Copyright © 2019 - ਪੰਜਾਬੀ ਹੇਰਿਟੇਜ
ਨਾਲੇ ਤਨਖ਼ਾਹਾਂ ਤੇ ਨਾਲੇ ਪੈਨਸ਼ਨਾਂ; ਕੇਂਦਰ ਅਤੇ ਪੰਜਾਬ ਦੇ ਸਰਕਾਰੀ ਖ਼ਜ਼ਾਨਿਆਂ ਦੀ ਮਿਹਰ

ਨਾਲੇ ਤਨਖ਼ਾਹਾਂ ਤੇ ਨਾਲੇ ਪੈਨਸ਼ਨਾਂ; ਕੇਂਦਰ ਅਤੇ ਪੰਜਾਬ ਦੇ ਸਰਕਾਰੀ ਖ਼ਜ਼ਾਨਿਆਂ ਦੀ ਮਿਹਰ

ਬਠਿੰਡਾ : ਬਾਦਲਾਂ ਦੇ ਘਰ ਹੁਣ ਸਰਕਾਰੀ ਲੱਛਮੀ ਛੱਪਰ ਪਾੜ ਕੇ ਡਿੱਗੇਗੀ। ਬਾਦਲ ਪਰਿਵਾਰ ਦੇ ਛੇ ਹੱਥਾਂ ਵਿਚ ਲੱਡੂ ਹਨ। ਬੇਸ਼ੱਕ ਬਾਦਲਾਂ ਦੇ ਘਰ ਕੋਈ ਤੋਟ ਨਹੀਂ, ਫਿਰ ਵੀ ਕੇਂਦਰ ਤੇ ਪੰਜਾਬ ਦੇ ਖ਼ਜ਼ਾਨੇ ਦੀ ਮਿਹਰ ਰਹੇਗੀ। ਨਾਲੇ ਤਨਖ਼ਾਹਾਂ ਤੇ ਭੱਤੇ ਮਿਲਨਗੇ ਤੇ ਨਾਲੋਂ ਨਾਲੋ ਪੈਨਸ਼ਨ ਦਾ ਗੱਫਾ ਵੀ ਮਿਲੇਗਾ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੁਣ ਫਿਰੋਜ਼ਪੁਰ ਤੋਂ ਐਮ.ਪੀ ਬਣੇ ਹਨ। ਹੁਣ ਉਨ੍ਹਾਂ ਨੂੰ ਐਮ.ਪੀ ਵਾਲੀ ਤਨਖਾਹ ਤੇ ਭੱਤੇ ਮਿਲਣਗੇ। ਨਾਲ ਹੀ ਉਨ੍ਹਾਂ ਨੂੰ ਬਤੌਰ ਸਾਬਕਾ ਐਮ.ਐਲ.ਏ (ਤਿੰਨ ਟਰਮ) ਵਾਲੀ ਪ੍ਰਤੀ ਮਹੀਨਾ 1.75 ਲੱਖ ਰੁਪਏ ਦੀ ਪੈਨਸ਼ਨ ਮਿਲਣੀ ਸ਼ੁਰੂ ਹੋਵੇਗੀ। ਜਦੋਂ ਪਹਿਲਾਂ ਉਹ ਐਮ.ਐਲ.ਏ ਹੀ ਸਨ ਤਾਂ ਉਦੋਂ ਸਾਬਕਾ ਐਮ.ਪੀ ਵਾਲੀ 55 ਹਜ਼ਾਰ ਰੁਪਏ ਪੈਨਸ਼ਨ (ਚਾਰ ਟਰਮਾਂ) ਵਾਲੀ ਪੈਨਸ਼ਨ ਮਿਲਦੀ ਸੀ। ਸੁਖਬੀਰ ਬਾਦਲ ਤਿੰਨ ਦਫ਼ਾ ਲੋਕ ਸਭਾ ਮੈਂਬਰ ਅਤੇ ਇੱਕ ਦਫ਼ਾ ਰਾਜ ਸਭਾ ਮੈਂਬਰ ਰਹਿ ਚੁੱਕੇ ਹਨ। ਉਹ ਵਾਜਪਾਈ ਹਕੂਮਤ ਵਿਚ ਸਟੇਟ ਵਜ਼ੀਰ ਵੀ ਰਹਿ ਚੁੱਕੇ ਹਨ। ਪਾਰਲੀਮੈਂਟ ਵਿਚ ਉਹ ਹੁਣ ਪੰਜਵੀਂ ਵਾਰ ਜਾ ਰਹੇ ਹਨ। ਅਗਰ ਉਹ ਸਭ ਅਹੁਦੇ ਤਿਆਗ ਦੇਣ ਤਾਂ ਉਨ੍ਹਾਂ ਲਈ ਮਾਲੀ ਤੌਰ ‘ਤੇ ਘਾਟੇ ਵਾਲਾ ਸੌਦਾ ਨਹੀਂ ਹੋਵੇਗਾ ਕਿਉਂਕਿ ਉਨ੍ਹਾਂ ਨੂੰ ਪ੍ਰਤੀ ਮਹੀਨਾ 2.37 ਲੱਖ ਰੁਪਏ ਪੈਨਸ਼ਨ (ਐਮ.ਪੀ ਤੇ ਐਮ.ਐਲ.ਏ ਵਾਲੀ) ਮਿਲਣੀ ਸ਼ੁਰੂ ਹੋ ਜਾਵੇਗੀ। ਹਰਸਿਮਰਤ ਕੌਰ ਬਾਦਲ ਹੁਣ ਦੂਸਰੀ ਦਫ਼ਾ ਐਮ.ਪੀ ਬਣੇ ਹਨ। ਉਨ੍ਹਾਂ ਨੂੰ ਸੰਸਦ ਮੈਂਬਰ ਵਾਲੀ ਤਨਖਾਹ ਤੇ ਭੱਤੇ ਮਿਲਣਗੇ। ਇੱਕੋ ਘਰ ਵਿਚ ਸੰਸਦ ਮੈਂਬਰਾਂ ਵਾਲੀਆਂ ਸਹੂਲਤ ਹੁਣ ਡਬਲ ਹੋਣਗੀਆਂ।
ਹਰਸਿਮਰਤ ਕੌਰ ਬਾਦਲ ਹੁਣ 35 ਹਜ਼ਾਰ ਪ੍ਰਤੀ ਮਹੀਨਾ ਵਾਲੀ ਪੈਨਸ਼ਨ ਲਈ ਵੀ ਯੋਗ ਹੋ ਗਏ ਹਨ। ਟੈਲੀਫੋਨ, ਬਿਜਲੀ ਪਾਣੀ, ਹਲਕਾ ਭੱਤਾ, ਦਫ਼ਤਰੀ ਭੱਤਾ ਤੇ ਰਿਹਾਇਸ਼ ਦੀ ਸਹੂਲਤ ਦਾ ਦੁੱਗਣਾ ਫਾਇਦਾ ਮਿਲੇਗਾ। ਬਿਜਲੀ ਦੀ ਖ਼ਪਤ ਦੇ 50 ਹਜ਼ਾਰ ਯੂਨਿਟ ਸਲਾਨਾ ਮੁਫ਼ਤ ਦੀ ਸਹੂਲਤ ਵਿਚ ਮਿਲਣਗੇ। ਰੇਲ ਤੇ ਹਵਾਈ ਭਾੜੇ ਦੀ ਵੱਖਰੀ ਸਹੂਲਤ ਮਿਲਣੀ ਹੈ। ਇਸੇ ਤਰ੍ਹਾਂ ਤਿੰਨ ਟੈਲੀਫੋਨਾਂ ‘ਤੇ ਸਲਾਨਾ 1.50 ਲੱਖ ਮੁਫ਼ਤ ਕਾਲਾਂ ਦੀ ਸਹੂਲਤ ਹੈ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਇਸ ਵੇਲੇ ਬਤੌਰ ਵਿਧਾਇਕ 85 ਹਜ਼ਾਰ ਰੁਪਏ ਸਮੇਤ ਭੱਤੇ ਪ੍ਰਤੀ ਮਹੀਨਾ ਤਨਖਾਹ ਲੈ ਰਹੇ ਹਨ ਜਦੋਂ ਕਿ ਉਹ ਨਾਲੋਂ ਨਾਲ ਬਤੌਰ ਸਾਬਕਾ ਐਮ.ਪੀ ਵਾਲੀ ਪੈਨਸ਼ਨ ਵੀ 25 ਹਜ਼ਾਰ ਰੁਪਏ ਪ੍ਰਤੀ ਮਹੀਨਾ ਲੈ ਰਹੇ ਹਨ।