ਕੈਨੇਡਾ ਸਰਕਾਰ ਵਲੋਂ ਪੋਸਟ ਗਰੈਜੂਏਟ ਵਰਕ ਪਰਮਿਟ ਦੇ ਵਾਧੇ ਨਵੀਂ ਐਕਸਟੈਨਸ਼ਨ ਪਾਲਿਸੀ ਜਾਰੀ

ਕੈਨੇਡਾ ਸਰਕਾਰ ਵਲੋਂ ਪੋਸਟ ਗਰੈਜੂਏਟ ਵਰਕ ਪਰਮਿਟ ਦੇ ਵਾਧੇ ਨਵੀਂ ਐਕਸਟੈਨਸ਼ਨ ਪਾਲਿਸੀ ਜਾਰੀ

ਸਰੀ : ਇਮੀਗ੍ਰੇਸ਼ਨ ਵਿਭਾਗ ਵੱਲੋਂ ਪੋਸਟ ਗਰੈਜੂਏਟ ਵਰਕ ਪਰਮਿਟ ਦੇ ਵਾਧੇ ਨਵੀਂ ਐਕਸਟੈਨਸ਼ਨ ਪਾਲਿਸੀ ਜਾਰੀ ਕਰ ਦਿੱਤੀ ਗਈ ਹੈ। ਪਾਲਿਸੀ ਮੁਤਾਬਿਕ 18 ਮਹੀਨਿਆਂ ਦਾ ਓਪਨ ਵਰਕ ਪਰਮਿਟ ਜਾਰੀ ਕੀਤਾ ਜਾ ਰਿਹਾ ਹੈ।
ਇਮੀਗ੍ਰੇਸ਼ਨ ਵਿਭਾਗ ਵੱਲੋਂ ਮੰਗਲਵਾਰ ਨੂੰ ਜਾਰੀ ਕੀਤੀ ਪਾਲਿਸੀ ਮੁਤਾਬਿਕ ਜਿਹੜੇ ਵਿਅਕਤੀਆਂ ਦੇ ਵਰਕ ਪਰਮਿਟ ਦੀ ਮਿਆਦ 20 ਸਤੰਬਰ 2021 ਤੋਂ ਲੈ ਕੇ 31 ਦਸੰਬਰ 2022 ਦੌਰਾਨ ਖ਼ਤਮ ਹੋਵੇਗੀ , ਉਹ ਇਸ ਪਾਲਿਸੀ ਅਧੀਨ ਅਪਲਾਈ ਕਰਨ ਦੇ ਯੋਗ ਹੋਣਗੇ।
ਓਪਨ ਵਰਕ ਪਰਮਿਟ ਵਾਲਾ ਵਿਅਕਤੀ ਕੈਨੇਡਾ ਵਿੱਚ ਲੱਗਭਗ ਹਰ ਖੇਤਰ ਵਿੱਚ ਕੰਮ ਕਰ ਸਕਦਾ ਹੈ ਅਤੇ ਉਸ ਉੱਪਰ ਕਿਸੇ ਇਕ ਨੌਕਰੀਦਾਤੇ ਨਾਲ ਕੰਮ ਕਰਨ ਦੀ ਕੋਈ ਸ਼ਰਤ ਨਹੀਂ ਹੁੰਦੀ।
ਜ਼ਿਕਰਯੋਗ ਹੈ ਕਿ ਵਰਕ ਪਰਮਿਟ ਦੀ ਮਿਆਦ ਨੂੰ ਲੈ ਕੇ ਕੈਨੇਡਾ ਵਿੱਚ ਕੰਮ ਕਰ ਰਹੇ ਵਿਅਕਤੀ ਲਗਾਤਾਰ ਪ੍ਰੇਸ਼ਾਨ ਹੋ ਰਹੇ ਸਨ। ਅਜਿਹੇ ਨੌਜਵਾਨਾਂ ਵੱਲੋਂ ਟੋਰੌਂਟੋ ‘ਚ ਪ੍ਰਦਰਸ਼ਨ ਵੀ ਕੀਤਾ ਗਿਆ ਸੀ।
