Copyright & copy; 2019 ਪੰਜਾਬ ਟਾਈਮਜ਼, All Right Reserved
ਸੰਦੀਪ ਸਿੰਘ ਧਾਲੀਵਾਲ ਨੂੰ ਹਜ਼ਾਰਾਂ ਹੀ ਲੋਕਾਂ ਨੇ ਦਿੱਤੀ ਅੰਤਿਮ ਸ਼ਰਧਾਂਜ਼ਲੀ

ਸੰਦੀਪ ਸਿੰਘ ਧਾਲੀਵਾਲ ਨੂੰ ਹਜ਼ਾਰਾਂ ਹੀ ਲੋਕਾਂ ਨੇ ਦਿੱਤੀ ਅੰਤਿਮ ਸ਼ਰਧਾਂਜ਼ਲੀ

ਹਿਊਸਟਨ: ਅਮਰੀਕਾ ਦੇ ਸ਼ਹਿਰ ਹਿਊਸਟਨ ਦੇ ਪੁਲਿਸ ਵਿਭਾਗ ਵਿੱਚ ਡਿਪਟੀ ਦੇ ਅਹੁਦੇ ‘ਤੇ ਤੈਨਾਤ ਸੰਦੀਪ ਸਿੰਘ ਧਾਲੀਵਾਲ ਦੀ ਬੀਤੇ ਦਿਨੀਂ ਡਿਊਟੀ ਦੌਰਾਨ ਇੱਕ ਵਿਅਕਤੀ ਵੱਲੋਂ ਗੋਲੀ ਮਾਰਨ ਨਾਲ ਹੋਈ ਮੌਤ ਮਗਰੋਂ ਬੀਤੇ ਦਿਨੀਂ ਉਹਨਾਂ ਦਾ ਪੂਰੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ। ਸੰਦੀਪ ਸਿੰਘ ਧਾਲੀਵਾਲ ਦੇ ਅੰਤਿਮ ਸੰਸਕਾਰ ਮੌਕੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਅਤੇ ਸੰਦੀਪ ਸਿੰਘ ਨੂੰ ਆਖਰੀ ਫਤਹਿ ਬੁਲਾਉਣ ਲਈ ਹਜ਼ਾਰਾਂ ਲੋਕ ਸ਼ਾਮਿਲ ਹੋਏ। ਇਹ ਲੋਕ ਹਿਊਸਟਨ ਦੇ ਵਾਸੀ ਵੱਖ-ਵੱਖ ਧਰਮਾਂ, ਜਾਤਾਂ, ਰੰਗਾਂ, ਨਸਲਾਂ ਅਤੇ ਕੰਮਾਂ ਨਾਲ ਸਬੰਧਿਤ ਸਨ ਜੋ ਸੰਦੀਪ ਸਿੰਘ ਧਾਲੀਵਾਲ ਦੀਆਂ ਸੇਵਾਵਾਂ ਕਰਕੇ ਉਸਨੂੰ ਪਿਆਰ ਕਰਦੇ ਹਨ। ਸਿੱਖ ਭਾਈਚਾਰੇ ਦਾ ਮਾਣ ਵਧਾਉਣ ਵਾਲੇ ਸੰਦੀਪ ਸਿੰਘ ਧਾਲੀਵਾਲ ਦਾ ਅੰਤਿਮ ਸੰਸਕਾਰ ਸਿੱਖ ਮਰਿਯਾਦਾ ਮੁਤਾਬਿਕ ਕੀਤਾ ਗਿਆ ਜਿਸ ਮੌਕੇ ਉਹਨਾਂ ਨੂੰ ਪੁਲਿਸ ਵਿਭਾਗ ਦੇ ਵਿਧਾਨ ਮੁਤਾਬਿਕ ਅਮਰੀਕਾ ਦੇ ਝੰਡੇ ਦੇ ਸਨਮਾਨ ਨਾਲ ਅਤੇ 21 ਫਾਇਰਾਂ ਦੇ ਸਲੂਟ ਨਾਲ ਆਖਰੀ ਵਿਦਾਇਗੀ ਦਿੱਤੀ ਗਈ। ਇਸ ਮੌਕੇ ਹੈਲੀਕਾਪਟਰਾਂ ਵੱਲੋਂ ਸੰਦੀਪ ਸਿੰਘ ਧਾਲੀਵਾਲ ਦੇ ਸਨਮਾਨ ਵਿੱਚ ਉਡਾਣ ਭਰੀ ਗਈ ਅਤੇ ਪੁਲਿਸ ਬੈਂਡ ਵੱਲੋਂ ਧੁਨਾਂ ਨਾਲ ਉਹਨਾਂ ਦੀਆਂ ਸੇਵਾਵਾਂ ਦਾ ਸਨਮਾਨ ਕੀਤਾ ਗਿਆ। ਯੁਨਾਈਟਿਡ ਸਿੱਖਜ਼ ਨਾਂ ਦੀ ਸੰਸਥਾ ਵਲੋਂ ਆਪਣੇ ਤੌਰ ‘ਤੇ ਸੰਦੀਪ ਸਿੰਘ ਦੇ ਪਰਿਵਾਰ ਲਈ ਫੰਡ ਇੱਕਠਾ ਕੀਤਾ ਗਿਆ। ਇਸ ਮੌਕੇ ਪੇਸ਼ੇਵਰ ਸਪੈਨਿਸ਼ ਮੂਲ ਦੇ ਨੌਜਵਾਨ ਬਾਸਕਟਬਾਲ ਦੇ ਖਿਡਾਰੀ ਕਾਰਲੋਸ ਕਰੀਆ ਨੇ ਧਾਲੀਵਾਲ ਦੇ ਪਰਿਵਾਰ ਨਾਲ ਮਿਲ ਕੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ 10,000 ਡਾਲਰ ਦੀ ਰਾਸ਼ੀ ਦਿੱਤੀ। ਇਸ ਤੋਂ ਇਲਾਵਾ ‘ਹਿਊਸਟਨ ਟੈਕਸਾਸ’ ਨਾਂ ਦੇ ਇਕ ਰਗਬੀ ਕਲੱਬ ਨੇ ਆਪਣੇ ਇਕ ਮੈਚ ਦੌਰਾਨ ਇਕੱਠੀ ਕੀਤੀ ਸਾਰੀ ਰਾਸ਼ੀ ਧਾਲੀਵਾਲ ਪਰਿਵਾਰ ਨੂੰ ਸੌਂਪਣ ਦੀ ਵੀ ਗੱਲ ਕਹੀ। ਇੱਥੇ ‘ਚਿਕ-ਫਿਲ-ਏ’ ਨਾਂ ਦੇ ਇਕ ਰੈਸਟੋਰੈਂਟ ਨੇ ਸੰਦੀਪ ਧਾਲੀਵਾਲ ਨੂੰ ਆਪਣੀ ਸ਼ਰਧਾਂਜਲੀ ਦਿੰਦੇ ਹੋਏ ਉਨ੍ਹਾਂ ਦੇ ਨਾਂ ‘ਤੇ ਇਕ ਟੇਬਲ ਸਥਾਪਤ ਕੀਤਾ। ਇੱਥੇ ਵਿਸ਼ੇਸ਼ ਤੌਰ ‘ਤੇ ਦੱਸਣਾ ਬਣਦਾ ਹੈ ਕਿ ਹਾਲ ਹੀ ਵਿਚ ਪੰਜਾਬ ਵਿਚ ਆਏ ਹੜ੍ਹਾਂ ਦੌਰਾਨ ਉਨ੍ਹਾਂ ਦੇ ਪਿੰਡ ‘ਚ ਪ੍ਰਭਾਵਿਤ ਲੋਕਾਂ ਦੀ ਮਦਦ ਕਰਨ ਵਾਲੀ ਟੀਮ ਨੇ ਸੰਦੀਪ ਸਿੰਘ ਦੀ ਅਗਵਾਈ ਵਿਚ ਹੀ ਕੰਮ ਕੀਤਾ ਸੀ।