Copyright & copy; 2019 ਪੰਜਾਬ ਟਾਈਮਜ਼, All Right Reserved
ਭਾਰਤ ‘ਚ ਸੱਤ ਸਾਲਾਂ ਦੌਰਾਨ ਸ਼ਰਾਬ ਦੀ ਖ਼ਪਤ 38 ਫ਼ੀਸਦ ਵਧੀ

ਭਾਰਤ ‘ਚ ਸੱਤ ਸਾਲਾਂ ਦੌਰਾਨ ਸ਼ਰਾਬ ਦੀ ਖ਼ਪਤ 38 ਫ਼ੀਸਦ ਵਧੀ

ਨਵੀਂ ਦਿੱਲੀ : ਭਾਰਤ ‘ਚ 2010 ਤੋਂ 2017 ਵਿਚਕਾਰ ਸ਼ਰਾਬ ਦੀ ਖ਼ਪਤ ‘ਚ ਸਾਲਾਨਾ 38 ਫ਼ੀਸਦ ਦਾ ਵਾਧਾ ਦਰਜ ਕੀਤਾ ਗਿਆ ਹੈ। ਇਸ ਦੇ ਨਾਲ 1990 ਤੋਂ ਬਾਅਦ ਆਲਮੀ ਪੱਧਰ ‘ਤੇ ਸ਼ਰਾਬ ਦੀ ਵਰਤੋਂ ਦੀ ਕੁੱਲ ਮਾਤਰਾ ‘ਚ 70 ਫ਼ੀਸਦ ਦਾ ਵਾਧਾ ਹੋਇਆ ਹੈ। ਇਹ ਦਾਅਵਾ ਬੁੱਧਵਾਰ ਨੂੰ ਪ੍ਰਕਾਸ਼ਿਤ ਇਕ ਅਧਿਐਨ ‘ਚ ਕੀਤਾ ਗਿਆ ਹੈ। ‘ਦਿ ਲਾਂਸੇਟ’ ਪੱਤਰਿਕਾ ‘ਚ 1999 ਤੋਂ 2017 ਦਰਮਿਆਨ 189 ਮੁਲਕਾਂ ‘ਚ ਸ਼ਰਾਬ ਦੀ ਵਰਤੋਂ ਬਾਰੇ ਅਧਿਐਨ ਪ੍ਰਕਾਸ਼ਿਤ ਕੀਤਾ ਗਿਆ ਹੈ। ਸਾਲ 2030 ਤਕ ਸ਼ਰਾਬ ਪੀਣ ਵਾਲਿਆਂ ਦੀ ਅੰਦਾਜ਼ਨ ਗਿਣਤੀ ਦੱਸਦੀ ਹੈ ਕਿ ਸ਼ਰਾਬ ਦੀ ਵਰਤੋਂ ਖ਼ਿਲਾਫ਼ ਟੀਚਾ ਹਾਸਲ ਕਰਨ ਲਈ ਮੁਲਕ ਸਹੀ ਦਿਸ਼ਾ ਵੱਲ ਨਹੀਂ ਵੱਧ ਰਹੇ ਹਨ। ਜਰਮਨੀ ‘ਚ ਟੀਯੂ ਡ੍ਰੇਸਡੇਨ ਦੇ ਖੋਜਾਰਥੀਆਂ ਨੇ ਦੱਸਿਆ ਕਿ 2010 ਅਤੇ 2017 ਵਿਚਕਾਰ ਭਾਰਤ ‘ਚ ਸ਼ਰਾਬ ਦੀ ਖ਼ਪਤ 38 ਫ਼ੀਸਦੀ ਤਕ ਵਧੀ ਅਤੇ ਇਹ ਮਾਤਰਾ ਹਰ ਸਾਲ 4.3 ਤੋਂ 5.9 ਲਿਟਰ ਪ੍ਰਤੀ ਵਿਅਕਤੀ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸੇ ਵਕਫ਼ੇ ‘ਚ ਅਮਰੀਕਾ (9.3 ਤੋਂ 9.8 ਲਿਟਰ) ਅਤੇ ਚੀਨ ‘ਚ (7.1 ਤੋਂ 7.4 ਲਿਟਰ) ਸ਼ਰਾਬ ਦੀ ਖ਼ਪਤ ‘ਚ ਮਾਮੂਲੀ ਵਾਧਾ ਦਰਜ ਕੀਤਾ ਗਿਆ। ਅਧਿਐਨ ਮੁਤਾਬਕ 1990 ਮਗਰੋਂ ਆਲਮੀ ਪੱਧਰ ‘ਤੇ ਸ਼ਰਾਬ ਦੀ ਵਰਤੋਂ ਦੀ ਕੁੱਲ ਮਾਤਰਾ ‘ਚ 70 ਫ਼ੀਸਦੀ ਦਾ ਵਾਧਾ ਹੋਇਆ ਹੈ। ਸ਼ਰਾਬ ਦੀ ਵਧੀ ਖ਼ਪਤ ਅਤੇ ਆਬਾਦੀ ‘ਚ ਵਾਧੇ ਦੇ ਸਿੱਟੇ ਵਜੋਂ ਆਲਮੀ ਪੱਧਰ ‘ਤੇ ਹਰ ਸਾਲ ਸ਼ਰਾਬ ਦੀ ਕੁੱਲ ਮਾਤਰਾ ‘ਚ ਇਹ ਵਾਧਾ ਦਰਜ ਹੋਇਆ ਹੈ। ਇਹ ਸਾਲ 1990 ‘ਚ 2099.9 ਕਰੋੜ ਲਿਟਰ ਤੋਂ ਵੱਧ ਕੇ ਸਾਲ 2017 ‘ਚ 3567.6 ਕਰੋੜ ਲਿਟਰ ਹੋ ਗਈ।