ਪੋਸਟ ਗਰੈਜੂਏਟ ਵਰਕ ਪਰਮਿਟ ‘ਤੇ ਕੰਮ ਕਰ ਰਹੇ ਨੌਜਵਾਨਾਂ ਵੱਲੋਂ ਇਸਦਾ ਸਵਾਗਤ ਕੀਤਾ ਜਾ ਰਿਹਾ ਹੈ। ਭਾਰਤੀ ਮੂਲ ਦੇ ਨੌਵਜਾਨ ਸਿਧਾਰਥ ਬਾਲਾ ਦਾ ਕਹਿਣਾ ਹੈ ਕਿ ਵਿਭਾਗ ਦਾ ਇਹ ਫ਼ੈਸਲਾ ਰਾਹਤ ਭਰਿਆ ਹੈ। ਸਿਧਾਰਥ ਬਾਲਾ ਨੇ ਕਿਹਾ ਬਹੁਤ ਸਾਰੇ ਵਿਦਿਆਰਥੀ ਵਰਕ ਪਰਮਿਟ ਦੀ ਮਿਆਦ ਨੂੰ ਲੈ ਕੇ ਪ੍ਰੇਸ਼ਾਨ ਹੋ ਰਹੇ ਸਨ। ਹੁਣ ਇਹ ਨੌਵਜਾਨ ਆਪਣੇ ਕੰਮ ‘ਤੇ ਧਿਆਨ ਦੇ ਸਕਣਗੇ।
ਜ਼ਿਕਰਯੋਗ ਹੈ ਕਿ ਕੋਵਿਡ-19 ਦੇ ਚਲਦਿਆਂ ਪੀ ਆਰ ਦੇ ਡਰਾਅ ਨਹੀਂ ਕੱਢੇ ਗਏ ਅਤੇ ਇਸ ਦੌਰਾਨ ਬਹੁਤ ਸਾਰੇ ਵਿਅਕਤੀਆਂ ਦੇ ਵਰਕ ਪਰਮਿਟਸ ਦੀ ਮਿਆਦ ਖ਼ਤਮ ਹੋ ਗਈ। ਕੈਨੇਡਾ ਵਿੱਚ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਵਿਦਿਆਰਥੀਆਂ ਨੂੰ ਪੋਸਟ ਗ੍ਰੈਜੂਏਟ ਵਰਕ ਪਰਮਿਟ ਜਾਰੀ ਹੁੰਦਾ ਹੈ । ਕੈਨੇਡਾ ਵਿੱਚ ਪੋਸਟ ਗ੍ਰੈਜੂਏਟ ਵਰਕ ਪਰਮਿਟ ‘ਤੇ ਕੰਮ ਕਰਕੇ ਵਿਦਿਆਰਥੀ ਪੀ ਆਰ ਅਪਲਾਈ ਕਰਦੇ ਹਨ ।
ਇਸਤੋਂ ਪਹਿਲਾਂ ਡਰਾਅ ਆਮ ਵਾਂਗ ਸਨ ਅਤੇ ਵਿਦਿਆਰਥੀ ਪੀ ਆਰ ਪਾ ਲੈਂਦੇ ਸਨ , ਜਿਸ ਕਰਕੇ ਅਜਿਹੀ ਕੋਈ ਦਿੱਕਤ ਨਹੀਂ ਆਉਂਦੀ ਸੀ। ਇਮੀਗ੍ਰੇਸ਼ਨ ਵਿਭਾਗ ਵੱਲੋਂ ਅਜਿਹੇ ਵਿਅਕਤੀਆਂ ਨੂੰ 18 ਮਹੀਨੇ ਦਾ ਵਾਧੂ ਓਪਨ ਵਰਕ ਪਰਮਿਟ ਦੂਜੀ ਵਾਰ ਜਾਰੀ ਕੀਤਾ ਜਾ ਰਿਹਾ ਹੈ।
ਇਸਤੋਂ ਪਹਿਲਾਂ ਇਮੀਗ੍ਰੇਸ਼ਨ ਮੰਤਰਾਲੇ ਵੱਲੋਂ ਜਨਵਰੀ 2021 ਦੌਰਾਨ ਜਨਵਰੀ ਤੋਂ 27 ਨਵੰਬਰ , 2021 ਦਰਮਿਆਨ ਵਰਕ ਪਰਮਿਟ ਖ਼ਤਮ ਹੋਣ ਵਾਲੇ ਵਿਦਿਆਰਥੀਆਂ ਨੂੰ 18 ਮਹੀਨਿਆਂ ਦਾ ਓਪਨ ਵਰਕ ਪਰਮਿਟ ਦੇਣ ਦਾ ਐਲਾਨ ਕੀਤਾ ਗਿਆ ਸੀ।