Copyright © 2019 - ਪੰਜਾਬੀ ਹੇਰਿਟੇਜ
ਪੰਜਾਬੀ ਗਾਇਕੀ ਵੀ ਬਣੀ ਇੱਕ ਵੱਡਾ ਵਪਾਰਕ ਅਦਾਰਾ – ਦੇਵ ਥਰੀਕੇ ਵਾਲਾ

ਪੰਜਾਬੀ ਗਾਇਕੀ ਵੀ ਬਣੀ ਇੱਕ ਵੱਡਾ ਵਪਾਰਕ ਅਦਾਰਾ – ਦੇਵ ਥਰੀਕੇ ਵਾਲਾ

– ਗੁਰਦਾਸ ਮਾਨ ਨੂੰ ਭੱਦੀ ਸ਼ਬਦਾਵਲੀ ਲਈ ਮੰਗ ਲੈਣੀ ਚਾਹੀਦੀ ਸੀ ਮਾਫ਼ੀ, – ਸਿੱਖ ਕੌਮ ਦੇ ਨਾਇਕਾਂ ਦੀ ਲੱਚਰਤਾ ਨਾਲ ਤੁਲਣਾ ਮੰਦਭਾਗਾ

ਵੈਨਕੂਵਰ :-(ਬਰਾੜ-ਭਗਤਾ ਭਾਈ ਕਾ) ਪੰਜਾਬੀ ਦੇ ਸੁਪ੍ਰਸਿੱਧ ਗੀਤਕਾਰ ਦੇਵ ਥਰੀਕੇ ਵਾਲਾ ਨੇ ਪੰਜਾਬੀ ਗਾਇਕੀ ਦੀ ਗੱਲ ਕਰਦਿਆਂ ਚਿੰਤਾ ਪ੍ਰਗਟ ਕੀਤੀ ਹੈ ਕਿ ਪੰਜਾਬੀ ਗਾਇਕੀ ਵੀ ਅੱਜ ਕੱਲ ਇੱਕ ਵੱਡਾ ਵਪਾਰਕ ਅਦਾਰਾ ਬਣ ਚੁੱਕਾ ਹੈ।
ਕੈਨੇਡਾ ਵਿੱਚ ਗੁਰਦਾਸ ਮਾਨ ਖ਼ਿਲਾਫ਼ ਪੰਜਾਬੀ ਬੋਲੀ ਨੂੰ ਲੈ ਕੇ ਐਬਟਸਫੋਰਡ ਅਤੇ ਐਡਮਿੰਟਨ ‘ਚ ਹੋਏ ਜ਼ਬਰਦਸਤ ਮੁਜ਼ਾਹਰੇ ਬਾਰੇ ਫ਼ੋਨ ਦੁਬਾਰਾ ਪੁੱਛੇ ਜਾਣ ‘ਤੇ ਦੇਵ ਥਰੀਕੇ ਵਾਲਾ ਨੇ ਕਿਹਾ ਕਿ ਗੁਰਦਾਸ ਮਾਨ ਨੇ ਜੋ ਭੱਦੀ ਸ਼ਬਦਾਵਲੀ ਸਟੇਜ ਤੋਂ ਬੋਲੀ ਹੈ ਉਹ ਨਿੰਦਣਯੋਗ ਹੈ ਅਤੇ ਉਸ ਨੂੰ ਉਸੇ ਵਿਅਕਤੀ ਕੋਲੋਂ ਉਸੇ ਵਕਤ ਹੀ ਮਾਫ਼ੀ ਮੰਗ ਲੈਣੀ ਚਾਹੀਦੀ ਸੀ ਜਿਸ ਸਮੇਂ ਚੱਲਦੇ ਪ੍ਰੋਗਰਾਮ ‘ਚ ਭੱਦੀ ਸ਼ਬਦਾਵਲੀ ਬੋਲੀ ਗਈ ਸੀ। ਦੇਵ ਨੇ ਕਿਹਾ ਕਿ ਪੰਜਾਬੀ ਗਾਇਕੀ ਵਿੱਚ ਦਿਨ-ਬ-ਦਿਨ ਨਿਘਾਰ ਆਉਂਦਾ ਜਾ ਰਿਹਾ ਹੈ ਅਤੇ ਅੱਜ ਦੀ ਗਾਇਕੀ ਨੇ ਵਪਾਰ ਨੂੰ ਅਪਣਾਅ ਲਿਆ ਹੈ। ਉਨ੍ਹਾਂ ਕਿਹਾ ਕਿ ਅੱਜ ਦੀ ਗਾਇਕੀ ਵਿੱਚ ਗੰਦ ਪੈ ਜਾਣ ਕਾਰਨ ਲੱਚਰਤਾ ਝਲਕਦੀ ਸੁਣਾਈ ਦਿੰਦੀ ਹੈ। ਉਨ੍ਹਾਂ ਨੇ ਗਾਇਕਾਂ, ਗੀਤਕਾਰਾਂ ਅਤੇ ਸਰੋਤਿਆਂ ਬਾਰੇ ਗੱਲ ਕਰਦਿਆਂ ਕਿਹਾ ਕਿ ਲੱਚਰ ਗੀਤ ਗਾਉਣ ਵਾਲਿਆਂ ਨਾਲੋ ਸੁਣਨ ਵਾਲਿਆਂ ਦਾ ਵੀ ਕਸੂਰ ਵੱਧ ਹੈ ਕਿਉਂਕਿ ਲੱਚਰਤਾ ਸੁਣਨ ਵਾਲੇ ਥੋੜ੍ਹੇ ਹੀ ਸਰੋਤੇ ਹੁੰਦੇ ਹਨ ਜਿਸ ਕਰਕੇ ਗਾਇਕ ਗੀਤਕਾਰਾਂ ਨੂੰ ਉਹ ਕਲਮ ਵਹਾਉਂਣ ਲਈ ਮਜਬੂਰ ਕਰਦੇ ਹਨ ਜਿਹੜੀ ਕਲਮ ‘ਚੋਂ ਲੱਚਰਤਾ ਝਲਕੇ ਤਾਂ ਕਿ ਉਹ ਲੱਚਰਤਾ ਪਸੰਦ ਕਰਨ ਵਾਲੇ ਸਰੋਤਿਆਂ ਨੂੰ ਖੁਸ਼ ਕਰਕੇ ਆਪਣੇ ਵਪਾਰ ਵਿੱਚ ਵਾਧਾ ਕਰ ਸਕਣ।
