Copyright © 2019 - ਪੰਜਾਬੀ ਹੇਰਿਟੇਜ
ਗਾਲ ਦੇਣ ਕਾਰਨ ਗੁਰਦਾਸ ਮਾਨ ਦਾ ਨਾ ਪੂਰਾ ਹੋਣ ਵਾਲਾ ਹੋਇਆ ਨੁਕਸਾਨ-ਪਾਲੀ ਭੁਪਿੰਦਰ ਸਿੰਘ

ਗਾਲ ਦੇਣ ਕਾਰਨ ਗੁਰਦਾਸ ਮਾਨ ਦਾ ਨਾ ਪੂਰਾ ਹੋਣ ਵਾਲਾ ਹੋਇਆ ਨੁਕਸਾਨ-ਪਾਲੀ ਭੁਪਿੰਦਰ ਸਿੰਘ

ਡੇਰਾ ਨਕੋਦਰ ਨਾਲ ਜੁੜਣ ਕਾਰਨ ਤਿੰਨ ਸਾਲ ਤੋਂ ਹੈ ਸੋਸ਼ਲ ਮੀਡੀਆ ਦੇ ਨਿਸ਼ਾਨੇ ‘ਤੇ ,  ਪੰਜਾਬੀ ਮਰੀ ਨਹੀਂ, ਤਰੱਕੀ ਵੱਲ ਵਧਦੀ ਜਾ ਰਹੀ ਹੈ

ਸੁਖਮੰਦਰ ਸਿੰਘ ਬਰਾੜ-ਭਗਤਾ ਭਾਈ ਕਾ ਵਲੋਂ ਵਿਸ਼ੇਸ਼ ਰਿਪੋਰਟ
ਪੰਜਾਬੀ ਜ਼ੁਬਾਨ ਨੂੰ ਲੈ ਕੇ ਬਾਬਾ ਬੋਹੜ ਵਜੋਂ ਜਾਣੇ ਜਾਂਦੇ ਪੰਜਾਬੀ ਦੇ ਸੁਪ੍ਰਸਿੱਧ ਗਾਇਕ ਗੁਰਦਾਸ ਮਾਨ ਨਾਲ ਜੁੜੇ ਕੈਨੇਡਾ ਦੇ ਸ਼ਹਿਰ ਐਬਟਸਫੋਰਡ ਤੋਂ ਉੱਠੇ ਵਿਵਾਦ ਇਸ ਕਰਕੇ ਵੀ ਰੁਕਣ ਦਾ ਨਾਂ ਨਹੀਂ ਲੈ ਰਹੇ ਕਿਉਂਕਿ ਇੱਕ ਸਟੇਜ਼ ਪ੍ਰੋਗਰਾਮ ਦੌਰਾਨ ਗੁਰਦਾਸ ਮਾਨ ਦੇ ਅੰਦਰਲਾ ਜੀਅ ਗਰਮ ਹੋ ਜਾਣ ਨਾਲ ਇੱਕ ਪ੍ਰਦਰਸ਼ਨਕਾਰੀ ਨੂੰ ਉਹ ਪੰਜਾਬੀਆਂ ਵਾਲੀ ਹੀ ਗਾਲ ਕੱਢ ਬੈਠਾ। ਪੰਜਾਬੀ ਦੇ ਉੱਘੇ ਨਾਟਕਕਾਰ ਅਤੇ ਲੇਖਕ ਪਾਲੀ ਭੁਪਿੰਦਰ ਸਿੰਘ ਨੇ ਇੱਕ ਇੰਟਰਵਿਊ ਦੌਰਾਨ ਗੱਲ-ਬਾਤ ਕਰਦਿਆਂ ਕਿਹਾ ਕਿ ਗੁਰਦਾਸ ਮਾਨ ਨਾਲ ਜੁੜਿਆ ਗਾਲ ਦਾ ਵਿਵਾਦ ਬਹੁਤ ਹੀ ਮੰਦਭਾਗਾ ਹੈ ਜਿਸ ਵਿਵਾਦ ਨੇ ਪੰਜਾਬੀ ਗਾਇਕੀ, ਪੰਜਾਬੀ ਭਾਸ਼ਾ, ਪੰਜਾਬੀ ਸੰਗੀਤ ਅਤੇ ਪੰਜਾਬੀ ਸਾਹਿਤ ਨੂੰ ਕਿਤੇ ਨਾ ਕਿਤੇ ਬੇਚੈਨ ਜ਼ਰੂਰ ਕੀਤਾ ਹੈ। ਇੱਕ ਰਾਸ਼ਟਰ ਇੱਕ ਭਾਸ਼ਾ ਬਾਰੇ ਗੱਲ ਕਰਦਿਆਂ ਪਾਲੀ ਭੁਪਿੰਦਰ ਸਿੰਘ ਨੇ ਕਿਹਾ ਕਿ ਮੇਰਾ ਇਸ ਨਾਲ ਸਹਿਮਤ ਹੋਣਾ ਦੂਰ ਦੀ ਗੱਲ ਹੈ ਅਤੇ ਮੈਂ ਇਸ ਦੇ ਸਖ਼ਤ ਖ਼ਿਲਾਫ਼ ਹਾਂ। ਉਨ੍ਹਾਂ ਨੇ ਕਿਹਾ ਸਾਡੀ ਕੰਮ-ਕਾਜ ਦੀ ਭਾਸ਼ਾ ਹਿੰਦੀ ਜ਼ਰੂਰ ਹੈ ਅਤੇ ਸਰਕਾਰੀ ਪੱਧਰ ‘ਤੇ ਹਿੰਦੀ ‘ਚ ਕੰਮ-ਕਾਜ ਵੀ ਹੋ ਰਹੇ ਹਨ ਸਾਨੂੰ ਇਸ ਪ੍ਰਤੀ ਕੋਈ ਇਤਰਾਜ਼ ਨਹੀਂ ਹੈ ਪਰ ਜੇ ਕਿਸੇ ਇੱਕ ਭਾਸ਼ਾ ਨੂੰ ਰਾਸ਼ਟਰੀ ਭਾਸ਼ਾ ਬਣਾਉਣ ਦੀ ਕੋਸ਼ਿਸ਼ ਹੋਵੇ ਤਾਂ ਮੈਂ ਇਸ ਗੱਲ ਦੇ ਖ਼ਿਲਾਫ਼ ਹਾਂ। ਸਾਨੂੰ ਰਾਸ਼ਟਰੀ ਭਾਸ਼ਾ ਦੀ ਬਿਲਕੁਲ ਹੀ ਲੋੜ ਨਹੀਂ। ਉਨ੍ਹਾਂ ਕਿਹਾ ਕਿ ਭਾਰਤੀ ਸੰਵਿਧਾਨ ਨੇ ਵੱਖਰੇ ਵੱਖਰੇ ਸੂਬਿਆਂ ‘ਚ 22 ਭਾਸ਼ਾਵਾਂ ਨੂੰ ਸਵੀਕਾਰ ਕੀਤਾ ਹੋਇਆ ਹੈ ਜੋ ਕਿ ਸਾਡੇ ਲਈ 22 ਦੀਆਂ 22 ਭਾਸ਼ਾਵਾਂ ਰਾਸ਼ਟਰੀ ਭਾਸ਼ਾਵਾਂ ਹਨ।
ਗੁਰਦਾਸ ਮਾਨ ਨਾਲ ਜੁੜੇ ਵਿਵਾਦ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇੱਕ ਰਾਸ਼ਟਰ ਇੱਕ ਭਾਸ਼ਾ ਬਾਰੇ ਜੋ ਸਵਾਲ ਪੁੱਛਿਆ ਗਿਆ ਸੀ ਉਹ ਗ੍ਰਹਿ ਮੰਤਰੀ ਅਮਿੱਤ ਸ਼ਾਹ ਦੇ ਬਿਆਨ ਨਾਲ ਜੋੜ ਕੇ ਪੁੱਛਿਆ ਗਿਆ ਸੀ ਕਿਉਂਕਿ ਅਮਿੱਤ ਸ਼ਾਹ ਇੱਕ ਰਾਸ਼ਟਰ ਇੱਕ ਬੋਲੀ ਦੀ ਵਕਾਲਤ ਕਰ ਰਹੇ ਸਨ, ਪਰ ਗੁਰਦਾਸ ਮਾਨ ਇਸ ਗੱਲ ਨੂੰ ਸਮਝ ਨਾ ਸਕੇ ਅਤੇ ਉਨ੍ਹਾਂ ਨੇ ਸਰਸਰੀ ਹੀ ਇਹ ਕਹਿ ਦਿੱਤਾ ਕਿ ਹਾਂ! ਇਸ ਤਰਾਂ ਹੋਣਾ ਚਾਹੀਦਾ ਕਿਉਂਕਿ ਹਿੰਦੀ ਸਾਡੀ ਮਾਸੀ ਹੈ ਅਤੇ ਇਸ ਦਾ ਵੀ ਖਿਆਲ ਰੱਖਣ ਦੀ ਲੋੜ ਹੈ।