Copyright © 2019 - ਪੰਜਾਬੀ ਹੇਰਿਟੇਜ
ਇਕ ਸਿਰ ਫ਼ਿਰੇ ਨੇ ਜਾਮੀਅ ਮਿਲੀਆ ਯੂਨੀਵਰਸਿਟੀ ਦੇ ਬਾਹਰ ਭੀੜ ਤੇ ਚਲਾਈ ਗੋਲੀ

ਇਕ ਸਿਰ ਫ਼ਿਰੇ ਨੇ ਜਾਮੀਅ ਮਿਲੀਆ ਯੂਨੀਵਰਸਿਟੀ ਦੇ ਬਾਹਰ ਭੀੜ ਤੇ ਚਲਾਈ ਗੋਲੀ

ਨਵੀਂ ਦਿੱਲੀ : ਭਾਜਪਾ ਵਲੋਂ ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ਲਈ ਨਾਗਰਿਕਤਾ ਸੋਧ ਬਿਲ ਦੇ ਮੁੱਦੇ ਤੇ ਵੋਟਰਾਂ ਦਾ ਹਿੰਦੂਤਵੀ ਧਰੁਵੀਕਰਨ ਕਰਨ ਲਈ ਵਿਰੋਧ ਕਰਨ ਵਾਲਿਆਂ ਨੂੰ ਦੇਸ਼ ਦੇ ਗੱਦਾਰ ਤੇ ਪਾਕਿਸਤਾਨ ਦੇ ਏਜੰਟ ਗਰਦਾਨਣ ਤੇ ਜੋਰ ਲਾਇਆ ਜਾ ਰਿਹਾ ਹੈ। ਭਾਜਪਾ ਆਗੂ ਦੇਸ਼ ਦੇ ਰਾਜ ਵਿੱਤ ਮੰਤਰੀ ਅਨੁਰਾਗ ਠਾਕੁਰ ਨੇ ਕੁੱਝ ਦਿਨ ਪਹਿਲਾਂ ਸ਼ਰੇਆਮ ਇਹ ਸੱਦਾ ਦਿੱਤਾ ਸੀ ਕਿ ਦੇਸ਼ ਦਾ ਗੱਦਾਰਾਂ ਨੂੰ ਗੋਲੀ ਮਾਰੋ। ਅਨੁਰਾਗ ਠਾਕੁਰ ਦੇ ਸੱਦੇ ਤੇ ਫੁੱਲ ਚੜਾਉਂਦਿਆਂ ਅੱਜ ਇਕ ਸਿਰ ਫ਼ਿਰੇ ਗੋਪਾਲ ਨਾਮੀ ਹਿੰਦੂਤਵੀ ਨੌਜਵਾਨ ਨੇ ਸੀ ਏ ਏ ਦਾ ਵਿਰੋਧ ਕਰਨ ਉਤਰੀ ਵਿਦਿਆਰਥੀਆਂ ਦੀ ਭੀੜ ਤੇ ਸ਼ਰੇਆਮ ਗੋਲੀ ਚਲਾ ਦਿੱਤੀ ਜਿਸ ਵਿਚ ਇਕ ਮੁਸਲਮਾਨ ਵਿਦਿਆਰਥੀ ਗੰਭੀਰ ਜ਼ਖ਼ਮੀ ਹੋ ਗਿਆ। ਹੈਰਾਨੀ ਦੀ ਗੱਲ ਤਾਂ ਇਹ ਰਹੀ ਕਿ ਇਸ ਨੌਜਵਾਨ ਨੇ ਆਪਣੀ ਇਸ ਕਾਰਵਾਈ ਨੂੰ ਲਾਈਵ ਵੀ ਕੀਤਾ ਜਦੋਂ ਉਹ ਪਿਸਤੋਲ ਤਾਣੀ ਖੜ੍ਹਾ ਸੀ ਅਤੇ ਮੁਸਲਮਾਨਾਂ ਵਿਰੁੱਧ ਜ਼ਹਿਰ ਉਗਲ ਰਿਹਾ ਤਾਂ ਮੌਕੇ ਤੇ ਮੌਜੂਦ ਵੱਡੀ ਗਿਣਤੀ ਪੁਲਿਸ ਮੂਕ ਦਰਸ਼ਕ ਬਣੀ ਰਹੀ।

