ਇੱਦਾਂ ਵੀ ਹੁੰਦਾ ਹੈ ਪੰਜਾਬੀ ਭਾਸ਼ਾ ਦੇ ਲੇਖਕਾਂ ਦਾ ਸਨਮਾਨ!

ਇੱਦਾਂ ਵੀ ਹੁੰਦਾ ਹੈ ਪੰਜਾਬੀ ਭਾਸ਼ਾ ਦੇ ਲੇਖਕਾਂ ਦਾ ਸਨਮਾਨ!

ਜਦੋਂ ਮਾਤ ਭਾਸ਼ਾ ਦੇ ਮਾਣ-ਸਨਮਾਨ ਦਾ ਜ਼ਿਕਰ ਚਲਦਾ ਹੈ ਤਾਂ ਮਾਤ ਭਾਸ਼ਾ ਨੂੰ ਪ੍ਰਫੁਲਿਤ ਕਰਨ ਵਾਲੇ ਲੇਖਕ ਤੇ ਸਾਹਿਤਕਾਰ ਕੋਈ ਪਿੱਛੇ ਨਹੀਂ ਰਹਿ ਜਾਂਦੇ। ਇਹੀ ਮਾਤ ਭਾਸ਼ਾ ਦੇ ਅਸਲੀ ਸਤੰਭ ਹੁੰਦੇ ਹਨ, ਜਿਨ੍ਹਾਂ ਦੇ ਮੋਢਿਆਂ ੱਤੇ ਇਸ ਦੀ ਬਹੁ-ਮਿਨਾਰੀ ਇਮਾਰਤ ਟਿਕੀ ਹੁੰਦੀ ਹੈ। ਸਾਰੇ ਦੇਸ਼ਾਂ ਵਿਚ ਲੋਕ ਆਪਣੀ ਮਾਂ ਬੋਲੀ ਦੇ ਨਾਲ-ਨਾਲ ਇਸ ਵਿਚ ਸਾਹਿਤ ਸਿਰਜਣਾ ਕਰਨ ਵਾਲਿਆਂ ਦਾ ਵੀ ਭਰਪੂਰ ਸਨਮਾਨ ਕਰਦੇ ਹਨ। ਪਰ ਪੰਜਾਬੀ ਬੋਲੀ ਦੇ ਪ੍ਰਸ਼ੰਸਕਾਂ ਵਿਚ ਕਦੇ-ਕਦੇ ਇਸ ਤੋਂ ਉਲਟ ਪਰੰਪਰਾ ਵੀ ਚੱਲ ਪੈਂਦੀ ਹੈ। ਇੱਥੇ ਕਈ ਦਰਜਨਾਂ ਪੰਜਾਬੀ ਪੁਸਤਕਾਂ ਦੇ ਲੇਖਕ, ਦਰਜਨਾਂ ਹੀ ਪੰਜਾਬੀ ਯੂ ਟਿਊਬ ਵੀਡੀਓਜ਼ ਦੇ ਨਿਰਮਾਤਾ, ਦਰਜਨਾਂ ਅੰਤਰਰਾਸ਼ਟਰੀ ਗੋਸ਼ਟੀਆਂ ਦੇ ਭਾਗੀਦਾਰ ਤੇ ਗੁਰਮਤਿ ਕਾਲਜਾਂ ਵਿਚ ਅਧਿਆਪਕ ਰਹੇ ਗੁਰਬਾਣੀ ਦੇ ਜਾਣੇ-ਮਾਣੇ ਵਿਆਖਿਆਕਾਰ ਨੂੰ ‘ਅਨਪੜ੍ਹ’ ਕਹਿ ਕੇ ‘ਸਨਮਾਨਤ’ ਕੀਤਾ ਜਾਂਦਾ ਹੈ!
ਇਸ ਵਿਲੱਖਣ ਸਨਮਾਨ ਦੇ ਪਾਤਰ ਪ੍ਰੋਫੈਸਰ ਇੰਦਰ ਸਿੰਘ ਘੱਗਾ ਹਨ। ਹੈਰਾਨੀ ਦੀ ਗੱਲ ਇਹ ਕਿ ਅੱਜ ਤੀਕ ਪੰਜਾਬੀ ਬੋਲੀ ਦੇ ਕਿਸੇ ਵੀ ਸਰਦੇ-ਪੁੱਜਦੇ ਅਲੰਬਰਦਾਰ ਨੇ ਇਸ ਗੱਲ ਦਾ ਵਿਰੋਧ ਨਹੀਂ ਕੀਤਾ। ਕਈ ਤਾਂ ਚੁੱਪ ਰਹਿ ਕੇ ਇਸ ਗੱਲ ਦੀ ਪ੍ਰੋੜਤਾ ਵੀ ਕਰਦੇ ਹੋਣਗੇ। ਉਨ੍ਹਾਂ ਨੂੰ ਇਸ ਸਨਮਾਨ ਦਾ ਹੱਕਦਾਰ ਮੰਨਣ ਦੇ ਕਈ ਕਾਰਨ ਹੋ ਸਕਦੇ ਹਨ। ਕਈਆਂ ਨੂੰ ਉਨ੍ਹਾਂ ਦੇ ਯੂਨੀਵਰਸਿਟੀ ਡਿਗਰੀਆਂ ਤੋਂ ਵਿਹੀਨ ਹੋਣ ‘ਤੇ ਇਤਰਾਜ਼ ਹੈ, ਕਈ ਉਨ੍ਹਾਂ ਦੇ ਨਾਂ ਅੱਗੇ ਸ਼ਬਦ ‘ਪ੍ਰੋਫੈਸਰ’ ਲਾਉਣ ਨੂੰ ਭਾਰਤੀ ਸਿਖਿਆ ਪ੍ਰਣਾਲੀ ਦੇ ਕਿਸੇ ਲਿਖੇ-ਅਣਲਿਖੇ ਅਸੂਲ ਦੀ ਕੁਤਾਹੀ ਸਮਝਦੇ ਹੋਣਗੇ ਤੇ ਕਈ ਇਨ੍ਹਾਂ ਦੋਹਾਂ ਕਾਰਨਾਂ ਕਾਰਨ ਵੀ ਅਜਿਹਾ ਫਤਵਾ ਦੇਣਾ ਵਾਜਬ ਸਮਝਦੇ ਹੋਣਗੇ। ਪਰ ਇਹ ਗੱਲ ਤੈਅ ਲਗਦੀ ਹੈ ਕਿ ਕਿਸੇ ਨੇ ਵੀ ਉਨ੍ਹਾਂ ਦੀ ਕੋਈ ਰਚਨਾ ਪੜ੍ਹੀ ਤੇ ਵਿਚਾਰੀ ਨਹੀਂ ਹੈ।
ਉਧਰ ਪ੍ਰੋ. ਘੱਗਾ ਦੀ ਵਡਿਆਈ ਇਹ ਹੈ ਕਿ ਕਈ ਵਾਰ ਤਾਂ ਕਟਾਕਸ਼-ਵਸ ਉਹ ਆਪਣੇ ਆਪ ਨੂੰ ਆਪ ਹੀ ਅਨਪੜ੍ਹ ਕਹਿ ਦਿੰਦੇ ਹਨ। ਪਰ ਇੰਨਾ ਸਭ ਕੁਝ ਹੋਣ ਦੇ ਬਾਵਜੂਦ ਵੀ ਉਨ੍ਹਾਂ ਨੇ ਪੰਜਾਬੀ ਮਾਂ ਬੋਲੀ ਤੇ ਉਸ ਵਿਚ ਲਿਖੀ ਗੁਰਬਾਣੀ ਦੀ ਸੇਵਾ ਕਰਨੀ ਬੰਦ ਨਹੀਂ ਕੀਤੀ।
ਉਨ੍ਹਾਂ ਨੂੰ ‘ਅਨਪੜ੍ਹ’ ਕਹਿਣ ਵਾਲੇ ਵਿਦਵਾਨਾਂ ਤੇ ਬਹਿਸਕਾਰਾਂ ਦੀ ਦਲੀਲ ਹੈ ਕਿ ਉਨ੍ਹਾਂ ਨੇ ਕੋਈ ਉਪਚਾਰਕ ਵਿਦਿਅਕ ਡਿਗਰੀ ਨਹੀਂ ਹਾਸਲ ਕੀਤੀ ਹੋਈ ਅਤੇ ਬਿਨਾਂ ਕਿਸੇ ਯੂਨੀਵਰਸਿਟੀ ਡਿਗਰੀ ਤੋਂ ਕੋਈ ਵਿਅਕਤੀ ਪ੍ਰੋਫੈਸਰ ਤਾਂ ਕੀ ਸਾਧਾਰਨ ਅਧਿਆਪਕ ਵੀ ਨਹੀਂ ਹੋ ਸਕਦਾ। ਇਸ ਗੱਲ ਦਾ ਸੱਚ ਵੀ ਪ੍ਰੋਫੈਸਰ ਘੱਗਾ ਨੇ ਖ਼ੁਦ ਹੀ ਕਈ ਵਾਰ ਦੱਸਣ ਦੀ ਕੋਸ਼ਿਸ਼ ਕੀਤੀ ਹੈ।
ਇਕ ਇੰਟਰਵਿਊ ਵਿਚ ਮੀਡੀਆ ਸਾਹਮਣੇ ਉਨ੍ਹਾਂ ਆਪ ਦੱਸਿਆ ਹੈ ਕਿ ਉਹ ਕਦੇ ਸਕੂਲ ਨਹੀਂ ਗਏ। ਇਸ ਲਈ ਇਹ ਸਾਫ ਹੈ ਕਿ ਉਨ੍ਹਾਂ ਨੇ ਸਕੂਲੀ ਪੜ੍ਹਾਈ ਨਹੀਂ ਕੀਤੀ। ਉਨ੍ਹਾਂ ਅਨੁਸਾਰ ਉਨ੍ਹਾਂ ਨੇ ਊੜਾ-ਐੜਾ ਵੀ ਬਹੁਤ ਲੇਟ ਸਿੱਖਣਾ ਸ਼ੁਰੂ ਕੀਤਾ ਤੇ ਉਹ ਵੀ ਉਦੋਂ, ਜਦੋਂ ਉਨ੍ਹਾਂ ਨੂੰ ਇਸ ਗੱਲ ਦੀ ਸਮਝ ਆਈ ਕਿ ਪੜ੍ਹਾਈ-ਲਿਖਾਈ ਬਿਨਾਂ ਕੋਈ ਜੀਵਨ ਨਹੀਂ ਹੈ। ਚੰਗੇ ਕਿਰਤ ਕਰਨ ਵਾਲਿਆਂ ਵਾਂਗ ਉਹ ਆਪਣਾ ਕੰਮ ਵੀ ਕਰਦੇ ਰਹੇ ਤੇ ਵਿਹਲੇ ਸਮੇਂ ਵਿਚ ਪੜ੍ਹਦੇ ਵੀ ਰਹੇ। ਉਨ੍ਹਾਂ ਦੱਸਿਆ ਕਿ ਪਰਿਵਾਰ ਵਿਚ ਸਭ ਤੋਂ ਵਡੀ ਸੰਤਾਨ ਹੋਣ ਕਾਰਨ ਉਨ੍ਹਾਂ ਉਤੇ ਘਰ ਦੇ ਗੁਜ਼ਾਰੇ ਲਈ ਮਾਤਾ-ਪਿਤਾ ਨਾਲ ਹੱਥ ਵਟਾਉਣ ਦੀ ਜ਼ਿੰਮੇਵਾਰੀ ਸੀ। ਸਕੂਲ ਜਾਣ ਦੀ ਥਾਂ ਉਹ ਵੱਡੀ ਉਮਰ ਤੀਕਰ ਡੰਗਰ ਚਾਰਦੇ ਤੇ ਖੇਤੀ ਕਰਦੇ ਰਹੇ। ਉਨ੍ਹਾਂ ਆਪਣਾ ਸਕੂਲ ਜਾਣ ਦਾ ਸਮਾਂ ਤਾਂ ਗਵਾ ਦਿੱਤਾ ਸੀ ਪਰ ਆਪਣੇ ਛੋਟੇ ਭਰਾਵਾਂ ਨੂੰ ਪੜ੍ਹਾਉਣ ਦੀ ਪੂਰੀ ਕੋਸ਼ਿਸ਼ ਕਰਦੇ ਸਨ। ਉਹ ਹਰ ਰੋਜ਼ ਸ਼ਾਮ ਨੂੰ ਆਪਣੇ ਭਰਾਵਾਂ ਨੂੰ ਟਿਊਸ਼ਨ ਪੜ੍ਹਨ ਲਈ ਇਕ ਅਧਿਆਪਕ ਕੋਲ ਲੈ ਕੇ ਜਾਂਦੇ, ਟਿਊਸ਼ਨ ਦੇ ਸਮੇਂ ਘੰਟਾ ਦੋ ਘੰਟਾ ਉਥੇ ਹੀ ਬੈਠੇ ਰਹਿੰਦੇ ਤੇ ਉਨ੍ਹਾਂ ਨੂੰ ਨਾਲ ਲੈ ਕੇ ਵਾਪਸ ਮੁੜਦੇ। ਇਕ ਦਿਨ ਅਧਿਆਪਕ ਨੇ ਉਨ੍ਹਾਂ ਤੋਂ ਪੁੱਛਿਆ ਕਿ ਉਹ ਆਪਣੇ ਭਰਾਵਾਂ ਨੂੰ ਪੜ੍ਹਾਉਣ ਲਈ ਤਾਂ ਇੰਨੀ ਮਿਹਨਤ ਕਰਦਾ ਹੈ ਪਰ ਆਪ ਕਿਉਂ ਨਹੀਂ ਪੜ੍ਹਦਾ। ਉਨ੍ਹਾਂ ਨੇ ਦੱਸਿਆ ਕਿ ਉਹ ਤਾਂ ਸ਼ੁਰੂ ਤੋਂ ਹੀ ਪੜ੍ਹਨੇ ਨਹੀਂ ਪਿਆ ਇਸ ਲਈ ਪੜ੍ਹ ਨਹੀਂ ਸਕਦਾ। ਮਾਸਟਰ ਨੇ ਹੱਲਾਸ਼ੇਰੀ ਦੇ ਕੇ ਉਨ੍ਹਾਂ ਨੂੰ ਪੈਂਤੀ ਅੱਖਰੀ ਸਿਖਾਉਣੀ ਅਰੰਭ ਕਰ ਦਿੱਤੀ। ਇਕ ਵਾਰ ਪੜ੍ਹਨ ਦਾ ਵਲ ਆਇਆ ਕਿ ਉਹ ਆਪਣੀ ਲਗਨ ਨਾਲ ਆਪ ਹੀ ਪੜ੍ਹਦੇ ਚਲੇ ਗਏ। ਮੁੜ ਪਿੱਛੇ ਨਾ ਪਰਤੇ। ਕਈਆਂ ਨੇ ਇਸ ਵਾਰਤਾ ਨੂੰ ਥੋੜੇ ਫਰਕ ਨਾਲ ਵੀ ਬਿਆਨ ਕੀਤਾ ਹੈ ਪਰ ਉਨ੍ਹਾਂ ਦੇ ਵਰਣਨ ਨਾਲ ਗੱਲ ਬਹੁਤੀ ਬਦਲਦੀ ਨਹੀਂ।
ਪੱਛੜ ਕੇ ਪੜ੍ਹਾਈ ਸ਼ੁਰੂ ਕਰਨ ਨਾਲ ਸਗੋਂ ਪ੍ਰੋਫੈਸਰ ਘੱਗਾ ਵਿਚ ਉਹ ਊਣਤਾਈਆਂ ਨਾ ਆਈਆਂ ਜੋ ਸਕੂਲਾਂ-ਯੂਨੀਵਰਸਿਟੀਆਂ ਦੀ ਉਪਚਾਰਕ ਪੜ੍ਹਾਈਆਂ ਕਰਨ ਵਾਲਿਆਂ ਦੀ ਸੋਚ ਵਿਚ ਆ ਜਾਂਦੀਆਂ ਹਨ। ਮੇਰੇ ਖਿਆਲ ਅਨੁਸਾਰ ਸਕੂਲੀ ਵਿਦਿਆਰਥੀ ਵਿਦਿਅਕ ਢਾਂਚੇ ਦੀ ਇਕਸਾਰਤਾ ਵਾਲੀ ਨਿਯਮਾਵਲੀ ਤੇ ਕਾਰਗੁਜ਼ਾਰੀ ਵਿਚ ਉਲਝ ਕੇ ਰਹਿ ਜਾਂਦੇ ਹਨ। ਇਸ ਲਈ ਉਹ ਵਿਦਿਆਰਥੀ ਆਪਣੀਆਂ ਮੌਲਿਕ ਸਿਰਜਣਾਤਮਿਕ ਰੁਚੀਆਂ ਨੂੰ ਬਹੁਤਾ ਉਨਤ ਨਹੀਂ ਕਰ ਸਕਦੇ। ਦੂਜੇ ਅਰਥਾਂ ਵਿਚ ਯੂਨੀਵਰਸਿਟੀ ਸਿੱਖਿਆ ਦੀ ਦਿਨਚਰਿਆ ਨਾਲ ਉਹ ਇੰਨੇ ਘਸ ਜਾਂਦੇ ਹਨ ਕਿ ਆਪਣੀ ਸਿਖਿਆ ਦੇ ਔਜ਼ਾਰਾਂ ਨੂੰ ਆਤਮਿਕ ਬਲ ਨਾਲ ਨਹੀਂ ਵਰਤ ਸਕਦੇ। ਇਸੇ ਲਈ ਸਕੂਲ-ਯੂਨੀਵਰਸਿਟੀ ਸਿੱਖਿਆ ਪ੍ਰਣਾਲੀ ਉਚ ਕੋਟੀ ਦੇ ਆਲੋਚਕ, ਵਿਗਿਆਨੀ ਤੇ ਹਿਸਾਬਦਾਨ ਤਾਂ ਪੈਦਾ ਕਰ ਸਕਦੀ ਹੈ ਪਰ ਉਚ ਕੋਟੀ ਦੇ ਮੌਲਿਕ ਸੋਚ ਵਾਲੇ ਚਿੰਤਕ, ਕਵੀ, ਸਾਹਿਤਕਾਰ ਤੇ ਸਮਾਜ ਸੁਧਾਰਕ ਪੈਦਾ ਨਹੀਂ ਕਰ ਸਕਦੀ। ਕੋਈ ਅਪਵਾਦ ਹੋਵੇ ਤਾਂ ਵੱਖਰੀ ਗੱਲ ਹੈ।
ਪ੍ਰੋਫੈਸਰ ਇੰਦਰ ਸਿੰਘ ਘੱਗਾ ਵਿਚ ਵਿਦਵਤਾ ਦਾ ਝਰਨਾ ਆਪ ਮੁਹਾਰੇ ਫੁੱਟਿਆ ਹੈ। ਇਸ ਲਈ ਉਨ੍ਹਾਂ ਦੇ ਵਿਚਾਰਾਂ ਵਿਚ ਉਪਚਾਰਿਕਤਾ ਦੀ ਥਾਂ ਮੌਲਿਕਤਾ ਤੇ ਰੂੜ੍ਹੀਵਾਦ ਦੀ ਥਾਂ ਬੇਬਾਕ ਪ੍ਰਗਤੀਸ਼ੀਲਤਾ ਭਾਰੂ ਹੈ। ਇਸ ਗੱਲ ਵਿਚ ਉਹ ਇਕੱਲੇ ਨਹੀਂ ਹਨ। ਕਈ ਹੋਰ ਉਘੀਆਂ ਸਾਹਿਤਕ ਸ਼ਖ਼ਸੀਅਤਾਂ ਨੇ ਵੀ ਉਨ੍ਹਾਂ ਵਾਂਗ ਹੀ ਅਲਪ-ਸਿਖਿਅਕ ਹੋਣ ਜਾਂ ਸਕੂਲੀ ਸਿੱਖਿਆ ਤੋਂ ਵਾਂਝੇ ਰਹਿਣ ਦੇ ਬਾਵਜੂਦ ਪ੍ਰਸਿੱਧੀ ਪ੍ਰਾਪਤ ਕੀਤੀ ਹੈ। ਇਨ੍ਹਾਂ ਵਿਚ ਨਾਨਕ ਸਿੰਘ ਨਾਵਲਕਾਰ ਦਾ ਨਾਂ ਵੀ ਸ਼ਾਮਲ ਹੈ ਜੋ ਘਰ ਦੀ ਗਰੀਬੀ ਕਾਰਨ ਚਾਰ-ਪੰਜ ਜਮਾਤਾਂ ਤੀਕਰ ਹੀ ਸਕੂਲ ਗਏ ਸਨ। ਉਨ੍ਹਾਂ ਦਰਜਨਾਂ ਮੌਲਿਕ ਤੇ ਕਈ ਅਨੁਵਾਦਿਤ ਨਾਵਲ ਪੰਜਾਬੀ ਜਗਤ ਦੀ ਝੋਲੀ ਪਾਏ। ਇਸ ਲਈ ਉਨ੍ਹਾਂ ਨੂੰ ਪੰਜਾਬੀ ਨਾਵਲਕਾਰੀ ਦਾ ਮੋਢੀ ਕਿਹਾ ਜਾਂਦਾ ਹੈ। ਗਿਆਨੀ ਗੁਰਮੁਖ ਸਿੰਘ ਮੁਸਾਫਿਰ, ਜਿਨ੍ਹਾਂ ਨੂੰ ਆਪਣੀਆਂ ਲਿਖਤਾਂ ਲਈ ਪੰਜਾਬ ਸਾਹਿਤ ਅਕਾਦਮੀ ਦਾ ਪੁਰਸਕਾਰ ਮਿਲਿਆ, ਵੀ ਕੇਵਲ ਅੱਠ ਕੁ ਜਮਾਤਾਂ ਤੀਕਰ ਹੀ ਸਕੂਲ ਗਏ ਸਨ। ਪੰਜਾਬੀ ਦਾ ਉਘਾ ਨਾਵਲਕਾਰ ਤੇ ਬੁੱਧੀਜੀਵੀ ਜਸਵੰਤ ਸਿੰਘ ਕੰਵਲ ਤਾਂ ਸਕੂਲ ਦੀ ਪੜ੍ਹਾਈ ਅਧੂਰੀ ਛੱਡ ਕੇ ਮਲਾਇਆ ਚਲਾ ਗਿਆ ਸੀ। ਉਹ ਆਪਣੀ ਮਿਹਨਤ ਸਦਕਾ ਪੜ੍ਹ ਕੇ ਹੀ ਸਾਹਿਤ ਅਕਾਦਮੀ ਅਵਾਰਡ ਜਿੱਤਣ ਵਾਲਾ ਬਹੁ-ਚਰਚਿਤ ਸਾਹਿਤਕਾਰ ਬਣਿਆ। ਉਸ ਦੇ ਨਾਵਲ ਕਾਲਜਾਂ ਤੇ ਯੂਨੀਵਰਸਿਟੀਆਂ ਦੇ ਸਿਲੇਬਸਾਂ ਵਿਚ ਪੜ੍ਹਾਏ ਜਾਂਦੇ ਹਨ। ਇਨ੍ਹਾਂ ਸ਼ਖ਼ਸੀਅਤਾਂ ਨੂੰ ਤਾਂ ਕਦੇ ਕਿਸੇ ਨੇ ਅਨਪੜ੍ਹ ਕਿਹਾ ਨਹੀਂ।
ਸਭ ਤੋਂ ਵਿਲੱਖਣ ਉਦਾਹਰਨ ਤਾਂ ਪੰਜਾਬੀ ਯੂਨੀਵਰਸਿਟੀ ਦੇ ਪ੍ਰੋਫੈਸਰ ਕਿਰਪਾਲ ਸਿੰਘ ਕਜ਼ਾਕ ਦੀ ਹੈ ਜੋ ਕਥਿਤ ਤੌਰ ੱਤੇ ਕੇਵਲ ਨੌਂ ਜਮਾਤਾਂ ਤੀਕਰ ਹੀ ਸਕੂਲ ਗਿਆ ਸੀ। ਉਹ ਪੇਸ਼ੇ ਵਜੋਂ ਤਰਖਾਣ ਮਿਸਤਰੀ ਸੀ ਤੇ ਸਾਰੀ ਉਮਰ ਮਕਾਨ ਉਸਾਰੀ ਦਾ ਕੰਮ ਕਰਦਾ ਰਿਹਾ। ਪਰ ਉਹ ਆਪਣੇ ਜੱਦੀ-ਪੁਸ਼ਤੀ ਕੰਮ ਦੇ ਨਾਲ ਨਾਲ ਸਾਹਿਤ ਰਚਨਾ ਲਈ ਵੀ ਸਮਾਂ ਕੱਢਦਾ ਰਿਹਾ। ਉਸ ਦੇ ਕੰਮ ਦੀ ਪਾਇਦਾਰੀ ਤੇ ਸ਼ਲਾਘਾ ਦੇਖ ਕੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਉਸ ਨੂੰ ਉਸ ਦੇ ਲਿਖਤ ਕੰਮ ਦੇ ਆਧਾਰ ੱਤੇ ਪੀ ਐਚ ਡੀ ਦੀ ਡਿਗਰੀ ਪ੍ਰਦਾਨ ਕੀਤੀ ਤੇ ਫਿਰ ਇਸੇ ਡਿਗਰੀ ਦੇ ਆਧਾਰ ‘ਤੇ ਪੰਜਾਬੀ ਵਿਭਾਗ ਵਿਚ ਪ੍ਰੋਫੈਸਰ ਲਾਇਆ ਜਿੱਥੇ ਉਸ ਨੇ ਅਧਿਕਾਰਿਤ ਅਰਥਾਂ ਵਿਚ ਪੋਸਟ-ਗ੍ਰੈਜੂਏਟ ਕਲਾਸਾਂ ਪੜ੍ਹਾਈਆਂ। ਇਹੀ ਨਹੀਂ 2019 ਵਿਚ ਉਸ ਨੂੰ ਪੰਜਾਬ ਸਾਹਿਤ ਅਕਾਦਮੀ ਦਾ ਪੁਰਸਕਾਰ ਮਿਲਿਆ। ਮੇਰਾ ਖਿਆਲ ਨਹੀਂ, ਦੋ-ਚਾਰਾਂ ਨੂੰ ਛੱਡ ਕੇ ਬਹੁਤੇ ਉਚ-ਸਿਖਿਅਕ ਯੂਨੀਵਰਸਿਟੀ ਅਧਿਆਪਕਾਂ ਨੂੰ ਇਹ ਪੁਰਸਕਾਰ ਮਿਲਿਆ ਹੋਵੇ।
ਹੋਰ ਤਾਂ ਹੋਰ ਪੰਜਾਬੀ ਸਾਹਿਤ ਵਿਚ ਬੁਲੰਦੀਆਂ ਛੂਹਣ ਵਾਲੀ ਪੁਰਸਕਾਰਾਂ ਦੀ ਮਲਿਕਾ ਅੰਮ੍ਰਿਤਾ ਪ੍ਰੀਤਮ ਨੇ ਵੀ ਬਹੁਤੀ ਉਪਚਾਰਕ ਸਕੂਲੀ ਪੜ੍ਹਾਈ ਨਹੀਂ ਸੀ ਕੀਤੀ ਹੋਈ। ਘੱਟੋ ਘੱਟ ਉਸ ਦੀ ਜੀਵਨੀ ਦੇ ਪ੍ਰਕਾਸ਼ਿਤ ਦਸਤਾਵੇਜ਼ਾਂ ਤੇ ਵੈੱਬ-ਜਾਣਕਾਰੀ ਤੋਂ ਤਾਂ ਇਹੀ ਜਾਪਦਾ ਹੈ। ਗਿਆਰਾਂ ਸਾਲਾਂ ਦੀ ਉਮਰ ਵਿਚ ਮਾਂ ਦੇ ਮਰਨ ਤੋਂ ਬਾਅਦ ਉਸ ਨੇ ਜੋ ਪੜ੍ਹਿਆ ਉਹ ਘਰ ਰਹਿ ਕੇ ਆਪਣੇ ਪਿਤਾ ਦੀ ਛਤਰ ਛਾਇਆ ਹੇਠ ਹੀ ਪੜ੍ਹਿਆ। ਉਸ ਦੇ ਸਾਹਿਤਿਕ ਕੱਦ ਸਾਹਮਣੇ ਉਸ ਦੀ ਸਿੱਖਿਆ ਦੀ ਗੱਲ ਕਰਨਾ ਸੂਰਜ ਨੂੰ ਦੀਵਾ ਦਿਖਾਉਣ ਬਰਾਬਰ ਹੈ। ਫਿਰ ਵਾਰਸ ਸ਼ਾਹ ਜਿਸ ਨੂੰ ਗੁਹਾਰ ਲਾ ਕੇ ਉਹ ਲਿਖਦੀ ਰਹੀ, ਵੀ ਕਿਹੜਾ ਕਿਸੇ ਕਾਲਜ ਜਾਂ ਯੂਨੀਵਰਸਿਟੀ ਤੋਂ ਪੜ੍ਹਿਆ ਸੀ।
ਪੰਜਾਬ ਵਿਚ ਹੀ ਨਹੀਂ, ਵਿਦੇਸ਼ਾਂ ਵਿਚ ਵੀ ਕਈ ਅਜਿਹੇ ਸਾਹਿਤਕਾਰ ਹੋਏ ਹਨ, ਜਿਨ੍ਹਾਂ ਨੂੰ ਸਕੂਲੀ ਪੜ੍ਹਾਈ ਬਿਲਕੁਲ ਨਸੀਬ ਨਾ ਸੀ ਹੋਈ। ਰੂਸ ਦਾ ਸੰਸਾਰ ਪ੍ਰਸਿੱਧ ਸਾਹਿਤਕਾਰ, ੱਮਾੱਂ ਨਾਵਲ ਦਾ ਲੇਖਕ ਅਤੇ ਨੋਬਲ ਪੁਰਸਕਾਰ ਵਿਜੇਤਾ ਮੈਕਸਿਮ ਗੋਰਕੀ ਤਾਂ ਇਕ ਦਿਨ ਵੀ ਸਕੂਲ ਨਹੀਂ ਗਿਆ। ਯਤੀਮੀ ਦੀ ਹਾਲਤ ਵਿਚ ਬਚਪਨ ਤੋਂ ਹੀ ਉਹ ਢਾਬਿਆਂ ਤੇ ਰੈਸਟੋਰੈਂਟਾਂ ਵਿਚ ਬਾਲ ਕਾਮੇ ਵਜੋਂ ਕੰਮ ਕਰਦਾ ਰਿਹਾ। ਉਥੇ ਰਹਿ ਕੇ ਹੀ ਉਸ ਨੇ ਪੜ੍ਹਨਾ-ਲਿਖਣਾ ਸਿੱਖਿਆ ਤੇ ਸਾਹਿਤ ਰਚਨਾ ਨੂੰ ਹੱਥ ਪਾਇਆ। ਆਪਣੀ ਜੀਵਨ ਕਥਾ ਨਾਲ ਸਬੰਧਿਤ ਦੋ ਪੁਸਤਕਾਂ ‘ਮਾਈ ਯੂਨੀਵਰਸਿਟੀਜ਼’ ਅਤੇ ‘ਮਾਈ ਐਪਰੈਂਟਿਸਸ਼ਿਪਜ਼’ ਵਿਚ ਗੋਰਕੀ ਨੇ ਲਿਖਿਆ ਹੈ ਕਿ ਢਾਬੇ ਉਸ ਦੇ ਸਕੂਲ ਤੇ ਯੂਨੀਵਰਸਿਟੀਆਂ ਸਨ ਤੇ ਭਾਂਡੇ ਮਾਂਜਣਾ ਉਸ ਦੀਆਂ ਕੰਮ-ਕਾਜੀ ਸਿਖਲਾਈ ਸੰਸਥਾਵਾਂ ਦਾ ਮੁੱਖ ਵਿਸ਼ਾ ਸੀ। ਸਾਡੇ ਕੋਲ ਸਾਰੇ ਪੁਰਾਣੇ ਸਾਹਿਤਕਾਰਾਂ ਦੀਆਂ ਜੀਵਨੀਆਂ ਉਪਲੱਬਧ ਨਹੀਂ ਹਨ ਇਸ ਲਈ ਕਿਹਾ ਨਹੀਂ ਜਾ ਸਕਦਾ ਕਿ ਕਿੰਨੇ ਕੁ ਹੋਰ ਲੇਖਕ ਅਜਿਹੀਆਂ ਹੀ ਯੂਨੀਵਰਸਿਟੀਆਂ ਦੇ ਵਿਦਿਆਰਥੀ ਰਹੇ ਹੋਣਗੇ।
ਇਸ ਸਬੰਧ ਵਿਚ ਦੂਜੇ ਪ੍ਰਸਿੱਧ ਸਾਹਿਤਕਾਰਾਂ ਦੇ ਜ਼ਿਕਰ ਕਰਨ ਦਾ ਮਕਸਦ ਕੇਵਲ ਤੇ ਕੇਵਲ ਇਹ ਦਰਸਾਉਣਾ ਹੈ ਕਿ ਜਦੋਂ ਇੰਨੇ ਸਾਰੇ ਲੋਕ ਬਿਨਾਂ ਸਕੂਲ ਜਾਇਆਂ ਜਾਂ ਕੁਝ ਕੁ ਦੇਰ ਸਕੂਲ ਜਾ ਕੇ ਸਾਹਿਤ ਦੇ ਖੇਤਰ ਵਿਚ ਚਾਨਣ-ਮੁਨਾਰੇ ਬਣ ਸਕਦੇ ਹਨ ਤਾਂ ਪ੍ਰੋਫੈਸਰ ਇੰਦਰ ਸਿੰਘ ਘੱਗਾ ਅਨਪੜ੍ਹ ਕਿਵੇਂ ਹੋਏ? ਉਨ੍ਹਾਂ ਨੇ ਗੁਰਬਾਣੀ, ਸਿੱਖ ਧਰਮ ਤੇ ਸਿੱਖ ਇਤਿਹਾਸ ਦਾ ਡੂੰਘਾ ਅਧਿਐਨ ਕਰਦਿਆਂ ਉਮਰ ਭਰ ਘਾਲਣਾ ਘਾਲੀ ਹੈ। ਆਪਣੇ ਤਰਕ ਤੇ ਖੋਜ ਨਾਲ ਉਨ੍ਹਾਂ ਨੇ ਇਸ ਕਾਰਜ ਖੇਤਰ ਤੇ ਵਿਸ਼ੇ ਨੂੰ ਨਿੱਗਰ ਬਣਾਇਆ। ਉਨ੍ਹਾਂ ਦੀਆਂ ਲਿਖਤਾਂ ਵਿਗਿਆਨਕ, ਬੌਧਿਕਤਾ ਭਰਪੂਰ ਤੇ ਅਗਾਂਹਵਧੂ ਦਲੀਲਾਂ ਨਾਲ ਭਰੀਆਂ ਹੋਈਆਂ ਹਨ ਜਿਨ੍ਹਾਂ ਨੂੰ ਅੱਗੇ ਤਾਂ ਵਧਾਇਆ ਜਾ ਸਕਦਾ ਹੈ ਪਰ ਕੱਟਿਆ ਨਹੀਂ ਜਾ ਸਕਦਾ। ਇਸ ਦਾ ਸਬੂਤ ਉਨ੍ਹਾਂ ਦੀਆਂ ਦੂਜੇ ਵਿਦਵਾਨਾਂ ਨਾਲ ਕੀਤੀਆਂ ਗੋਸ਼ਟੀਆਂ ਹਨ। ਆਪਣੀ ਵਿਦਵਤਾ ਤੇ ਇਸ ਦੀ ਕੁਸ਼ਲ ਪੇਸ਼ਕਾਰੀ ਦੇ ਆਧਾਰ ੱਤੇ ਹੀ ਉਨ੍ਹਾਂ ਨੇ ਪ੍ਰੋਫੈਸਰ ਦੀ ਉਪਾਧੀ ਪਾਈ ਤੇ ਕਾਲਜਾਂ ਵਿਚ ਪੜ੍ਹਾਇਆ।
ਪ੍ਰੋਫੈਸਰ ਘੱਗਾ ਦੀਆਂ ਪ੍ਰਾਪਤੀਆਂ ਨੂੰ ਦੇਖ ਕੇ ਲਗਦਾ ਹੈ ਕਿ ਉਹ ਸਕੂਲੀ ਵਿਦਿਆ ਤੋਂ ਵਾਂਝੇ ਹੋ ਕੇ ਵੀ ਉਚ ਪੱਧਰ ਦੇ ਲੇਖਕ ਤੇ ਵਿਦਵਾਨ ਹਨ। ਉਨ੍ਹਾਂ ਦਾ ਥਾਂ ਸੰਸਾਰ ਦੇ ਉਨ੍ਹਾਂ ਪ੍ਰਸਿੱਧ ਲੇਖਕਾਂ, ਸਾਹਿਤਕਾਰਾਂ ਤੇ ਬੁੱਧੀਜੀਵੀਆਂ ਵਿਚ ਹੈ, ਜਿਨ੍ਹਾਂ ਦੀ ਕਲਮ ਵਿਚੋਂ ਵਿਦਵਤਾ ਆਪ ਮੁਹਾਰੀ ਫੁੱਟ ਕੇ ਵਗਦੀ ਹੈ। ਉਨ੍ਹਾਂ ਜਿਹਾ ਸਥਾਨ ਤਾਂ ਯੂਨੀਵਰਸਿਟੀ ਪਾਰਿਤ ਕਈ ਕਈ ਡਿਗਰੀਆਂ ਦੇ ਮਾਲਕ ਵਿਦਵਾਨਾਂ ਨੂੰ ਵੀ ਹਾਸਲ ਨਹੀਂ ਹੈ। ਜਿਸ ਯੂ-ਟਿਊਬ ‘ਤੇ ਉਨ੍ਹਾਂ ਦੇ ਵੀਡੀਓਜ਼ ਪਏ ਹਨ ਉਥੇ ਹੀ ਨਾਲ ਕਈ ਵੀਡੀਓਜ਼ ਆਪਣੇ ਆਪ ਨੂੰ ਉਘੇ ਇਤਿਹਾਸਕਾਰ ਤੇ ਸਿੱਖ ਬੁੱਧੀਜੀਵੀ ਕਹਾਉਣ ਵਾਲੇ ਪੰਜਾਬ ਯੂਨੀਵਰਸਿਟੀ ਦੇ ਸਾਬਕਾ ਪ੍ਰੋਫੈਸਰਾਂ ਦੇ ਵੀ ਹਨ, ਜਿਨ੍ਹਾਂ ਵਿਚ ਉਨ੍ਹਾਂ ਨੇ ਤਰਕਹੀਣ ਤੇ ਤੱਥਹੀਣ ਗੱਲਾਂ ਲਿਖੀਆਂ ਹਨ। ਉਨ੍ਹਾਂ ਵਲ ਵੇਖ ਕੇ ਤਾਂ ਪ੍ਰੋਫੈਸਰ ਘੱਗਾ ਦਾ ਰੁਤਬਾ ਹੋਰ ਵੀ ਨਿੱਖਰਿਆ ਲਗਦਾ ਹੈ।
