ਪੰਜਾਬ ਤੋਂ ਬਾਹਰਲਿਆਂ ਨੂੰ ਪੰਜਾਬ ਰਾਜ ਸਭਾ ਲਈ ਮੈਂਬਰ ਨਾਮਜ਼ਦ ਕਰਨਾ, ਆਪ ਵੱਲੋਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨਾਲ ਧੋਖਾ ਤੇ ਵਿਤਕਰਾ

ਪੰਜਾਬ ਤੋਂ ਬਾਹਰਲਿਆਂ ਨੂੰ ਪੰਜਾਬ ਰਾਜ ਸਭਾ ਲਈ ਮੈਂਬਰ ਨਾਮਜ਼ਦ ਕਰਨਾ, ਆਪ ਵੱਲੋਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨਾਲ ਧੋਖਾ ਤੇ ਵਿਤਕਰਾ

ਪੰਜਾਬ ਤੋਂ ਨਾਮਜ਼ਦ ਪੰਜ ਰਾਜ ਸਭਾ ਮੈਂਬਰਾਂ ‘ਚੋਂ ਕਿਹੜਾ ਹੈ ਸ਼ਹੀਦ ਭਗਤ ਸਿੰਘ ਅਤੇ ਡਾ ਅੰਬੇਡਕਰ ਦਾ ਪੈਰੋਕਾਰ?

ਭਾਰਤ ਦੇ ਬਹੁਗਿਣਤੀਵਾਦ ਨੂੰ ਖੁਸ਼ ਕਰਨ ਲਈ ਪੰਜਾਬ ਤੋਂ ਫ਼ਿਰਕੂ ਪੱਤਾ ਖੇਡਣ ਦੀ ਕੋਝੀ ਸਾਜ਼ਿਸ਼

( ਡਾ ਗੁਰਵਿੰਦਰ ਸਿੰਘ )
ਪੰਜਾਬ ਦੀਆਂ ਰਾਜ ਸਭਾ ਸੀਟਾਂ ਲਈ ਪੰਜਾਬੀਆਂ ਨੂੰ ਛੱਡ ਕੇ, ਦਿੱਲੀ ਦੇ ਸੰਦੀਪ ਪਾਠਕ ਅਤੇ ਰਾਘਵ ਚੱਢਾ ਵਰਗਿਆਂ ਨੂੰ ਰਾਜ ਸਭਾ ਮੈਂਬਰ ਨਾਮਜ਼ਦ ਕਰਨਾ, ਨਾ ਸਿਰਫ਼ ਪੰਜਾਬ ਨਾਲ ਧੋਖਾ ਤੇ ਵਿਤਕਰਾ ਹੈ, ਸਗੋਂ ਪੰਜਾਬ ਨੂੰ ਦਿੱਲੀ ਦਾ ਗੁਲਾਮ ਬਣਾਉਣਾ ਵੀ ਹੈ। ਕੁਝ ਸੁਹਿਰਦ ਵਿਅਕਤੀਆਂ ਨੇ ਆਵਾਜ਼ ਉਠਾਈ ਸੀ ਕਿ ਕਿਸੇ ਸਮੇਂ ਭਗਵੰਤ ਮਾਨ ਨੇ ਕਿਹਾ ਸੀ ਕਿ ਬੀਬੀ ਪਰਮਜੀਤ ਕੌਰ ਖਾਲੜਾ ਵਰਗੀਆਂ ਸ਼ਖ਼ਸੀਅਤਾਂ ਨੂੰ ਰਾਜ ਸਭਾ ਭੇਜਣਾ ਚਾਹੀਦਾ ਹੈ, ਪਰ ਅਜਿਹੀਆਂ ਇਨਕਲਾਬੀ ਸ਼ਖ਼ਸੀਅਤਾਂ ਦੀ ਤਾਂ ਗੱਲ ਹੀ ਛੱਡੋ, ਜਿਹੜੇ ਵਿਅਕਤੀ ਪੰਜਾਬ ਤੋਂ ਆਮ ਆਦਮੀ ਪਾਰਟੀ ਵੱਲੋਂ ਰਾਜ ਸਭਾ ਲਈ ਨਾਮਜ਼ਦ ਕਰਕੇ ਭੇਜੇ ਜਾ ਰਹੇ ਹਨ, ਉਹ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨਾਲ ਵਿਤਕਰਾ ਅਤੇ ਹੱਕਾਂ ‘ਤੇ ਡਾਕਾ ਹਨ। ਜੇਕਰ ਅੱਜ ਆਪ ਵਿਧਾਇਕ ਅਤੇ ਸਮਰਥਕ ਮੂੰਹ ਵਿਚ ਘੁੰਗਣੀਆਂ ਪਾ ਕੇ ਬੈਠੇ ਰਹੇ, ਤਾਂ ਅਜਿਹੀਆਂ ਕਾਰਵਾਈਆਂ ਜਲਦੀ ਹੀ ਉਨ੍ਹਾਂ ਦੇ ਭਿਆਨਕ ਹਸ਼ਰ ਨੂੰ ਜਨਮ ਦੇਣਗੀਆਂ। ਆਪ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਪੰਜਾਬੀ ਪਿੱਠ ‘ਚ ਛੁਰਾ ਕਦੇ ਬਰਦਾਸ਼ਤ ਨਹੀਂ ਕਰਦੇ ਅਤੇ ਇਹ ਕਾਰਵਾਈ ਪੰਜਾਬੀਆਂ ਸ਼ਰ੍ਹੇਆਮ ਧੋਖਾ ਹੈ।
ਜਿਨ੍ਹਾਂ ਕਾਰਨਾਂ ਕਰਕੇ ਪੰਜਾਬੀਆਂ ਨੇ ਦਕੀਆਨੂਸੀ ਅਤੇ ਮਾੜੀ ਲੀਡਰਸ਼ਿਪ ਨੂੰ ਨਕਾਰ ਕੇ, ਆਪਣਾ ਗੁੱਸਾ ਕੱਢਿਆ ਸੀ ਤੇ ਆਪ ਨੂੰ ਮੌਕਾ ਦਿੱਤਾ ਸੀ, ਅੱਜ ਉਸੇ ਰਸਤੇ ‘ਤੇ ਆਪ ਪਾਰਟੀ ਤੁਰ ਪਈ ਹੈ। ਇਸ ਦਾ ਹਸ਼ਰ ਉਨ੍ਹਾਂ ਤੋਂ ਵੀ ਭਿਆਨਕ ਹੋਵੇਗਾ। ਜਿਹੜੇ ਵਿਅਕਤੀ ਦਿੱਲੀ ਤੋਂ, ਪੰਜਾਬ ਰਾਜ ਸਭਾ ਮੈਂਬਰ ਨਾਮਜ਼ਦ ਕੀਤੇ ਗਏ ਹਨ, ਉਹ ਪੰਜਾਬ ਦੇਸ਼, ਪੰਜਾਬੀ ਜ਼ੁਬਾਨ ਅਤੇ ਪੰਜਾਬੀਅਤ ਦੀ ਵਿਰਾਸਤ ਤੋਂ ਕੋਹਾਂ ਦੂਰ ਹਨ। ਕੀ ਪੰਜਾਬ ਵਿਚ ਵਿਦਵਾਨਾਂ, ਖੋਜੀਆਂ, ਚਿੰਤਕਾਂ ਅਤੇ ਸਮਾਜ ਸੇਵਕਾਂ ਦਾ ਕਾਲ ਪੈ ਗਿਆ ਹੈ? ਆਮ ਆਦਮੀ ਪਾਰਟੀ ਵੱਲੋਂ ਪੰਜਾਬ ਰਾਜ ਸਭਾ ਲਈ ਜਿਹੜੇ ਹੋਰ ਮੈਂਬਰ ਨਾਮਜ਼ਦ ਕੀਤੇ ਗਏ ਹਨ, ਉਨ੍ਹਾਂ ‘ਚ ਪੰਜਾਬ ਦੀ ਇੱਕ ਪ੍ਰਾਈਵੇਟ ਯੂਨੀਵਰਸਿਟੀ ਸਥਾਪਕ ਅਸ਼ੋਕ ਮਿੱਤਲ, ਇੱਕ ਉਦਯੋਗਪਤੀ ਸੰਜੀਵ ਅਰੋਡ਼ਾ ਅਤੇ ਇਕ ਸਾਬਕਾ ਕ੍ਰਿਕੇਟਰ ਹਰਭਜਨ ਸਿੰਘ ਦਾ ਨਾਂ ਸ਼ਾਮਲ ਹੈ, ਪਰ ਯਕੀਨਨ ਤੌਰ ‘ਤੇ ਪੰਜਾਬ ਦੇ ਮੂਲ ਹੱਕਾਂ ਵਾਸਤੇ ਰਾਜ ਸਭਾ ਵਿਚ ਆਵਾਜ਼ ਬੁਲੰਦ ਕਰਨ ਦੀ ਇਨ੍ਹਾਂ ਤੋਂ ਉਮੀਦ ਨਹੀਂ ਕੀਤੀ ਜਾ ਸਕਦੀ। ਹਾਂ, ਨਿੱਜੀ ਮੁਫਾਦ ਲਈ ਜ਼ਰੂਰ ਕੁਝ ਹਾਸਲ ਕਰਨ ਦਾ ਤਹੱਈਆ ਕੀਤਾ ਜਾ ਸਕਦਾ ਹੈ।
ਆਮ ਆਦਮੀ ਪਾਰਟੀ ਨੇ ਵੱਡੇ ਵੱਡੇ ਦਾਅਵੇ ਕੀਤੇ ਹਨ ਕਿ ਉਹ ਡਾ ਅੰਬੇਦਕਰ ਅਤੇ ਸ਼ਹੀਦ ਭਗਤ ਸਿੰਘ ਦੇ ਰਸਤੇ ‘ਤੇ ਚੱਲਣਗੇ, ਪਰ ਇਨ੍ਹਾਂ ਪੰਜਾਂ ਵਿੱਚੋਂ ਕਿਹੜਾ ਭਗਤ ਸਿੰਘ ਵਰਗਾ ਇਨਕਲਾਬੀ ਜਾਂ ਡਾ ਅੰਬੇਡਕਰ ਵਰਗਾ ਦਲਿਤ- ਹਿਤੈਸ਼ੀ ਹੈ, ਕੋਈ ਦੱਸ ਸਕਦਾ ਹੈ ?
ਇੰਨਾ ਜ਼ਰੂਰ ਹੈ ਕਿ ਆਪ ਦੀ ਸੋਚ, ਇਸ ਚੋਣ ਨੇ ਨੰਗੀ ਕੀਤੀ ਹੈ ਜਿਸ ਰਾਹੀਂ ਉਸ ਨੇ ਪੰਜਾਬ ਦੀ ਧਰਤੀ ਤੋਂ ਵੀ ਫਿਰਕੂ ਪੱਤਾ ਖੇਡ ਕੇ, ਭਾਰਤ ਦੇ ਬਹੁਗਿਣਤੀਵਾਦ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ। ਪੰਜਾਬੀਆਂ ਨੇ ਆਪ ਨੂੰ ਪੰਜਾਬ ਦੀ ਧਰਤੀ ‘ਤੇ ਇਸ ਲਈ ਨਹੀਂ ਸੀ ਜਿਤਾਇਆ ਕਿ ਉਹ ਪੰਜਾਬ ਨੂੰ ਦਿੱਲੀ ਦੀ ਦਬੇਲ ਬਣਾ ਕੇ ਰੱਖਣ। ਜੇ ਅਜਿਹਾ ਹੁੰਦਾ ਹੈ, ਤਾਂ ਉਸ ਦੇ ਨਤੀਜੇ ਭੁਗਤਣ ਲਈ ਵੀ ਆਮ ਆਦਮੀ ਪਾਰਟੀ ਤਿਆਰ ਰਹੇ, ਕਿਉਂਕਿ ਪੰਜਾਬੀਆਂ ਦਾ ਸੁਭਾਅ ਪ੍ਰੋ ਪੂਰਨ ਸਿੰਘ ਦੇ ਸ਼ਬਦਾਂ ਵਿੱਚ ਇਸ ਤਰ੍ਹਾਂ ਹੈ-
.”. ਪਿਆਰ ਨਾਲ ਇਹ ਕਰਨ ਗੁਲਾਮੀ
ਜਾਨਾਂ ਥੀ ਵਾਰ ਦਿੰਦੇ
ਪਰ ਟੈਂ ਨਾ ਮੰਨਣ ਕਿਸੇ ਦੀ
ਖਲੋ ਜਾਣ ਡਾਂਗਾਂ ਮੋਢੇ ‘ਤੇ ਉਲਾਰ ਕੇ।