ਪੁਰਾਣੇ ਗੀਤਾਂ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਕੁਝ ਦਹਾਕੇ ਪਹਿਲਾਂ ਦਿਉਰ ਭਾਬੀਆਂ, ਜੇਠ ਭਰਜਾਈਆਂ, ਜੀਜੇ ਸਾਲੀਆਂ ਅਤੇ ਉਹ ਗੀਤਾਂ ਦਾ ਬੋਲਬਾਲਾ ਸੀ ਜਿਹੜੇ ਗੀਤ ਪਰਿਵਾਰ ਵਿੱਚ ਵੀ ਬਹਿ ਕੇ ਸੁਣੇ ਜਾ ਸਕਦੇ ਸਨ, ਪਰ ਅੱਜ ਦੇ ਗੀਤ ਸੁਣਨ ‘ਚ ਇਕੱਲੇ ਮਨੁੱਖ ਨੂੰ ਵੀ ਸ਼ਰਮਿੰਦਗੀ ਮਹਿਸੂਸ ਹੁੰਦੀ ਹੈ।
ਕਿਸੇ ਗਾਇਕ ਦਾ ਨਾਂ ਲਏ ਬਿਨਾਂ ਦੇਵ ਥਰੀਕਿਆਂ ਵਾਲੇ ਨੇ ਕਿਹਾ ਕਿ ਅੱਜ ਦੇ ਗਾਇਕ ਸਿੱਖ ਕੌਮ ਦੇ ਨਾਇਕਾਂ ਦੀ ਪੰਜਾਬੀ ਸੱਭਿਆਚਾਰ ਤੋਂ ਦੂਰ ਹੋਏ ਲੱਚਰਤਾ ਪਸੰਦ ਲੋਕਾਂ ਨਾਲ ਤੁਲਣਾ ਕਰਕੇ ਪੰਜਾਬੀ ਗਾਇਕੀ ਅਤੇ ਗੀਤਕਾਰੀ ਨੂੰ ਢਾਹ ਲਾ ਰਹੇ ਹਨ।
ਸਤੰਬਰ ਮਹੀਨੇ ਦੇ ਆਖ਼ਰੀ ਹਫ਼ਤੇ ਉਮਰ ਦਾ ਅੱਠਵਾਂ ਦਹਾਕਾ ਪਾਰ ਕਰਦਿਆਂ ਦੇਵ ਥਰੀਕਿਆਂ ਵਾਲੇ ਨੇ ਕਿਹਾ ਕਿ ਅੱਜ ਦੇ ਗਾਇਕ ਅਤੇ ਗੀਤਕਾਰ ਸਮਾਜ ਨੂੰ ਸੇਧ ਦੇਣ ਵਾਲੀ ਅਤੇ ਪੰਜਾਬੀ ਸੱਭਿਆਚਾਰ ਨੂੰ ਬਣਾਈ ਰੱਖਣ ਵਾਲੀ ਕਲਮ ਤੋਂ ਦੂਰ ਹੁੰਦੇ ਜਾ ਰਹੇ ਹਨ ਜਿਸ ਕਰਕੇ ਪੰਜਾਬੀ ਸਭਿਆਚਾਰ ਨੂੰ ਵੱਡੀ ਮਾਰ ਪੈ ਚੁੱਕੀ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਦੇ ਗੁਆਚ ਚੁੱਕੇ ਜਾਂ ਗੁਆਚ ਰਹੇ ਸ਼ਬਦਾਂ ਨੂੰ ਮੁੜ ਤੋਂ ਸੁਰਜੀਤ ਕਰਨ ਦੀ ਲੋੜ ਹੈ ਤਾਂ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਪੰਜਾਬੀ ਵਿਰਸੇ ਦੀ ਸਦਾ ਹੀ ਵਕਾਲਤ ਕਰਦੀਆਂ ਰਹਿਣ।
ਆਖ਼ਰ ਵਿੱਚ ਦੇਵ ਥਰੀਕੇ ਨੇ ਗਾਇਕਾਂ ਅਤੇ ਗੀਤਕਾਰਾਂ ਨੂੰ ਬੇਨਤੀ ਵੀ ਕੀਤੀ ਹੈ ਅਤੇ ਸੁਝਾਅ ਵੀ ਦਿੱਤਾ ਹੈ ਕਿ ਉਹ ਪੰਜਾਬੀ ਸਭਿਆਚਾਰ ਨੂੰ ਬਣਾਈ ਰੱਖਣ ਲਈ ਪੰਜਾਬੀ ਗਾਇਕੀ ਅਤੇ ਗੀਤਕਾਰੀ ਨੂੰ ਮੈਲ਼ੀ ਹੋਣ ਤੋਂ ਬਚਾਈ ਰੱਖਣ ਤਾਂ ਕਿ ਸਾਡਾ ਅਮੀਰ ਪੰਜਾਬੀ ਸਭਿਆਚਾਰ ਸਦਾ ਹੀ ਅਮੀਰ ਰਹੇ।