Copyright & copy; 2019 ਪੰਜਾਬ ਟਾਈਮਜ਼, All Right Reserved
ਬੀ. ਸੀ. ਚੋਣਾਂ-2020 : ਵਾਅਦਿਆਂ ਤੇ ਦਾਅਵਿਆਂ ਜ਼ੋਰ

ਬੀ. ਸੀ. ਚੋਣਾਂ-2020 : ਵਾਅਦਿਆਂ ਤੇ ਦਾਅਵਿਆਂ ਜ਼ੋਰ

 

ਸਰੀ, (ਰਛਪਾਲ ਸਿੰਘ ਗਿੱਲ): ਬ੍ਰਿਟਿਸ਼ ਕੋਲੰਬੀਆ ਦੀਆਂ ਸੂਬਾਈ ਚੋਣਾਂ ਜੋ ਕਿ 24 ਅਕਤੂਬਰ ਨੂੰ ਹੋਣ ਜਾ ਰਹੀਆਂ ਹਨ, ਲਈ ਵੱਖ ਵੱਖ ਪਾਰਟੀਆਂ ਦੇ ਲੀਡਰਾਂ ਵਲੋਂ ਵਾਅਦੇ ਅਤੇ ਦਾਅਵੇ ਕੀਤੇ ਜਾ ਰਹੇ ਹਨ। ਵੋਟਾਂ ਵਿਚ ਸਿਰਫ਼ 10 ਦਿਨ ਹੀ ਬਚੇ ਹਨ ਅਤੇ ਬਹੁਤੇ ਵੋਟਰਾਂ ਨੇ ਡਾਕ ਰਾਹੀਂ ਵੋਟਾਂ ਰਜਿਸਟਰਡ ਕਰਵਾਈਆਂ ਹਨ ਜਿਸ ਨਾਲ ਚੋਣਾਂ ਦੇ ਅਸਲ ਨਤੀਜੇ ਆਉਣ ‘ਚ 2 ਹਫ਼ਤੇ ਤੋਂ ਵੱਧ ਦਾ ਸਮਾਂ ਲੱਗ ਸਕਦਾ ਹੈ।  87 ਮੈਂਬਰੀ ਲੈਜਿਸਲੇਚਰ ਲਈ ਤਿੰਨ ਪ੍ਰਮੁੱਖ ਪਾਰਟੀਆਂ-ਐਨ ਡੀ ਪੀ, ਲਿਬਰਲ ਅਤੇ ਗਰੀਨ ਪਾਰਟੀ ਦੇ ਲੀਡਰਾਂ ਤੇ ਉਮੀਦਵਾਰਾਂ ਵੱਲੋਂ ਆਪੋ ਆਪਣੀ ਜਿੱਤ ਲਈ ਅੱਡੀ ਚੋਟੀ ਦਾ ਜ਼ੋਰ ਲੱਗ ਰਿਹਾ ਹੈ।

ਸਿਆਸੀ ਪਾਰਟੀਆਂ ਵੱਲੋਂ ਨੀਤੀ ਪ੍ਰੋਗਰਾਮ ਐਲਾਨਣ ਉਪਰੰਤ ਵਾਅਦਿਆਂ ਦੀ ਝੜੀ ਜਾਰੀ ਹੈ। ਇਹਨਾਂ ਵਾਅਦਿਆਂ ਵਿਚ ਬੀ ਸੀ ਐਨ ਡੀ ਪੀ ਦੇ ਆਗੂ ਜੌਹਨ ਹੌਰਗਨ ਵੱਲੋਂ ਇਸ ਮੰਗਲਵਾਰ ਪਾਰਟੀ ਪਲੇਟਫਾਰਮ ਐਲਾਨਦਿਆਂ 1,25000 ਡਾਲਰ ਤੋਂ ਘੱਟ ਆਮਦਨ ਵਾਲੇ ਪਰਿਵਾਰਾਂ ਲਈ 1000 ਡਾਲਰ ਦਾ ਲਾਭ ਦਿੱਤੇ ਜਾਣ ਦੇ ਨਾਲ ਸਰੀ ਤੋਂ ਲੈਂਗਲੀ ਤੱਕ ਸਕਾਈਟਰੇਨ ਲਈ 1.5 ਬਿਲੀਅਨ ਡਾਲਰ ਦੇ ਫੰਡ ਤੋਂ ਇਲਾਵਾ ਸਰੀ ਲਈ ਦੂਸਰਾ ਹਸਪਤਾਲ ਬਣਾਉਣ, ਸੀਨੀਅਰਜ਼ ਲਈ ਹੋਮ ਕੇਅਰ ਸਹਾਇਤਾ ਵਿਚ ਵਾਧਾ, 10 ਸਾਲਾ ਕੈਂਸਰ ਕੇਅਰ ਪਲਾਨ, ਮੁਫਤ ਕੋਵਿਡ ਵੈਕਸੀਨ, ਆਈ ਸੀ ਬੀ ਸੀ ਮੁਨਾਫੇ ਵਿਚੋਂ ਆਟੋ ਚਾਲਕਾਂ ਨੂੰ ਰਿਬੇਟ ਦੇਣ, ਉਚ ਵਿਦਿਆ ਲਈ ਵਿਦਿਆਰਥੀਆਂ ਨੂੰ 4000 ਡਾਲਰ ਤੱਕ ਦੀ ਸਲਾਨਾ ਇਮਦਾਦ ਆਦਿ ਦੇ ਪ੍ਰਮੁੱਖ ਐਲਾਨ ਹਨ।

ਬੀ ਸੀ ਲਿਬਰਲ ਪਾਰਟੀ ਦੇ ਆਗੂ ਐਂਡਰਿਊ ਵਿਲਕਿਨਸਨ ਵੱਲੋਂ ਆਪਣੇ ਚੋਣਾਂ ਵਾਅਦਿਆਂ ਵਿਚ ਇਕ ਸਾਲ ਲਈ ਸੂਬਾਈ ਟੈਕਸ (ਪੀ ਐਸ ਟੀ) ਖਤਮ ਕੀਤੇ ਜਾਣ ਅਤੇ ਛੋਟੇ ਕਾਰੋਬਾਰਾਂ ਲਈ ਆਮਦਨ ਕਰ ਵਿਚ ਦੋ ਪ੍ਰਤੀਸ਼ਤ ਦੀ ਕਟੌਤੀ ਤੋਂ ਇਲਾਵਾ ਆਈ ਸੀ ਬੀ ਸੀ ਦੀ ਇਜਾਰੇਦਾਰੀ ਤੋੜਨ, ਸਰੀ ਵਿਚ ਦੂਸਰਾ ਹਸਪਤਾਲ ਬਣਾਉਣ, ਚਾਈਲਡ ਕੇਅਰ ਲਈ ਪ੍ਰਤੀ ਦਿਨ 10 ਡਾਲਰ, ਜੌਰਜ਼ ਮੈਸੀ ਟਨਲ ਦਾ ਥਾਂ 10 ਲੇਨ ਵਾਲਾ ਬ੍ਰਿਜ ਬਣਾਉਣ ਦੇ ਵੱਡੇ ਐਲਾਨਾਂ ਤੋਂ ਇਲਾਵਾ ਗੈਂਗਜ਼ ਦੇ ਖਾਤਮੇ ਲਈ ਪੁਲਿਸ ਅਤੇ ਮੈਂਟਲ ਹੈਲਥ ਟੀਮ ਲਈ ਵਿਸ਼ੇਸ਼ ਨਿਵੇਸ਼ ਕਰਨ ਦਾ ਐਲਾਨ ਕੀਤਾ ਗਿਆ ਹੈ। ਗਰੀਨ ਪਾਰਟੀ ਦੀ ਆਗੂ ਸੋਨੀਆ ਵੱਲੋਂ ਵਾਤਾਵਰਣ ਪ੍ਰੋਗਰਾਮਾਂ ਤੋਂ ਇਲਾਵਾ ਤਿੰਨ ਸਾਲ ਤੋਂ ਘੱਟ ਉਮਰ ਵਾਲੇ ਬੱਚਿਆਂ ਲਈ ਮੁਫ਼ਤ ਚਾਈਲਡ ਕੇਅਰ, ਬੱਚਿਆਂ ਲਈ ਮੁਫ਼ਤ ਪੜ੍ਹਾਈ ਦੇ ਐਲਾਨ ਕੀਤੇ ਹਨ।

ਦੋਵਾਂ ਪਾਰਟੀਆਂ ਵੱਲੋਂ ਵੋਟਾਂ ਬਟੋਰਨ ਦੇ ਮਕਸਦ ਨਾਲ ਇਕ ਦੂਸਰੇ ਤੋਂ ਵੱਧਕੇ ਵਾਅਦੇ ਤਾਂ ਕੀਤੇ ਜਾ ਰਹੇ ਹਨ ਪਰ ਇਹ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਲੀਡਰ ਆਪਣੇ ਕੀਤੇ ਵਾਅਦਿਆਂ ‘ਤੇ ਕਿੰਨੇ ਕੁ ਖਰੇ ਉੱਤਰਦੇ ਹਨ।