ਰੁਝਾਨ ਖ਼ਬਰਾਂ
ਇਸ ਹਫਤੇ ਕੋਵਿਡ-19 ਦੀਆਂ 3.3 ਮਿਲੀਅਨ ਖੁਰਾਕਾਂ ਕੈਨੇਡਾ ਪਹੁੰਚਣ ਦੀ ਉਮੀਦ

ਇਸ ਹਫਤੇ ਕੋਵਿਡ-19 ਦੀਆਂ 3.3 ਮਿਲੀਅਨ ਖੁਰਾਕਾਂ ਕੈਨੇਡਾ ਪਹੁੰਚਣ ਦੀ ਉਮੀਦ

ਔਟਵਾ : ਕੈਨੇਡਾ ਨੂੰ ਇਸ ਹਫਤੇ ਨਵੀਂ ਕੋਵਿਡ-19 ਵੈਕਸੀਨ ਖੁਰਾਕਾਂ ਦੀ ਨਵੀਂ ਖੇਪ ਹਾਸਲ ਹੋਣ ਜਾ ਰਹੀ ਹੈ। ਆਉਣ ਵਾਲੇ ਦਿਨਾਂ ਵਿੱਚ ਵੱਖ ਵੱਖ ਫਾਰਮਾਸਿਊਟੀਕਲਜ਼ ਕੰਪਨੀਆਂ ਤੋਂ ਕੈਨੇਡਾ ਨੂੰ 3.3 ਮਿਲੀਅਨ ਖੁਰਾਕਾਂ ਹਾਸਲ ਹੋਣਗੀਆਂ।
ਤਿੰਨ ਵੱਖ ਵੱਖ ਸਰੋਤਾਂ ਤੋਂ ਮਿਲਣ ਵਾਲੀ ਵੈਕਸੀਨ ਕਾਰਨ ਮਹਾਂਮਾਰੀ ਸ਼ੁਰੂ ਹੋਣ ਤੋਂ ਲੈ ਕੇ ਹੁਣ ਤੱਕ ਇਸ ਹਫਤੇ ਮਿਲਣ ਵਾਲੀ ਇਹ ਸੱਭ ਤੋਂ ਵੱਡੀ ਡਲਿਵਰੀ ਦੀ ਖੇਪ ਹੈ। ਪਬਲਿਕ ਹੈਲਥ ਏਜੰਸੀ ਆਫ ਕੈਨੇਡਾ ਦਾ ਕਹਿਣਾ ਹੈ ਕਿ ਫਾਈਜ਼ਰ ਤੇ ਬਾਇਓਐਨਟੈਕ ਵੱਲੋਂ ਇਸ ਹਫਤੇ 1.2 ਮਿਲੀਅਨ ਡੋਜ਼ਾਂ ਦੇ ਨੇੜੇ ਤੇੜੇ ਹਾਸਲ ਹੋਣਗੀਆਂ।
ਇਨ੍ਹਾਂ ਦੋਵਾਂ ਕੰਪਨੀਆਂ ਵੱਲੋਂ ਲਗਾਤਾਰ ਕੈਨੇਡਾ ਨੂੰ ਖੁਰਾਕਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਇਸ ਦੇ ਨਾਲ ਹੀ ਫੈਡਰਲ ਸਰਕਾਰ ਨੂੰ ਅਮਰੀਕਾ ਤੋਂ ਆਕਸਫੋਰਡ ਐਸਟ੍ਰਾਜ਼ੈਨੇਕਾ ਵੈਕਸੀਨ ਦੀਆਂ 1.5 ਮਿਲੀਅਨ ਡੋਜ਼ਾਂ ਹਾਸਲ ਹੋਣਗੀਆਂ। ਇਹ ਖੂਰਾਕਾਂ ਟਰੱਕ ਰਾਹੀਂ ਕੈਨੇਡਾ ਪਹੁੰਚਣਗੀਆਂ। ਹੁਣ ਤੱਕ ਕੈਨੇਡਾ ਦੀ ਵੈਕਸੀਨ ਯੂਰਪ ਤੋਂ ਆਉਂਦੀ ਰਹੀ ਹੈ ਤੇ ਇਸ ਮਹੀਨੇ ਦੇ ਸ਼ੁਰੂ ਵਿੱਚ ਸਿਰਫ 500,000 ਐਸਟ੍ਰਾਜ਼ੈਨੇਕਾ ਖੁਰਾਕਾਂ ਭਾਰਤ ਤੋਂ ਆਈਆਂ। ਸਰਕਾਰ ਦਾ ਇਹ ਵੀ ਕਹਿਣਾ ਹੈ ਕਿ ਇਸ ਹਫਤੇ ਵੀਰਵਾਰ ਨੂੰ ਮੌਡਰਨਾ ਵੱਲੋਂ 600,000 ਸ਼ੌਟਸ ਕੈਨੇਡਾ ਨੂੰ ਦੇਣ ਦਾ ਵਾਅਦਾ ਕੀਤਾ ਗਿਆ ਹੈ।