ਮਾਈਕਰੋ ਅਗਰੈਸ਼ਨ

ਮਾਈਕਰੋ ਅਗਰੈਸ਼ਨ

ਲੇਖਕ : ਕਲਵੰਤ ਸਿੰਘ ਸਹੋਤਾ
ਸੰਪਰਕ : 604-589-5919
ਮਾਈਕਰੋ-ਅਗਰੈਸ਼ਨ ਨੂੰ ਸਮਝਣਾ ਅਤੇ ਉਸ ਨਾਲ ਨਜਿੱਠਣਾ ਗੁੰਝਲਦਾਰ ਕੰਮ ਹੈ। ਕਈ ਵਾਰੀ ਇਹ ਹੋ ਰਿਹਾ ਹੁੰਦਾ ਹੈ ਪਰ ਸਾਨੂੰ ਪਤਾ ਨਹੀਂ ਲੱਗਦਾ ਕਿ ਇਹ ਮਾਈਕਰੋ-ਅਗਰੈਸ਼ਨ ਹੈ। ਜੇ ਹੈ ਤਾਂ ਉਸ ਦਾ ਕੀ ਕਰੀਏ। ਇਹ ਹਵਾ ਦੇ ਬੁੱਲ੍ਹੇ ਵਾਂਗ ਆਉਂਦਾ ਤੇ ਜਾਂਦਾ ਹੈ। ਜਦ ਨੂੰ ਤੁਹਾਨੂੰ ਪਤਾ ਲੱਗਦਾ ਤਾਂ ਉਹ ਹਵਾ ਦੇ ਝੌਕੇ ਵਾਂਗ ਵਗ ਚੁੱਕਿਆ ਹੁੰਦਾ ਹੈ। ਇਹ ਸਿੱਧਾ ਸਪਸ਼ਟ ਵੀ ਦਿਸਦਾ ਹੁੰਦਾ, ਗੱਲਾਂ-ਬਾਤਾਂ ‘ਚ ਵੀ ਜ਼ਾਹਿਰ ਹੋ ਜਾਂਦਾ ਹੈ। ਮੂੰਹ ਦੇ ਹਾਵਭਾਵ ਤੋਂ ਵੀ ਪ੍ਰਗਟ ਹੋ ਜਾਂਦਾ ਹੈ। ਇਸ ਦੀਆਂ ਸੂਖਮ ਪਰਤਾਂ ਅਤੇ ਇੰਨੇ ਰੰਗ ਢੰਗ ਤੇ ਰੂਪ ਹਨ ਕਿ ਆਮ ਤੌਰ ‘ਤੇ ਉਹ ਕਿਸੇ ਪਰਦੇ ਦੇ ਪਿੱਛੇ ਲੁਕ ਬੈਠੇ ਹੁੰਦੇ ਹਨ, ਜੋ ਸਪਸ਼ਟ ਦੇਖੇ ਜਾਂ ਮਹਿਸੂਸ ਨਹੀਂ ਕੀਤੇ ਜਾ ਸਕਦੇ। ਕਿਸੇ ਬਿਰਤਾਂਤ ਜਾਂ ਘਟਨਾ ਦੇ ਵਾਪਰਨ ਮਗਰੋਂ ਹੀ ਮਨ ਅੰਦਰ ਭਾਸਣ ਅਤੇ ਮਹਿਸੂਸ ਹੋਣ ਲੱਗੂ ਕਿ ਇਹ ਕੁੱਝ ਅਜੀਬ ਸੀ, ਅਣਸੁਖਾਵਾਂ ਸੀ, ਆਮ ਨਹੀਂ ਸੀ, ਕੁੱਝ ਵੱਖਰਾ ਸੀ, ਜੋ ਰੜਕਿਆ ਅਤੇ ਚੁੱਭਿਆ। ਅੰਦਰ ਤੁਹਾਡੇ ਖਲਬਲੀ ਮਚੀ, ਕੁੱਝ ਅਜੀਬ ਲੱਗਿਆ, ਮਨ ਨੂੰ ਟੁੰਬਿਆ, ਸੋਚਣ ਲਈ ਮਜਬੂਰ ਕੀਤਾ ਆਦਿ ਵਿਚਾਰਾਂ ਦਾ ਬਣਨਾ ਮਾਈਕਰੋ ਅਗਰੈਸ਼ਨ ਦੀਆਂ ਪਰਤਾਂ ਦੇ ਪਰਦੇ ਚੁੱਕਦਾ ਹੈ। ਮੈਨੂੰ ਪਤਾ ਨਹੀਂ ਲਗਦਾ ਕਿ ਕਿਵੇਂ ਪੰਜਾਬੀ ਵਿਚ ਇਸ ਦਾ ਸਹੀ ਤਰਜਮਾ ਕਰਾਂ, ਪਰ ਮੈਂ ਇਸ ਬਾਰੇ ਵਿਸਥਾਰ ਨਾਲ ਲਿਖਾਂਗਾ ਤਾਂ ਕਿ ਪਾਠਕ ਆਪਣੇ ਆਪ ਹੀ ਇਸ ਦਾ ਮਤਲਬ ਸਮਝ ਸਕਣ। ਕਈ ਵਾਰੀ ਸਾਧਾਰਨ ਗੱਲਬਾਤ ਦੌਰਾਨ, ਉਸ ਦੇ ਪਿੱਛੇ, ਅਜਿਹਾ ਸੁਨੇਹਾ ਹੁੰਦਾ ਜਿਸ ਨੂੰ ਸਮਝਣ ਨੂੰ ਕੁੱਝ ਦੇਰ ਲਗਦੀ ਹੈ। ਬਿਨਾ ਕਿਸੇ ਪੁਣਛਾਣ ਅਤੇ ਤੱਥਾਂ ਤੋਂ ਹੀ ਅਕਸਰ ਉਹ ਸੁਨੇਹਾ ਤੁਹਾਡੀ ਦਿੱਖ ਦੇਖ ਕੇ ਤੁਹਾਡੇ ‘ਤੇ ਦਾਗ ਦਿੱਤਾ ਜਾਂਦਾ ਹੈ। ਪਹਿਲੇ ਬਣੇ ਪ੍ਰਭਾਵ ਅਨੁਸਾਰ ਨਤੀਜਾ ਕੱਢ ਕੇ ਆਪਣਾ ਫੈਸਲਾ ਉਸ ਗੱਲਬਾਤ ਰਾਹੀਂ ਪਹੁੰਚਦਾ ਕਰ ਦਿੱਤਾ ਜਾਂਦਾ ਹੈ। ਜਦੋਂ ਤੁਹਾਡੇ ਅੰਦਰ ਅਸਲੀਅਤ ਘਰ ਕਰਨ ਲਗਦੀ ਹੈ ਤਾਂ ਸਮਝ ਪੈ ਜਾਂਦਾ ਹੈ ਕਿ ਇਹ ਮਾਈਕਰੋਅਗਰੈਸ਼ਨ ਹੈ; ਜੋ ਇਸ ਤਰ੍ਹਾਂ ਪ੍ਰਗਟ ਹੁੰਦਾ ਹੈ ਕਿ ਇਸ ਨੂੰ ਕਰਨ ਵਾਲਾ ਆਪਣੀ ਗੱਲ ਬਿਨਾ ਕਿਸੇ ਤਿੱਖੇ ਵਾਰ ਕੀਤੇ ਹੀ ਆਪਣਾ ਸੂਖਮ ਸੁਨੇਹਾ ਦੇ ਜਾਂਦਾ ਹੈ। ਇਸ ਸੁਨੇਹੇ ਪਿੱਛੇ ਗੁੱਝੀ ਰਮਜ਼ ਅਤੇ ਤਿੱਖਾ ਵਾਰ ਹੁੰਦਾ ਹੈ ਜੋ ਸਮਝ ਪੈਣ ‘ਤੇ ਤੁਹਾਡੇ ਅੰਦਰ ਡੂੰਘਾ ਜ਼ਖਮ ਕਰ ਜਾਂਦਾ ਹੈ, ਜਿਸ ਨੂੰ ਰਾਜ਼ੀ (ਹੀਲ) ਹੋਣ ਨੂੰ ਡਾਢਾ ਸਮਾਂ ਲਗਦਾ ਹੈ। ਇਹ ਅਕਸਰ ਵਾਪਰਦਾ ਰਹਿੰਦਾ ਹੈ। ਬਹੁਤੀ ਵਾਰੀ ਇਸ ਨੂੰ ਨਜ਼ਰ ਅੰਦਾਜ਼ ਕਰ ਦਈਦਾ ਹੈ ਕਿ ਕਿਸ ਕਿਸ ਨਾਲ ਬਹਿਸ-ਮੁਬਾਹਸਾ ਕਰੀ ਜਾਈਏ ਇਹ ਤਾਂ ਰੋਜ਼ ਦੇ ਜੀਵਨ ਦਾ ਅੰਗ ਹੀ ਹੈ। ਪਰ ਜੇ ਇਸ ਨੂੰ ਅਣਗੌਲਿਆ ਅਤੇ ਨਜ਼ਰ ਅੰਦਾਜ਼ ਕਰਦੇ ਜਾਓ ਤਾਂ ਇਹ ਭਿਆਨਕ ਛੂਤ ਦੀ ਬਿਮਾਰੀ ਬਣ ਜਾਂਦਾ ਹੈ ਅਤੇ ਅੱਗੇ ਜਾ ਕੇ ਤੇਜੀ ਨਾਲ ਵਧਦਾ ਫੁਲਦਾ ਆਪਣਾ ਪ੍ਰਭਾਵ ਦੂਰ ਤੱਕ ਛੱਡਦਾ ਜਾਂਦਾ ਹੈ। ਜ਼ਿੰਦਗੀ ‘ਚ ਵਾਪਰੀ ਅਜਿਹੀ ਘਟਨਾ ਇੱਕ ਬੰਦੇ ਲਈ ਮਾਮੂਲੀ ਹੋ ਸਕਦੀ ਹੈ ਪਰ ਦੂਸਰੇ ਲਈ ਉਹੀ ਬਹੁਤ ਗੰਭੀਰ ਅਤੇ ਦਿਲ ਦੁਖਾਊ। ਪਹਿਲਾਂ ਬਣਾਏ ਆਪਣੇ ਮਨ ਅਨੁਸਾਰ ਸਭ ਨੂੰ ਇੱਕੋ ਬੁਰਸ਼ ਨਾਲ ਰੰਗ ਕੇ ਇਉਂ ਮੂੰਹ ਪਟਕ ਕੇ ਕਹਿ ਦੇਣਾ ਕਿ ਇਸ ਨਸਲ, ਦਿੱਖ ਅਤੇ ਪਿਛੋਕੜ ਵਾਲੇ ਬੰਦੇ ਬਹੁਤ ਘਟੀਆ ਹਨ। ਅਕਸਰ ਰੰਗ, ਨਸਲ, ਦਿੱਖ, ਪਹਿਰਾਵਾ, ਅਤੇ ਭੂਗੋਲਕ ਪਿਛੋਕੜ ਕੁੱਝ ਗੱਲਾਂ ਹਨ ਜਿਨ੍ਹਾਂ ਦੇ ਸਨਮੁੱਖ ਇੱਕ ਪਾਸੜ ਫੈਸਲਾ ਦੇ ਦਿੱਤਾ ਜਾਂਦਾ ਹੈ। ਜਿਉਂ ਜਿਉਂ ਬਹੁ-ਸੱਭਿਆਚਾਰਕ ਭਾਈਚਾਰਿਆਂ ਦਾ ਪਸਾਰ ਹੁੰਦਾ ਰਿਹਾ ਹੈ ਅਤੇ ਹੋ ਰਿਹਾ ਹੈ ਤਿਉਂ ਤਿਉਂ ਇ੍ਹਂਾਂ ਗੱਲਾਂ ਵਲ ਬਹੁਤ ਧਿਆਨ ਦੇਣ ਦੀ ਲੋੜ ਹੈ। ਹਰੇਕ ਭਾਈਚਾਰੇ ਦੇ ਆਪੋ ਆਪਣੇ ਰਹਿਣ ਸਹਿਣ, ਰੀਤੀ ਰਿਵਾਜ਼ ਤੇ ਜੀਵਨ ਬਸਰ ਕਰਨ ਦੇ ਢੰਗ ਤਰੀਕੇ ਹਨ। ਆਪਣੀ ਤੰਗ ਦਿਲ ਸੋਚ ਅਧੀਨ ਹੋਰ ਕਿਸੇ ਨੂੰ ਘਟੀਆ ਜਾਂ ਘੱਟ ਸਮਝ ਵਾਲਾ ਤੇ ਆਪਣੇ ਆਪ ਨੂੰ ਉਚਾ ਤੇ ਵਧੀਆ ਸਮਝਣਾ ਠੀਕ ਨਹੀਂ; ਇਸ ਸੋਚ ਨੂੰ ਬਦਲਣ ਦੀ ਜ਼ਰੂਰਤ ਹੈ। ਇਸ ਲਿਖਤ ਨੂੰ ਅੱਗੇ ਤੋਰਨ ਲਈ ਹੇਠ ਲਿਖੀਆਂ ਘਟਨਾਵਾਂ ਦਾ ਜ਼ਿਕਰ ਕਰਾਂਗਾ ਤਾਂ ਕਿ ਪੜ੍ਹਨ ਵਾਲੇ ਨੂੰ ਸਮਝਣਾ ਸੌਖਾ ਹੋ ਜਾਏ ਕਿ ਇਹ ਮਾਜਰਾ ਕੀ ਹੈ? ਚਾਰ ਸਾਲ ਦਾ ਮੇਰਾ ਪੋਤਾ ਡੇਅ-ਕੇਅਰ ਜਾਂਦਾ। ਬਹੁਤੀ ਵਾਰੀ ਮੈਂ ਉਸ ਨੂੰ ਲੈਣ ਅਤੇ ਛੱਡਣ ਜਾਂਦਾਂ। ਘਰੋਂ ਜਾਣ ਆਉਣ 18 ਕਿਲੋਮੀਟਰ ਹੈ। ਇੱਕ ਦਰਿਆ ਦਾ ਪੁਲ ਵੀ ਟੱਪਣਾ ਪੈਂਦਾ, ਜਿੱਥੇ ਜਾਂਦਿਆਂ- ਆਉਂਦਿਆਂ ਡਾਢੇ ਟਰੈਫਿਕ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ। ਡੇਅ-ਕੇਅਰ ਬੱਸਾਂ ਅਤੇ ਗੱਡੀਆਂ ਦੀ ਸੰਚਾਲਕ ਕੰਪਨੀ ਬਹੁ ਮੰਜ਼ਲੀ ਇਮਾਰਤ ਦੀ ਪਹਿਲੀ ਮੰਜ਼ਲ ‘ਤੇ ਹੈ। ਉਥੇ ਬਿਲਡਿੰਗ ਦੀ ਮੇਨ ਲਾਬੀ ਵਿਚ ਦੀ ਵੀ ਜਾਇਆ ਜਾ ਸਕਦਾ ਹੈ ਤੇ ਦੂਸਰੇ ਪਾਸੇ ਡੇਅਕੇਅਰ ਦੀ ਵੱਖਰੀ ਐਂਟਰੀ ਵੀ ਹੈ। ਆਪਣੀ ਸਹੂਲਤ ਵਾਸਤੇ ਮਾਪੇ ਬੱਚਿਆਂ ਨੂੰ ਛੱਡਣ ਅਤੇ ਲੈਣ ਕਿਸੇ ਪਾਸੇ ਦੀ ਵੀ ਅੰਦਰ ਆਸਾਨੀ ਨਾਲ ਆ ਜਾ ਸਕਦੇ ਹਨ। ਬੱਚਿਆਂ ਦੇ ਡੇਅ-ਕੇਅਰ ‘ਚ ਦਾਖਲ ਹੋਣ ਲਈ ਮਾਪਿਆਂ ਨੂੰ ਇੱਕ ਟੈਗ ਦਿੱਤਾ ਹੁੰਦਾ, ਜਿਸ ਨੂੰ ਸਕੈਨ ਕਰੋਗੇ ਤਾਂ ਹੀ ਅੰਦਰ ਜਾਣ ਵਾਲਾ ਦਰਵਾਜ਼ਾ ਖੁੱਲੇਗਾ। ਇੱਕ ਦਿਨ ਸ਼ਾਮ ਨੂੰ ਪੰਜ ਕੁ ਵਜੇ ਮੈਂ ਆਪਣੇ ਪੋਤੇ ਨੂੰ ਲੈਣ ਗਿਆ ਤਾਂ ਇਕ ਗੋਰਾ ਬਹੁਮੰਜ਼ਲੀ ਬਿਲਡਿੰਗ ਦੀ ਮੇਨ ਲਾਬੀ ਰਾਹੀਂ ਅੰਦਰੋਂ ਨਿਕਲ ਰਿਹਾ ਸੀ ਅਤੇ ਮੈਂ ਅੰਦਰ ਵੜਨਾ ਸੀ; ਮੈਨੂੰ ਪੈਂਦੀ ਸੱਟੇ ਹੀ ਰੁੱਖੇ ਲਹਿਜ਼ੇ ‘ਚ ਪੁੱਛ ਧਰਿਆ ਕਿ ਤੇਰੇ ਕੋਲ ਅੰਦਰ ਵੜਨ ਦਾ ਪਾਸ ਹੈਗਾ? ਮੈਂ ਜੁਆਬ ਦਿੱਤਾ ਕਿ ਮੈਂ ਡੇਅ-ਕੇਅਰ ਜਾਣਾ, ਮੇਰੇ ਕੋਲ ਸਕੈਨਿੰਗ ਟੈਗ ਹੈਗਾ। ਏਨੀ ਗੱਲ ਤੋਂ ਬਾਅਦ ਉਹ ਮੇਰੇ ਵੱਲ ਕੌੜਾ ਕੌੜਾ ਝਾਕਦਾ ਬਾਹਰ ਨਿਕਲ ਗਿਆ ਤੇ ਮੈਂ ਲਾਬੀ ਥਾਈਂ ਡੇਅ-ਕੇਅਰ ਜਾ ਵੜਿਆ। ਮੇਰੀ ਬੇਟੀ ਵਿਕਟੋਰੀਆ ਯੂਨੀਵਰਸਿਟੀ ‘ਚ ਪਬਲਿਕ ਹੈਲਥ ਦੀ ਮਾਸਟਰਜ਼ ਕਰ ਰਹੀ ਸੀ। ਦੋ ਕੁ ਦਿਨਾਂ ਲਈ ਮੈਂ ਵੀ ਉਸ ਕੋਲ ਗਿਆ ਹੋਇਆ ਸਾਂ। ਇੱਕ ਦਿਨ ਅਸੀਂ ਨਾਮਵਰ ਗਰੌਸਰੀ ਸਟੋਰ ਤੋਂ ਗਰੌਸਰੀ ਲੈਣ ਉਪਰੰਤ ਪੇਅ ਕਰਨ ਲਈ ਲਾਈਨ ‘ਚ ਖੜ੍ਹੇ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਹੇ ਸੀ। ਚਾਰ ਪੰਜ ਕੁ ਗੋਰੇ ਗਾਹਕ ਸਾਥੋਂ ਮੋਹਰੇ ਸਨ, ਕੈਸ਼ੀਅਰ ਚੀਜ਼ਾਂ ਸਕੈਨ ਕਰ ਕਰ ਅਗਲੀ ਬੈਲਟ ‘ਤੇ ਧਰੀ ਜਾ ਰਹੀ ਸੀ ਤੇ ਉਸ ਦਾ ਸਹਾਇਕ ਇੱਕ ਗੋਰਾ ਮੁੰਡਾ ਉਹ ਚੀਜ਼ਾਂ ਚੁੱਕ ਚੁੱਕ ਬੈਗਾਂ ‘ਚ ਪਾਈ ਜਾ ਰਿਹਾ ਸੀ। ਜਦੋਂ ਸਾਡੀ ਵਾਰੀ ਆਈ ਤਾਂ ਉਹ ਪਰ੍ਹਾਂ ਨੂੰ ਮੂੰਹ ਕਰ ਕੇ ਖੜ੍ਹ ਗਿਆ। ਚੈਕ ਹੋਈ ਗਰੌਸਰੀ ਨਾਲ ਮੋਹਰੇ ਬੈਲਟ ਭਰ ਗਈ; ਜਦ ਉਸ ਨੇ ਚੀਜ਼ਾਂ ਬੈਗਾਂ ‘ਚ ਨਾ ਪਾਈਆਂ ਤਾਂ ਮੈਂ ਚੱਕ ਕੇ ਬੈਗਾਂ ‘ਚ ਪਾ ਲਈਆਂ ਤੇ ਬੈਗ ਚੁੱਕ ਕੇ ਬੱਘੀ ‘ਚ ਧਰ ਲਏ। ਮੇਰੀ ਬੇਟੀ ਕੈਸ਼ੀਅਰ ਨੂੰ ਪੇਮੈਂਟ ਕਰਚਕੇ ਮੇਰੇ ਬੱਘੀ ਫੜੀ ਖੜ੍ਹੇ ਕੋਲ ਆ ਬਿੱਲ ਚੈਕ ਕਰਨ ਲੱਗ ਪਈ। ਇੰਨੇ ਨੂੰ ਅਸੀਂ ਕੀ ਦੇਖਦੇ ਹਾਂ ਕਿ ਉਹੀ ਗੋਰਾ ਮੁੰਡਾ ਸਾਥੋਂ ਮਗਰਲਾ ਗਾਹਕ ਜੋ ਗੋਰਾ ਸੀ ਉਸ ਦੀ ਗਰੌਸਰੀ ਬੈਗਾਂ ‘ਚ ਪਾਉਣ ਲੱਗ ਪਿਆ। ਇਹ ਸਾਨੂੰ ਅਜੀਬ ਲੱਗਿਆ ਤੇ ਬਾਹਰ ਆ ਨਾਲੇ ਕਾਰ ‘ਚ ਗਰੌਸਰੀ ਵਾਲੇ ਬੈਗ ਬੱਘੀ ‘ਚੋਂ ਚੁੱਕ ਕਾਰ ‘ਚ ਰੱਖੀ ਜਾਈਏ ਤੇ ਨਾਲੇ ਸੋਚੀਏ ਕਿ ਉਹ ਮੁੰਡਾ ਸਾਡੀ ਵਾਰੀ ਪਰ੍ਹੇ ਨੂੰ ਮੂੰਹ ਕਰਚਕੇ ਕਿਉਂ ਖੜ੍ਹ ਗਿਆ? ਬ੍ਰਿਟਿਸ਼ ਕੋਲੰਬੀਆ ‘ਚ ਡੈਲਟਾ ਇੱਕ ਸ਼ਹਿਰ ਹੈ। ਇਹ ਮੈਟਰੋ ਵੈਨਕੂਵਰ ਦੀਆਂ 20- 21 ਮਿਊਂਸਪੈਲਟੀਆਂ ਵਿਚੋਂ ਇੱਕ ਹੈ। ਇੱਥੇ ਇੱਕ ਛੋਟਾ ਜਿਹਾ ਹਵਾਈ ਅੱਡਾ ਵੀ ਹੈ, ਜਿੱਥੇ ਜੁਲਾਈ ਮਹੀਨੇ ਏਅਰ ਸ਼ੋਅ ਹੁੰਦਾ ਹੈ। ਇਸ ਏਅਰ ਸ਼ੋਅ ਦੇ ਦਾਖਲੇ ਦੀ ਕੋਈ ਟਿਕਟ ਨਹੀਂ, ਸਭ ਲਈ ਮੁਫਤ ਹੈ। ਕੋਵਿਡ-19 ਦੌਰਾਨ ਦੋ ਸਾਲ ਏਅਰ ਸ਼ੋਅ ਹੋ ਨਹੀਂ ਸਕਿਆ। ਕੋਵਿਡ19 ਤੋਂ ਪਹਿਲਾਂ ਤਾਂ ਕਾਰਾਂ ਦੀ ਪਾਰਕਿੰਗ ਵੀ ਮੁਫਤ ਹੀ ਹੁੰਦੀ ਸੀ ਪਰ ਹੁਣ ਨਵੇਂ ਨਿਯਮਾਂ ਮੁਤਾਬਕ ਕਾਰਾਂ ਪਾਰਕ ਕਰਨ ਲਈ ਦਸ ਕੁ ਡਾਲਰ ਪ੍ਰਤੀ ਕਾਰ ਫੀਸ ਜ਼ਰੂਰ ਲੱਗ ਗਈ ਹੈ ਪਰ ਹਵਾਈ ਅੱਡੇ ਅੰਦਰ ਸ਼ੋਅ ਦੇਖਣ ਲਈ ਦਾਖਲਾ ਹਾਲੇ ਵੀ ਮੁਫਤ ਹੈ। ਦਸ ਡਾਲਰ ਪਾਰਕਿੰਗ ਦੇ, ਦੇ ਕੇ ਵੀ ਸਾਰਾ ਦਿਨ ਜਹਾਜਾਂ ਦੇ ਖੇਲਾਂ ਦਾ ਆਨੰਦ ਮਾਣ ਲੈਣਾ, ਹੋਰ ਏਅਰ ਸ਼ੋਆਂ ਦੇ ਮੁਕਾਬਲੇ ਬਹੁਤ ਸਸਤਾ ਹੈ। ਕਾਰ ਦੇ ਵਿੱਤ ਮੁਤਾਬਕ ਤੁਸੀਂ ਜਿੰਨੇ ਮਰਜ਼ੀ ਬੰਦੇ ਅੰਦਰ ਲੈ ਕੇ ਜਾ ਸਕਦੇ ਹੋ। ਅਸੀਂ ਵੀ ਇੱਕ ਵੈਨ ਅਤੇ ਇੱਕ ਕਾਰ ਪਾਰਕ ਕਰ, ਆਪਣੀਆਂ ਕੁਰਸੀਆਂ, ਤੰਬੂ, ਥੱਲੇ ਵਿਛਾਉਣ ਲਈ ਕੱਪੜੇ, ਖਾਣ-ਪੀਣ ਦਾ ਸਾਮਾਨ ਆਦਿ ਇੱਕ ਰੇੜ੍ਹੀ ‘ਤੇ ਲੱਦ ਅੰਦਰ ਵਲ ਨੂੰ ਤੁਰ ਪਏ। ਜਦੋਂ ਟਿਕਟ ਲੈਣ ਵਾਲੇ ਕੀਓਸਕ ਕੋਲ ਪਹੁੰਚੇ ਤਾਂ ਯਾਦ ਆਇਆ ਕਿ ਸਾਨੂੰ ਤਾਂ ਗੱਡੀਆਂ ਦੀਆਂ ਲਾਇਸੈਂਸ ਪਲੇਟਾਂ ਦੇ ਨੰਬਰ ਹੈ ਨਹੀਂ ਚੇਤੇ! ਗੱਡੀਆਂ ਨਵੀਆਂ ਲਈਆਂ ਹੋਣ ਕਰਕੇ ਉਨ੍ਹਾਂ ਦੇ ਨੰਬਰ ਹਾਲੇ ਮੂੰਹ ਜ਼ਬਾਨੀ ਯਾਦ ਨਹੀਂ ਸਨ ਹੋਏ, ਸੋ ਬਾਕੀ ਲਾਣੇ ਨੂੰ ਅੰਦਰ ਪਹੁੰਚ ਆਪਣਾ ਥਾਂ ਮੱਲ ਬੈਠਣ ਲਈ ਕਹਿ ਕੇ, ਮੈਂ ਅਤੇ ਮੇਰੀ ਨੂੰਹ ਦੀ ਭੈਣ ਆਪੋ ਆਪਣੀਆਂ ਗੱਡੀਆਂ ਦੀਆਂ ਲਾਇਸੈਂਸ ਪਲੇਟਾਂ ਦੀਆਂ ਫੋਟੋਜ਼ ਜਾਂ ਪਲੇਟ ਨੰਬਰ ਲਿਖ ਲਿਆਉਣ ਲਈ ਵਾਪਸ ਕਾਰ ਪਾਰਕਿੰਗ ਲਾਟ ਵਲ ਨੂੰ ਤੁਰ ਪਏ। ਜਦੋਂ ਅਸੀਂ ਪਲੇਟ ਨੰਬਰ ਲਿਖ ਕੇ ਵਾਪਸ ਆ ਰਹੇ ਸੀ ਤਾਂ ਇੱਕ ਪਾਰਕਿੰਗ ਕਰਮਚਾਰੀ ਬੀਬੀ ਜੋ ਪੰਜਾਬੀ ਬੋਲਦੀ ਸੀ, ਸਾਨੂੰ ਦੋਹਾਂ ਨੂੰ ਬਾਕੀ ਕਾਰਾਂ ਪਾਰਕ ਕਰ ਕੇ ਆ ਰਹੇ ਝੁੰਡ ਵਿਚੋਂ ਸਿੰਗਲ ਆਊਟ ਕਰ ਕੇ ਕਹਿੰਦੀ ਕਿ ਕੀ ਤੁਹਾਨੂੰ ਪਤਾ ਕਿ ਇਹ ਪੇਅ ਪਾਰਕਿੰਗ ਹੈ? ਮੈਂ ਮੁੜਦੇ ਪੈਰੀਂ ਜੁਆਬ ਦਿੱਤਾ ਕਿ ਸਾਨੂੰ ਪਤਾ ਅਸੀਂ ਟਿਕਟ ਲੈਣੇ ਹਨ। ਅਸੀਂ ਦੋਵੇਂ ਸਾਰੇ ਹਜ਼ੂਮ ਨਾਲ ਤੁਰੇ ਆ ਰਹੇ ਸਾਂ ਤਾਂ ਇੱਕਦਮ ਖਿਆਲ ਆਉਣ ਲੱਗੇ ਕਿ ਇਸ ਨੇ ਸਾਨੂੰ ਦੋਹਾਂ ਨੂੰ ਹੀ ਦੱਸਣਾ ਜ਼ਰੂਰੀ ਕਿਉਂ ਸਮਝਿਆ ਕਿ ਇਹ ਪੇਅ ਪਾਰਕਿੰਗ ਹੈ; ਸਾਡੇ ਨਾਲ ਹੋਰ ਵੀ ਬਹੁਤ ਸਾਰੇ ਰੰਗ ਬਰੰਗੇ ਲੋਕ ਆ ਰਹੇ ਸਨ। ਉਸਦੇ ਪੁੱਛਣ ਦਾ ਕਾਰਨ ਕੋਈ ਵੀ ਹੋਵੇ ਪਰ ਉਸ ਦੀ ਗੱਲ ਸਾਨੂੰ ਰੜਕਣ ਲੱਗੀ, ਅਸੀਂ ਦੋਵੇਂ ਇਸ ਤਰ੍ਹਾਂ ਗੱਲਾਂ ਕਰਦੇ ਹੈਰਾਨ ਹੁੰਦੇ ਹੋਏ ਕੀਓਸਕ ਕੋਲ ਪਹੁੰਚੇ ਤੇ ਕਾਰਾਂ ਪਾਰਕਿੰਗ ਕਰਨ ਦੇ ਟਿਕਟ ਲੈ ਅੰਦਰ ਪਹੁੰਚ ਏਅਰ ਸ਼ੋਅ ਦੇਖਣ ਲਈ ਬੈਠ ਗਏ। ਸਾਰਾ ਸ਼ੋਅ ਦੇਖਦੇ ਸਮੇਂ ਇਸ ਸੁਆਲ ਦਾ ਜੁਆਬ ਲੱਭਣ ਦੀਆਂ ਕੋਸ਼ਿਸ਼ਾਂ ਕਰਦੇ, ਉਲਟਪੁਲਟ ਬਾਜੀਆਂ ਮਾਰਦੇ ਜਹਾਜ਼ਾਂ ਦਾ ਆਨੰਦ ਵੀ ਮਾਣਦੇ ਰਹੇ ਤੇ ਉਸ ਬੀਬੀ ਦੀ ਸਾਨੂੰ ਦਿੱਤੀ ਚਿਤਾਵਨੀ ਭਰੀ ਨਸੀਹਤ ਦੀ ਚੀਰ-ਫਾੜ ਵੀ ਕਰਦੇ ਰਹੇ। ਹਵਾ ‘ਚ ਖ਼ੇਲਾਂ ਕਰਦੇ ਜਹਾਜ਼ਾਂ ਦੇ ਮਾਣ ਹੋ ਰਹੇ ਆਨੰਦ ‘ਚ ਉਸ ਬੀਬੀ ਦਾ ਸਾਨੂੰ ਕੀਤਾ ਸੁਆਲ ਸਾਡੇ ਰੰਗ ‘ਚ ਭੰਗ ਜ਼ਰੂਰ ਪਾਉਂਦਾ ਰਿਹਾ। ਇੱਕ ਹੋਰ ਘਟਨਾ ਵੀ ਇਸੇ ਤਰ੍ਹਾਂ ਦੀ ਹੀ ਹੈਰਾਨ ਕਰਨ ਵਾਲੀ ਹੈ। ਇਸ ਨੂੰ ਪ੍ਹੜ ਕੇ ਤੁਸੀਂ ਕਹੋਗੇ ਕਿ ਇਹ ਮਾਈਕਰੋ-ਅਗਰੈਸ਼ਨ ਨਹੀਂ ਸਗੋਂ ਇਹ ਤਾਂ ਸਿੱਧਾ ਅਗਰੈਸ਼ਨ ਹੀ ਹੈ। ਕੁੱਝ ਦਿਨ ਪਹਿਲਾਂ ਮੈਂ ਆਪਣੇ ਬੈਂਕ ਤੋਂ ਬ੍ਰਿਟਿਸ਼ ਪੌਂਡ ਕੈਨੇਡੀਅਨ ਡਾਲਰਾਂ ‘ਚ ਐਕਸਚੇਂਜ ਕਰਵਾਏ। ਉਹ ਪੌਂਡ ਕਈ ਸਾਲਾਂ ਤੋਂ ਬੈਂਕ ਦੇ ਸੇਫਟੀ ਡਿਪੌਜ਼ਟ ਬੌਕਸ ਵਿਚ ਪਏ ਸਨ। ਹਰ ਸਾਲ ਪੰਜਾਬ ਅਤੇ ਇੰਗਲੈਂਡ ਦੀ ਯਾਤਰਾ ਦੇ ਗੇੜੇ ਤੋਂ ਮੁੜਦਿਆਂ ਬਾਕੀ ਬਚੇ ਰੁਪਏ ਅਤੇ ਪੌਡ ਸਾਂਭ ਕੇ ਅਗਲੇ ਸਾਲ ਯਾਤਰਾ ‘ਤੇ ਜਾਣ ਲਈ ਰੱਖ ਦਿੰਦਾ। ਕੋਵਿਡ19 ਮਹਾਮਾਰੀ ਅਤੇ ਇਸ ਤੋਂ ਪਹਿਲਾਂ ਕੁੱਝ ਸਿਹਤ ਸਬੰਧੀ ਸਮੱਸਿਆਵਾਂ ਕਰਕੇ ਕਈ ਸਾਲ ਕਿਤੇ ਜਾ ਨਾ ਸਕਿਆ। ਸੋਚਿਆ ਕਿ ਕਿਉਂ ਨਾ ਪੌਂਡਾਂ ਨੂੰ ਡਾਲਰਾਂ ‘ਚ ਤਬਦੀਲ ਕਰਵਾ ਵਰਤ ਲਈਏ! ਬੈਂਕ ਜਾ, ਸੇਫਟੀ ਡੀਪਾਜ਼ਿਟ ਬੌਕਸ ਖੋਲ੍ਹ ਉਹ ਪੌਂਡਾਂ ਵਾਲਾ ਲਿਫਾਫਾ ਕੱਢਿਆ ਤਾਂ ਉੱਪਰ ਲਿਖਿਆ ਦੇਖਿਆ, ਜੋ ਪੰਜ ਅਗਸਤ 2015 ਦੀ ਤਰੀਕ ਨੂੰ ਕੀਤੀ ਗਿਣਤੀ ਅਨੁਸਾਰ 706 ਪੌਂਡ ਸਨ। ਸੇਫਟੀ ਡਿਪਾਜ਼ਿਟ ਬੂਥ ‘ਚ ਬੈਠ ਉਸ ਲਿਫਾਫੇ ‘ਚੋਂ ਪੌਂਡ ਕੱਢ ਗਿਣੇ ਤਾਂ ਉਹ 706 ਹੀ ਨਿਕਲੇ, ਜਿਸ ਵਿਚ ਪੰਜ, ਦਸ, ਵੀਹ ਅਤੇ ਪੰਜਾਹ ਪੌਂਡਾਂ ਦੇ ਨੋਟ ਸਨ ਤੇ ਇੱਕ, ਇੱਕ ਪੌਂਡ ਦਾ ਨੋਟ ਸੀ। ਮੈਂ ਉਹੀ ਲਿਫਾਫਾ ਬੈਂਕ ਟੈਲਰ ਦੇ ਕਾਂਊਟਰ ‘ਤੇ ਜਾ ਖ੍ਹੋਲਿਆ ਤੇ ਸਾਰੇ ਗਿਣੇ ਹੋਏ ਪੌਂਡ ਉਸ ਦੇ ਹਵਾਲੇ ਕਰਤੇ। ਇਹ ਉਹੀ ਟੈਲਰ ਬੀਬੀ ਸੀ ਜਿਸ ਨੇ ਮੇਰਾ ਸੇਫਟੀ ਡਿਪਾਜ਼ਿਟ ਬੌਕਸ ਖੋਲ੍ਹਿਆ ਸੀ। ਉਸ ਬੜੇ ਗਹੁ ਨਾਲ ਇਕੱਲਾ ਇਕੱਲਾ ਪੌਂਡਾਂ ਦਾ ਨੋਟ ਦੇਖਿਆ-ਘੋਖਿਆ ਤੇ ਸਭ ਅੱਡ ਅੱਡ ਕਰ ਕਰ ਰੱਖ ਲਏ। ਕੁੱਝ ਵਿਚੋਂ ਵੱਖਰੇ ਕਰ ਕੇ ਕਹਿਣ ਲੱਗੀ ਕਿ ਇਹ ਮੈਂ ਐਕਸਚੇਂਜ ਨਹੀਂ ਕਰ ਸਕਦੀ। ਮੈਂ ਉਹ ਫੜੇ ਅਤੇ ਗਿਣੇ ਤਾਂ ਉਹ 36 ਸਨ। ਮੈਂ 706 ਦੇ ਜੋੜ ਤੋਂ 36 ਪੌਂਡ ਮਨਫੀ ਕਰੇ ਤਾਂ ਬਾਕੀ 670 ਰਹਿ ਗਏ। ਜਦੋਂ ਟੈਲਰ ਨੇ ਉਸ ਕੋਲ ਬਚੇ ਸਾਰੇ ਪੌਂਡ ਗਿਣੇ ਤਾਂ ਉਸ ਕਿਹਾ 670 ਹਨ, ਮੈਂ ਕਿਹਾ ਮੇਰੀ ਗਿਣਤੀ ਮੁਤਾਬਕ ਵੀ ਇਤਨੇ ਹੀ ਬਣਦੇ ਹਨ; ਮੁਕਦੀ ਗੱਲ ਉਸ, ਉਸ ਦਿਨ ਦੇ ਭਾਅ ਅਨੁਸਾਰ /1008 ਕੈਨੇਡੀਅਨ ਡਾਲਰ ਮੇਰੇ ਖਾਤੇ ਜਮ੍ਹਾਂ ਕਰ ਮੈਨੂੰ ਡਿਪਾਜ਼ਿਟ ਸਲਿਪ ਦੇ ਦਿੱਤੀ ਉਪਰੰਤ ਮੈਂ ਘਰ ਆ ਗਿਆ। ਤੀਸਰੇ ਦਿਨ ਸ਼ਾਮ ਨੂੰ ਮੈਨੂੰ ਉਸੇ ਬੈਂਕ ‘ਚੋਂ ਇੱਕ ਅੰਗਰੇਜ਼ੀ ਬੋਲਦੀ ਬੀਬੀ ਦਾ ਫੋਨ ਆਇਆ ਤਾਂ ਕਹਿੰਦੀ ਕਿ ਪਰਸੋਂ ਤੈਂ ਜਿਹੜੇ ਯੂਰੋ ਐਕਸਚੇਂਜ ਕਰਵਾਏ ਹਨ ਉਹ 400 ਹਨ, ਤੇਰੇ ਖਾਤੇ ਵੱਧ ਡਾਲਰ ਜਮ੍ਹਾਂ ਹੋ ਗਏ ਸੋ ਇਸ ਕਰਕੇ ਉਹ ਵਾਧੂ ਡਾਲਰ ਮੇਰੇ ਖਾਤੇ ‘ਚੋਂ ਕੱਢ ਰਹੀ ਹੈ। ਇਹ ਗੱਲ ਸੁਣ ਕੇ ਮੇਰੇ ਪੈਰਾਂ ਥੱਲਿਓਂ ਤਾਂ ਜ਼ਮੀਨ ਹੀ ਖਿਸਕ ਗਈ ਜਾਪੀ ਤੇ ਮੈਂ ਹੈਰਾਨ ਪ੍ਰੇਸ਼ਾਨ ਹੋਏ ਨੇ ਕਿਹਾ ਕਿ ਮੈਂ ਤਾਂ ਯੂਰੋ ਕੋਈ ਐਕਸਚੇਂਜ ਕਰਵਾਏ ਹੀ ਨਹੀਂ ਸਗੋਂ ਉਹ ਤਾਂ ਬ੍ਰਿਟਿਸ਼ ਪੌਂਡ ਸਨ! ਅੱਗੋਂ ਉਸ ਆਪਣੇ ਆਪ ਨੂੰ ਦਰੁਸਤ ਕਰਦਿਆਂ ਕਿਹਾ ” ਉਹ ਪੌਂਡ ਸਨ૷”? ਇਤਨੀ ਗੱਲ ਕਰਦਿਆਂ ਉਸ ਫੋਨ ਇੱਕ ਹੋਰ ਪੰਜਾਬੀ ਬੋਲਦੀ ਬੀਬੀ ਨੂੰ ਫੜਾ ਦਿੱਤਾ ਤਾਂ ਉਹ ਗੱਲਬਾਤ ਪੰਜਾਬੀ ‘ਚ ਜਾਰੀ ਰੱਖਦਿਆਂ ਕਹਿੰਦੀ ਕਿ ਪਰਸੋਂ ਜਿਹੜੇ ਤੈਂ ਯੂਰੋ ਐਕਸਚੇਂਜ ਕਰਾਏ ਹਨ ਉਹ 400 ਹਨ, ਜਿਸ ਮੁਤਾਬਕ ਵਾਧੂ ਡਾਲਰ ਮੇਰੇ ਖਾਤੇ ‘ਚੋਂ ਕੱਢ ਰਹੀ ਹੈ। ਮੈਂ ਉਸ ਨੂੰ ਦਰੁਸਤ ਕਰਦਿਆਂ ਕਿਹਾ ਕਿ ਬੀਬੀ ਜੀ ਮੈਂ ਤਾਂ ਕੋਈ ਯੂਰੋ ਐਕਸਚੇਂਜ ਕਰਵਾਏ ਹੀ ਨਹੀਂ ਸਗੋਂ ਉਹ ਤਾਂ ਬ੍ਰਿਟਿਸ਼ ਪੌਡ ਸਨ। ਅੱਗੋਂ ਉਹ ਬੋਲੀ ਕਿ ਉਨ੍ਹਾਂ ਦੀ ਪੋਜੈਸ਼ਨ ਵਿਚ ਤਾਂ 400 ਹੀ ਹਨ ਸੋ ਇਸ ਕਰਕੇ ਵਾਧੂ ਜਮ੍ਹਾਂ ਡਾਲਰ ਮੇਰੇ ਖਾਤੇ ‘ਚੋਂ ਉਹ ਕੱਢਣ ਜਾ ਰਹੀ ਹੈ। ਮੈਂ ਬਥੇਰਾ ਵਾਸਤਾ ਪਾਵਾਂ ਕਿ ਬੀਬੀ ਮੈਂ ਤਾਂ 670 ਬ੍ਰਿਟਿਸ਼ ਪੌਂਡ ਗਿਣ ਕੇ ਦੇ ਕੇ ਗਿਆ ਹਾਂ ਤੇ ਉਸ ਦੀ ਰਸੀਦ ਮੇਰੇ ਕੋਲ ਹੈ। ਤਿੰਨ ਦਿਨਾਂ ‘ਚ ਉਹ ਬਾਕੀ ਪੌਂਡ ਕਿੱਥੇ ਗਏ, ਬੈਂਕ ‘ਚ ਕਿਸ ਨੇ ਸਾਂਭੇ, ਕਿੱਥੇ ਰੱਖੇ ਇਸ ਦਾ ਤਾਂ ਮੈਨੂੰ ਕੋਈ ਪਤਾ ਨਹੀਂ, ਇਹ ਬੈਂਕ ਦੀ ਜ਼ਿੰਮੇਵਾਰੀ ਹੈ, ਤੁਸੀਂ ਮੇਰੇ ਨਾਲ ਵਾਧੂ ਝੇੜਾ ਕਰ ਰਹੇ ਹੋ, ਤੁਹਾਡੀ ਇਹ ਫੋਨ ਕਾਲ ਸੁਣ ਕੇ ਤਾਂ ਮੈਂ ਸੁੰਨ ਹੋਇਆ ਪਿਆ ਹਾਂ! ਵੀਹ ਮਿੰਟ ਦੀ ਗੱਲਬਾਤ ਦੌਰਾਨ ਉਨ੍ਹਾਂ ਦੋਹਾਂ ਬੀਬੀਆਂ ਮੈਨੂੰ ਇਤਨਾ ਹੈਰਾਨ ਤੇ ਪ੍ਰੇਸ਼ਾਨ ਕੀਤਾ ਕਿ ਮੇਰੀ ਸਾਰੀ ਰਾਤ ਦੀ ਨੀਂਦ ਖਰਾਬ ਹੋ ਗਈ। ਮੈਂ ਉਸ ਨੂੰ ਇਹ ਚਿਤਾਵਨੀ ਦਿੰਦਾ ਰਿਹਾ ਕਿ ਮੇਰੇ ਖਾਤੇ ‘ਚੋਂ ਪੈਸੇ ਨਾ ਕੱਢੀਂ, ਮੈਂ ਤੁਹਾਨੂੰ ਇਹ ਅਖਤਿਆਰ ਨਹੀਂ ਦਿੰਦਾ। ਉਸ ਗੱਲਾਂ ਬਾਤਾਂ ‘ਚ ਰੱਜ ਕੇ ਮੈਨੂੰ ਹਾਰਾਸ, ਬੁਲੀ ਕੀਤਾ ਤੇ ਭਰਮਾਉਣ ਦਾ ਪੂਰਾ ਯਤਨ ਕੀਤਾ ਕਿ ਮੈਂ ਮੰਨ ਜਾਵਾਂ ਕਿ ਗਿਣਤੀ 400 ਹੀ ਸੀ। ਆਖਿਰ ਕੋਈ ਪੇਸ਼ ਨਾ ਜਾਂਦੀ ਦੇਖ ਕਹਿੰਦੀ ਕਿ ਇਹ ਸਾਰਾ ਮਸਲਾ ਉਹ ਆਪਣੇ ਹੈਡ ਆਫਿਸ ਭੇਜ ਰਹੀ ਹੈ, ਉਹ ਦੇਖਣਗੇ ਕਿ ਕੀ ਕਰਨਾ ਹੈ। ਮੈਂ ਕਿਹਾ ਤੁਸੀਂ ਜਿੱਥੇ ਮਰਜ਼ੀ ਭੇਜੋ ਮੇਰਾ ਇਸ ਨਾਲ ਕੋਈ ਲੈਣਦੇਣ ਨਹੀਂ ਜੋ ਕੁੱਝ ਤੁਸੀਂ ਅੱਜ ਫੋਨ ‘ਤੇ ਮੇਰੇ ਨਾਲ ਕੀਤਾ ਇਸ ਦੀ ਲੋੜ ਨਹੀਂ ਸੀ। ਮੈਂ ਬ੍ਰਿਟਿਸ਼ ਪੌਂਡ ਗਿਣ ਕੇ ਦੇ ਕੇ ਆਇਆ ਹਾਂ ਤੇ ਉਸ ਮੁਤਾਬਕ ਟੈਲਰ ਨੇ ਬਣਦੇ ਕੈਨੇਡੀਅਨ ਡਾਲਰ ਮੇਰੇ ਖਾਤੇ ਜਮ੍ਹਾਂ ਕੀਤੇ ਹਨ; ਤੁਸੀਂ ਖਾਹਮੁਖਾਹ ਮੈਨੂੰ ਉਲਝਣ ‘ਚ ਪਾਇਆ ਹੈ। ਸਾਰੇ ਉੱਪਰ ਲਿਖੇ ਅਨੁਸਾਰ ਸੋਚਣ ਵਾਲੀ ਗੱਲ ਇਹ ਹੈ ਕਿ ਜੇ ਮੇਰੀ ਥਾਂ ‘ਤੇ ਵੈਸਟ ਵੈਨਕੂਵਰ ਦੇ ਰਹਿਣ ਵਾਲਾ ਜੌਹਨ ਸਮਿੱਥ ਹੁੰਦਾ ਤਾਂ ਕੀ ਉਸ ਨਾਲ ਵੀ ਇਹੀ ਵਤੀਰਾ ਹੁੰਦਾ? ਨਹੀਂ! ਉੱਥੇ ਨਾ ਤਾਂ ਬੈਂਕ ਨੇ ਅਤੇ ਨਾ ਹੀ ਪਾਰਕਿੰਗ ਲਾਟ ਵਾਲੀ ਬੀਬੀ ਨੇ ਉਸ ਦੇ ਕਿਰਦਾਰ ‘ਤੇ ਕਦੇ ਉਂਗਲ ਚੁੱਕਣੀ ਸੀ ਅਤੇ ਨਾ ਹੀ ਕੋਈ ਕਿੰਤੂ-ਪ੍ਰੰਤੂ ਕਰਨਾ ਸੀ। ਬੈਂਕ ਵਾਲੀਆਂ ਬੀਬੀਆਂ ਨੇ ਜਿਵੇਂ ਮੈਨੂੰ ਹੈਰਾਨ ਪ੍ਰੇਸ਼ਾਨ ਕੀਤਾ ਉਨ੍ਹਾਂ ਜੋਹਨ ਸਮਿੱਥ ਨਾਲ ਅਜਿਹੀ ਗੁਸਤਾਖੀ ਕਰਨ ਦਾ ਕਦਾਚਿੱਤ ਵੀ ਹੀਆ ਨਹੀਂ ਸੀ ਕਰਨਾ। ਡੇਅ-ਕੇਅਰ ਵੜਦਿਆਂ ਵੀ ਉਸ ਨੂੰ ਕੋਈ ਕਿਸੇ ਸੁਆਲ ਨਹੀਂ ਸੀ ਕਰਨਾ ਅਤੇ ਨਾ ਹੀ ਉਸ ਨੂੰ ਗਰੌਸਰੀ ਸਟੋਰ ਵਿਚ ਰੁੱਖੇ ਵਤੀਰੇ ਦਾ ਹੀ ਸਾਹਮਣਾ ਕਰਨਾ ਪੈਣਾ ਸੀ। ਅਜਿਹੀਆਂ ਗੱਲਾਂ ਅਤੇ ਵਤੀਰਿਆਂ ਬਾਰੇ ਸਾਨੂੰ ਬਹੁਤ ਗੰਭੀਰਤਾ ਨਾਲ ਵਿਚਾਰ ਅਤੇ ਗੌਰ ਕਰਨ ਦੀ ਲੋੜ ਹੈ। ਇਹ ਆਮ ਰੋਜ਼ਾਨਾ ਜੀਵਨ ‘ਚ ਵਰਤਦਾ ਹੈ, ਇਸ ਨੂੰ ਬਦਲਣ ਦੀ ਲੋੜ ਹੈ। ਪਹਿਲਾਂ ਬਣੇ ਖਿਆਲਾਂ ਦੇ ਪ੍ਰਭਾਵ ਕਰਕੇ ਆਪਣੀ ਜੱਜਮੈਂਟ ਘੜੱਚ ਦੇ ਕੇ ਲਾਗੂ ਕਰਨ ਦਾ ਯਤਨ ਨਹੀਂ ਕਰਨਾ ਚਾਹੀਦਾ। ਲੱਗਦੈ, ਸਬੰਧਤ ਮੁਲਾਜ਼ਮਾਂ ਨੂੰ ਚਾਹੇ ਉਹ ਬੈਂਕ ਕਰਮਚਾਰੀ ਹੋਣ ਚਾਹੇ ਪਾਰਕਿੰਗ ਲਾਟਾਂ ਵਿਚ ਜਾਂ ਕਿਤੇ ਵੀ ਹੋਰ ਨੂੰ ਭਰਤੀ ਮਗਰੋਂ ਢੁਕਵੀਂ ਸਿਖਲਾਈ ਤੇ ਸੂਖਮ ਨੁਕਤਿਆਂ ਬਾਰੇ ਸਹੀ ਜਾਣਕਾਰੀ ਨਹੀਂ ਕਰਵਾਈ ਜਾਂਦੀ; ਜਾਂ ਫਿਰ ਯੋਗ ਤਰੀਕੇ ਨਾਲ ਕਦਮ-ਦਰ-ਕਦਮ ਨਵੀਂ ਜਾਂ ਪੁਰਾਣੀ ਨੌਕਰੀ ਦੇ ਅਰਸੇ ਦੌਰਾਨ ਤਾੜਵੀਂ ਅੱਖ ਨਾਲ ਘੋਖਿਆ ਪਰਖਿਆ ਨਹੀਂ ਜਾਂਦਾ, ਜਾਂ ਸਮੁੱਚੀ ਅਣਗਹਿਲੀ ਦਾ ਹੀ ਕਾਰਨ ਹੈ? ਬਰਾਬਰਤਾ, ਭਾਈਚਾਰਕ ਸਾਂਝ, ਦੂਸਰਿਆਂ ਦੀਆਂ ਸੂਖਮ ਭਾਵਨਾਵਾਂ ਨੂੰ ਸਮਝਣਾ ਸਿਹਤਮੰਦ ਸਮਾਜ ਦੀਆਂ ਬੁਨਿਆਦਾਂ ਹਨ। ਮਾਈਕਰੋ-ਅਗਰੈਸ਼ਨ ਇਨ੍ਹਾਂ ਬੁਨਿਆਦਾਂ ਤੇ ਨੀਹਾਂ ਨੂੰ ਖੋਖਲਾ ਅਤੇ ਕਮਜ਼ੋਰ ਕਰਦਾ ਹੈ। ਬੈਂਕ ਵਾਲੀ ਘਟਨਾ ‘ਚ ਤਾਂ ਸਿੱਧਾ ਅਗਰੈਸ਼ਨ ਹੀ ਸੀ ਜਿਸ ‘ਚ ਉਨ੍ਹਾਂ ਦੋਹਾਂ ਬੀਬੀਆਂ ਨੇ ਮੈਨੂੰ ਆਪਣੀ ਧੌਂਸ ਅਤੇ ਧੱਕੇ ਨਾਲ ਝੂਠਾ ਸਾਬਤ ਕਰਨ ਦਾ ਪੂਰਾ ਯਤਨ ਕੀਤਾ। ਆਪਣੀ ਹੂੜਮੱਤ ਦੀ ਹਊਮੈ ਨੂੰ ਪੱਠੇ ਪਾਉਣ ਲਈ ਅਜਿਹੇ ਵਤੀਰੇ ਬਦਲਣ ਅਤੇ ਸੁਲਝਾਉਣ ਦੀ ਅਤਿਅੰਤ ਜ਼ਰੂਰਤ ਹੈ। ਬਿਨਾ ਵਜ੍ਹਾ ਕਿਸੇ ਦੀ ਇਮਾਨਦਾਰੀ ਅਤੇ ਦਿਆਨਤਦਾਰੀ ‘ਤੇ ਸੱਕ ਕਰ, ਉਨ੍ਹਾਂ ਦੇ ਮਨ ਨੂੰ ਠੇਸ ਪਹੁੰਚਾਉਣਾ, ਆਪਣੀ ਬੇਬੁਨਿਆਦੀ ਇੱਕ ਪਾਸੜ ਬਣੀ ਸੋਚ ਦੀ ਦੂਸਰਿਆਂ ‘ਤੇ ਧੁੱਸ ਦੇਣੀ ਦਰੁਸਤ ਨਹੀਂ। ਸਭ ਨਾਲ ਅਜਿਹਾ ਵਤੀਰਾ ਕਰਨਾ ਚਾਹੀਦਾ ਹੈ ਜਿਸ ਤਰ੍ਹਾਂ ਦਾ ਤੁਸੀਂ ਆਪਣੇ ਨਾਲ ਹੁੰਦਾ ਦੇਖਣਾ ਚਾਹੁੰਦੇ ਹੋ।