Copyright © 2019 - ਪੰਜਾਬੀ ਹੇਰਿਟੇਜ
ਕੰਜ਼ਰਵੇਟਿਵ ਪਾਰਟੀ ਦੀ ਲੀਡਰਸ਼ਿਪ ਦੌੜ ‘ਚ ਉੱਤਰਿਆ ਉਨਟਾਰੀਓ ਦਾ ਐਮਪੀ

ਕੰਜ਼ਰਵੇਟਿਵ ਪਾਰਟੀ ਦੀ ਲੀਡਰਸ਼ਿਪ ਦੌੜ ‘ਚ ਉੱਤਰਿਆ ਉਨਟਾਰੀਓ ਦਾ ਐਮਪੀ

ਔਟਵਾ : ਸਾਬਕਾ ਕੈਬਨਿਟ ਮੰਤਰੀ ਪੀਟਰ ਮੈਕੇ ਮਗਰੋਂ ਕੰਜ਼ਰਵੇਟਿਵ ਪਾਰਟੀ ਦੀ ਲੀਡਰਸ਼ਿਪ ਦੌੜ ਵਿੱਚ ਸ਼ਾਮਲ ਹੋਣ ਦਾ ਐਲਾਨ ਕਰਦੇ ਹੋਏ ਉਨਟਾਰੀਓ ਦੇ ਐਮਪੀ ਐਰਿਨ ਓਟੂਲ ਨੇ ਪਾਰਟੀ ਨੂੰ ਨਵੀਆਂ ਬੁਲੰਦੀਆਂ ਤੱਕ ਪਹੁੰਚਾਉਣ ਦਾ ਵਾਅਦਾ ਕੀਤਾ। 47 ਸਾਲਾ ਐਮਪੀ ਐਰਿਨ ਓਟੂਲ ਨੇ ਲੀਡਰਸ਼ਿਪ ਮੁਹਿੰਮ ਦਾ ਆਗਾਜ਼ ਕਰਨ ਤੋਂ ਪਹਿਲਾਂ ਅਲਬਰਟਾ ਵਿੱਚ ਪਾਰਟੀ ਦੇ ਮੈਂਬਰਾਂ ਨਾਲ ਮੁਲਾਕਾਤ ਕੀਤੀ ਅਤੇ ਆਪਣੀ ਵੈਬਸਾਈਟ ‘ਤੇ ਵੀਡੀਓ ਪੋਸਟ ਕਰਕੇ ਲੋਕਾਂ ਨੂੰ ਇਸ ਸਬੰਧੀ ਜਾਣੂ ਕਰਵਾਇਆ। ਉਨਾਂ ਨੇ ਵਾਅਦਾ ਕੀਤਾ ਕਿ ਉਹ ਆਪਣੀ ਮਿਹਨਤ ਅਤੇ ਲਗਨ ਨਾਲ ਪਾਰਟੀ ਨੂੰ ਉਨਾਂ ਉਚਾਈਆਂ ਤੱਕ ਲੈ ਕੇ ਜਾਣਗੇ, ਜਿੱਥੇ ਸਫ਼ਲਤਾ ਉਸ ਦੇ ਪੈਰ ਚੁੰਮੇਗੀ। ਵੀਡੀਓ ਵਿੱਚ ਐਰਿਨ ਪਾਰਲੀਮੈਂਟ ਹਿੱਲ ਵਿੱਚ ਤੁਰਦਾ ਹੋਇਆ ਦਿਖਾਈ ਦੇ ਰਿਹਾ ਹੈ। ਉਸ ਦਾ ਕਹਿਣਾ ਹੈ ਕਿ ਕੰਜ਼ਰਵੇਟਿਵ ਪਾਰਟੀ ਨੂੰ ਆਟੋ ਵਰਕਰਾਂ, ਜੰਗਲਾਤ ਕਾਮਿਆਂ ਅਤੇ ਜਵਾਨਾਂ ਨੂੰ ਹੀ ਨਹੀਂ, ਸਗੋਂ ਸ਼ਹਿਰੀ ਅਤੇ ਉਪ ਨਗਰੀ ਦੇ ਵੋਟਰਾਂ ਨੂੰ ਵੀ ਆਕਰਸ਼ਿਤ ਕਰਨਾ ਪਏਗਾ। ਉਨਾਂ ਕਿਹਾ ਕਿ ਪਾਰਟੀ ਨੂੰ ਇਕਜੁੱਟ ਕਰਨ ਲਈ ਮਜ਼ਬੂਤ ਲੀਡਰਸ਼ਿਪ ਦੀ ਲੋੜ ਹੈ ਤਾਂ ਜੋ ਪਾਰਟੀ ਨੂੰ ਸਫ਼ਲਤਾ ਤੱਕ ਪਹੁੰਚਾਇਆ ਜਾ ਸਕੇ। ਉਨਾਂ ਕਿਹਾ ਕਿ ਗਰਭਪਾਤ ਜਿਹੇ ਸਮਾਜਿਕ ਮੁੱਦਿਆਂ ‘ਤੇ ਪਾਰਟੀ ਦੀ ਸਥਿਤੀ ‘ਤੇ ਬਹਿਸ ਕਰਨ ਦੀ ਲੋੜ ਹੈ, ਕਿਉਂਕਿ ਇਹੋ ਜਿਹੇ ਮੁੱਦਿਆਂ ਕਾਰਨ ਪਾਰਟੀ ਨੂੰ ਅਕਤੂਬਰ ਮਹੀਨੇ ਹੋਈਆਂ ਫ਼ੈਡਰਲ ਚੋਣਾਂ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਕੰਜ਼ਰਵੇਟਿਵ ਪਾਰਟੀ ਦੇ ਕਈ ਨੇਤਾਵਾਂ ਦਾ ਕਹਿਣਾ ਹੈ ਕਿ ਇਨਾਂ ਮੁੱਦਿਆਂ ਕਾਰਨ ਪਾਰਟੀ ਨੂੰ ਉਨਟਾਰੀਓ ਅਤੇ ਕਿਊਬਿਕ ਦੇ ਸ਼ਹਿਰੀ ਤੇ ਉਪਨਗਰੀ ਦੇ ਵੋਟਰਾਂ ਦੇ ਰੋਹ ਕਾਰਨ ਨਮੋਸ਼ੀ ਝੱਲਣੀ ਪਈ।
ਦੱਸ ਦੇਈਏ ਕਿ 27 ਜੂਨ ਨੂੰ ਟੋਰਾਂਟੋ ਵਿੱਚ ਕੰਜ਼ਰਵੇਟਿਵ ਪਾਰਟੀ ਦੀ ਕਨਵੈਨਸ਼ਨ ਹੋਵੇਗੀ, ਜਿਸ ਵਿੱਚ ਪਾਰਟੀ ਨੂੰ ਨਵਾਂ ਆਗੂ ਮਿਲੇਗਾ।
ਲੀਡਰਸ਼ਿਪ ਦੌੜ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਐਰਿਨ ਓਟੂਲ ਨੇ ਕੌਕਸ ਵਿੱਚ ਪਾਰਟੀ ਦੇ ਵਿਦੇਸ਼ ਮਾਮਲਿਆਂ ਦੇ ਆਲੋਚਕ ਦਾ ਅਹੁਦਾ ਛੱਡ ਦਿੱਤਾ ਹੈ, ਕਿਉਂਕਿ ਇਸ ਦੌੜ ਵਿੱਚ ਸ਼ਾਮਲ ਹੋਣ ਵਾਲਾ ਵਿਅਕਤੀ ਆਲੋਚਕ ਦੇ ਅਹੁਦੇ ‘ਤੇ ਤਾਇਨਾਤ ਨਹੀਂ ਰਹਿ ਸਕਦਾ।