ਨਿਸ਼ਕਾਮ ਸੇਵਾ ਦੀ ਮੂਰਤ ਸਨ ਭਗਤ ਪੂਰਨ ਸਿੰਘ

ਨਿਸ਼ਕਾਮ ਸੇਵਾ ਦੀ ਮੂਰਤ ਸਨ ਭਗਤ ਪੂਰਨ ਸਿੰਘ

ਲੇਖਕ : ਜਗਤਾਰ ਸਿੰਘ ਭੁੰਗਰਨੀ,
ਮੋਬਾਇਲ ਨੰ: 98153 06402
ਇਸ ਦੁਨੀਆ ਵਿੱਚ ਮਨੁੱਖ,ਜੀਵ,ਜੰਤੂ ਅਤੇ ਕੁਦਰਤ ਦੀ ਹਰ ਵਸਤੂ ਜੰਮਦੀ ਹੈ, ਵਿਕਾਸ ਕਰਦੀ ਹੈ ਤੇ ਫਿਰ ਨਿਸਚਿੱਤ ਸਮੇਂ ਤੇ ਉਸਦਾ ਵਿਨਾਸ਼ ਹੋ ਜਾਂਦਾ ਹੈ । ‘ਰਾਣਾ ਰਾਉ ਨ ਕੋ ਰਹੈ ਰੰਗ ਨ ਤੁੰਗੁ ਫਕੀਰੁ॥ ਵਾਰੀ ਆਪੋ ਆਪਣੀ ਕੋਇ ਨ ਬੰਧੇ ਧੀਰ ॥ ਭਾਵੇਂ ,ਰਾਜੇ ਬਾਦਸ਼ਾਹ,ਕੰਗਾਲ ਤੇ ਫਕੀਰ ਕੋਈ ਸਦਾ ਲਈ ਇਥੇ ਠਹਿਰ ਨਹੀ ਸਕਦਾ । ਆਪੋ ਆਪਣੀ ਵਾਰੀ ਇਥੋਂ ਸਭ ਨੇ ਚਲੇ ਜਾਣਾ ਹੈ । ਇਸ ਤਰਾਂ ਸਤਿਕਾਰ ਯੋਗ ਭਗਤ ਪੂਰਨ ਸਿੰਘ ਜੀ ਜਿੰਨਾਂ ਨੂੰ ਵਿੱਛੜਿਆਂ ਭਾਵੇ ਅੱਜ 28 ਸਾਲ ਦਾ ਸਮਾਂ ਬੀਤ ਗਿਆ ਹੈ। ਪਰ ਭਗਤ ਪੂਰਨ ਸਿੰਘ ਜੀ ਅੱਜ ਭਾਵੇਂ ਸਾਡੇ ਵਿੱਚ ਸਰੀਰਕ ਤੌਰ ਤੇ ਨਹੀਂ ਹੈ, ਪਰ ਇਕ ਹਕੀਕਤ ਹੈ ਜੋ ਇਜਤ ਮਾਣ ਸਤਿਕਾਰ ਉਨਾਂ ਨੂੰ ਗੁਰਪੁਰੀ ਸਿਧਰ ਜਾਣ ਤੋਂ ਪਿੱਛੋਂ ਸਿੱਖ ਜਗਤ ਅਤੇ ਹੋਰ ਲੋਕਾਂ ਮਿਲਿਆ , ਉਹ ਵਿਰਲੇ ਦੇ ਹਿੱਸੇ ਆਉਂਦਾ ਹੈ । ਭਗਤ ਪੂਰਨ ਸਿੰਘ ਜੀ ਵਾਰੇ ਪ੍ਰਿਸੀਪਲ ਤੇਜਾ ਸਿੰਘ ਜੀ ਲਿਖਦੇ ਹਨ ਕਿ ਉਨਾਂ ਸਿੱਖ ਇਤਿਹਸਕ ਕਥਾਵਾਂ ਨੂੰ ਮੁੜ ਸੁਰਜੀਤ ਕਰ ਦਿੱਤਾ ਜਿਹੜੀਆ ਲਗਭਗ ਨਾ ਮਨਣ ਯੋਗ ਸਮਝੀਆ ਜਾਂਦੀਆ ਸਨ । ਭਗਤ ਪੂਰਨ ਸਿੰਘ ਜੀ ਭਾਈ ਘਨੀਆ ਜੀ, ਭਾਈ ਮੰਝ ਜੀ ਤੇ ਭਾਈ ਬਹਿਲੋ ਜੀ ਦੇ ਉਤਰਾ ਅਧਿਕਾਰੀ ਸਨ । ਉਨਾਂ ਵਾਰੇ ਸ. ਭਗਤ ਸਿੰਘ ਸੈਸ਼ਨ ਜੱਜ ਸਹਿਬ ਨੇ ਉਨਾਂ ਦੇ ਮਿਸ਼ਨ ਵਾਰੇ ਲਿਖਿਆ ਸੀ ਕਿ ਇਹ ਪਿੰਗਲਵਾੜਾ ‘ਕਿਸੇ ਬੁੱਤ ਜਾ ਮੂਰਤੀ ਰਹਿਤ ਮੰਦਿਰ ਦਾ ਨਮੂਨਾ ਹੈ । ਇਹ ਵਾਹਿਗੁਰੂ ਦੇ ਧਾਰਮਿਕ ਚਿੰਨ ਦਾ ਨਮੂਨਾ ਹੈ । ਵਾਹਿਗੁਰੂ ਦਾ ਚਿੰਨ ਬੇਸਹਾਰਾ ਜਾ ਸਰੀਰਕ ਤੌਰ ਤੇ ਕਮਜੋਰ ਬੁੱਢੇ ਨਕਾਰਾ ਲੋਕ ਹਨ । ਅਜਿਹਾ ਮੰਦਿਰ ਇਕ ਮਾਨਵ ਹਿੱਤਵਾਦ ਦਾ ਨਮੂਨਾ ਹੈ । ਜਿਸਨੇ ਦੇਸ਼ ਦੇ ਸਭਿਆਚਾਰਕ ਇਤਹਾਸ ਵਿੱਚ ਆਪਣਾ ਮਹਾਨ ਯੋਗਦਾਨ ਪਾਇਆ। ਭਗਤ ਪੂਰਨ ਸਿੰਘ ਜੀ ਦਾ ਜਨਮ ਪਿੰਡ ਰਾਜੇਵਾਲ ਰੋਹਣੋ ਜਿਲਾ ਲੁਧਿਆਣਾ ਵਿੱਚ ਸ਼੍ਰੀਮਤੀ ਮਹਿਤਾਬ ਕੋਰ ਦੀ ਕੁੱਖੋਂ ਸ਼੍ਰੀ ਛਿੱਬੂ ਮੱਲ ਦੇ ਘਰ 4 ਜੂਨ 1904 ਨੂੰ ਹੋਇਆ । ਭਗਤ ਜੀ ਇਕ ਖਾਂਦੇ ਪੀਦੇ ਹਿੰਦੂ ਪਰਿਵਰ ਜਿੰਨਾ ਦਾ ਸੁੱਖਮਈ ਜੀਵਨ ਬਤੀਤ ਹੋ ਰਿਹਾ ਸੀ । ਪਰ ਪਿਤਾ ਦਾ ਸਾਇਆ ਬਚਪਨ ਵਿੱਚ ਛੇਤੀ ਹੀ ਅਲੋਪ ਹੋ ਗਿਆ ਸੀ । ਪੂਰਨ ਸਿੰਘ ਜਿੰਨਾਂ ਦਾ ਪਹਿਲਾ ਨਾਮ ਰਾਮ ਜੀ ਦਾਸ ਸੀ । ਉਨਾਂ ਦੀ ਮਾਤਾ ਧਾਰਮਿਕ ਵਿਚਾਰਾ ਵਾਲੀ ਇਕ ਸਧਾਰਨ ਇਸਤਰੀ ਸੀ ਤੇ ਰਾਮ ਭਗਤ ਸੀ । ਰਾਮ ਜੀ ਦਾਸ ਦੇ ਬਚਪਨ ਦੇ ਸੰਸਕਾਰ ਧਾਰਮਿਕ ਵਿਚਾਰਾਂ ਵਾਲੀ ਮਾਂ ਦੀ ਸਿੱਖਿਆ ਕਰਕੇ ਕੱਟੜ ਸਨਾਤਨ ਧਰਮੀ ਬਣ ਚੁੱਕੇ ਸਨ । ਉਹ ਹਨੁਮਾਨ ਚਲੀਸੇ ਦੇ ਸੱਤ ਪਾਠ ਰੋਜ ਕਰਦਾ ਤੇ ਹਫਤੇ ਵਿੱਚ ਤਿੰਨ ਵਰਤ ਰੱਖਦਾ ਸੀ । ਦਸਵੀਂ ਦਾ ਇਮਤਿਹਾਨ ਦੇਕੇ ਜਦੋਂ ਉਹ ਆਪਣੇ ਪਿੰਡ ਜਾਣ ਲੱਗਾ ਤਾਂ ਉਹ ਲੁਧਿਆਣੇ ਸ਼ਿਵ ਜੀ ਦੇ ਮੰਦਿਰ ਦਰਸ਼ਨ ਕਰਨ ਚਲਾ ਗਿਆ । ਉਥੇ ਉਸਨੇ ਖੂਹ ਵਿਚੋਂ ਪਾਣੀ ਕੱਢ- ਕੱਢ ਕੇ ਠਾਕੁਰਾਂ ਦੀਆ ਮੂਰਤੀਆ ਦਾ ਮਲ-ਮਲ ਕੇ ਇਸ਼ਨਾਨ ਕਰਵਾਇਆ ਤੇ ਉਹਨਾ ਉੱਤੇ ਜੰਮੀ ਮੈਲ ਲਾਹੀ । ਉਪਰੰਤ ਠਕੁਰਾਂ ਨੂੰ ਨਿਸਚਿੱਤ ਥਾਂ ਤੇ ਟਿਕਾ ਕੇ ਡੰਡਾਉਤ ਬੰਦਨਾ ਕੀਤੀ । ਇਹ ਸਭ ਕੁੱਝ ਦੇਖਕੇ ਮੰਦਰ ਦਾ ਪੁਜਾਰੀ ਹੈਰਾਨ ਵੀ ਹੋਇਆ ਤੇ ਪ੍ਰਭਾਵਤ ਵੀ । ਇਤਫਾਕ ਨਾਲ ਉਸ ਵੇਲੇ ਰੋਟੀ ਪਾਣੀ ਦਾ ਵੇਲਾ ਵੀ ਹੋ ਚੁੱਕਾ ਸੀ । ਮੰਦਰ ਵਿੱਚ ਉਸ ਸਮੇਂ ਸੰਸਕ੍ਰਿਤ ਪੜਨ ਵਾਲੇ ਪੰਜ ਵਿਦਿਆਰਥੀ ਸਨ , ਰਾਮ ਜੀ ਦਾਸ ਵੀ ਉਨਾਂ ਪੰਜਾਂ ਵਿਦਿਆਰਥੀਆਂ ਨਾਲ ਰੋਟੀ ਖਾਣ ਲਈ ਪੰਗਤ ਵਿਚ ਬੈਠ ਗਿਆ । ਪਰ ਪੁਜਾਰੀ ਨੇ ਉਸਨੂੰ ਬਾਂਹ ਤੋਂ ਫੜਕੇ ਉੱਠਾ ਦਿੱਤਾ । ਰਾਮਜੀ ਦਾਸ ਦੇ ਮਨ ਨੂੰ ਬੜੀ ਠੇਸ ਲੱਗੀ । ਉਹ ਭੁੱਖਣ ਭਾਣਾ ਲੁਧਿਆਣਾ ਤੋਂ ਖੰਨਾ ਵੱਲ ਨੂੰ ਪੈਦਲ ਚੱਲ ਪਿਆ , ਰਸਤੇ ਵਿੱਚ ਗੁਰੂਦਵਾਰਾ ਰੇਰੂ ਸਾਹਿਬ ਆਇਆ,ਰਾਮ ਜੀ ਦਾਸ ਉਥੇ ਹੀ ਠਹਿਰ ਗਿਆ । ਜਿਥੇ ਸ਼ਾਮ ਸਮੇਂ ਸੇਵਾਦਾਰਾਂ ਨੇ ਨਿਮਰਤਾ ਸਹਿਤ ਲੰਗਰ ਛੱਕਾਇਆ ਤੇ ਰਾਤ ਉਥੇ ਹੀ ਕੱਟੀ । ਰਾਮ ਜੀ ਦਾਸ ਮਨ ਹੀ ਮਨ ਸੋਚ ਰਿਹਾ ਸੀ ਕਿ ਕੱਲ ਉਸਨੂੰ ਅਪਮਾਨਤ ਕਰਕੇ ਪੰਗਤ ਵਿੱਚੋਂ ਉੱਠਾ ਦਿੱਤਾ ਸੀ ਪਰ ਅੱਜ ਤਾਂ ਮੈਂ ਊਸ ਘਰ ਆ ਗਿਆ ਹਾਂ ਜਿੱਥੇ ਆਕੇ ਕੋਈ ਬੇਘਰਾ ਵੀ ਨਹੀਂ ਰਹਿੰਦਾ । ਉਹ ਘਰ ਵਾਲਾ ਹੋ ਜਾਂਦਾ ਹੈ ਉਸਨੂੰ ਆਸਰਾ ਮਿਲ ਜਾਂਦਾ ਹੈ । ਇਹਨਾਂ ਦੋਨਾਂ ਥਾਵਾਂ ਤੇ ਹੋਇਆ ਵਾਕਿਆ ਰਾਮ ਜੀ ਦਾਸ ਦੇ ਜੀਵਨ ਵਿੱਚ ਪ੍ਰੀਵਤਨ ਲਿਆਉਣ ਵਾਲੇ ਸਿੱਧ ਹੋਏ। ਰਾਮ ਜੀ ਦਾਸ ਅਜੇ ਮਸਾਂ 26ਸਾਲ ਦੇ ਹੋਵੇਗਾ ਤਾ ਉਸਦੀ ਮਾਤਾ ਮਹਿਤਾਬ ਕੋਰ ਸਦੀਵੀ ਵਿਛੋੜਾ ਦੇ ਗਏ । ਉਹ ਘਰ ਛੱਡ ਕੇ ਲਹੌਰ ਪੁੱਜ ਗਿਆ । ਤੇ ਗੁਰੂਦਵਾਰਾ ਡੇਹਰਾ ਸਾਹਿਬ ਦੇ ਲੰਗਰ ਦੀ ਸੇਵਾ ਵਿੱਚ ਜੁੱਟ ਗਿਆ । ਜਦੋਂ ਰਾਮ ਜੀ ਦਾਸ ਲਹੌਰ ਗੁਰੂਦਵਾਰਾ ਡੇਹਰਾ ਸਾਹਿਬ ਦੀ ਛੱਤਰ -ਛਾਇਆ ਹੇਠ ਆਇਆ ਤਾਂ ਗੁਰੂਦਵਾਰਾ ਸਾਹਿਬ ਦਾ ਪਵਿੱਤਰ ਮਹੌਲ ਤੇ ਮਹੰਤ ਸਾਹਿਬ ਭਾਈ ਕਿਸ਼ਨ ਸਿੰਘ ਜੀ ਦੇ ਸੁਹਿਰਦ ਵਤੀਰੇ ਨੇ ਰਾਮ ਜੀ ਦਾਸ ਨੂੰ ‘ਪੂਰਨ ਸਿੰਘ ‘ ਬਣਾ ਦਿੱਤਾ । ਪੰਥ ਦੇ ਦਿਮਾਗ ਜਾਣੇ ਜਾਂਦੇ ਗਿਆਨੀ ਕਰਤਾਰ ਸਿੰਘ ਜੀ ਨੇ ਪਿਆਰ ਨਾਲ ਪੂਰਨ ਸਿੰਘ ਦੇ ਨਾਂ ਅੱਗੇ ‘ਭਗਤ ‘ ਸ਼ਬਦ ਲਗਾ ਕੇ ਭਗਤ ਪੂਰਨ ਸਿੰਘ ਬਣਾ ਦਿੱਤਾ । ਉਥੇ ਉਸ ਸਮੇਂ ਭਾਈ ਤੇਜਾ ਸਿੰਘ ਜੀ ਉਚੀ ਬਿਰਤੀ ਅਤੇ ਕਰਨੀ ਵਾਲੇ ਗੁਰਸਿੱਖ ਸਨ ਜੋ ਪੂਰਨ ਸਿੰਘ ਦੇ ਪ੍ਰੇਰਨਾ ਸਰੋਤ ਬਣੇ ਜੋ ਪੂਰਨ ਸਿੰਘ ਨੂੰ ਪ੍ਰੇਮੀ ਕਰਕੇ ਪੁਕਰਦੇ ਸਨ । ਪੂਰਨ ਸਿੰਘ ਸਹੀ ਅਰਥਾ ਵਿੱਚ ਪ੍ਰੇਮੀ ਹੋ ਨਿੱਬੜਿਆ । ਗੁਰੂਦਵਾਰਾ ਸਾਹਿਬ ਦੇ ਅਸਥਾਨ ਤੇ ਪੂਰਨ ਸਿੰਘ ਲੋੜਬੰਦਾ ਤੇ ਅਪਾਹਜਾਂ ਦੀ ