Copyright © 2019 - ਪੰਜਾਬੀ ਹੇਰਿਟੇਜ
ਗੈਂਗ ਹਿੰਸਾ ਰੋਕਣ ਲਈ ਚੁੱਕਾਂਗੇ ਠੋਸ ਕਦਮ : ਜਗਮੀਤ ਸਿੰਘ

ਗੈਂਗ ਹਿੰਸਾ ਰੋਕਣ ਲਈ ਚੁੱਕਾਂਗੇ ਠੋਸ ਕਦਮ : ਜਗਮੀਤ ਸਿੰਘ

ਸਰ੍ਹੀ: ਬੀਸੀ ਵਿੱਚ ਦਿਨੋ ਦਿਨ ਵੱਧ ਰਹੀ ਗੈਂਗ ਹਿੰਸਾ ਦੀ ਗੰਭੀਰ ਸਮੱਸਿਆਂ ਨਾਲ ਨਜਿੱਠਣ ਲਈ ਐਨਡੀਪੀ ਆਗੂ ਜਗਮੀਤ ਸਿੰਘ ਨੇ ਆਪਣੀ ਯੋਜਨਾ ਦਾ ਖੁਲਾਸਾ ਕੀਤਾ। ਉਨ੍ਹਾਂ ਆਖਿਆ ਕਿ ਆਪਣੇ ਬੱਚਿਆਂ ਨੂੰ ਗੈਂਗਜ਼ ਦੇ ਚੁੰਗਲ ਵਿੱਚੋਂ ਬਾਹਰ ਰੱਖਣ ਲਈ ਅਸੀਂ ਉਸ ਥਾਂ ਕਾਰਵਾਈ ਕਰਾਂਗੇ ਜਿੱਥੇ ਲਿਬਰਲਾਂ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ।
ਜਗਮੀਤ ਸਿੰਘ ਨੇ ਆਖਿਆ ਕਿ ਸਰ੍ਹੀ ਦੇ ਲੋਕ ਆਪਣੇ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਚਿੰਤਤ ਹਨ ਪਰ ਲੋਕਾਂ ਦੀ ਗੱਲ ਸੁਣਨ ਦੀ ਥਾਂ ਉੱਤੇ ਜਸਟਿਨ ਟਰੂਡੋ ਦੀ ਅਗਵਾਈ ਵਾਲੇ ਲਿਬਰਲਾਂ ਨੇ ਬ੍ਰਿਟਿਸ਼ ਕੋਲੰਬੀਆ ਵਾਸੀਆਂ ਨੂੰ ਜੁਰਮ ਨਾਲ ਆਪਣੇ ਦਮ ਉੱਤੇ ਨਜਿੱਠਣ ਲਈ ਛੱਡ ਕੇ ਟੈਕਸਦਾਤਾਵਾਂ ਦਾ 4.5 ਬਿਲੀਅਨ ਡਾਲਰ ਪਾਈਪਲਾਈਨ ਖਰੀਦਣ ਉੱਤੇ ਖਰਚ ਦਿੱਤਾ। ਪਰ ਐਨਡੀਪੀ ਦੀ ਪਹੁੰਚ ਵੱਖਰੀ ਹੈ। ਹੁਣ ਸਮਾਂ ਆਪਣੇ ਬੱਚਿਆਂ ਦੀ ਹਿਫਾਜ਼ਤ ਕਰਨ ਤੇ ਕਮਿਊਨਿਟੀਜ਼ ਨੂੰ ਗੈਂਗ ਹਿੰਸਾ ਤੋਂ ਬਚਾਉਣ ਦਾ ਹੈ। ਇਸ ਤਰ੍ਹਾਂ ਦੀ ਗੈਂਗ ਹਿੰਸਾ ਤੇ ਸੰਗਠਿਤ ਜੁਰਮ ਨਾਲ ਬੀਸੀ ਦੇ ਪਰਿਵਾਰਾਂ ਨੂੰ ਰੋਜ਼ਾਨਾ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਜਗਮੀਤ ਸਿੰਘ ਨੇ ਆਖਿਆ ਕਿ ਸੱਤਾ ਵਿੱਚ ਆਉਣ ਉੱਤੇ ਐਨਡੀਪੀ ਸਰਕਾਰ 100 ਮਿਲੀਅਨ ਡਾਲਰ ਦਾ ਫੰਡ ਨੌਜਵਾਨਾਂ ਨੂੰ ਗੈਂਗਜ਼ ਤੋਂ ਪਾਸੇ ਰੱਖਣ ਲਈ ਰਾਖਵਾਂ ਰੱਖੇਗੀ। ਅਜਿਹੇ ਪ੍ਰੋਗਰਾਮ ਚਲਾਏ ਜਾਣਗੇ ਜਿਨ੍ਹਾਂ ਨਾਲ ਨੌਜਵਾਨ ਆਪਣੀਆਂ ਕਮਿਊਨਿਟੀਜ਼ ਨਾਲ ਵੱਧ ਤੋਂ ਵੱਧ ਜੁੜਨ ਤੇ ਕਮਿਊਨਿਟੀਜ਼ ਦੇ ਕੰਮਾਂ ਵਿੱਚ ਸ਼ਾਮਲ ਹੋਣ। ਇਸ ਦੇ ਨਾਲ ਹੀ ਐਨਡੀਪੀ ਫੌਰੀ ਤੌਰ ਉੱਤੇ ਆਰਸੀਐਮਪੀ ਦੀ ਐਂਟੀ ਮਨੀ ਲਾਂਡਰਿੰਗ ਯੂਨਿਟ ਕਾਇਮ ਕਰੇਗੀ ਤੇ ਰੀਅਲ ਅਸਟੇਟ ਦੀ ਲੁਕਵੀਂ ਕਾਰਪੋਰੇਟ ਮਲਕੀਅਤ ਵੀ ਖ਼ਤਮ ਕਰੇਗੀ। ਇਹ ਸੱਭ ਟੈਕਸ ਦੀ ਚੋਰੀ ਤੇ ਫਰਾਡ ਰੋਕਣ ਲਈ ਕੀਤਾ ਜਾਵੇਗਾ।
ਜਗਮੀਤ ਸਿੰਘ ਨੇ ਆਖਿਆ ਕਿ ਜਿਹੜੇ ਨੌਜਵਾਨਾਂ ਨੂੰ ਪਿੱਛੇ ਛੱਡ ਦਿੱਤਾ ਗਿਆ ਹੈ ਉਨ੍ਹਾਂ ਨਾਲ ਖੜ੍ਹਨ ਲਈ ਕੋਈ ਤਾਂ ਚਾਹੀਦਾ ਹੈ। ਉਨ੍ਹਾਂ ਆਖਿਆ ਕਿ ਇਸ ਸਮੇਂ ਸਰ੍ਹੀ ਦੇ ਲੋਕਾਂ ਦੀਆਂ ਦੋ ਮੁੱਖ ਤਰਜੀਹਾਂ ਹਨ-ਗੈਂਗ ਐਕਟੀਵਿਟੀ ਨੂੰ ਰੋਕਣਾ ਤੇ ਹਾਊਸਿੰਗ ਸੰਕਟ ਨਾਲ ਨਜਿੱਠਣਾ। ਇਸ ਲਈ ਸਰ੍ਹੀ ਵਾਸੀਆਂ ਨੂੰ ਓਟਵਾ ਵਿੱਚ ਅਜਿਹੀ ਸਰਕਾਰ ਚਾਹੀਦੀ ਹੈ ਜਿਹੜੀ ਇਨ੍ਹਾਂ ਮੁੱਦਿਆ ਨੂੰ ਗੰਭੀਰਤਾ ਨਾਲ ਲੈ ਸਕੇ। ਅਸੀਂ ਖੋਖਲੇ ਵਾਅਦਿਆਂ ਦੀ ਥਾਂ ਠੋਸ ਕਾਰਵਾਈ ਵਿੱਚ ਯਕੀਨ ਕਰਦੇ ਹਾਂ ਕਿਉਂਕਿ ਐਨਡੀਪੀ ਚੋਣਾਂ ਦੇ ਪਿੜ ਵਿੱਚ ਸਿਰਫ ਤੁਹਾਡੇ ਕਰਕੇ ਹੀ ਨਿੱਤਰੀ ਹੈ।