Copyright & copy; 2019 ਪੰਜਾਬ ਟਾਈਮਜ਼, All Right Reserved
ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਨੇ ਮਸੂਦ ਅਜ਼ਹਰ ਗਲੋਬਲ ਅੱਤਵਾਦੀ ਐਲਾਨਿਆ

ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਨੇ ਮਸੂਦ ਅਜ਼ਹਰ ਗਲੋਬਲ ਅੱਤਵਾਦੀ ਐਲਾਨਿਆ

ਵਾਸ਼ਿੰਗਟਨ : ਭਾਰਤ ਦੇ ਹੱਥ ਅੱਜ ਵੱਡੀ ਸਫਲਤਾ ਲੱਗੀ ਹੈ। ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵਲੋਂ ਸਮੂਦ ਅਜ਼ਹਰ ਨੂੰ ਗਲੋਬਲ ਅੱਤਵਾਦੀ ਐਲਾਨ ਕਰ ਦਿੱਤਾ ਗਿਆ ਹੈ। ਸੰਯੁਕਤ ਰਾਸ਼ਟਰ ‘ਚ ਭਾਰਤ ਦੇ ਰਾਜਦੂਤ ਸਈਦ ਅਕਬਰੂਦੀਨ ਨੇ ਇਹ ਜਾਣਕਾਰੀ ਦਿੱਤੀ ਹੈ। ਸੰਯੁਕਤ ਰਾਸ਼ਟਰ ਸੰਘ ਦੀ ਮਹੱਤਵਪੂਰਨ 1267 ਕਮੇਟੀ ਦੀ ਬੈਠਕ ‘ਚ ਇਹ ਫੈਸਲਾ ਲਿਆ ਗਿਆ ਹੈ।
ਬੀਤੇ ਦਿਨੀਂ ਜੰਮੂ-ਕਸ਼ਮੀਰ ਦੇ ਪੁਲਵਾਮਾ ‘ਚ ਸੀ.ਆਰ.ਪੀ.ਐੱਫ. ਦੇ ਵਾਹਨ ‘ਤੇ ਅੱਤਵਾਦੀ ਹਮਲਾ ਹੋਇਆ ਸੀ, ਜਿਸ ਦੌਰਾਨ 40 ਤੋਂ ਜ਼ਿਆਦਾ ਜਵਾਨਾਂ ਦੀ ਮੌਤ ਹੋ ਗਈ ਸੀ। ਇਸ ਦੀ ਜ਼ਿੰਮੇਦਾਰੀ ਜੈਸ਼-ਏ-ਮੁਹੰਮਦ ਨੇ ਲਈ ਸੀ। ਇਸ ਤੋਂ ਇਲਾਵਾ ਹੋਰ ਕਈ ਅੱਤਵਾਦੀ ਹਮਲਿਆਂ ਦੇ ਦੋਸ਼ੀ ਅਜ਼ਹਰ ਨੂੰ ਚੀਨ ਨੇ ਆਪਣੇ ਵੀਟੋ ਦੀ ਵਰਤੋਂ ਕਰਕੇ ਚਾਰ ਵਾਰ ਬਚਾਇਆ ਸੀ। ਪਰ ਇਸ ਵਾਰ ਚੀਨ ਨਰਮ ਪਿਆ। ਦੱਸਣਯੋਗ ਹੈ ਕਿ ਪੁਲਵਾਮਾ ਹਮਲੇ ਤੋਂ ਬਾਅਦ ਅਮਰੀਕਾ, ਬ੍ਰਿਟੇਨ ਤੇ ਫਰਾਂਸ ਸੰਯੁਕਤ ਰਾਸ਼ਟਰ ‘ਚ ਅਜ਼ਹਰ ਦੇ ਖਿਲਾਫ ਪ੍ਰਸਤਾਵ ਲੈ ਕੇ ਗਏ ਸਨ।
ਪਾਕਿਸਤਾਨ ‘ਚ ਸਥਿਤ ਮੰਨੇ ਜਾਂਦੇ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਸਰਗਨਾ ਮਸੂਦ ਅਜ਼ਹਰ ਨੂੰ ਅੱਤਵਾਦੀਆਂ ਨੇ 1999 ‘ਚ ਏਅਰ ਇੰਡੀਆ ਦੇ ਜਹਾਜ਼ ਨੂੰ ਹਾਈਜੈਕ ਕਰ ਕੇ ਯਾਤਰੀਆਂ ਨੂੰ ਛੱਡਣ ਦੇ ਬਦਲੇ ਭਾਰਤੀ ਜੇਲ੍ਹ ਵਿੱਚੋਂ ਛੁਡਾ ਲਿਆ ਸੀ। ਮੀਡੀਆ ਰਿਪੋਰਟਾਂ ‘ਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਹਾਲ ਹੀ ‘ਚ ਚੀਨ ਦੇ ਦੌਰੇ ‘ਤੇ ਗਏ ਸਨ, ਜਿਸ ਦੌਰਾਨ ਉਨ੍ਹਾਂ ਦੀ ਚੀਨ ਦੇ ਰਾਸ਼ਟਰਪਤੀ ਸ਼ੀ ਜ਼ਿਨਪਿੰਗ ਨਾਲ ਮੁਲਾਕਾਤ ਹੋਈ ਤਾਂ ਚੀਨ ਨੇ ਇਮਰਾਨ ਨੂੰ ਮਸੂਦ ਅਜ਼ਹਰ ਬਾਰੇ ਆਪਣੇ ਫੈਸਲੇ ਦੀ ਜਾਣਕਾਰੀ ਦੇ ਦਿੱਤੀ ਸੀ। ਇਹ ਵੀ ਪਤਾ ਲੱਗਾ ਹੈ ਕਿ ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਚੀਨ ‘ਤੇ ਦੁਨੀਆ ਦੇ ਕਈ ਦੇਸ਼ਾਂ ਦਾ ਦਬਾਅ ਸੀ।