ਰੁਝਾਨ ਖ਼ਬਰਾਂ
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਜਾਅਲੀ ਵਕੀਲਾਂ ਦੀ ਭਰਮਾਰ

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਜਾਅਲੀ ਵਕੀਲਾਂ ਦੀ ਭਰਮਾਰ

ਚੰਡੀਗੜ੍ਹ : ਅਦਾਲਤ ਵਿਚ ਕਾਲਾ ਕੋਟ ਪਾਈ ਕਾਨੂੰਨ ਦਾ ਪਾਠ ਪੜ੍ਹਾਉਂਦਾ ਵਕੀਲ ਜਾਅਲੀ ਵੀ ਹੋ ਸਕਦਾ ਹੈ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਅਜਿਹੇ 58 ਜਾਅਲੀ ਵਕੀਲਾਂ ਦਾ ਮਾਮਲਾ ਸਾਹਮਣੇ ਆਇਆ ਹੈ, ਜਿਹਨਾਂ ਦੀਆਂ ਵਕਾਲਤ ਦੀਆਂ ਡਿਗਰੀਆਂ ਜਾਅਲੀ ਨਿਕਲੀਆਂ ਹਨ।
ਪੰਜਾਬ ਅਤੇ ਹਰਿਆਣਾ ਬਾਰ ਕੌਂਸਲ ਨਾਲ ਜੁੜੇ 58 ਵਕੀਲਾਂ ਦੀਆਂ ਡਿਗਰੀਆਂ ਵੈਰੀਫਿਕੇਸ਼ਨ ‘ਤੇ ਖਰੀਆਂ ਨਾ ਉਤਰਣ ਕਾਰਨ ਹੁਣ ਕੌਂਸਲ ਨੇ ਇਨ੍ਹਾਂ ਵਕੀਲਾਂ ਦੇ ਅਦਾਲਤਾਂ ‘ਚ ਪੇਸ਼ ਹੋਣ ਅਤੇ ਬਤੌਰ ਵਕੀਲ ਹਸਤਾਖ਼ਰ ਕਰਨ ‘ਤੇ ਰੋਕ ਲਗਾ ਦਿੱਤੀ ਹੈ।
ਕੌਂਸਲ ਦੇ ਚੇਅਰਮੈਨ ਕਰਨਜੀਤ ਸਿੰਘ ਮੁਤਾਬਿਕ ਇਨ੍ਹਾਂ 58 ਵਕੀਲਾਂ ਦੀਆਂ ਡਿਗਰੀਆਂ ਸਬੰਧਿਤ ਯੂਨੀਵਰਸਿਟੀ ਕੋਲ ਦਰਿਆਫ਼ਤ ਲਈ ਭੇਜੀਆਂ ਗਈਆਂ ਸਨ ਅਤੇ ਰਿਪੋਰਟਾਂ ਮੁਤਾਬਿਕ ਇਹ ਡਿਗਰੀਆਂ ਸਹੀ ਪ੍ਰਤੀਤ ਨਹੀਂ ਹੋ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਡਿਗਰੀ ਜਾਅਲੀ ਸਾਬਤ ਹੋਣ ‘ਤੇ ਇਨ੍ਹਾਂ ਵਕੀਲਾਂ ਵਿਰੁੱਧ ਅਪਰਾਧਕ ਕਾਰਵਾਈ ਕੀਤੀ ਜਾਵੇਗੀ ਤੇ ਇਨਰੋਲਮੈਂਟ ਰੱਦ ਕੀਤੀ ਜਾਵੇਗੀ।
ਜਿਹੜੇ 58 ਵਕੀਲਾਂ ਦੀਆਂ ਡਿਗਰੀਆਂ ਸ਼ੱਕ ਦੇ ਦਾਇਰੇ ‘ਚ ਆਈਆਂ ਹਨ, ਉਹ ਸਾਲ 2017 ਤੋਂ ਲੈ ਕੇ 2020 ਤੱਕ ਬਾਰ ਕੌਂਸਲ ਕੋਲ ਇਨਰੋਲ ਹੋਏ ਸਨ ਅਤੇ ਹੁਣ ਉਨ੍ਹਾਂ ਦੀਆਂ ਡਿਗਰੀਆਂ ਦੀ ਰਿਪੋਰਟ ਸਹੀ ਪ੍ਰਾਪਤ ਨਾ ਹੋਣ ਕਾਰਨ ਉਨ੍ਹਾਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਕੌਂਸਲ ਮੁਤਾਬਿਕ ਸਬੰਧਿਤ ਯੂਨੀਵਰਸਿਟੀਆਂ ਵਲੋਂ ਕਾਰਵਾਈ ਸ਼ੁਰੂ ਕੀਤੀ ਜਾ ਚੁੱਕੀ ਹੈ।
ਜ਼ਿਕਰਯੋਗ ਹੈ ਕਿ ਨਿਯਮਾਂ ਮੁਤਾਬਿਕ ਬਾਰ ਕੌਂਸਲ ਹਰੇਕ ਵਕੀਲ ਦੀ ਇਨਰੋਲਮੈਂਟ ਦੇ ਸਬੰਧ ‘ਚ ਸਬੰਧਿਤ ਯੂਨੀਵਰਸਿਟੀ ਕੋਲੋਂ ਉਸ ਦੀ ਡਿਗਰੀ ਦੀ ਦਰਿਆਫ਼ਤ ਕਰਵਾਉਂਦੀ ਹੈ ਅਤੇ ਡਿਗਰੀ ਜਾਅਲੀ ਨਿਕਲਣ ‘ਤੇ ਉਸ ਵਕੀਲ ਵਿਰੁੱਧ ਕਾਰਵਾਈ ਕੀਤੀ ਜਾਂਦੀ ਹੈ।