ਵੀਡੀਓ ਵਾਇਰਲ ਹੋਣ ਤੇ ਸ਼ੋਸ਼ਲ ਮੀਡੀਏ ਤੇ ਉਠੇ ਤੂਫ਼ਾਨ ਨੂੰ ਦੇਖਦਿਆਂ ਅਮਿਤ ਸ਼ਾਹ ਨੇ ਦੋਸ਼ੀ ਵਿਰੁੱਧ ਸਖ਼ਤ ਕਾਰਵਾਈ ਦਾ ਬਿਆਨ ਜ਼ਰੂਰ ਦੇ ਦਿੱਤਾ ਹੈ। ਸੀ ਏ ਏ ਦੇ ਵਿਰੋਧੀਆਂ ਤੇ ਗੋਲੀਆਂ ਚੱਲਣ ਨੂੰ ਲੈ ਕੇ ਭਾਜਪਾ ਨੂੰ ਸਮਰਥਨ ਦੇਣ ਵਾਲੇ ਅਕਾਲੀ ਕੀ ਸਟੈਂਡ ਲੈਂਦੇ ਹਨ। ਇਹ ਹੁਣ ਵੇਖਣ ਵਾਲੀ ਗੱਲ ਹੈ ਪ੍ਰੰਤੂ ਭਾਜਪਾ ਨੇ ਸਾਫ਼ ਕਰ ਦਿੱਤਾ ਹੈ ਕਿ ਉਹ ਖੂਨ ਦਾ ਦਰਿਆ ਵਹਾ ਕੇ ਵੀ ਦਿੱਲੀ ਚੋਣਾਂ ਜਿੱਤਣ ਦਾ ਮਨ ਬਣਾ ਚੁੱਕੀ ਹੈ। ਨਾਗਰਿਕਤਾ ਸੋਧ ਕਾਨੂੰਨ ਤੇ ਰਾਸ਼ਟਰੀ ਨਾਗਰਿਕਤਾ ਰਜਿਸਟਰ ਦੇ ਵਿਰੋਧ ‘ਚ ਜਾਮੀਆ ਤੋਂ ਰਾਜਘਾਟ ਤਕ ਮਾਰਚ ਦੌਰਾਨ ਵੀਰਵਾਰ ਦੁਪਹਿਰ ਇਕ ਨੌਜਵਾਨ ਨੇ ਗੋਲ਼ੀ ਚੱਲਾ ਦਿੱਤੀ, ਜਿਸ ‘ਚ ਇਕ ਵਿਦਿਆਰਥੀ ਗੰਭੀਰ ਜ਼ਖ਼ਮੀ ਹੋ ਗਿਆ ਹੈ। ਫਾਇਰਿੰਗ ਦੀ ਘਟਨਾ ਦੌਰਾਨ ਪੁਲਿਸ ਚੰਦ ਕਦਮਾਂ ਦੀ ਦੂਰੀ ‘ਤੇ ਤਾਇਨਾਤ ਸੀ, ਜਿਸ ‘ਚ ਜਲਦ ਪੁਲਿਸ ਨੂੰ ਬੁਲਾ ਕੇ ਉਸ ਨੂੰ ਹਿਰਾਸਤ ‘ਚ ਲੈ ਲਿਆ ਹੈ। ਜ਼ਖ਼ਮੀ ਵਿਦਿਆਰਥੀ ਦਾ ਨਾਂ ਸ਼ਾਦਾਬ, ਜੋ ਜਾਮੀਆ ਮਿਲਿਆ ਇਸਲਾਮੀਆ ਯੂਨੀਵਰਸਿਟੀ ‘ਚ ਪੜ੍ਹਦਾ ਹੈ। ਜਿਸ ਦਾ ਇਲਾਜ ਨੇੜੇ ਦੇ ਹਸਪਤਾਲ ‘ਚ ਚੱਲ ਰਿਹਾ ਹੈ। ਪੁਲਿਸ ਪੂਰੇ ਮਾਮਲੇ ਦੀ ਜਾਂਚ ‘ਚ ਜੁੱਟੀ ਹੋਈ ਹੈ।

ਮੁਲਜ਼ਮ ਤੋਂ ਦਿੱਲੀ ਪੁਲਿਸ ਪੁੱਛਗਿੱਛ ਕਰ ਰਹੀ ਹੈ। ਦੱਸ ਦੇਈਏ ਕਿ ਨਾਗਰਿਕਤਾ ਸੋਧ ਕਾਨੂੰਨ ਤੇ ਰਾਸ਼ਟਰੀ ਨਾਗਰਿਕਤਾ ਰਜਿਸਟਰ ਦੇ ਵਿਰੋਧ ‘ਚ ਜਾਮੀਆ ਤੋਂ ਰਾਜਘਾਟ ਤਕ ਮਾਰਚ ਕੱਢਿਆ ਜਾ ਰਿਹਾ ਹੈ। ਇਸ ਮਾਰਚ ਨੂੰ ਕੱਢਣ ਲਈ ਸਰਕਾਰ ਵੱਲੋਂ ਇਜਾਜਤ ਨਹੀਂ ਮਿਲੀ ਸੀ। ਮਾਰਚ ਜਿਵੇਂ ਹੀ ਅੱਗੇ ਵਧਣਾ ਸ਼ੁਰੂ ਹੋਇਆ, ਇਕ ਨੌਜਵਾਨ ਦੌੜਦਿਆਂ ਹੋਏ ਪਹੁੰਚਿਆ, ਤੇ ਗੋਲ਼ੀ ਚਲਾਉਣ ਤੋਂ ਪਹਿਲਾਂ ਤਮੰਚਾ ਲਹਿਰਾਉਣ ਲੱਗਾ। ਨੇੜੇ-ਤੇੜੇ ਦੇ ਲੋਕਾਂ ਨੇ ਦੱਸਿਆ ਕਿ ਉਹ ਨੌਜਵਾਨ ਸੁਨਿਹਰੇ ਰੰਗ ਦਾ ਕੱਟਾ ਲਏ ਸੀ ਤੇ ਉਸ ਨੇ ਗੋਲ਼ੀ ਮਾਰਨ ਤੋਂ ਪਹਿਲਾਂ ਕਿਹਾ ਸੀ ਕਿ ‘ਆਓ ਮੈਂ ਤੁਹਾਨੂੰ ਆਜ਼ਾਦੀ ਦਿਵਾਉਂਦਾ ਹਾਂ।’