Copyright © 2019 - ਪੰਜਾਬੀ ਹੇਰਿਟੇਜ
ਬਾਸਕਟਬਾਲ ਖਿਡਾਰੀ ਕੋਬੇ ਦੀ ਮੌਤ; ਕੁਲ ਆਲਮ ਸਦਮੇ ‘ਚ

ਬਾਸਕਟਬਾਲ ਖਿਡਾਰੀ ਕੋਬੇ ਦੀ ਮੌਤ; ਕੁਲ ਆਲਮ ਸਦਮੇ ‘ਚ

ਲਾਸ ਏਂਜਲਸ : ਨੈਸ਼ਨਲ ਬਾਸਕਟਬਾਲ ਐਸੋਸੀਏਸ਼ਨ (ਐੱਨਬੀਏ) ਦੇ ਉੱਘੇ ਖਿਡਾਰੀ ਕੋਬੇ ਬਰਾਇੰਟ ਦੀ ਐਤਵਾਰ ਨੂੰ ਹੈਲੀਕਾਪਟਰ ਹਾਦਸੇ ਵਿੱਚ ਮੌਤ ਹੋ ਗਈ, ਜਿਸ ਨਾਲ ਵਿਸ਼ਵ ਭਰ ਵਿੱਚ ਉਨ੍ਹਾਂ ਦੇ ਪ੍ਰਸ਼ੰਸਕ, ਪੂਰਾ ਖੇਡ ਜਗਤ, ਮੀਡੀਆ ਅਤੇ ਹਾਲੀਵੁੱਡ ਸਦਮੇ ਵਿੱਚ ਹਨ। ਇਸ ਹਾਦਸੇ ਵਿੱਚ ਉਸ ਦੀ 13 ਸਾਲ ਦੀ ਧੀ ਅਤੇ ਹੈਲੀਕਾਪਟਰ ‘ਚ ਸਵਾਰ ਸਾਰੇ ਨੌਂ ਜਣਿਆਂ ਦੀ ਮੌਤ ਹੋ ਗਈ। ਬਰਾਇੰਟ 41 ਸਾਲ ਦਾ ਸੀ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ, ਸਾਬਕਾ ਰਾਸ਼ਟਰਪਤੀ ਬਰਾਕ ਬਾਮਾ, ਅਦਾਕਾਰ ਵਿਨ ਡੀਜ਼ਲ, ਡਵੈਨ ਜੌਨਸਨ (ਰੌਕ), ਗਾਇਕ ਜਸਟਿਨ ਬੀਬਰ ਤੋਂ ਇਲਾਵਾ ਪ੍ਰਿਯੰਕਾ ਚੋਪੜਾ, ਰਣਵੀਰ ਸਿੰਘ, ਕ੍ਰਿਕਟਰ ਸਚਿਨ ਤੇਂਦੁਲਕਰ, ਭਾਰਤੀ ਕਪਤਾਨ ਵਿਰਾਟ ਕੋਹਲੀ, ਹਾਲੀਵੁੱਡ ਵਿੱਚੋਂ ਸੈਮੂਅਲ ਐੱਲ ਜੈਕਸਨ, ਲਿ?