Copyright © 2019 - ਪੰਜਾਬੀ ਹੇਰਿਟੇਜ
ਯੂਰਪੀ ਸੰਸਦ ‘ਚ ਪੇਸ਼ ਕੀਤਾ ਗਿਆ ਸੀ.ਏ.ਏ. ਵਿਰੁੱਧ ਮਤਾ

ਯੂਰਪੀ ਸੰਸਦ ‘ਚ ਪੇਸ਼ ਕੀਤਾ ਗਿਆ ਸੀ.ਏ.ਏ. ਵਿਰੁੱਧ ਮਤਾ

ਲੰਡਨ : ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਸਾਰੇ ਭਾਰਤ ਵਿੱਚ ਹੋ ਰਹੇ ਵਿਰੋਧ-ਪ੍ਰਦਰਸ਼ਨਾਂ ਤੋਂ ਬਾਅਦ ਹੁਣ ਇਹ ਮਾਮਲਾ ਯੂਰਪੀ ਸੰਸਦ ਵਿੱਚ ਪਹੁੰਚ ਗਿਆ ਹੈ। ਯੂਰਪੀ ਸੰਸਦ ਦੇ 15 ਤੋਂ ਵੱਧ ਸੰਸਦ ਮੈਂਬਰਾਂ ਨੇ ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਮਤਾ ਪੇਸ਼ ਕੀਤਾ। ਇਸ ਮਤੇ ‘ਤੇ ਯੂਰਪੀ ਸੰਸਦ ਬਹਿਸ ਅਤੇ ਵੋਟਿੰਗ ਕਰੇਗੀ। ਭਾਰਤ ਨੇ ਇਸ ‘ਤੇ ਸਖ਼ਤ ਇਤਰਾਜ਼ ਪ੍ਰਗਟ ਕਰਦੇ ਹੋਏ ਇਸ ਨੂੰ ਦੇਸ਼ ਦਾ ਅੰਦਰੂਨੀ ਮਾਮਲਾ ਦੱਸਿਆ ਹੈ।
ਭਾਰਤ ਨੇ ਕਿਹਾ ਹੈ ਕਿ ਯੂਰਪੀ ਸੰਸਦ ਨੂੰ ਅਜਿਹੀ ਕਾਰਵਾਈ ਨਹੀਂ ਕਰਨੀ ਚਾਹੀਦੀ, ਜਿਸ ਨਾਲ ਜਮਹੂਰੀ ਢੰਗ ਨਾਲ ਚੁਣੇ ਗਏ ਸੰਸਦ ਮੈਂਬਰਾਂ ਦੇ ਅਧਿਕਾਰਾਂ ‘ਤੇ ਸਵਾਲ ਉਠਣ। ਸਰਕਾਰ ਦੇ ਸੂਤਰਾਂ ਨੇ ਕਿਹਾ ਕਿ ਨਵਾਂ ਨਾਗਰਿਕਤਾ ਸੋਧ ਕਾਨੂੰਨ ਪੂਰੀ ਤਰਾਂ ਭਾਰਤ ਦਾ ਅੰਦਰੂਨੀ ਮਾਮਲਾ ਹੈ। ਅਸੀਂ ਉਮੀਦ ਕਰਦੇ ਹਾਂ ਕਿ ਯੂਰਪੀ ਯੂਨੀਅਨ ਵਿੱਚ ਇਸ ਮਤੇ ਨੂੰ ਲਿਆਉਣ ਵਾਲੇ ਅਤੇ ਇਸ ਦਾ ਸਮਰਥਨ ਕਰਨ ਵਾਲੇ ਲੋਕ ਸਾਰੇ ਤੱਥਾਂ ਨੂੰ ਸਮਝਣ ਲਈ ਭਾਰਤ ਨਾਲ ਸੰਪਰਕ ਕਰਨਗੇ। ਮਤੇ ਵਿੱਚ ਭਾਰਤ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਸੀਏਏ ਵਿਰੁੱਧ ਪ੍ਰਦਰਸ਼ਨ ਕਰ ਰਹੇ ਲੋਕਾਂ ਨਾਲ ਰਚਨਾਤਮਕ ਗੱਲਬਾਤ ਅਤੇ ਭੇਦਭਾਵ ਪੂਰਨ ਕਾਨੂੰਨ ਨੂੰ ਰੱਦ ਕਰਨ ਦੀ ਮੰਗ ‘ਤੇ ਵਿਚਾਰ ਕਰੇ। ਇਸ ਵਿੱਚ ਕਿਹਾ ਗਿਆ ਹੈ ਕਿ ਸੀਏਏ ਭਾਰਤ ਵਿੱਚ ਨਾਗਰਿਕਤਾ ਤੈਅ ਕਰਨ ਦੇ ਢੰਗ ‘ਚ ਖ਼ਤਰਨਾਕ ਬਦਲਾਅ ਕਰੇਗਾ। ਇਸ ਨਾਲ ਵਿਸ਼ਵ ਵਿੱਚ ਨਾਗਰਿਕਤਾ ਤੋਂ ਵਾਂਝੇ ਲੋਕਾਂ ਦੇ ਸਬੰਧਾਂ ਵਿੱਚ ਵੱਡਾ ਸੰਕਟ ਪੈਦਾ ਹੋ ਸਕਦਾ ਹੈ ਅਤੇ ਇਹ ਵੱਡੀ ਮਨੁੱਖੀ ਪੀੜ ਦਾ ਕਾਰਨ ਬਣ ਸਕਦਾ ਹੈ। ਯੂਰਪੀ ਸੰਸਦ ਵਿੱਚ ਇਸ ਮਤੇ ‘ਤੇ ਬੁੱਧਵਾਰ ਨੂੰ ਬਹਿਸ ਹੋਵੇਗੀ ਅਤੇ ਇਸ ਦੇ ਅਗਲੇ ਦਿਨ ਭਾਵ ਵੀਰਵਾਰ ਨੂੰ ਵੋਟਿੰਗ ਕੀਤੀ ਜਾਵੇਗੀ।