Copyright © 2019 - ਪੰਜਾਬੀ ਹੇਰਿਟੇਜ
ਕਈ ਦੇਸ਼ਾਂ ਵਲੋਂ ਚੀਨ ਦੀਆਂ ਉਡਾਣਾਂ ਰੱਦ

ਕਈ ਦੇਸ਼ਾਂ ਵਲੋਂ ਚੀਨ ਦੀਆਂ ਉਡਾਣਾਂ ਰੱਦ

ਬੀਜਿੰਗ : ਚੀਨ ‘ਚ ਕੋਰੋਨਾਵਾਇਰਸ ਕਾਰਨ 38 ਹੋਰ ਲੋਕਾਂ ਦੀ ਮੌਤ ਦੇ ਨਾਲ, ਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ 170 ਤੋਂ ਟੱਪ ਗਈ ਹੈ। ਇਸ ਦੇ ਨਾਲ ਹੀ ਚੀਨ ਸਣੇ ਇਸ ਬਿਮਾਰੀ ਨਾਲ ਪੀੜਤ ਮਰੀਜ਼ਾਂ ਦੀ ਕੁਲ ਗਿਣਤੀ 6000 ਤੋਂ ਪਾਰ ਪਹੁੰਚ ਗਈ ਹੈ। ਮਰਨ ਵਾਲਿਆਂ ਤੇ ਮਰੀਜ਼ਾਂ ਦੀ ਵਧ ਰਹੀ ਗਿਣਤੀ ਨੂੰ ਵੇਖਦੇ ਹੋਏ ਭਾਰਤ ਸਣੇ ਦੁਨੀਆ ਭਰ ਦੇ ਦੇਸ਼ ਸਹਿਮ ਗਏ ਹਨ।
ਅਮਰੀਕਾ-ਕੈਨੇਡਾ, ਭਾਰਤ, ਬ੍ਰਿਟੇਨ, ਰੂਸ, ਇੰਡੋਨੇਸ਼ੀਆ ਤੇ ਮਿਆਂਮਾਰ ਸਮੇਤ ਕਈ ਦੇਸ਼ਾਂ ਨੇ ਚੀਨ ਲਈ ਉਡਾਣਾਂ ਰੱਦ ਕਰ ਦਿੱਤੀਆਂ ਹਨ। ਕੇਂਦਰੀ ਸਿਹਤ ਮੰਤਰਾਲੇ ਨੇ ਲੋਕਾਂ ਨੂੰ ਚੀਨ ਦੀ ਯਾਤਰਾ ਕਰਨ ਤੋਂ ਗੁਰੇਜ਼ ਕਰਨ ਦੀ ਅਪੀਲ ਕੀਤੀ ਹੈ। ਇੰਡੀਅਨ ਏਅਰ ਲਾਈਨ ਏਅਰ ਇੰਡੀਆ ਨੇ 31 ਜਨਵਰੀ ਤੋਂ 14 ਫਰਵਰੀ ਤੱਕ ਦਿੱਲੀ-ਸ਼ੰਘਾਈ ਉਡਾਣ ਰੱਦ ਕਰ ਦਿੱਤੀ ਹੈ।
ਇੰਡੀਗੋ ਏਅਰਲਾਇੰਸ ਨੇ ਬੁੱਧਵਾਰ ਨੂੰ ਇਹ ਵੀ ਐਲਾਨ ਕੀਤਾ ਕਿ ਬੈਂਗਲੁਰੂ-ਹਾਂਗ ਕਾਂਗ ਰੂਟ ਦੀਆਂ ਉਡਾਣਾਂ ਤੇ ਦਿੱਲੀ ਤੋਂ ਚੇਂਗਦੁ ਲਈ ਉਡਾਣਾਂ 1 ਤੋਂ 20 ਫਰਵਰੀ ਤੱਕ ਰੱਦ ਕੀਤੀਆਂ ਜਾਣਗੀਆਂ। ਇੰਡੀਗੋ ਨੇ ਕਿਹਾ ਹੈ ਕਿ ਕੋਲਕਾਤਾ ਤੇ ਗੁਵਾਂਗਝੂ ਲਈ ਉਡਾਣ ਸੇਵਾਵਾਂ ਜਾਰੀ ਰਹਿਣਗੀਆਂ ਤੇ ਸਖ਼ਤੀ ਨਾਲ ਨਜ਼ਰ ਰੱਖੀ ਜਾ ਰਹੀ ਹੈ। ਏਅਰ ਇੰਡੀਆ ਤੇ ਇੰਡੀਗੋ ਨੇ ਕਾਕਪਿੱਟ ਮੈਂਬਰਾਂ ਨੂੰ ਦੱਖਣੀ ਪੂਰਬੀ ਏਸ਼ੀਆਈ ਦੇਸ਼ਾਂ ਦੀ ਯਾਤਰਾ ਕਰਦਿਆਂ ਐਨ-95 ਮਾਸਕ ਪਹਿਨਣ ਦੇ ਨਿਰਦੇਸ਼ ਦਿੱਤੇ ਹਨ।