ਗੁਰਦਾਸ ਮਾਨ ਪੰਜਾਬੀ ਗਾਇਕੀ ਦਾ ਵੱਡਾ ਥੰਮ ਹੋਣ ਕਾਰਨ ਇਹ ਗੱਲ ਸਮਝਣ ਵਿੱਚ ਮਾਰ ਖਾ ਗਿਆ ਕਿ ਸਵਾਲ ਪੁੱਛਣ ਵਾਲਾ ਬੜਾ ਗੰਭੀਰ ਸਵਾਲ ਪੁੱਛ ਰਿਹਾ ਸੀ। ਇੱਕ ਰਾਸ਼ਟਰ ਇੱਕ ਭਾਸ਼ਾ ਵਾਲਾ ਗੁਰਦਾਸ ਮਾਨ ਦਾ ਜਵਾਬ ਅਮਿੱਤ ਸ਼ਾਹ ਦੇ ਬਿਆਨ ਨਾਲ ਜੁੜ ਕੇ ਇਨਾਂ ਖ਼ਤਰਨਾਕ ਹੋ ਗਿਆ ਕਿ ਉਨ੍ਹਾਂ ਖਿਲਾਫ਼ ਉੱਠੇ ਵਿਵਾਦ ਨੂੰ ਉਹ ਖ਼ੁਦ ਵੀ ਰੋਕ ਨਾ ਸਕੇ। ਇਸ ਤੋਂ ਇਲਾਵਾ ਇੱਕ ਹੋਰ ਵਿਵਾਦ ਵੀ ਚੁੱਪ ਚੁਪੀਤੇ ਗੁਰਦਾਸ ਮਾਨ ਨਾਲ ਜੁੜਿਆ ਹੋਇਆ ਉੱਭਰਕੇ ਸਾਹਮਣੇ ਆਇਆ ਕਿ ਗੁਰਦਾਸ ਮਾਨ ਤਿੰਨ ਕੁ ਸਾਲ ਤੋਂ ਨਕੋਦਰ ਵਾਲੇ ਮੁਰਾਦ ਸ਼ਾਹ ਦੇ ਡੇਰੇ ਕਰਕੇ ਵੀ ਸੋਸ਼ਲ ਮੀਡੀਆ ਦੇ ਨਿਸ਼ਾਨੇ ‘ਤੇ ਚੱਲਿਆ ਆ ਰਿਹਾ ਹੈ ਕਿਉਂਕਿ ਜਦੋਂ ਦਾ ਉਹ ਇਸ ਡੇਰੇ ਦਾ ਗੱਦੀ ਨਸ਼ੀਨ ਹੋਇਆ ਹੈ, ਉਦੋਂ ਤੋਂ ਹੀ ਸੋਸ਼ਲ ਮੀਡੀਆ ਉਨ੍ਹਾਂ ਨੂੰ ਚਿਲਮਾਂ ਵਾਲਾ ਅਤੇ ਕਈ ਤਰਾਂ ਦੇ ਹੋਰ ਬੋਲ-ਕਬੋਲ ਬੋਲ ਰਿਹਾ ਹੈ ਨਾਲ ਇਹ ਗੱਲ ਵੀ ਕਹਿ ਰਿਹਾ ਕਿ ਜਦੋਂ ਪੰਜਾਬ ‘ਚ ਨਸ਼ੇ ਦਾ ਝੱਖੜ ਝੁੱਲ ਰਿਹਾ ਸੀ ਤਾਂ ਮਾਨ ਉਦੋਂ ਕਿਉਂ ਨ੍ਹੀ ਬੋਲਿਆ।
ਬੱਤੀ ਬਾਰੇ ਗੱਲ ਕਰਦਿਆਂ ਸ੍ਰੀ ਪਾਲੀ ਨੇ ਕਿਹਾ ਬੱਤੀ ਵਾਲੀ ਗਾਲ਼ ਤੋਂ ਮਾਨ ਨੇ ਮਾਫ਼ੀ ਮੰਗਣ ਦੀ ਬਜਾਏ ਅਗਲੇ ਦਿਨ ਸਟੇਜ਼ ਤੋਂ ਫਿਰ ਸ਼ਰਾਰਤਾਂ ਵਾਲਾ ਰੁਖ ਅਖਤਿਆਰ ਕਰਦਿਆਂ ‘ਦੇਹ ਸਿਵਾ ਬਰ ਮੋਹਿ’ ਗੀਤ ਨੂੰ ‘ਬੰਮ-ਬੰਮ ਬੋਲੇ’ ,ਚ ਬਦਲ ਕੇ ਹੈਂਕੜ ਦਿਖਾਈ ਕਿ ਜਾਉ ਜਿਹੜਾ ਕੁਝ ਕਰਨਾ ਕਰ ਲਉ। ਉਸ ਸਮੇਂ ਇਹ ਸਾਫ਼ ਝਲਕ ਰਿਹਾ ਸੀ ਕਿ ਗੁਰਦਾਸ ਮਾਨ ਪੰਗੇ ਲੈਣ ‘ਤੇ ਉੱਤਰ ਆਇਆ ਹੈ। ਮਾਫ਼ੀ ਬਾਰੇ ਗੱਲ ਕਰਦਿਆ ਸ੍ਰੀ ਪਾਲੀ ਨੇ ਕਿਹਾ ਕਿ ਮਾਨ ਮਾਫ਼ੀ ਮੰਗੇ ਜਾਂ ਨਾ ਮੰਗੇ ਪਰ ਉਨ੍ਹਾਂ ਦਾ ਅਤੇ ਉਨ੍ਹਾਂ ਦੀ ਗਾਇਕੀ ਦਾ ਨਾ ਪੂਰਾ ਹੋਣ ਵਾਲਾ ਨੁਕਸਾਨ ਹੋ ਗਿਆ ਹੈ।
ਆਖ਼ਰ ਵਿੱਚ ਪੰਜਾਬੀ ਜ਼ੁਬਾਨ ਬਾਰੇ ਗੱਲ ਕਰਦਿਆਂ ਸ੍ਰੀ ਪਾਲੀ ਨੇ ਕਿਹਾ ਕਿ ਦੂਜੀਆਂ ਭਾਸ਼ਾਵਾਂ ਸਿੱਖਣ ਨਾਲ ਕਦੇ ਵੀ ਕਿਸੇ ਦੀ ਮਾਂ ਬੋਲੀ ਪਿੱਛੇ ਨਹੀਂ ਰਹਿੰਦੀ ਕਿਉਂਕਿ ਜੰਮਣ ਤੋਂ ਲੈ ਕੇ ਬੋਲੀ ਜਾਣ ਵਾਲੀ ਮਾਂ ਬੋਲੀ ਕਦੇ ਵੀ ਨਹੀਂ ਭੁੱਲਦੀ ਹੁੰਦੀ, ਨਾ ਭੁਲਾਈ ਜਾ ਸਕੇ ਤੇ ਨਾ ਹੀ ਕੋਈ ਮਾਂ ਬੋਲੀ ਮਰੇ। ਖੁਸ਼ਵੰਤ ਸਿੰਘ ਨੇ ਤਾਂ 80ਵਿਆਂ ‘ਚ ਹੀ ਪੰਜਾਬੀ ਬਾਰੇ ਕਹਿ ਦਿੱਤਾ ਸੀ ਸੰਨ 2000 ਤੱਕ ਪੰਜਾਬੀ ਖਤਮ ਹੋ ਜਾਵੇਗੀ। ਯੂਨਾਈਟਿਡ ਨੇਸ਼ਨ ਵੀ ਕਹਿ ਰਿਹਾ ਸੀ ਕਿ ਜਿਹੜੀਆਂ ਦੋ ਢਾਈ ਸੌ ਭਾਸ਼ਾਵਾਂ ਮਰਨਗੀਆਂ ਉਨ੍ਹਾਂ ਵਿੱਚ ਪੰਜਾਬੀ ਇੱਕ ਹੈ। 152 ਮੁਲਕਾਂ ‘ਚ ਪੰਜਾਬੀ ਆਪਣੀ ਮਾਂ ਬੋਲੀ ਬੋਲ ਰਹੇ ਹਨ। ਵੈਨਕੂਵਰ ਦੀਆਂ ਯੂ ਬੀ ਸੀ ਤੋਂ ਦੋ ਚੀਨੀ ਕੁੜੀਆਂ ਨੇ ਪੰਜਾਬੀ ‘ਚ ਮਾਸਟਰ ਡਿਗਰੀ ਕੀਤੀ ਹੈ। ਕੈਨੇਡਾ ‘ਚ ਕਈ ਪੰਜਾਬੀ ਸਕੂਲ ਬੜੀ ਸਫਲਤਾ ਨਾਲ ਚੱਲ ਰਹੇ ਹਨ ਅਤੇ ਪੰਜਾਬੀ ਲਾਜ਼ਮੀ ਵਿਸ਼ੇ ਵਜੋਂ ਪੜ੍ਹਾਈ ਜਾ ਰਹੀ ਹੈ ਜਦੋਂ ਕਿ ਹੋਰਨਾਂ ਭਾਈਚਾਰਿਆਂ ਦੇ ਬੱਚੇ ਵੀ ਪੰਜਾਬੀ ਸਿੱਖਣ ‘ਚ ਦਿਲਚਸਪੀ ਦਿਖਾ ਰਹੇ ਹਨ। ਸੋ ਪੰਜਾਬੀ ਕਦੇ ਵੀ ਨਹੀਂ ਮਰੇਗੀ ਸਗੋਂ ਦਿਨੋ ਦਿਨ ਤਰੱਕੀ ਕਰ ਰਹੀ ਹੈ।