ਰੁਝਾਨ ਖ਼ਬਰਾਂ
ਵੁਹਾਨ ਲੈਬ ਤੋਂ ਨਹੀਂ ਫੈਲਿਆ ਸੀ ਕੋਰੋਨਾ ਵਾਇਰਸ : ਵਿਸ਼ਵ ਸਿਹਤ ਸੰਗਠਨ

ਵੁਹਾਨ ਲੈਬ ਤੋਂ ਨਹੀਂ ਫੈਲਿਆ ਸੀ ਕੋਰੋਨਾ ਵਾਇਰਸ : ਵਿਸ਼ਵ ਸਿਹਤ ਸੰਗਠਨ

ਜਨੇਵਾ : ਕੋਰੋਨਾ ਵਾਇਰਸ ਦੇ ਸਰੋਤ ਦੀ ਜਾਂਚ ਕਰਨ ਵਾਲੇ ਵਿਸ਼ਵ ਸਿਹਤ ਸੰਗਠਨ ਦੇ ਮਾਹਿਰਾਂ ਦੀ ਇੱਕ ਟੀਮ ਨੇ ਉਸ ਦਾਅਵੇ ਨੂੰ ਖਾਰਿਜ ਕਰ ਦਿੱਤਾ ਹੈ, ਜਿਸ ਵਿੱਚ ਕਿਹਾ ਗਿਆ ਸੀ ਵਾਇਰਸ ਵੁਹਾਨ ਦੀ ਇੱਕ ਲੈਬ ਤੋਂ ਨਿਕਲਿਆ ਸੀ । ਮਾਹਿਰਾਂ ਦੀ ਟੀਮ ਨੇ ਕਿਹਾ ਹੈ ਕਿ ਹੁਣ ਤੱਕ ਇਸ ਖਤਰਨਾਕ ਵਾਇਰਸ ਦੇ ਸਰੋਤ ਦਾ ਅਜੇ ਤੱਕ ਪਤਾ ਨਹੀਂ ਚੱਲਿਆ ਹੈ। ਕੋਰੋਨਾ ਮਹਾਂਮਾਰੀ ਦੇ ਇੱਕ ਸਾਲ ਤੋਂ ਵੀ ਵੱਧ ਸਮੇਂ ਬਾਅਦ ਵਿਸ਼ਵ ਸਿਹਤ ਸੰਗਠਨ ਨੇ ਇੱਕ ਰਿਪੋਰਟ ਜਾਰੀ ਕੀਤੀ ਹੈ, ਪਰ ਇਸ ਵਿੱਚ ਜਵਾਬਾਂ ਨਾਲੋਂ ਵਧੇਰੇ ਸਵਾਲ ਖੜ੍ਹੇ ਕੀਤੇ ਗਏ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਮਨੁੱਖਾਂ ਵਿੱਚ ਫੈਲਣ ਤੋਂ ਪਹਿਲਾਂ ਇਹ ਵਾਇਰਸ ਚਮਗਾਦੜ ਤੋਂ ਨਿਕਲਿਆ ਹੋਵੇਗਾ। ਹਾਲਾਂਕਿ, ਇਸ ਗੱਲ ਦੇ ਇੰਨੇ ਸਬੂਤ ਨਹੀਂ ਮਿਲੇ ਹਨ ਕਿ ਇਹ ਵਾਇਰਸ ਜਾਨਵਰਾਂ ਤੋਂ ਨਿਕਲਿਆ ਹੈ।
ਚੀਨ ਤੋਂ ਬਾਹਰ ਦੇ ਵਿਗਿਆਨੀਆਂ, ਨੇਤਾਵਾਂ ਅਤੇ ਹੋਰਨਾਂ ਨੇ ਇਸ ਸਿਧਾਂਤ ਨੂੰ ਵਧਾਵਾ ਦਿੱਤਾ ਕਿ ਕੋਰੋਨਾ ਵਾਇਰਸ ਚੀਨ ਦੀ ਪ੍ਰਯੋਗਸ਼ਾਲਾ ਤੋਂ ਗਲਤੀ ਨਾਲ ਭਰਾ ਆ ਗਿਆ ਹੋਵੇਗਾ। ਹਾਲਾਂਕਿ, ਬਹੁਤ ਸਾਰੇ ਮਾਹਿਰ ਇਸ ਸਿਧਾਂਤ ‘ਤੇ ਸ਼ੱਕ ਜਤਾ ਚੁੱਕੇ ਹਨ। ਉਨ੍ਹਾਂ ਨੇ ਵਿਸ਼ਵ ਸਿਹਤ ਸੰਗਠਨ ਦੀ ਟੀਮ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਸੰਭਾਵਨਾ ਦਾ ਪੂਰੀ ਤਾਕਤ ਨਾਲ ਪਤਾ ਲਗਵਾਉਣ । ਰਿਪੋਰਟ ਨੇ ਹਾਲਾਂਕਿ ਇਸ ਵਾਇਰਸ ਦੇ ਲੈਬ ਤੋਂ ਨਿਕਲਣ ਦੀ ਥਿਊਰੀ ਨੂੰ ਪੂਰੀ ਤਰ੍ਹਾਂ ਖਾਰਿਜ ਕਰ ਦਿੱਤਾ ਹੈ। ਦੱਸ ਦੇਈਏ ਕਿ ਇਸ ਮਾਮਲੇ ਵਿੱਚ ਮਾਹਿਰਾਂ ਦੇ ਸਿੱਟੇ ਪੂਰੀ ਤਰ੍ਹਾਂ ਵੂਹਾਨ ਦੇ ਵਿਗਿਆਨੀਆਂ ਨਾਲ ਗੱਲਬਾਤ ‘ਤੇ ਅਧਾਰਿਤ ਹਨ। ਇਸ ਟੀਮ ਨੇ ਕਿਹਾ ਹੈ ਕਿ ਇਸਦੇ ਸਰੋਤ ਦਾ ਪਤਾ ਲਗਾਉਣ ਲਈ ਹੋਰ ਅਧਿਐਨ ਕਰਨ ਦੀ ਲੋੜ ਹੈ। ਵਿਸ਼ਵ ਸਿਹਤ ਸੰਗਠਨ ਦੇ ਡਾਇਰੈਕਟਰ ਜਨਰਲ ਡਾ: ਟੇਡਰੋਸ ਨੇ ਕਿਹਾ ਕਿ ਜਿੱਥੋਂ ਤੱਕ ਵਿਸ਼ਵ ਸਿਹਤ ਸੰਗਠਨ ਦਾ ਸੰਬੰਧ ਹੈ, ਸਾਰੀਆਂ ਕਲਪਨਾਵਾਂ ਵਿਚਾਰ ਅਧੀਨ ਹਨ। ਇਹ ਰਿਪੋਰਟ ਇੱਕ ਮਹੱਤਵਪੂਰਣ ਸ਼ੁਰੂਆਤ ਹੈ, ਪਰ ਇਹ ਅੰਤ ਨਹੀਂ ਹੈ।