ਪ੍ਰਫੈਸਰ ਘੱਗਾ ਨੂੰ ਪੰਜਾਬੀ ਸ਼ਬਦਾਵਲੀ ਤੇ ਮੁਹਾਵਰੇ ਦਾ ਪੂਰਾ ਗਿਆਨ ਹੈ। ਉਹ ਮੁਸ਼ਕਿਲ ਤੋਂ ਮੁਸ਼ਕਿਲ ਗੱਲ ਨੂੰ ਵੀ ਸਹਿਜਤਾ ਨਾਲ ਸਮਝਾ ਸਕਦੇ ਹਨ। ਮੈਂ ਦੇਖਿਆ ਹੈ ਕਿ ਉਨ੍ਹਾਂ ਨੇ ਮਨੁੱਖੀ ਵਿਕਾਸ, ਮਨੁੱਖੀ ਪ੍ਰਜਣਨ ਕਿਰਿਆ ਤੇ ਕਈ ਮੈਡੀਕਲ ਮਸਲਿਆਂ ‘ਤੇ ਵੀ ਅਜਿਹੇ ਸਰਲ ਤੇ ਸੰਕੇਤਕ ਤਰੀਕੇ ਨਾਲ ਜਾਣਕਾਰੀ ਦਿੱਤੀ ਹੈ ਜੋ ਕਈ ਬਹੁਤੇ ਪੜ੍ਹੇ ਨਹੀਂ ਦੇ ਸਕਦੇ। ਉਨ੍ਹਾਂ ਨੂੰ ਆਪਣੇ ਵਿਸ਼ੇ ਦਾ ਡੂੰਘਾ ਗਿਆਨ ਤੇ ਆਧੁਨਿਕ ਜਾਣਕਾਰੀ ਹੁੰਦੀ ਹੈ ਇਸ ਲਈ ਉਹ ਲਿਖਦੇ ਜਾਂ ਬੋਲਦੇ ਹੋਏ ਕਿਸੇ ਪਾਸਿਓਂ ਬਚਣ ਜਾਂ ਲਿਫਣ ਦੀ ਕੋਸ਼ਿਸ਼ ਨਹੀਂ ਕਰਦੇ। ਉਨ੍ਹਾਂ ਵਿਚ ਬੁੱਧੀਜੀਵੀਆਂ ਵਾਲੀ ਇਕ ਹੋਰ ਵੱਡੀ ਖੂਬੀ ਇਹ ਹੈ ਕਿ ਉਹ ਹਮੇਸ਼ਾ ਆਪਣੇ ਵਿਸ਼ੇ ਨਾਲ ਜੁੜੇ ਰਹਿੰਦੇ ਹਨ, ਆਪਣੀ ਤਾਰੀਫ ਦੇ ਪੁਲ ਬੰਨ੍ਹ ਕੇ ਆਪਣੀ ਮਸ਼ਹੂਰੀ ਨਹੀਂ ਕਰਦੇ।
ਵਿਚਾਰ ਆਪੋ-ਆਪਣੇ ਹੁੰਦੇ ਹਨ। ਕੋਈ ਸਹਿਮਤ ਹੋਵੇ ਜਾਂ ਨਾ ਹੋਵੇ ਇਹ ਚਲਦਾ ਹੈ, ਪਰ ਕਿਸੇ ਲਈ ਤਹਿਜ਼ੀਬ-ਰਹਿਤ ਸ਼ਬਦਾਵਲੀ ਵਰਤਣਾ ਗਲਤ ਹੈ। ਪ੍ਰੋਫੈਸਰ ਘੱਗਾ ਜਿਹੇ ਵਿਦਵਾਨ ਹਰ ਥਾਂ ਸਚੀਂ-ਮੁਚੀਂ ਸਨਮਾਨ ਦੇ ਪਾਤਰ ਹੁੰਦੇ ਹਨ। ਉਨ੍ਹਾਂ ਦੀਆਂ ਪ੍ਰਾਪਤੀਆਂ ‘ਤੇ ਹਰ ਪੰਜਾਬੀ ਨੂੰ ਮਾਣ ਹੋਣਾ ਚਾਹੀਦਾ ਹੈ। ਨਵੀਆਂ ਪੁਰਾਣੀਆਂ ਸਭ ਪੀੜ੍ਹੀਆਂ ਨੂੰ ਉਨ੍ਹਾਂ ਦੀ ਲਗਨ ਤੋਂ ਪ੍ਰੇਰਣਾ ਲੈਣੀ ਬਣਦੀ ਹੈ। ਉਨ੍ਹਾਂ ਦੇ ਪੜ੍ਹਾਈ-ਲਿਖਾਈ ਦੇ ਸਕੂਲੀ ਮਿਆਰ ਨੂੰ ਪਰਖਣਾ ਨਾਦਾਨੀ ਹੈ। ਜੋ ਅਜਿਹਾ ਕਰਦੇ ਹਨ ਉਹ ਸ਼ਾਇਦ ਉਨ੍ਹਾਂ ਦੀਆਂ ਭਾਰੂ ਦਲੀਲਾਂ ਤੇ ਕੱਦਾਵਰ ਰੁਤਬੇ ਸਾਹਮਣੇ ਆਪਣੀ ਲਾਚਾਰੀ ਦਾ ਪ੍ਰਗਟਾਵਾ ਕਰਦੇ ਹਨ।
ਡਾ: ਗੋਬਿੰਦਰ ਸਿੰਘ ਸਮਰਾ
ਫੋਨ: 408-634-2310