Copyright © 2019 - ਪੰਜਾਬੀ ਹੇਰਿਟੇਜ
ਕੋਰੋਨਾਵਾਇਰਸ ਪੂਰੇ ਵਿਸ਼ਵ ਲਈ ਖ਼ਤਰਨਾਕ ਸਾਬਤ ਹੋ ਸਕਦਾ ਹੈ : ਵਿਸ਼ਵ ਸਿਹਤ ਸੰਸਥਾ

ਕੋਰੋਨਾਵਾਇਰਸ ਪੂਰੇ ਵਿਸ਼ਵ ਲਈ ਖ਼ਤਰਨਾਕ ਸਾਬਤ ਹੋ ਸਕਦਾ ਹੈ : ਵਿਸ਼ਵ ਸਿਹਤ ਸੰਸਥਾ

ਕੈਨੇਡੀਅਨ ਸਰਕਾਰ ਵਲੋਂ ਚੀਨ ‘ਚ ਫਸੇ ਕੈਨੇਡੀਅਨ ਨਾਗਰਿਕ ਵਾਪਸ ਲਿਆਉਣ ਦੀ ਤਿਆਰੀ

ਔਟਵਾ : ਪੂਰੇ ਵਿਸ਼ਵ ‘ਚ ਤੇਜ਼ੀ ਨਾਲ ਫੈਲ ਰਿਹਾ ਕੋਰੋਨਾਵਾਇਰਸ ਮਹਾਂਮਾਰੀ ਦਾ ਰੂਪ ਲੈਂਦਾ ਜਾ ਰਿਹਾ ਹੈ। ਹੁਣ ਤੱਕ ਚੀਨ ਦੇ 31 ਸੂਬਿਆਂ ‘ਚ ਕਰੀਬ ਦੋ ਹਜ਼ਾਰ ਹੋਰ ਨਵੇਂ ਮਾਮਲੇ ਸਾਹਮਣੇ ਆ ਚੁੱਕੇ ਹਨ।  ਜਿਸ ਤੋਂ ਬਾਅਦ ਇਸ ਵਾਇਰਸ ਨਾਲ ਪੀੜਤ ਲੋਕਾਂ ਦੀ ਗਿਣਤੀ ਵੱਧ ਕੇ ਕਰੀਬ ਅੱਠ ਹਜ਼ਾਰ ਹੋ ਗਈ ਹੈ। ਕੋਰੋਨਾਵਾਇਰਸ ਨਾਲ ਹੁਣ 170 ਲੋਕਾਂ ਦੀ ਮੌਤ ਹੋ ਜਾਣ ਦੀ ਪੁਸ਼ਟੀ ਹੋ ਚੁੱਕੀ ਹੈ। ਇਸ ਵਾਇਰਸ ਕਾਰਨ ਦੁਨੀਆ ‘ਚ ਚੀਨ ਦਾ ਅਕਸ ਖ਼ਰਾਬ ਹੋ ਰਿਹਾ ਹੈ। ਕਈ ਵਿਦੇਸ਼ੀ ਏਅਰਲਾਈਨਾਂ ਨੇ ਚੀਨ ਦੀਆਂ ਉਡਾਣਾਂ ਬੰਦ ਕਰ ਦਿੱਤੀਆਂ ਹਨ।

ਨਵੇਂ ਕੋਰੋਨਾਵਾਇਰਸ ਨਾਲ ਵੀਰਵਾਰ ਤੱਕ ਚੀਨ ਵਿੱਚ ਮਰਨ ਵਾਲਿਆਂ ਦੀ ਗਿਣਤੀ 200 ਤੋਂ ਵਧੇਰੇ ਤਕ ਪਹੁੰਚ ਗਈ ਸੀ। ਹੁਣ ਇਸ ਵਾਇਰਸ ਦਾ ਇਨਫੈਕਸ਼ਨ ਕਈ ਹੋਰਨਾਂ ਦੇਸ਼ਾਂ ਤੱਕ ਵੀ ਪਹੁੰਚ ਗਿਆ ਹੈ। ਚੀਨ ਦੇ ਸਭ ਤੋਂ ਵਧ ਪ੍ਰਭਾਵਿਤ ਇਲਾਕੇ ਵਿੱਚੋਂ ਹੋਰਨਾਂ ਦੇਸ਼ਾਂ ਵੱਲੋਂ ਆਪਣੇ ਨਾਗਰਿਕਾਂ ਨੂੰ ਵਾਪਸ ਸੱਦੇ ਜਾਣ ਤੋਂ ਬਾਅਦ ਕਈ ਥਾਵਾਂ ਉੱਤੇ ਇਹ ਵਾਇਰਸ ਤੇਜ਼ੀ ਨਾਲ ਲੋਕਲ ਪੱਧਰ ਉੱਤੇ ਫੈਲ ਰਿਹਾ ਹੈ।

ਕੈਨੇਡਾ ਦੇ ਟੋਰਾਂਟੋ ਸ਼ਹਿਰ ਵਿਚ ਚੀਨ ਤੋਂ ਵਾਪਸ ਆਉਣ ਵਾਲੇ ਇਕ ਸ਼ਖ਼ਸ ਵਿਚ ਇਸ ਵਾਇਰਸ ਦਾ ਪਤਾ ਲੱਗਾ ਹੈ। ਇੱਥੋਂ ਦੀ ਪਬਲਿਕ ਹੈਲਥ ਏਜੰਸੀ ਦੇ ਪ੍ਰਮੁੱਖ ਐਲੀਨ ਡੀ ਵਿਲਾ ਨੇ ਟੋਰਾਂਟੋ ਵਿਚ ਇਕ ਪ੍ਰੈੱਸ ਕਾਨਫ਼ਰੰਸ ਵਿਚ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਇਸ ਤੋਂ ਇਲਾਵਾ ਇੱਕ ਹੋਰ ਅਜਿਹਾ ਮਾਮਲਾ ਕੈਨੇਡਾ ‘ਚ ਸਾਹਮਣੇ ਆਇਆ ਹੈ।

ਅਮਰੀਕਾ ਦੇ ਵਾਸ਼ਿੰਗਟਨ ਵਿਚ ਇਕ ਵਿਅਕਤੀ ਇਸ ਵਾਇਰਸ ਦੀ ਲਪੇਟ ਵਿਚ ਹੈ। ਹੋਰ ਸ਼ੱਕੀ ਮਾਮਲਿਆਂ ਦਾ ਪ੍ਰੀਖਣ ਕੈਲੀਫੋਰਨੀਆ ਅਤੇ ਟੈੱਕਸਾਸ ਵਿਚ ਕੀਤਾ ਜਾ ਰਿਹਾ ਹੈ। ਕੋਰੋਨਾਵਾਇਰਸ ਨੇ ਯੂਰਪ ਵਿਚ ਵੀ ਦਸਤਕ ਦੇ ਦਿੱਤੀ ਹੈ। ਫਰਾਂਸ ਵਿਚ ਕੋਰੋਨਾਵਾਇਰਸ ਨਾਲ ਪੀੜਤ 3 ਲੋਕਾਂ ਦੀ ਪੁਸ਼ਟੀ ਹੋਈ ਹੈ। ਫਰਾਂਸ ਦੀ ਸਿਹਤ ਮੰਤਰੀ ਐਗਨੇਸ ਬੁਜ਼ਿਨ ਨੇ ਦੱਸਿਆ ਕਿ ਪਹਿਲਾ ਮਾਮਲਾ ਸਾਊਥਵੈਸਟਰਨ ਸਿਟੀ ਵਿਚ ਪਾਇਆ ਗਿਆ ਹੈ। ਦੂਜਾ ਮਾਮਲਾ ਪੈਰਿਸ ਵਿਚ ਮਿਲਿਆ ਹੈ। ਭਾਰਤ ਤੇ ਫਿਲੀਪੀਨਜ਼ ਵੱਲੋਂ ਆਪਣੇ ਪਹਿਲੇ ਮਾਮਲਿਆਂ ਬਾਰੇ ਜਾਣਕਾਰੀ ਦਿੱਤੀ ਗਈ ਹੈ। ਇਹ ਕੋਰੋਨਾਵਾਇਰਸ ਇਕ ਟਰੈਵਲਰ ਤੇ ਇਕ ਵਿਦਿਆਰਥੀ ਵਿੱਚ ਪਾਇਆ ਗਿਆ, ਇਹ ਦੋਵੇਂ ਹੀ ਕੁਝ ਸਮੇਂ ਪਹਿਲਾਂ ਵੁਹਾਨ ਵਿਚ ਹੀ ਸਨ। ਜ਼ਿਕਰਯੋਗ ਹੈ ਕਿ ਚੀਨ ਦੇ ਇਸ ਕੇਂਦਰੀ ਸ਼ਹਿਰ ਵਿਚੋਂ ਹੀ ਕੋਰੋਨਾਵਾਇਰਸ ਫੈਲਦਾ ਸ਼ੁਰੂ ਹੋਇਆ। ਇਸ ਦੇ ਪਹਿਲੇ ਮਾਮਲੇ ਦਸੰਬਰ ਵਿਚ ਮਿਲੇ ਸਨ। ਦਖਣੀ ਕੋਰੀਆ ਵੱਲੋਂ ਵੀ ਸਥਾਨਕ ਪੱਧਰ ਉੱਤੇ ਇਕ ਕੇਸ ਦੀ ਪੁਸ਼ਟੀ ਕੀਤੀ ਗਈ ਹੈ।

