
ਪੰਜਾਬ
ਜਾਤਾਂ ਪਾਤਾਂ,ਮਜ੍ਹਬਾਂ ਚ ਵੰਡਿਆ ਸਮਾਜ ਏ।
ਚੰਦ ਬੰਦਿਆਂ ਦਾ ਤਾਹੀਓਂ ਸਾਡੇ ਉੱਤੇ ਰਾਜ ਏ।
ਸਾਨੂੰ ਜੋ ਲੜਾਉਂਦੇ ਸਾਡੇ ਬਾਰੇ ਨਹੀਓਂ ਸੋਚਦੇ।
ਹਰ ਵੇਲੇ ਸੱਪ ਕਾਲ਼ੇ ਡੰਗਣ ਨੂੰ ਲੋਚਦੇ।
ਪੰਜ ਸਾਲ ਲੁੱਟਕੇ ਜੀ ਐਸੀ ਫੱਟੀ ਪੋਚਦੇ।
ਕਰਗਸਾਂ ਵਾਂਙੂ ਸਾਡਾ ਰਹਿਣ ਚੰਮ ਨੋਚਦੇ।
ਉੱਡਦੇ ਜਿਉਂ ਪੰਛੀਆਂ ਨੂੰ ਪੈਂਦਾ ਉੱਤੋਂ ਬਾਜ਼ ਏ।
ਜਾਤਾਂ ਪਾਤਾਂ,ਮਜ੍ਹਬਾਂ ਚ ਵੰਡਿਆ ਸਮਾਜ ਏ।
ਇੱਕੋ ਰੱਤ ਸਾਰਿਆਂ ਦੀ ਰਗਾਂ ਵਿੱਚ ਦੌੜਦਾ।
ਫੇਰ ਕਿਉਂ ਗਰੀਬ ਦੱਸੋ ਰਹੇ ਹੱਥ ਜੋੜਦਾ।
ਕੈਮਿਕਲਾਂ ਨਾਲ਼ ਸੁੱਕੀ ਜਾਂਦਾ ਰੁੱਖ ਬੋਹੜ ਦਾ।
ਕੌਣ ਜੋ ਜਵਾਨੀ ਸਾਡੀ ਨਸ਼ਿਆਂ ਚ ਰੋੜ੍ਹਦਾ।
ਭੋਲਿਆ ਕਿਸਾਨਾਂ ਤੈਨੂੰ ਮਾਰਦਾ ਵਿਆਜ ਏ।
ਜਾਤਾਂ ਪਾਤਾਂ,ਮਜ੍ਹਬਾਂ ਚ ਵੰਡਿਆ ਸਮਾਜ ਏ।
ਦੱਸੋ ਤਾਂ ਸਹੀ ਓਏ ਲੋਕੋ ਕਿਹੜੀ ਮਜ਼ਬੂਰੀ ਐ।
ਕਦੋਂ ਮਿੱਟਣੀ ਇਹ ਜਿਹੜੀ ਦਿਲਾਂ ਵਿੱਚ ਦੂਰੀ ਐ।
ਇੱਕ ਹੋਵੋ ਇੱਕ ਹੋਣਾ ਸਾਡੇ ਲਈ ਜਰੂਰੀ ਐ।
ਚੰਗੀ ਲੋਟੂ ਲੀਡਰਾਂ ਨੂੰ ਵੱਟੀ ਹੋਈ ਘੂਰੀ ਐ।
ਭੈੜੀਆਂ ਸੋਚਾਂ ਦੇ ਨਾਲ਼ ਚੰਗੀ ਨਾ ਲਿਹਾਜ਼ ਏ।
ਜਾਤਾਂ ਪਾਤਾਂ,ਮਜ੍ਹਬਾਂ ਚ ਵੰਡਿਆ ਸਮਾਜ ਏ।
ਪੜ੍ਹੇ ਲਿਖੇ ਧੀਆਂ ਪੁੱਤ ਚੱਲੇ ਨੇ ਵਿਦੇਸ਼ ਨੂੰ।
ਹਾਏ ਕੌਣ ਬਚਾਊ ਇਸ ਡੁੱਬੀ ਜਾਂਦੇ ਦੇਸ ਨੂੰ।
ਠੱਗਾਂ ਧਾਰ ਲਿਆ ਏਥੇ ਸਾਧਾਂ ਵਾਲੇ ਭੇਸ ਨੂੰ।
ਕਿਵੇਂ ਨਾ ਮੈਂ ਲਿਖਾਂ ਲੱਗੀ ਦਿਲ ਉੱਤੇ ਠੇਸ ਨੂੰ।
ਧੰਨਾ ਧਾਲੀਵਾਲ ਖੁਦ ਨਾਲ਼ੋਂ ਹੀ ਨਰਾਜ਼ ਏ।
ਜਾਤਾਂ ਪਾਤਾਂ,ਮਜ੍ਹਬਾਂ ਚ ਵੰਡਿਆ ਸਮਾਜ ਏ।
ਲੇਖਕ : ਧੰਨਾ ਧਾਲੀਵਾਲ, 9878235714