Copyright © 2019 - ਪੰਜਾਬੀ ਹੇਰਿਟੇਜ
ਭਾਰਤ ਸਾਡਾ ਸਭ ਤੋਂ ਵੱਡਾ ਸਹਿਯੋਗੀ : ਅਮਰੀਕਾ

ਭਾਰਤ ਸਾਡਾ ਸਭ ਤੋਂ ਵੱਡਾ ਸਹਿਯੋਗੀ : ਅਮਰੀਕਾ

ਵਾਸ਼ਿੰਗਟਨ : ਟਰੰਪ ਪ੍ਰਸ਼ਾਸਨ ਨੇ ਕਿਹਾ ਹੈ ਕਿ ਭਾਰਤ, ਅਮਰੀਕਾ ਦਾ ਇਕ ‘ਬਹੁਤ ਵੱਡਾ ਸਹਿਯੋਗੀ’ ਹੈ ਅਤੇ ਅਮਰੀਕਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਨਿਕਟ ਭਵਿੱਖ ‘ਚ ਵੀ ਕੰਮ ਕਰਦਾ ਰਹੇਗਾ। ਵਿਦੇਸ਼ ਮੰਤਰਾਲੇ ਦੀ ਤਰਜਮਾਨ ਮੋਰਗਨ ਓਰਤਾਗਸ ਨੇ ਇਥੇ ਪੱਤਰਕਾਰ ਸੰਮੇਲਨ ਵਿਚ ਕਿਹਾ ਕਿ ਅਮਰੀਕਾ ਨੂੰ ਭਾਰਤ ਵਿਚ ਹਾਲ ਹੀ ਵਿਚ ਹੋਈ ਚੋਣ ਵਿਚ ਨਿਰਪੱਖਤਾ ਅਤੇ ਭਰੋਸੇਯੋਗਤਾ ‘ਤੇ ਪੂਰਾ ਭਰੋਸਾ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ, ਉਪ ਰਾਸ਼ਟਰਪਤੀ ਮਾਈਕ ਪੈਂਸ ਅਤੇ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਲੋਕ ਸਭਾ ਚੋਣ ਵਿਚ ਸ਼ਾਨਦਾਰ ਜਿੱਤ ਲਈ ਮੋਦੀ ਅਤੇ ਭਾਰਤੀ ਜਨਤਾ ਪਾਰਟੀ ਨੂੰ ਵਧਾਈ ਦਿੱਤੀ ਹੈ। ਮੋਰਗਨ ਨੇ ਇਕ ਸਵਾਲ ਦੇ ਜਵਾਬ ‘ਚ ਪੱਤਰਕਾਰਾਂ ਨੂੰ ਕਿਹਾ ਕਿ ਨਿਸ਼ਚਿਤ ਤੌਰ ‘ਤੇ ਅਸੀਂ ਮੋਦੀ ਨਾਲ ਮਿਲ ਕੇ ਨਿਕਟ ਭਵਿੱਖ ‘ਚ ਕੰਮ ਕਰਾਂਗੇ ਜਿਵੇਂਕਿ ਅਸੀਂ ਪਹਿਲੇ ਵੀ ਕਈ ਵਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਵਿਦੇਸ਼ ਮੰਤਰੀ ਪੋਂਪੀਓ ਕਈ ਮੁੱਦਿਆਂ ‘ਤੇ ਭਾਰਤ ਨਾਲ ਠੋਸ ਚਰਚਾ ਕਰਨਗੇ। ਭਾਰਤ ਇਕ ਵੱਡਾ ਸਹਿਯੋਗੀ ਹੈ ਅਤੇ ਅਮਰੀਕਾ ਦਾ ਭਾਈਵਾਲ ਹੈ। ਅਮਰੀਕਾ ‘ਚ ਵੱਡੀ ਗਿਣਤੀ ਵਿਚ ਐੱਮਪੀਜ਼ ਅਤੇ ਸੀਨੀਅਰ ਸਰਕਾਰੀ ਅਧਿਕਾਰੀਆਂ ਨੇ ਮੋਦੀ ਦੀ ਜਿੱਤ ‘ਤੇ ਉਨ੍ਹਾਂ ਨੂੰ ਵਧਾਈ ਦਿੱਤੀ ਹੈ। ਇਥੇ ਭਾਰਤੀ ਦੂਤਘਰ ਅਨੁਸਾਰ 50 ਤੋਂ ਜ਼ਿਆਦਾ ਐੱਮਪੀਜ਼ ਅਤੇ ਸੀਨੀਅਰ ਅਧਿਕਾਰੀਅ ਨੇ ਮੋਦੀ ਨੂੰ ਵਧਾਈ ਸੰਦੇਸ਼ ਭੇਜੇ ਹਨ।