ਚੀਨ ਤੋਂ ਬਾਹਰ ਫੈਲ ਰਹੇ ਕੋਰੋਨਾਵਾਇਰਸ ਦੇ ਇਹ ਮਾਮਲੇ ਗਲੋਬਲ ਹੈਲਥ ਅਧਿਕਾਰੀਆਂ ਲਈ ਚਿੰਤਾ ਦਾ ਵਿਸ਼ਾ ਹਨ। ਇਹ ਵਾਇਰਸ ਬੜੀ ਹੀ ਤੇਜ਼ੀ ਨਾਲ ਫੈਲ ਰਿਹਾ ਹੈ ਤੇ ਇਸ ਨੂੰ ਕਾਬੂ ਕਰਨਾ ਸੁਖਾਲਾ ਨਹੀਂ ਲਗ ਰਿਹਾ। ਵਿਸ਼ਵ ਸਿਹਤ ਸੰਸਥਾ (ਵਰਲਡ ਹੈਲਥ ਆਰਗੇਨਾਈਜ਼ੇਸ਼ਨ) ਮਾਹਿਰਾਂ ਨਾਲ ਵਿਚਾਰ ਵਟਾਂਦਰਾ ਕੀਤਾ ਜਾ ਰਿਹਾ ਹੈ ਤਾਂ ਕਿ ਲੋੜ ਪੈਣ ਉੱਤੇ ਇਸ ਨੂੰ ਗਲੋਬਲ ਐਮਰਜੰਸੀ ਐਲਾਨਿਆ ਜਾ ਸਕੇ। ਇਸ ਨਵੇਂ ਵਾਇਰਸ ਕਾਰਨ ਚੀਨ ਵਿਚ 2002-2003 ਵਿਚ ਸਾਰਸ ਆਊਟਬ੍ਰੇਕ ਦੇ ਮੁਕਾਬਲੇ ਜ਼ਿਆਦਾ ਲੋਕ ਬਿਮਾਰ ਹੋਏ ਹਨ।

ਚੀਨ ਵਿਚ ਪਿਛਲੇ 24 ਘੰਟਿਆਂ ਵਿਚ ਹਾਲਾਤ ਦੇ ਲਏ ਗਏ ਜਾਇਜ਼ੇ ਤੋਂ ਬਾਅਦ ਇਹ ਸਾਹਮਣੇ ਆਇਆ ਹੈ ਕਿ 38 ਮੌਤਾਂ ਇੱਥੇ ਹੋਰ ਹੋ ਗਈਆਂ ਹਨ, 1,737 ਕੇਸ ਹੋਰ ਪਾਏ ਗਏ ਹਨ ਤੇ ਹੁਣ ਤਕ ਇਨ੍ਹਾਂ ਮਾਮਲਿਆਂ ਦੀ ਗਿਣਤੀ  8 ਹਜ਼ਾਰ ਤਕ ਅੱਪੜ ਚੁਕੀ ਹੈ। ਇਨ੍ਹਾਂ ਮੌਤਾਂ ਵਿਚੋਂ 37 ਸਿਰਫ਼ ਹੁਬੇਈ ਪ੍ਰੋਵਿੰਸ ਵਿਚ ਹੀ ਹੋਈਆਂ ਹਨ। ਵੁਹਾਨ ਹੁਬੇਈ ਦੀ ਹੀ ਰਾਜਧਾਨੀ ਹੈ। ਇਕ ਹੋਰ ਮੌਤ ਸਿਚੁਆਨ ਵਿਚ ਹੋਈ।

ਕੋਰੋਨਾਵਾਇਰਸ ਦੇ ਪ੍ਰਸਾਰ ਦਾ ਕੇਂਦਰ ਮੰਨੇ ਜਾ ਰਹੇ ਮੱਧ ਚੀਨ ਦੇ ਵੁਹਾਨ ਸ਼ਹਿਰ ਤੋਂ ਦੁਨੀਆ ਦੇ ਕੈਨੇਡਾ-ਅਮਰੀਕਾ ਸਮੇਤ 17 ਦੇਸ਼ਾਂ ‘ਚ ਵਾਇਰਸ ਪਹੁੰਚ ਚੁੱਕਾ ਹੈ। ਇਸ ਦੇ ਇਨਫੈਕਸ਼ਨ ‘ਤੇ ਰੋਕ ਲਗਾਉਣ ਦੀ ਕੋਸ਼ਿਸ਼ ‘ਚ ਹੁਬੇਈ ਸੂਬੇ ‘ਚ ਆਵਾਜਾਈ ਰੋਕ ਦਿੱਤੀ ਗਈ ਹੈ। ਚੀਨ ਦੇ ਦੂਜੇ ਹਿੱਸਿਆਂ ਵਿਚ ਵੀ ਵਾਇਰਸ ਦਾ ਖ਼ੌਫ ਲਗਾਤਾਰ ਵੱਧ ਰਿਹਾ ਹੈ। ਕਈ ਸ਼ਹਿਰਾਂ ਦੀਆਂ ਸੜਕਾਂ ਤੇ ਬਾਜ਼ਾਰ ਵੀਰਾਨ ਹੋ ਗਏ ਹਨ। ਸੈਰ-ਸਪਾਟੇ ਵਾਲੀਆਂ ਥਾਵਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਕਈ ਵੱਡੀ ਕੰਪਨੀਆਂ ਨੇ ਆਪਣੇ ਆਊਟਲੈੱਟ ਵੀ ਬੰਦ ਕਰ ਦਿੱਤੇ ਹਨ।

ਇਸ ਦੇ ਨਾਲ ਹੀ ਸਰਕਾਰ ਕੈਨੇਡੀਅਨਾਂ ਨੂੰ ਚੀਨ ਦੇ ਗੈਰ ਜ਼ਰੂਰੀ ਸਫਰ ਉੱਤੇ ਨਾ ਜਾਣ ਦੀ ਸਲਾਹ ਦੇ ਰਹੀ ਹੈ। ਤੇਜ਼ੀ ਨਾਲ ਫੈਲ ਰਹੇ ਕੋਰੋਨਾਵਾਇਰਸ ਕਾਰਨ ਕੈਨੇਡਾ ਨੇ ਚੀਨ ਵਿੱਚ ਆਪਣੀ ਡਿਪਲੋਮੈਟਿਕ ਮੌਜੂਦਗੀ ਵੀ ਘਟਾ ਦਿੱਤੀ ਹੈ। ਸ਼ੈਂਪੇਨ ਨੇ ਆਖਿਆ ਕਿ ਅਗਲਾ ਕਦਮ ਉਨ੍ਹਾਂ 160 ਕੈਨੇਡੀਅਨਾਂ ਨੂੰ ਵਾਪਿਸ ਲਿਆਉਣ ਲਈ ਚੀਨ ਤੋਂ ਸਹਿਯੋਗ ਦੀ ਮੰਗ ਕਰਨਾ ਹੈ, ਜਿਨ੍ਹਾਂ ਨੇ ਮਦਦ ਦੀ ਅਪੀਲ ਕੀਤੀ ਹੈ। ਪਾਰਲੀਆਮੈਂਟ ਹਿੱਲ ਉੱਤੇ ਗੱਲ ਕਰਦਿਆਂ ਸ਼ੈਂਪੇਨ ਨੇ ਆਖਿਆ ਕਿ ਉਨ੍ਹਾਂ ਵਿੱਚੋਂ ਵੀ ਸਾਰੇ ਚੀਨ ਨਹੀਂ ਛੱਡਣਾ ਚਾਹੁੰਦੇ।

