ਤਿੱਖੀਆਂ ਚੋਭਾਂ

ਤਿੱਖੀਆਂ ਚੋਭਾਂ

ਛੱਡ ਚੌਧਰਾਂ ਪਰ੍ਹਾਂ ਹੋ ਲਾਂਭੇ,
ਕਰ ਬਥੇਰਾ ਲਿਆ ਤੂੰ ਰਾਜ ਕਹਿੰਦੇ,
ਹੁਣ ਕਿਸੇ ਨਾ ਸੁਣਨੀ ਬੀਨ ਤੇਰੀ,
‘ਕੱਠੇ ਕਰ ਲੈ ਆਪਣੇ ਸਾਜ ਕਹਿੰਦੇ।

ਜਿੰਨਾਂ ਚਿਰ ਤੂੰ ਰਿਹਾ ਤਖਤ ਬੈਠਾ,
ਆਇਆ ਗੱਪਾਂ ਤੋਂ ਨਾ ਬਾਜ ਕਹਿੰਦੇ।
ਲੁੱਟ ਪੁੱਟ ਕੇ ਚਾਰ ਚੁਫੇਰਿਆਂ ਨੂੰ,
ਦਿੱਤਾ ਛੱਕੀ ਕਰ ਸਮਾਜ ਕਹਿੰਦੇ।

ਬਣੀ ਬਣਾਈ ਵੀ ਨਾ ਗਈ ਸਾਂਭੀ,
ਡੁੱਬ ਚੱਲਿਆ ਤੇਰਾ ਜਹਾਜ਼ ਕਹਿੰਦਾ।
ਮਾਲ਼ਾ ਟੁੱਟ ਗਈ ਖਿੰਡਦੇ ਜਾਣ ਮਣਕੇ,
ਪੈ ਝਪਟ ਗਿਆ ਕੋਈ ਬਾਜ ਕਹਿੰਦਾ।

ਹੁਣ ਮੁੜ ਨਾ ਕਦੇ ਵੀ ਹੱਥ ਆਉਣੀ,
ਪਹਿਲਾਂ ਵਾਲੀ ਲੁੱਟੀ ਬਹਾਰ ਕਹਿੰਦੇ।
ਪਿਤਾ ਫ਼ਰਜ਼ੰਦ ‘ਭਗਤਾ’ ਜੋੜੀਆਂ ਨੇ,
ਦਿੱਤਾ ਰੰਗਲਾ ਪੰਜਾਬ ਉਜਾੜ ਕਹਿੰਦੇ।
ਲੇਖਕ : ਬਰਾੜ-ਭਗਤਾ ਭਾਈ ਕਾ 1-604-751-1113