ਰੁਝਾਨ ਖ਼ਬਰਾਂ
ਵੈਨਕੂਵਰ ਅਤੇ ਫਰੇਜ਼ਰ ਹੈਲਥ ਦੀਆਂ ਫਾਰਮੇਸੀਆਂ ਤੋਂ ਲਗਵਾ ਸਕਦੇ ਹੋ ਕੋਵਿਡ-19 ਦਾ ਟੀਕਾ

 

ਵੈਨਕੂਵਰ ਅਤੇ ਫਰੇਜ਼ਰ ਹੈਲਥ ਦੀਆਂ ਫਾਰਮੇਸੀਆਂ ਤੋਂ ਲਗਵਾ ਸਕਦੇ ਹੋ ਕੋਵਿਡ-19 ਦਾ ਟੀਕਾ

ਸਰੀ, (ਪਰਮਜੀਤ ਸਿੰਘ): ਬੁੱਧਵਾਰ ਤੋਂ ਵੈਨਕੂਵਰ ਅਤੇ ਫਰੇਜ਼ਰ ਹੈਲਥ ਦੀਆਂ 150 ਤੋਂ ਵੱਧ ਫਾਰਮੇਸੀਆਂ ‘ਤੇ 55 ਤੋਂ 65 ਸਾਲ ਦੀ ਉਮਰ ਦੇ ਲੋਕ ਐਸਟਾਨੇਜੇਕਾ ਦਾ ਟੀਕਾ ਲਗਵਾਉਣ ਰਜ਼ਿਸ਼ਟ੍ਰੇਸ਼ਨ ਕਰਵਾ ਸਕਦੇ ਹਨ। ਇਹ ਕਦਮ ਰਾਸ਼ਟਰੀ ਸਲਾਹਕਾਰ ਕਮੇਟੀ ਵਲੋਂ ਚੁਕਿਆ ਗਿਆ ਹੈ ਅਤੇ ਉਨ੍ਹਾਂ ਕਿਹਾ ਹੈ ਕਿ 55 ਸਾਲ ਜਾਂ ਉਸ ਤੋਂ ਵੱਧ ਉਮਰ ਦੇ ਲੋਕਾਂ ਲਈ ਇਹ ਵੈਕਸੀਨ ਉਪਲੱਬਧ ਕਰਵਾਈ ਹੈ ਜਦੋਂ ਕਿ 55 ਸਾਲ ਤੋਂ ਘੱਟ ਉਮਰ ਦੇ ਲੋਕਾਂ ‘ਚ ਇਸ ਦੇ ਕਈ ਸਾਈਡ ਇਫੈਕਟ ਹੋਣ ਦਾ ਖਦਸ਼ਾ ਹੈ। ਉਨ੍ਹਾਂ ਦੱਸਿਆ ਕਿ ਬੁੱਧਵਾਰ ਤੋਂ ਬ੍ਰਿਟਿਸ਼ ਕੋਲੰਬੀਆ ਦੇ ਲੋਕਾਂ ਇਹ ਟੀਕਾ ਲਗਵਾਉਣ ਲਈ ਆਪਣੀ ਸਥਾਨਕ ਫਾਰਮੇਸੀ ‘ਤੇ ਕਾਲ ਕਰਕੇ ਵੀ ਅਪੌਇੰਟਮੈਂਟ ਬੁੱਕ ਕਰਵਾ ਸਕਦੇ ਹਨ। ਕੁਝ ਥਾਵਾਂ ‘ਤੇ ਡਰਾਪ-ਇਨ ਸੇਵਾ ਦੀ ਵੀ ਸ਼ੁਰੂਆਤ ਕੀਤੀ ਗਈ ਹੈ। ਵੈਕਸੀਨ ਲਵਾਉਣ ਮੌਕੇ ਆਪਣਾ ਪਰਸਨਾਲ ਹੈਲਥ ਨੰਬਰ, ਬੀ.ਸੀ. ਸਰਵਿਸ ਕਾਰਡ ਜਾਂ ਕੇਅਰ ਕਾਰਡ ਲਿਆਉਣਾ ਲਾਜ਼ਮੀ ਹੋਵੇਗਾ। ਸੂਬਾਈ ਸਿਹਤ ਅਧਿਕਾਰੀ ਡਾ. ਬੌਨੀ ਹੈਨਰੀ ਨੇ ਕਿਹਾ ਕਿ ਐਸਟਰਾਜ਼ੇਨੇਕਾ ਦਾ ਇਹ ਟੀਕਾ ਕਾਫੀ ਪ੍ਰਭਾਵਸ਼ਾਲੀ ਹੈ ਅਤੇ ਦੁਨੀਆ ਭਰ ‘ਚ ਲੱਖਾਂ ਖੁਰਾਕਾਂ ਇਸ ਦੀਆਂ ਵਰਤੀਆਂ ਜਾ ਰਹੀਆਂ ਹਨ ਖਾਸ ਕਰਕੇ ਯੂਕੇ ‘ਚ 55 ਸਾਲ ਤੋਂ ਵੱਧ ਉਮਰ ਦੇ ਲੋਕਾਂ ਲਈ ਇਹ ਬਹੁਤ ਪ੍ਰਭਾਵਸ਼ਾਲੀ ਰਿਹਾ ਹੈ। ਉਨ੍ਹਾਂ ਕਿਹਾ ਇਸ ਕਦਮ ਨਾਲ ਹੁਣ ਸੂਬੇ ‘ਚ ਟੀਕਾਕਰਨ ਕਰਨ ‘ਚ ਵੀ ਤੇਜ਼ੀ ਆਵੇਗੀ। ਉਨ੍ਹਾਂ ਦੱਸਿਆ ਫਾਰਮਾਸਿਸਟਾਂ ਤੋਂ ਫਲੂ ਸ਼ਾਟ 2009 ਤੋਂ ਲਗਾ ਰਹੇ ਹਨ ਅਤੇ ਪਿਛਲੇ ਸਾਲ ਉਨ੍ਹਾਂ 10 ਲੱਖ ਤੋਂ ਵੱਧ ਫਲੂ ਸ਼ਾਟ ਲਗਾਏ ਸਨ। ਬੀ.ਸੀ. ਦੇ ਕੋਵਿਡ-19 ਟੀਕਾਕਰਨ ਪ੍ਰੋਗਰਾਮ ਦੇ ਕਾਰਜਕਾਰੀ ਡਾ. ਪੈਨੀ ਬੈਲੇਮ ਨੇ ਦੱਸਿਆ ਕਿ ਸ਼ੁਰੂਆਤੀ ਪੜਾਅ ‘ਚ ਅੰਦਾਜ਼ਨ 300,000 ਖੁਰਾਕਾਂ ਪੂਰੇ ਸੂਬੇ ‘ਚ ਵੰਡ ਦਿੱਤੀਆਂ ਜਾਣਗੀਆਂ।