ਵਿਦਵਾਨ

ਵਿਦਵਾਨ

ਮੱਸਿਆ ਦੀ ਰਾਤ, ਛਾ ਹਨੇਰ ਜਾਂਵਦਾ,
ਪੁੰਨਿਆ ਦਾ ਚੰਨ, ਰੋਸ਼ਨੀ ਫੈਲਾਂਵਦਾ ,
ਗੁਰੂ ਚੇਲੇ ਜਿਹਾ, ਰਿਸ਼ਤਾ ਨਾ ਕੋਈ ਏ,
ਜਿਹੜਾ ਬੁੱਝ ਜਾਏ, ਵਿਦਵਾਨ ਸੋਈ ਏ।
ਜੀਣੇ-ਮਰਨੇ ਦਾ, ਭੇਦ ਰੱਬ ਜਾਣਦਾ,
ਇਸ ਭੇਦ ਨੂੰ ਗੁਰੂ , ਸਦਾ ਪਛਾਣਦਾ,
ਰੱਬੀ ਮੇਰ੍ਹ ਬਿਨਾਂ, ਜਾਣਦਾ ਨਾ ਕੋਈ ਏ,
ਜਿਹੜਾ ਬੁੱਝ ਜਾਏ, ਵਿਦਵਾਨ ਸੋਈ ਏ।
ਹਰ ਮੋੜ ‘ਤੇ ਗੁਰੂ, ਬਿਨਾਂ ਨਾ ਸਰਦਾ ,
ਗੁਰੂ ਬਿਨਾਂ ਬੰਦਾ, ਰਹੇ ਸਦਾ ਮਰਦਾ,
ਗੁਰੂ-ਹੀਣੇ ਦੀ ਹੀ, ਸਦਾ ਹਾਰ ਹੋਈ ਏ,
ਜਿਹੜਾ ਬੁੱਝ ਜਾਏ, ਵਿਦਵਾਨ ਸੋਈ ਏ।
ਪੱਥਰ ਨੂੰ ਧਾਰ , ਧੰਨੇ ਰੱਬ ਪਾ ਲਿਆ,
ਛਿਵਰੀ ਦਾ ਜੂਠਾ,ਰਾਮ ਬੇਰ ਖਾ ਲਿਆ,
ਪਿਆਰ ਚ ਮੀਰਾ, ਕਿਉਂ ਜਾਂਦੀ ਮੋਈ ਏ,
ਜਿਹੜਾ ਬੁੱਝ ਜਾਏ , ਵਿਦਵਾਨ ਸੋਈ ਏ।
ਵੀਨਾ ਵਾਲ਼ੀ ਤਾਰ,ਰਾਗ ਜੇ ਹੈ ਗਾਂਵਦੀ,
ਜ਼ਿੰਦਗੀ ਹਸੀਨ , ਫਿਰ ਬਣ ਜਾਂਵਦੀ,
ਭੰਮੇ ਗੁਰੂ ਵਿਚ, ਸਦਾ ਰਹਿੰਦੀ ਖੋਈ ਏ,
ਜਿਹੜਾ ਬੁੱਝ ਜਾਏ, ਵਿਦਵਾਨ ਸੋਈ ਏ।
ਲੇਖਕ : ਵੀਨਾ ਬਟਾਲਵੀ