ਰਾਹੋਂ ਭਟਕ ਚੁੱਕੇ ਨੌਜਵਾਨਾਂ ਦੀਆਂ ਮਾਵਾਂ ਦੇ ਦਰਦ ਅਵੱਲੜੇ

ਰਾਹੋਂ ਭਟਕ ਚੁੱਕੇ ਨੌਜਵਾਨਾਂ ਦੀਆਂ ਮਾਵਾਂ ਦੇ ਦਰਦ ਅਵੱਲੜੇ

ਲੇਖਕ : ਕੁਲਮਿੰਦਰ ਕੌਰ,
ਸੰਪਰਕ : 98156-52272
ਹਰ ਮਾਂ ਆਪਣੇ ਬੱਚਿਆਂ ਨੂੰ ਕਦਰਦਾਨ ਵਿਅਕਤੀਆਂ ਦੀ ਕਤਾਰ ‘ਚ ਵੇਖਣਾ ਚਾਹੁੰਦੀ ਹੈ ਪਰ ਅੱਜ ਹਾਲਾਤ ਇਹ ਹਨ ਕਿ ਸਰਕਾਰਾਂ ਤੇ ਪ੍ਰਸ਼ਾਸਨ ਦੀ ਨਾਕਾਮੀ ਕਾਰਨ ਬੇਰੁਜ਼ਗਾਰ ਤੇ ਵਿਹਲੇ ਨੌਜਵਾਨ ਨਿਰਾਸ਼ਾ ਦੇ ਆਲਮ ‘ਚ ਜਾ ਕੇ ਨਸ਼ਾ ਤਸਕਰਾਂ ਦੇ ਹੱਥੀਂ ਚੜ੍ਹ ਰਹੇ ਹਨ। ਇੱਥੋਂ ਹੀ ਰਾਹ ਖੁੱਲ੍ਹਦਾ ਹੈ ਗੈਂਗਵਾਰ ਦਾ, ਜੋ ਦੈਂਤ ਦਾ ਰੂਪ ਧਾਰ ਕੇ ਜਵਾਨੀਆਂ ਨਿਗਲ ਰਹੀ ਹੈ। ਵਿਧਵਾ ਮਾਵਾਂ, ਇਸ ਆਸ ਨਾਲ ਜ਼ਿੰਦਗੀ ਲੰਘਾ ਰਹੀਆਂ ਹੁੰਦੀਆਂ ਹਨ ਕਿ ਪੁੱਤ ਵੱਡਾ ਹੋ ਕੇ ਘਰ ਚਲਾਉਣ ਜੋਗਾ ਹੋ ਜਾਵੇਗਾ ਤੇ ਮੇਰਾ ਸਹਾਰਾ ਬਣੇਗਾ ਪਰ ਅੱਜ ਨਸ਼ੇੜੀ ਬੇਟੇ ਤੋਂ ਪਰੇਸ਼ਾਨ ਮਾਂ ਪੁੱਤ ਨੂੰ ਮਾਰਨ ਜਾਂ ਖ਼ੁਦ ਮਰ ਜਾਣ ਦੀ ਇਜਾਜ਼ਤ ਮੰਗ ਰਹੀ ਹੈ। ਹਰ ਕਦਮ ‘ਤੇ ਮਾਂ ਜ਼ਿੰਦਗੀ ਦੇ ਸਬਕ ਸਿਖਾਉਂਦੀ ਰਹੀ ਪਰ ਅੱਜ ਜਦੋਂ ਘਰੋਂ ਚੋਰੀ-ਛਿਪੇ ਗ਼ਲਤ ਰਾਹ ਪਏ ਮੁੰਡੇ ਨੂੰ ਫੋਨ ‘ਤੇ ਵਾਪਸ ਆਉਣ ਨੂੰ ਕਹਿੰਦੀ ਹੈ ਤਾਂ ਅੱਗੋਂ ਰੁੱਖੇ ਲਹਿਜ਼ੇ ਨਾਲ ਉਹ ਕਹਿੰਦਾ ਹੈ, ”ਐਵੇਂ ਨਾ ਭਾਸ਼ਣ ਦੇ। ਅੱਜ ਤਾਂ ਮੈਂ ਕਾਰਵਾਈ ਪਾਉਣ ਚੱਲਿਆ ਹਾਂ।” ਮਾਂ ਨੂੰ ਅਹੁੜ ਗਈ ਸੀ ਕਿ ਇਸ ਦਾ ਮਤਲਬ ਮੇਰੇ ਪੁੱਤ ਦਾ ਕਾਲ ਵੀ ਨਿਸ਼ਚਿਤ ਹੈ। ਫਿਰ ਅੰਮ੍ਰਿਤਸਰ ਦੇ ਭਕਨਾ ਪਿੰਡ ਵਿਖੇ ਆਤਮ ਸਮਰਪਣ ਕਰਨ ਦੀ ਬਜਾਏ ਮੂਸੇਵਾਲਾ ਹੱਤਿਆ ਕਾਂਡ ‘ਚ ਲੋੜੀਂਦੇ ਸ਼ੂਟਰ ‘ਆਖ਼ਰੀ ਪਰਫਾਰਮੈਂਸ’ ਵਿਖਾ ਕੇ ਮੌਤ ਦੇ ਆਗੋਸ਼ ‘ਚ ਚਲੇ ਗਏ। ਕਈ ਘੰਟਿਆਂ ਬਾਅਦ ਕਮਰੇ ਤੋਂ ਬਾਹਰ ਆ ਕੇ ਮਾਂ ਮੀਡੀਆ ਨੂੰ ਮੁਖਾਤਿਬ ਹੋਈ ਕਿ ਮੈਂ ਤਾਂ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਜੇ ਰੂਪੇ ਨੇ ਸਿੱਧੂ ਦੀ ਹੱਤਿਆ ਕੀਤੀ ਹੈ ਤਾਂ ਉਸ ਨੂੰ ਗੋਲ਼ੀ ਮਾਰ ਦਿਉ। ਜਿਸ ਤਰ੍ਹਾਂ ਸਿੱਧੂ ਦੀ ਮਾਂ ਉਸ ਦੇ ਵਿਯੋਗ ‘ਚ ਵਿਲਕੀ ਹੈ, ਹੁਣ ਮੈਂ ਵੀ ਉਸੇ ਤਰ੍ਹਾਂ ਤੜਫਦੀ ਰਹਾਂਗੀ। ਵਿਸ਼ਵ ਪ੍ਰਸਿੱਧ ਸਿੱਧੂ ਮੂਸੇਵਾਲਾ ਨੂੰ ਪਾਕਿਸਤਾਨ ਵੱਲੋਂ ‘ਵਾਰਿਸ ਸ਼ਾਹ ਪੁਰਸਕਾਰ’ ਦੇਣ ਦਾ ਐਲਾਨ ਕੀਤਾ ਗਿਆ ਹੈ ਜੋ ਗੈਂਗਸਟਰਾਂ ਦੀ ਦੁਸ਼ਮਣੀ ਦਾ ਨਿਸ਼ਾਨਾ ਬਣਿਆ ਸੀ। ਹੁਣ ਮਾਂ ਤਾਂ ਦੁਨੀਆ ਦੇ ਐਸ ਕੰਢੇ ਤੋਂ ਓਸ ਕੰਢੇ ਤਕ ਇਕ ਹੀ ਹੈ। ਸੋ ਦੋਨੋਂ ਧਿਰਾਂ ਦੀਆਂ ਮਾਵਾਂ ਦਾ ਅੰਦਰਲਾ ਧਾਹਾਂ ਮਾਰਦਾ ਹੈ ਪਰ ਉਨ੍ਹਾਂ ਨੇ ਦਬਾ ਲਏ ਹਨ ਸਾਰੇ ਜਜ਼ਬਾਤ, ਸਾਰੇ ਦਰਦ ਤੇ ਪੀੜਾਂ ਆਪਣੇ ਦਿਲ ਵਿਚ। ਬਚਪਨ ‘ਚ ਪਿਸਤੌਲ ਵਰਗੇ ਖਿਡੌਣੇ ਨਾ ਦੇਣਾ ਪਰ ਅੱਜ ਉਹ ਸੱਚਮੁੱਚ ਪਿਸਤੌਲ ਤੇ ਗੰਨ ਕਲਚਰ ਨਾਲ ਜੁੜ ਗਏ। ਕੋਈ ਮਾਂ ਆਪਣੀ ਕੁੱਖੋਂ ਗੈਂਗਸਟਰ ਨਹੀਂ ਜੰਮਦੀ ਬਲਕਿ ਇਹ ਤਾਂ ਸਿਸਟਮ ਦੀ ਦੇਣ ਹਨ। ਉਹ ਖ਼ੁਦ ਹੀ ਚੁਣ ਲੈਂਦੇ ਹਨ ਉਜਾੜਾਂ ਵਾਲਾ ਰਾਹ ਤੇ ਫਿਰ ਇਸ ਦਲਦਲ ਵਿਚ ਧਸ ਜਾਂਦੇ ਹਨ। ਪੰਜਾਬੀ ਨੌਜਵਾਨਾਂ ਦੇ ਅਪਰਾਧ ਜਗਤ ਵੱਲ ਵਧਦੇ ਕਦਮਾਂ ਨੂੰ ਰੋਕਣ ਲਈ ਸਮੇਂ ਦੀ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਸਮਾਂ ਰਹਿੰਦਿਆਂ ਸਿੱਖਿਆ-ਸ਼ਾਸਤਰੀਆਂ, ਮਨੋਵਿਗਿਆਨੀਆਂ ਤੇ ਉੱਚ ਪੁਲਿਸ ਅਧਿਕਾਰੀਆਂ ਦੀ ਮਦਦ ਨਾਲ ਇਸ ਸਮੱਸਿਆ ‘ਤੇ ਕਾਬੂ ਪਾਉਣ ਲਈ ਗੰਭੀਰਤਾ ਵਿਖਾਵੇ। ਰਾਹਾਂ ਤੋਂ ਭਟਕੇ ਨੌਜਵਾਨਾਂ ਨੂੰ ਅਪੀਲ ਹੈ ਕਿ ਵਾਪਸੀ ਦਾ ਰਸਤਾ ਅਖਤਿਆਰ ਕਰਨ ਤਾਂ ਕਿ ਕੋਈ ਵੀ ਮਾਂ ਆਪਣੀ ਕੁੱਖ ਨੂੰ ਉਲਾਂਭੇ ਨਾ ਦੇਵੇ।