ਰੁਝਾਨ ਖ਼ਬਰਾਂ
ਜਾਰਜ ਫਲਾਇਡ ਦੀ ਮੌਤ ਦੇ ਮਾਮਲੇ ‘ਚ ਮੁਕੱਮਦਾ ਸ਼ੁਰੂ

 

ਜਾਰਜ ਫਲਾਇਡ ਦੀ ਮੌਤ ਦੇ ਮਾਮਲੇ ‘ਚ ਮੁਕੱਮਦਾ ਸ਼ੁਰੂ

ਸੈਕਰਾਮੈਂਟੋ : ਲੰਘੇ ਦਿਨ ਜਾਰਜ ਫਲਾਇਡ ਦੀ ਮੌਤ ਦੇ ਮਾਮਲੇ ਦੀ ਸੁਣਵਾਈ ਸ਼ੁਰੂ ਹੋਈ ਤੇ ਮੌਕੇ ਦੇ 3 ਗਵਾਹਾਂ ਨੇ ਗਵਾਹੀਆਂ ਦਿੱਤੀਆਂ। ਮਿਨੀਪੋਲਿਸ ਦੇ ਪੁਲਿਸ ਅਫਸਰ ਡੈਰਕ ਸ਼ੌਵਿਨ ਵਿਰੁੱਧ ਜਾਰਜ ਫਲਾਇਡ ਦਾ ਕਤਲ ਕਰਨ ਦੇ ਦੋਸ਼ ਲਾਏ ਗਏ ਹਨ। ਅਦਾਲਤ ਵਿਚ 9 ਮਿੰਟ ਤੇ 29 ਸਕਿੰਟਾਂ ਦੀ ਉਹ ਪੂਰੀ ਵੀਡੀਓ ਵੀ ਵਿਖਾਈ ਗਈ ਜਿਸ ਦੌਰਾਨ ਜਾਰਜ ਫਲਾਇਡ ਦੀ ਧੌਣ ਉਪਰ ਗੋਡਾ ਰਖਕੇ ਡੈਰਕ ਸ਼ੌਵਿਨ ਬੈਠਾ ਨਜਰ ਆਇਆ ਤੇ ਮੌਕੇ ਦੇ ਗਵਾਹ ਉਸ ਨੂੰ ਧੌਣ ਤੋਂ ਗੋਡਾ ਚੁੱਕਣ ਲਈ ਬੇਨਤੀ ਕਰ ਰਹੇ ਹਨ। ਮੌਤ ਤੋਂ ਪਹਿਲਾਂ ਹਫਿਆ ਹੋਇਆ ਜਾਰਜ ਫਲਾਇਡ ਵਾਰ ਵਾਰ ਕਹਿ ਰਿਹਾ ਹੈ ਕਿ ਉਹ ਸਾਹ ਨਹੀਂ ਲੈ ਸਕਦਾ। ਇਹ ਸ਼ਬਦ ਉਸ ਨੇ 27 ਵਾਰ ਦੁਹਰਾਏ ਤੇ ਇਸ ਉਪਰੰਤ ਉਸ ਦੀ ਅਵਾਜ਼ ਸਦਾ ਲਈ ਬੰਦ ਹੋ ਗਈ। ਗਵਾਹ ਵਜੋਂ ਪੇਸ਼ ਹੋਏ ਰੈਸਲਰ ਡੋਨਲਡ ਵਿਲੀਅਮ ਨੇ ਕਿਹਾ ਕਿ ਉਹ ਨੇੜੇ ਦੀ ਲੰਘ ਰਿਹਾ ਸੀ ਜਿਥੇ ਉਸ ਨੇ ਫਲਾਇਡ ਨੂੰ ਪੁਲਿਸ ਹਿਰਾਸਤ ਵਿਚ ਵੇਖਿਆ। ਜਮੀਨ ਉਪਰ ਮੂਧੇ ਮੂੰਹ ਪਿਆ ਫਲਾਇਡ ਹੌਲੀ ਹੌਲੀ ਲਿਫਾਫੇ ਵਿਚ ਪਾਈ ਇਕ ਮੱਛੀ ਦੀ ਤਰਾਂ ਤੜਫ ਰਿਹਾ ਸੀ ਤੇ ਉਹ ਜਾਨ ਬਖਸ਼ ਦੇਣ ਦੀ ਵਾਰ ਵਾਰ ਗੁਹਾਰ ਲਾ ਰਿਹਾ ਸੀ। ਵਿਲੀਅਮ ਨੇ ਅਦਾਲਤ ਨੂੰ ਦਸਿਆ ਕਿ ਉਸ ਨੇ ਪੁਲਿਸ ਅਫਸਰ ਨੂੰ ਕਿਹਾ ਕਿ ਉਹ ਉਸ ਦਾ ਸਾਹ ਨਾ ਘੁੱਟੇ ਜਿਸ ਨਾਲ ਉਹ ਬੇਹੋਸ਼ ਹੋ ਸਕਦਾ ਹੈ ਪਰੰਤੂ ਸ਼ੌਵਿਨ ਨੇ ਹੋਰ ਜੋਰ ਨਾਲ ਉਸ ਦਾ ਸਾਹ ਬੰਦ ਕਰ ਦਿੱਤਾ।