Copyright & copy; 2019 ਪੰਜਾਬ ਟਾਈਮਜ਼, All Right Reserved
ਦੁਨੀਆਂ ‘ਚ 11.3 ਕਰੋੜ ਤੋਂ ਵੱਧ ਲੋਕ ਹਨ ਭੁੱਖਮਰੀ ਦਾ ਸ਼ਿਕਾਰ: ਸੰਯੁਕਤ ਰਾਸ਼ਟਰ

ਦੁਨੀਆਂ ‘ਚ 11.3 ਕਰੋੜ ਤੋਂ ਵੱਧ ਲੋਕ ਹਨ ਭੁੱਖਮਰੀ ਦਾ ਸ਼ਿਕਾਰ: ਸੰਯੁਕਤ ਰਾਸ਼ਟਰ

ਪੈਰਿਸ: ਪਿਛਲੇ ਸਾਲ ਦੁਨੀਆ ਦੇ 53 ਦੇਸ਼ਾਂ ਵਿਚ 11.3 ਕਰੋੜ ਤੋਂ ਵੱਧ ਲੋਕ ਲੜਾਈ ਅਤੇ ਖ਼ਰਾਬ ਮੌਸਮ ਦੇ ਚਲਦੇ ਭੋਜਨ ਦੀ ਕਮੀ ਦਾ ਸ਼ਿਕਾਰ ਹੋਏ। ਭੋਜਨ ਸੰਕਟ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਅਫ਼ਰੀਕਾ ਰਿਹਾ। ਸੰਯੁਕਤ ਰਾਸ਼ਟਰ (ਯੂਐਨ) ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿਤੀ। ਭੋਜਨ ਅਤੇ ਖੇਤੀਬਾੜੀ ਸੰਗਠਨ ਨੇ ਭੋਜਨ ਸੰਕਟ ਉਤੇ 2019 ਦੀ ਅਪਣੀ ਰਿਪੋਰਟ ਵਿਚ ਦੱਸਿਆ ਕਿ ਯਮਨ, ਕਾਂਗੋ ਲੋਕਤੰਤਰਿਕ ਲੋਕ-ਰਾਜ, ਅਫ਼ਗਾਨਿਸਤਾਨ ਅਤੇ ਸੀਰੀਆ ਉਨ੍ਹਾਂ ਅੱਠ ਦੇਸ਼ਾਂ ਵਿਚ ਸ਼ਾਮਿਲ ਹਨ, ਜਿੱਥੇ ਕਾਲ ਦੇ ਸ਼ਿਕਾਰ ਲੋਕਾਂ ਦਾ ਦੋ ਤਿਹਾਈ ਹਿੱਸਾ ਹੈ।
ਇਸ ਦੇ ਲਈ ਆਰਥਿਕ ਉੱਥਲ-ਪੁੱਥਲ ਅਤੇ ਖ਼ਰਾਬ ਮੌਸਮ ਜਿਵੇਂ ਸੋਕਾ ਅਤੇ ਹੜ੍ਹ ਦੇ ਨਾਲ ਹੀ ਸੰਘਰਸ਼ ਅਤੇ ਅਸੁਰੱਖਿਆ ਅਹਿਮ ਕਾਰਕ ਰਹੇ। ਤਿੰਨ ਸਾਲ ਪਹਿਲਾਂ ਸ਼ੁਰੂ ਹੋਏ ਇਸ ਸਲਾਨਾ ਅਧਿਐਨ ਵਿਚ ਇਸ ਭਿਆਨਕ ਸੰਕਟ ਵਿਚ ਘਿਰੇ ਦੇਸ਼ਾਂ ਦਾ ਜਾਇਜ਼ਾ ਲਿਆ ਜਾਂਦਾ ਹੈ। ਐਫ਼ਏਓ ਦੇ ਐਂਮਰਜੈਂਸੀ ਡਾਇਰੈਕਟਰ ਡੋਮਨਿਕ ਬੁਰਜੂਆ ਨੇ ਦੱਸਿਆ ਕਿ ਇਸ ਸੰਕਟ ਦੀ ਸਭ ਤੋਂ ਜ਼ਿਆਦਾ ਮਾਰ ਅਫ਼ਰੀਕੀ ਦੇਸ਼ਾਂ ਨੂੰ ਪਈ ਹੈ, ਜਿੱਥੇ 7.2 ਕਰੋੜ ਲੋਕ ਭੋਜਨ ਦੀ ਕਮੀ ਨਾਲ ਜੂਝ ਰਹੇ ਹਨ।
ਬੁਰਜੂਆ ਨੇ ਕਿਹਾ ਕਿ ਭੁੱਖਮਰੀ ਦੇ ਕਗਾਰ ਉਤੇ ਖੜੇ ਦੇਸ਼ਾਂ ਵਿਚ 80 ਫ਼ੀਸਦੀ ਲੋਕ ਖੇਤੀਬਾੜੀ ਉਤੇ ਨਿਰਭਰ ਹਨ। ਉਨ੍ਹਾਂ ਨੂੰ ਭੋਜਨ ਲਈ ਐਂਮਰਜੈਂਸੀ ਮਨੁੱਖੀ ਸਹਾਇਤਾ ਦੀ ਜ਼ਰੂਰਤ ਹੈ ਅਤੇ ਖੇਤੀਬਾੜੀ ਵਿਚ ਸੁਧਾਰ ਲਈ ਕਦਮ ਚੁੱਕਣ ਦੀ ਲੋੜ ਹੈ। ਇਸ ਰਿਪੋਰਟ ਵਿਚ ਵੱਡੀ ਗਿਣਤੀ ਵਿਚ ਸ਼ਰਣਾਰਥੀਆਂ ਨੂੰ ਸ਼ਰਨ ਦੇਣ ਵਾਲੇ ਦੇਸ਼ਾਂ, ਯੁੱਧ ਪ੍ਰਭਾਵਿਤ ਸੀਰੀਆ ਦੇ ਗੁਆਂਢੀ ਦੇਸ਼ਾਂ ਉਤੇ ਪੈਣ ਵਾਲੇ ਦਬਾਅ ਨੂੰ ਰੇਖਾਂਕਿਤ ਕੀਤਾ ਗਿਆ ਹੈ। ਅਜਿਹੇ ਦੇਸ਼ਾਂ ਵਿਚ ਬੰਗਲਾਦੇਸ਼ ਵੀ ਹੈ, ਜਿੱਥੇ ਮਿਆਮਾਂਰ ਦੇ ਲੱਖਾਂ ਰੋਹਿੰਗਿਆ ਸ਼ਰਨਾਰਥੀ ਹਨ।
ਐਫ਼ਏਓ ਨੇ ਕਿਹਾ ਕਿ ਜੇਕਰ ਵੈਨੇਜੁਏਲਾ ਵਿਚ ਰਾਜਨੀਤਕ ਅਤੇ ਆਰਥਿਕ ਸੰਕਟ ਬਣਿਆ ਰਹਿੰਦਾ ਹੈ, ਤਾਂ ਵਿਸਥਾਪਿਤ ਲੋਕਾਂ ਦੀ ਗਿਣਤੀ ਵੱਧ ਸਕਦੀ ਹੈ। ਵੈਨੇਜੁਏਲਾ ਇਸ ਸਾਲ ਭੋਜਨ ਐਂਮਰਜੈਂਸੀ ਦਾ ਐਲਾਨ ਕਰ ਸਕਦਾ ਹੈ।