ਵਿਦੇਸ਼ ਮੰਤਰੀ ਫਰੈਂਕੌਇਸ ਫਿਲਿਪ ਸ਼ੈਂਪੇਨ ਨੇ ਦੱਸਿਆ ਕਿ ਕੈਨੇਡਾ ਅਜਿਹਾ ਜਹਾਜ਼ ਤਿਆਰ ਕਰ ਰਿਹਾ ਹੈ ਜਿਹੜਾ ਚੀਨ ਦੇ ਵੁਹਾਨ ਸ਼ਹਿਰ, ਜਿੱਥੋਂ ਕੋਰੋਨਾਵਾਇਰਸ ਦੀ ਸ਼ੁਰੂਆਤ ਹੋਈ, ਵਿੱਚੋਂ ਕੈਨੇਡੀਅਨਾਂ ਨੂੰ ਦੇਸ਼ ਲੈ ਆਵੇ।

ਇਹ ਪੁੱਛੇ ਜਾਣ ਉੱਤੇ ਕਿ ਚੀਨ ਤੋਂ ਪਰਤੇ ਕੈਨੇਡੀਅਨਾਂ ਨੂੰ ਅਲੱਗ ਥਲੱਗ ਰੱਖਿਆ ਜਾਵੇਗਾ ਤਾਂ ਹਾਜ਼ਦੂ ਨੇ ਆਖਿਆ ਕਿ ਅਸੀਂ ਹਮੇਸ਼ਾਂ ਕੈਨੇਡੀਅਨਾਂ ਦੀ ਸਿਹਤ ਸਹੀ ਰੱਖਣ ਲਈ ਕੰਮ ਕੀਤਾ ਹੈ ਫਿਰ ਭਾਵੇਂ ਉਹ ਵਿਦੇਸ਼ ਵਿੱਚ ਹੋਣ ਜਾਂ ਦੇਸ਼ ਵਿੱਚ ਹੋਣ। ਉਨ੍ਹਾਂ ਆਖਿਆ ਕਿ ਅਸੀਂ ਉਨ੍ਹਾਂ ਕੈਨੇਡੀਅਨਾਂ ਨੂੰ ਅਜਿਹੀ ਥਾਂ ਰੱਖਾਂਗੇ ਜਿੱਥੇ ਉਨ੍ਹਾਂ ਦੀ ਹਿਫਾਜ਼ਤ ਲਈ ਸੱਭ ਇੰਤਜ਼ਾਮ ਹੋਣ ਤੇ ਵਾਇਰਸ ਅੱਗੇ ਨਾ ਫੈਲ ਸਕੇ। ਜ਼ਿਕਰਯੋਗ ਹੈ ਕਿ ਇਸ ਵਾਇਰਸ ਕਾਰਨ ਹੁਣ ਤੱਕ 132 ਲੋਕ ਮਾਰੇ ਜਾ ਚੁੱਕੇ ਹਨ ਤੇ 6000 ਤੋਂ ਵੀ ਵੱਧ ਲੋਕ ਪ੍ਰਭਾਵਿਤ ਹੋ ਚੁੱਕੇ ਹਨ।

ਕੋਰੋਨਾਵਾਇਰਸ ਤੋਂ ਸਾਵਧਾਨ ਰਹਿ ਲਈ ਕੀ ਕੀਤਾ ਜਾ ਸਕਦਾ ਹੈ

ਇਸ ਵਾਇਰਸ ਦੇ ਸ਼ਿਕਾਰ ਲੋਕਾਂ ਨੂੰ ਸਾਹ ਲੈਣ ‘ਚ ਤਕਲੀਫ ਹੁੰਦੀ ਹੈ ਤੇ ਮੌਤ ਦਾ ਕਾਰਨ ਬਣਦਾ ਹੈ। ਇਸ ਦੇ ਲੱਛਣ 2002 ‘ਚ ਚੀਨ ‘ਚ ਉਪਜੇ ਐਸਏਆਰਐਸ ਪੈਥੋਜਨ ਨਾਲ ਮਿਲਦੇ ਹਨ ਜਿਸ ਕਾਰਨ ਚੀਨ ਵਿਚ ਸੈਂਕੜੇ ਲੋਕਾਂ ਦੀ ਮੌਤ ਹੋਈ ਸੀ।

ਕੋਰੋਨਾਵਾਇਰਸ ਕੀ ਹੈ?