ਨਾਰਡੋ ਡੀਕੈਪਰੀ?, ਜੌਹਨ ਲੀਜ਼ੈਂਡ ਆਦਿ ਨੇ ਸ਼ੋਕ ਪ੍ਰਗਟਾਇਆ ਹੈ। ਇਹ ਹੈਲੀਕਾਪਟਰ ਸਿਕਰੋਸਕੀ ਐੱਸ-76 ਧੁੰਦ ਕਾਰਨ ਪੱਛਮੀ ਲਾਸ ਏਂਜਲਸ ਦੇ ਕੈਲਾਬਾਸਾਸ ਵਿੱਚ ਪਹਾੜੀਆਂ ਨਾਲ ਟਕਰਾ ਗਿਆ ਅਤੇ ਉਸ ਵਿੱਚ ਅੱਗ ਲੱਗ ਗਈ। ਲਾਸ ਏਂਜਲਸ ਕਾਊਂਟੀ ਦੇ ਸ਼ੈਰਿਫ਼ ਅਲੈਕਸ ਵਿਲੇਨੀਵਾ ਨੇ ਕਿਹਾ, ”ਕੋਈ ਵੀ ਨਹੀਂ ਬਚਿਆ। ਏਅਰਕਰਾਫ਼ਟ ਵਿੱਚ ਪਾਇਲਟ ਸਣੇ ਨੌਂ ਜਣੇ ਸਵਾਰ ਸਨ।” ਪੰਜ ਵਾਰ ਦੇ ਐੱਨਬੀਏ ਚੈਂਪੀਅਨ ਅਤੇ ਦੋ ਵਾਰ ਦੇ ?ਲੰਪਿਕ ਸੋਨ ਤਗ਼ਮਾ ਜੇਤੂ ਬਰਾਇੰਟ ਨੂੰ ਇਤਿਹਾਸ ਵਿੱਚ ਸਦਾਬਹਾਰ ਮਹਾਨ ਬਾਸਕਟਬਾਲ ਖਿਡਾਰੀਆਂ ਵਿੱਚੋਂ ਇੱਕ ਗਿਣਿਆ ਜਾਂਦਾ ਹੈ। ਲਾਸ ਏਂਜਲਸ ਲੇਕਰਜ਼ ਵੱਲੋਂ ਆਪਣੇ ਦੋ ਦਹਾਕਿਆਂ ਦੇ ਕਰੀਅਰ ਦੌਰਾਨ ਉਹ ਇਸ ਖੇਡ ਦਾ ਚਿਹਰਾ ਬਣ ਕੇ ਉਭਰਿਆ ਸੀ। ਲਾਸ ਏਂਜਲਸ ਲੇਕਰਜ਼ ਦੇ ਸਟਾਰ ਮੈਜਿਕ ਜਾਨਸਨ ਅਤੇ ਬਾਸਕਟਬਾਲ ਦੇ ਮਹਾਨ ਖਿਡਾਰੀ ਮਾਈਕਲ ਜੌਰਡਨ ਨੇ ਵੀ ਦੁੱਖ ਪ੍ਰਗਟ ਕੀਤਾ ਹੈ। ਅਮਰੀਕਾ ਦੇ ਮੌਜੂਦਾ ਅਤੇ ਸਾਬਕਾ ਰਾਸ਼ਟਰਪਤੀ, ਪੌਪ ਸਟਾਰ ਅਤੇ ਵੱਖ-ਵੱਖ ਖੇਡਾਂ ਨਾਲ ਜੁੜੇ ਖਿਡਾਰੀਆਂ ਨੇ ਵੀ ਬਰਾਇੰਟ ਦੀ ਮੌਤ ‘ਤੇ ਸ਼ੋਕ ਪ੍ਰਗਟ ਕੀਤਾ, ਜਿਨ੍ਹਾਂ ਨੂੰ ‘ਬਲੈਕ ਮਾਂਬਾ’ ਨਾਂ ਨਾਲ ਵੀ ਜਾਣਿਆ ਜਾਂਦਾ ਸੀ। ਕੋਬੇ ਬੀਨ ਬਰਾਇੰਟ ਸਾਬਕਾ ਐੱਨਬੀਏ ਖਿਡਾਰੀ ‘ਜੇਲੀਬੀਨ’ ਬਰਾਇੰਟ ਦਾ ਪੁਤਰ ਸੀ। ਉਸ ਦਾ 23 ਅਗਸਤ 1978 ਨੂੰ ਫਿਲਾਡੈਲਫੀਆ ਵਿੱਚ ਜਨਮ ਹੋਇਆ ਸੀ। ਬਰਾਇੰਟ ਦੇ ਰਹਿੰਦਿਆਂ ਲੇਕਰਜ਼ ਨੇ ਪੰਜ (2000, 2001, 2002, 2009 ਅਤੇ 2010) ਐੱਨਬੀਏ ਖ਼ਿਤਾਬ ਜਿੱਤੇ ਸਨ। ਉਹ 23 ਸਾਲ ਦੀ ਉਮਰ ਵਿੱਚ ਤਿੰਨ ਖ਼ਿਤਾਬ ਜਿੱਤਣ ਵਾਲਾ ਸਭ ਤੋਂ ਨੌਜਵਾਨ ਖਿਡਾਰੀ ਵੀ ਬਣਿਆ ਸੀ। ਬਰਾਇੰਟ ਦੀ ਅਗਵਾਈ ਵਿੱਚ ਅਮਰੀਕਾ ਦੀ ?ਲੰਪਿਕ ਟੀਮ ਨੇ 2008 ਪੇਈਚਿੰਗ ?ਲੰਪਿਕ ਅਤੇ 2012 ਲੰਡਨ ?ਲੰਪਿਕ ਵਿੱਚ ਸੋਨ ਤਗ਼ਮੇ ਜਿੱਤੇ ਸਨ। ਇਸ ਨਾਲ ਉਹ ਆਲਮੀ ਹਸਤੀ ਬਣ ਗਿਆ ਸੀ। ਸਾਲ 2016 ਵਿੱਚ 37 ਸਾਲ ਦੀ ਉਮਰ ਵਿੱਚ ਉਸ ਨੇ ਐੱਨਬੀਏ ਦੇ ਆਪਣੇ ਆਖ਼ਰੀ ਮੈਚ ਵਿੱਚ ਵੀ ਉਟਾਹ ਖ਼ਿਲਾਫ਼ 60 ਅੰਕ ਲਏ ਸਨ। ਬਰਾਇੰਟ ਨੇ ਕਿਹਾ ਸੀ, ”ਮੈਂ ਇਸ ਖੇਡ ਦੀ ਹਰ ਚੀਜ਼ ਨੂੰ ਪਸੰਦ ਕਰਦਾ ਹਾਂ। ਮੇਰੇ ਲਈ, ਇਹ ਜੀਵਨ ਦਾ ਹਿੱਸਾ ਨਹੀਂ ਹੈ, ਇਹ ਜੀਵਨ ਹੈ, ਅਤੇ ਇਹ ਮੇਰਾ ਇੱਕ ਹਿੱਸਾ ਹੈ।” ਆਪਣੇ ਸ਼ਾਨਦਾਰ ਕਰੀਅਰ ਦੌਰਾਨ ਬਰਾਇੰਟ ਨੇ ਕੁੱਲ 33,643 ਅੰਕ ਬਣਾਏ। ਉਹ 18 ਵਾਰ ਐੱਨਬੀਏ ਆਲ ਸਟਾਰ ਚੁਣਿਆ ਗਿਆ। ਸੰਨਿਆਸ ਲੈਣ ਮਗਰੋਂ ਬਰਾਇੰਟ ਨੇ ਬੱਚਿਆਂ ਲਈ ਕਿਤਾਬਾਂ ਲਿਖੀਆਂ। ‘ਡਿਅਰ ਬਾਸਕਟਬਾਲ’ ਫਿਲਮ ਦੀ ਸਕ੍ਰਿਪਟ ਵੀ ਉਸ ਨੇ ਹੀ ਲਿਖੀ ਸੀ। ਇਸ ਨੂੰ ਬੀਤੇ ਸਾਲ ਐਨੀਮੇਸ਼ਨ ਲਈ ਸਰਵੋਤਮ ਲਘੂ ਫਿਲਮ ਦਾ ਅਕੈਡਮੀ ਪੁਰਸਕਾਰ ਮਿਲਿਆ ਸੀ।