Copyright & copy; 2019 ਪੰਜਾਬ ਟਾਈਮਜ਼, All Right Reserved

ਅਮਰੀਕਾ ਦਾ ਇੱਕ ਹੋਰ ਸੂਬਾ ਪੜਾਏਗਾ ਸਿੱਖ ਇਤਿਹਾਸ

ਓਕਲਾਹੋਮਾ ਬਣਿਆ ਸਿੱਖੀ ਪੜਾਉਣ ਵਾਲਾ ਅਮਰੀਕਾ ਦਾ ਨੌਵਾਂ ਸੂਬਾ

ਓਕਲਾਹੋਮਾ : ਅਮਰੀਕਾ ਦੇ ਕਈ ਅਜਿਹੇ ਸੂਬੇ ਹਨ ਜੋ ਸਕੂਲ ਵਿੱਚ ਬੱਚਿਆਂ ਨੂੰ ਸਿੱਖ ਧਰਮ ਤੋਂ ਜਾਣੂ ਕਰਵਾਉਣ ਲਈ ਉਹਨਾ ਨੂੰ ਸੋਸ਼ਲ ਸਟੱਡੀਜ਼ ਵਿੱਚ ਸਿੱਖੀ ਬਾਰੇ ਪੜਾ ਰਹੇ ਹਨ। ਅਜਿਹੇ ਵਿੱਚ ਅਮਰੀਕਾ ਦਾ ਇੱਕ ਹੋਰ ਸੂਬਾ ਓਕਲਾਹੋਮਾ ਇਸ ਵਿੱਚ ਜੁੜ ਗਿਆ ਹੈ। ਓਕਲਾਹੋਮਾ ਸੂਬੇ ਦੇ ਸਿੱਖਿਆ ਬੋਰਡ ਵੱਲੋਂ ਯੂਐਸ ਵਿੱਚ ਦੁਨੀਆਂ ਦੇ ਪੰਜਵੇਂ ਸਭ ਤੋਂ ਵੱਡੇ ਧਰਮ ਪ੍ਰਤੀ ਜਾਗਰੂਕਤਾ ਲਿਆਉਣ ਲਈ ਚੁੱਕਿਆ ਗਿਆ ਇਹ ਕਦਮ ਉਹਨਾਂ ਸਿੱਖ ਜੱਥੇਬੰਦੀਆਂ ਲਈ ਜਿੱਤ ਹੈ ਜੋ ਇਸ ਲਈ ਦਿਨ-ਰਾਤ ਉਪਰਾਲੇ ਕਰ ਰਹੀਆਂ ਹਨ। ਇਸ ਮੌਕੇ ਸਿੱਖ ਕੋਲੀਸ਼ਨ ਦੀ ਸਿੱਖਿਆ ਡਾਇਰੈਕਟਰ ਪ੍ਰਿਤਪਾਲ ਕੌਰ ਨੇ ਕਿਹਾ ਕਿ ਇਹ ਕਾਫੀ ਸ਼ਲਾਘਾਯੋਗ ਕਦਮ ਹੈ। ਇਸ ਨਾਲ ਬੱਚੇ ਆਪਣੇ ਆਪ ਨੂੰ ਸਕੂਲਾਂ ਵਿੱਚ ਜ਼ਿਆਦਾ ਵਧੀਆ ਤਰੀਕੇ ਨਾਲ ਪੇਸ਼ ਕਰ ਸਕਣਗੇ ਤੇ ਸੁਰੱਖਿਅਤ ਮਹਿਸੂਸ ਕਰਨਗੇ।
ਦੱਸ ਦਈਏ ਕਿ ਸਿੱਖ ਕੋਲੇਸ਼ਨ ਵੱਲੋਂ ਨਵੰਬਰ 2018 ਵਿੱਚ ਓਕਲਾਹੋਮਾ ਦੇ ਸਿਖਿਆ ਪ੍ਰਣਾਲੀ ਵਿੱਚ ਸਿੱਖ ਧਰਮ ਦੀ ਸਿੱਖਿਆ ਨੂੰ ਸ਼ਾਮਲ ਕਰਨ ਦੀ ਬੇਨਤੀ ਕੀਤੀ ਗਈ ਸੀ ਜਿਸ ਤੋਂ ਬਾਅਦ ਫਰਵਰੀ ਵਿੱਚ ਇਸਨੂੰ ਲੈ ਕੇ ਸੂਬੇ ਦੇ ਸਿੱਖਿਆ ਬੋਰਡ ਵੱਲੋਂ ਵੋਟਿੰਗ ਕਰਵਾਈ ਗਈ ਅਤੇ ਇਸ ਵਿੱਚ ਅਗਲੇ ਸੈਸ਼ਨ ਵਿੱਚ ਸਿੱਖ ਧਰਮ ਨੂੰ ਸ਼ਾਮਲ ਕੀਤੇ ਜਾਣ ਤੇ ਸਹਿਮਤੀ ਬਣ ਗਈ। ਦੱਸ ਦਈਏ ਕਿ ਅਜਿਹਾ ਕਰਨ ਵਾਲਾ ਓਕਲਾਹੋਮਾ ਅਮਰੀਕਾ ਦਾ ਨੌਵਾਂ ਸੂਬਾ ਬਣ ਗਿਆ ਹੈ। ਇਸਤੋਂ ਪਹਿਲਾਂ ਅਰੀਜ਼ੋਨਾ, ਕੈਲੇਫੋਰਨੀਆ, ਇਡਾਹੋ, ਨਿਊਜਰਸੀ, ਨਿਯੂਯਾਰਕ, ਟੈਨੇਸੀ ਅਤੇ ਟੈਕਸਾਸ ਦੇ ਸਕੂਲਾਂ ਵਿੱਚ ਵੀ ਸਿੱਖੀ ਬਾਰੇ ਪੜਾਇਆ ਜਾਂਦਾ ਹੈ। ਸਿੱਖ ਕੋਲੀਸ਼ਨ ਹੁਣ ਮਿਸ਼ੀਗਨ ਵਿੱਚ ਇਸ ਮੁਹਿੰਮ ਨੂੰ ਚਲਾ ਰਿਹਾ ਹੈ। ਦਸ ਦਈਏ ਕਿ ਯੂਐਸ ਵਿੱਚ 5 ਲਖ ਦੇ ਕਰੀਬ ਸਿੱਖ ਰਹਿੰਦੇ ਹਨ।