ਵਿਸ਼ਵ ਸਿਹਤ ਸੰਸਥਾ (WHO) ਦੇ ਦੱਸਣ ਮੁਤਾਬਕ ਕੋਰੋਨਾਵਾਇਰਸਿਸ ਵਾਇਰਸਾਂ ਦਾ ਇਕ ਪਰਿਵਾਰ ਹੈ ਜੋ ਜ਼ੁਖਾਮ ਤੋਂ ਲੈ ਕੇ ਸਾਹ ਦੀਆਂ ਬਿਮਾਰੀਆਂ ਤਕ ਦੀ ਵਜ੍ਹਾ ਬਣਦੇ ਹਨ, ਜੋ ਦੋ ਪ੍ਰਕਾਰ ਦੀਆਂ ਹਨ: ਐਮਈਆਰਐਸ ਅਤੇ ਐਸਏਆਰਐਸ।

ਇਹ ਵਾਇਰਸ ਮੁੱਖ ਤੌਰ ‘ਤੇ ਜਾਨਵਰਾਂ ਅਤੇ ਬੰਦਿਆਂ ‘ਚ ਇਕ ਦੂਜੇ ਵਿਚ ਫੈਲਦਾ ਹੈ। ਐਸਏਆਰਐਸ ਬਾਰੇ ਮੰਨਿਆ ਜਾਂਦਾ ਹੈ ਕਿ ਇਹ ਸਿਵਟ ਬਿੱਲੀਆਂ ਤੋਂ ਬੰਦਿਆਂ ਵਿਚ ਫੈਲਦਾ ਹੈ ਜਦਕਿ ਐਮਈਆਰਐਸ ਊਂਠਾਂ ਤੋਂ ਬੰਦਿਆਂ ਵਿਚ ਫੈਲਦਾ ਹੈ। ਇਸ ਹਮਲੇ ਤੋਂ ਪਹਿਲਾਂ ਤਕ ਦੀ ਜਾਣਕਾਰੀ ਮੁਤਾਬਕ ਕਈ ਤਰ੍ਹਾਂ ਦੇ ਕੋਰੋਨਾਵਾਇਰਸ ਜਾਨਵਰਾਂ ‘ਚ ਮਿਲਦੇ ਸਨ ਪਰ ਉਹਨਾਂ ਦਾ ਬੰਦਿਆਂ ‘ਤੇ ਕੋਈ ਅਸਰ ਨਹੀਂ ਦੇਖਿਆ ਗਿਆ ਸੀ।

ਬਿਮਾਰੀ ਦੇ ਲੱਛਣ

ਵਿਸ਼ਵ ਸਿਹਤ ਸੰਸਥਾ ਮੁਤਾਬਕ ਇਸ ਦੇ ਸ਼ਿਕਾਰ ਲੋਕਾਂ ਨੂੰ ਬੁਖਾਰ, ਖੰਘ, ਸਾਹ ਦਾ ਚੜ੍ਹਨਾ ਅਤੇ ਸਾਹ ਲੈਣ ‘ਚ ਤਕਲੀਫ ਹੋਣ ਵਰਗੀਆਂ ਸਮੱਸਿਆਵਾਂ ਹੁੰਦੀਆਂ ਹਨ। ਇਹ ਸਮੱਸਿਆਵਾਂ ਨਮੂਨੀਆ, ਕਿਡਨੀ ਖਰਾਬ ਹੋਣ ਅਤੇ ਮੌਤ ਤੱਕ ਪਹੁੰਚ ਸਕਦੀਆਂ ਹਨ।

ਇਲਾਜ

ਫਿਲਹਾਲ ਹੁਣ ਤੱਕ ਇਸ ਵਾਇਰਸ ਦੇ ਇਲਾਜ ਲਈ ਕੋਈ ਦਵਾਈ ਨਹੀਂ ਹੈ। ਚੀਨ ਵਿਚ ਜਿੱਥੇ ਇਸ ਵਾਇਰਸ ਦਾ ਅਸਰ ਹੈ ਉਸ ਇਲਾਕੇ ਨੂੰ ਬਾਕੀ ਇਲਾਕੇ ਨਾਲੋਂ ਤੋੜ ਦਿੱਤਾ ਗਿਆ ਹੈ ਅਤੇ ਲੋਕਾਂ ਨੂੰ ਇਕ ਦੂਜੇ ਦੇ ਸੰਪਰਕ ‘ਚ ਆਉਣ ਤੋਂ ਗੁਰੇਜ਼ ਕਰਨ ਲਈ ਕਿਹਾ ਜਾ ਰਿਹਾ ਹੈ।