Copyright & copy; 2019 ਪੰਜਾਬ ਟਾਈਮਜ਼, All Right Reserved
ਸਿਰਫ 4 ਬਰਾਤੀ, ਪੂਰਨ ਗੁਰਮਰਿਯਾਦਾ ‘ਚ ਸਾਦਾ ਵਿਆਹ

ਸਿਰਫ 4 ਬਰਾਤੀ, ਪੂਰਨ ਗੁਰਮਰਿਯਾਦਾ ‘ਚ ਸਾਦਾ ਵਿਆਹ

ਸ਼ੋਰ ਸ਼ਰਾਬੇ ਅਤੇ ਫਜੂਲ ਰਸਮਾ ਨੂੰ ਕੀਤਾ ਦਰਕਿਨਾਰ

ਭਗਤਾ ਭਾਈਕਾ (ਵੀਰਪਾਲ ਭਗਤਾ) : ਸਥਾਨਿਕ ਸ਼ਹਿਰ ਵਿਖੇ ਸਿਰਫ ਚਾਰ ਬਰਾਤੀਆਂ ਨਾਲ ਆਏ ਲਾੜੇ ਦੇ ਵਿਆਹ ਸਮੇਂ ਲੜਕੀਆਂ ਪਰਿਵਾਰ ਵਲੋਂ ਕੀਤੇ ਗਏ ਸਾਦੇ ਵਿਆਹ ਦੀ ਉਸਾਰੂ ਸੋਚ ਵਾਲੇ ਲੋਕਾਂ ਵਿਚ ਖੂਬ ਪ੍ਰਸੰਸਾ ਹੋ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਥਾਨਿਕ ਸ਼ਹਿਰ ਦੇ ਮੋਹਨ ਸਿੰਘ ਖਾਲਸਾ ਖੱਦਰ ਭੰਡਾਰ ਵਾਲਿਆ ਦੀ ਹੋਣਹਾਰ ਬੇਟੀ ਹਰਪ੍ਰੀਤ ਕੌਰ ਦਾ ਸ਼ੁਭ ਵਿਆਹ ਵਿਆਹ ਕੋਟਕਪੁਰਾ ਦੇ ਊਧਮ ਸਿੰਘ ਕੌਸਲਰ ਦੇ ਬੇਟੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਨਾਲ ਹੋਣਾ ਤੈਅ ਹੋਇਆ ਸੀ, ਜੋ ਕਿ ਬਿਨ੍ਹਾ ਕਿਸੇ ਸ਼ੋਰ ਸ਼ਰਾਬੇ, ਦਾਜ-ਦਹੇਜ, ਮੀਟ-ਸ਼ਰਾਬ ਤੋਂ ਬਿਲਕੁੱਲ ਰਹਿਤ ਗੁਰਮਤਿ ਮਰਿਆਦਾ ਅਨੁਸਾਰ ਨੇਪਰੇ ਚੜਿਆ। ਇਸ ਵਿਆਹ ਲਈ ਲਾੜੇ ਨਾਲ ਉਸਦੇ ਮਾਤਾ-ਪਿਤਾ ਅਤੇ ਦੋ ਚਾਚਿਆਂ ਸਮੇਤ ਸਿਰਫ 4 ਬਰਾਤੀ ਸਨ। ਸਥਾਨਕ ਸ਼ਹਿਰ ਗੁਰਦੁਵਾਰਾ ਛੇਵੀਂ ਅਤੇ ਦਸਵੀ ਪਾਤਸਾਹੀ ਸਾਹਿਬ ਵਿਖੇ ਆਨੰਦ ਕਾਰਜ ਦੀ ਰਸਮ ਮੌਕੇ ਗ੍ਰੰਥੀ ਭਾਈ ਮਨਪ੍ਰੀਤ ਸਿੰਘ ਭਗਤਾ ਨੇ ਲਾਵਾਂ ਦਾ ਪਾਠ ਪੜਿਆ, ਅਰਦਾਸ-ਬੇਨਤੀ ਉਪਰੰਤ ਪਵਿੱਤਰ ਹੁਕਮਨਾਮਾ ਲਿਆ। ਭਾਈ ਹਰਵਿੰਦਰ ਸਿੰਘ ਦੇ ਰਾਗੀ ਜੱਥੇ ਨੇ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਗੁਰੂ ਚਰਨਾ ਨਾਲ ਜੋੜਿਆ। ਜਦ ਕਿ ਦਵਿੰਦਰਪਾਲ ਸਿੰਘ ਦੇ ਚਾਚਾ ਅਤੇ ਸੀਨੀਅਰ ਪੱਤਰਕਾਰ ਗੁਰਿੰਦਰ ਸਿੰਘ ਮਹਿੰਦੀਰੱਤਾ ਨੇ ਆਪਣੇ ਸੰਬੋਧਨ ਦੌਰਾਨ ਆਖਿਆ ਕਿ ‘ਸਾਦੇ ਵਿਆਹ ਸਾਦੇ ਭੋਗ-ਨਾ ਕਰਜਾ ਨਾ ਚਿੰਤਾ ਰੋਗ’ ਦਾ ਹੌਕਾ ਦੇਣ ਵਾਲੇ ਪ੍ਰੋ. (ਡਾ.) ਸਰਬਜੀਤ ਸਿੰਘ ਰੇਣੂਕਾ ਕੋਲ ਲੁਧਿਆਣਾ ਯੂਨੀਵਰਸਿਟੀ ‘ਚ ਪੜ੍ਹਾਈ ਕਰਨ ਮੌਕੇ ਦਵਿੰਦਰਪਾਲ ਸਿੰਘ ਨੇ ਆਪਣੇ ਪ੍ਰੋਫੈਸਰ ਅਤੇ ਸਾਥੀਆਂ ਨੂੰ ਵਿਸ਼ਵਾਸ਼ ਦਿਵਾਇਆ ਸੀ ਕਿ ਉਹ ਆਪਣਾ ਵਿਆਹ ਬਿਲਕੁੱਲ ਸਾਦੇ ਢੰਗ ਨਾਲ ਕਰਵਾਏਗਾ। ਇਸ ਮੌਕੇ ਮਹਿੰਦੀਰੱਤਾ ਨੇ ਦੱਸਿਆ ਕਿ ਲੜਕੀ ਹਰਪ੍ਰੀਤ ਕੌਰ ਦੀ ਵੀ ਇਹੀ ਇੱਛਾ ਸੀ ਕਿ ਉਸਦਾ ਵਿਆਹ ਬਿਲਕੁੱਲ ਸਾਦੇ ਢੰਗ ਨਾਲ ਹੋਵੇ। ਉਨ੍ਹਾ ਕਿਹਾ ਕਿ ਦੁਨੀਆਂ ਦੇ ਕੋਨੇ ਕੋਨੇ ‘ਚ ਵਸਦੇ ਪੰਜਾਬੀਆਂ ਨੂੰ ਅਜਿਹੇ ਪ੍ਰੇਰਨਾ ਸਰੋਤ ਬਣਨ ਵਾਲੇ ਸਾਦੇ ਵਿਆਹਾਂ ਤੋਂ ਪ੍ਰੇਰਨਾ ਲੈ ਕੇ ਫਜੂਲ ਖਰਚੀ ਤੋਂ ਰਹਿਤ ਖੁਸ਼ੀ-ਗਮੀ ਦੇ ਸਮਾਗਮ ਨੇਪਰੇ ਚੜਾਉਣੇ ਚਾਹੀਦੇ ਹਨ। ਦਵਿੰਦਰਪਾਲ ਅਤੇ ਹਰਪ੍ਰੀਤ ਨੇ ਵੀ ਮੰਨਿਆ ਕਿ ਉਹ ਸਾਦਾ ਵਿਆਹ ਕਰਵਾ ਕੇ ਨਵੀਂ ਪੀੜੀ ਨੂੰ ਵਿਲੱਖਣ ਸੁਨੇਹਾ ਦੇ ਕੇ ਇਸ ਪਿਰਤ ਨੂੰ ਹੋਰਨਾ ਲਈ ਪ੍ਰੇਰਨਾ ਸਰੋਤ ਬਣਾਉਣ ਦੀ ਦਿਲੀ ਇੱਛਾ ਰੱਖਦੇ ਸਨ। ਉਨਾਂ ਦੱਸਿਆ ਕਿ ਵਿਆਹ ਦੌਰਾਨ ਫਜੂਲ ਰਸਮਾ ਨੂੰ ਬਿਲਕੁੱਲ ਦਰਕਿਨਾਰ ਕਰਦਿਆਂ ਪਹਿਲਾਂ ਪੂਰਨ ਗੁਰ ਮਰਿਯਾਦਾ ਅਨੁਸਾਰ ਆਨੰਦ ਕਾਰਜ ਦੀ ਰਸਮ ਹੋਈ।