਾਂ ਦੀ ਸਿੱਖਿਆ ਦੇਣ ਵਾਲੇ ਪੁਜਾਰੀ ਵਰਗ ਦੇ ਪੰਡਿਤਾਂ ਤੇ ਮੁਲਾਣਿਆਂ ਤੋਂ ਸੁਚੇਤ ਕਰਦੇ ਹੋਏ ਭਗਤ ਕਬੀਰ ਜੀ ਲਿਖਦੇ ਹਨ ਕਿ ਮੈਂ (ਜਿਉਂ ਜਿਉਂ ਨਾਮ ਸਿਮਰਨ ਦੀ ਤਾਣੀ ਉਣ ਰਿਹਾ ਹਾਂ) ਪੰਡਿਤ ਅਤੇ ਮੁੱਲਾਂ ਦੋਵੇਂ ਹੀ ਛੱਡ ਦਿੱਤੇ ਹਨ। ਦੋਹਾਂ (ਦੇ ਦੱਸੇ ਕਰਮਕਾਂਡਾਂ ਤੇ ਸ਼ਰਹ ਦੇ ਰਸਤੇ) ਨਾਲ ਮੇਰਾ ਕੋਈ ਵਾਸਤਾ ਨਹੀਂ ਰਿਹਾ ਭਾਵ ਕਰਮਕਾਂਡ ਅਤੇ ਸ਼ਰਹ ਇਹ ਦੋਵੇਂ ਹੀ ਨਾਮ-ਸਿਮਰਨ ਦੇ ਮੁਕਾਬਲੇ ਤੁੱਛ ਹਨ: ”ਹਮਰਾ ਝਗਰਾ ਰਹਾ ਨ ਕੋਊ ॥ ਪੰਡਿਤ ਮੁਲਾਂ ਛਾਡੇ ਦੋਊ ॥” (ਭੈਰਉ/ ਪੰਨਾ 1159)
ਕਬੀਰ ਸਾਹਿਬ ਜੀ ਦੀ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਕਰਨ ਦਾ ਇਹੀ ਕਾਰਨ ਸੀ ਕਿ ਇਹ ਗੁਰਮਤਿ ਅਨੁਸਾਰੀ ਸੱਚ ‘ਤੇ ਪਹਿਰਾ ਦੇ ਰਹੀ ਸੀ ਅਤੇ ਝੂਠ (ਕਰਮਕਾਂਡਾਂ) ਦਾ ਵਿਰੋਧ ਕਰ ਰਹੀ ਸੀ। ਗੁਰਮਤਿ ਨਾਲ ਇਤਨਾ ਜ਼ਿਆਦਾ ਮੇਲ਼ ਹੋਣ ਕਾਰਨ ਆਮ ਮਨੁੱਖ ਨਹੀਂ ਪਛਾਣ ਸਕਦਾ ਕਿ ਇਸ ਦੇ ਕਰਤਾ ਗੁਰੂ ਨਾਨਕ ਸਾਹਿਬ ਜੀ ਹਨ ਜਾਂ ਭਗਤ ਕਬੀਰ ਜੀ; ਜਿਵੇਂ: ”ਗਗਨ ਦਮਾਮਾ ਬਾਜਿਓ, ਪਰਿਓ ਨੀਸਾਨੈ ਘਾਉ ॥ ਖੇਤੁ ਜੁ ਮਾਂਡਿਓ ਸੂਰਮਾ, ਅਬ ਜੂਝਨ ਕੋ ਦਾਉ ॥” (ਕਬੀਰ ਜੀ/1105) ਅਤੇ ਗੁਰੂ ਨਾਨਕ ਸਾਹਿਬ ਜੀ ਆਖ ਰਹੇ ਹਨ: ”ਜਉ ਤਉ, ਪ੍ਰੇਮ ਖੇਲਣ ਕਾ ਚਾਉ ॥ ਸਿਰੁ ਧਰਿ ਤਲੀ, ਗਲੀ ਮੇਰੀ ਆਉ ॥ ਇਤੁ ਮਾਰਗਿ ਪੈਰੁ ਧਰੀਜੈ ॥ ਸਿਰੁ ਦੀਜੈ ਕਾਣਿ ਨ ਕੀਜੈ ॥” (ਮ: 1/1412)
ਇਸ ਲਈ ਆਮ ਗ੍ਰੰਥੀ ਸਿੰਘ ਵੀ ਇਹ ਟਪਲਾ ਖਾ ਜਾਂਦੇ ਹਨ ਕਿ ਉਕਤ ਸ਼ਬਦ ਗੁਰੂ ਗੋਬਿੰਦ ਸਿੰਘ ਜੀ ਦਾ ਉਚਾਰਨ ਕੀਤਾ ਹੋਇਆ ਹੈ ਜਾਂ ਭਗਤ ਕਬੀਰ ਸਾਹਿਬ ਜੀ ਦਾ।

ਲੇਖਕ : ਸ. ਕਿਰਪਾਲ ਸਿੰਘ (ਬਠਿੰਡਾ), 98554-80797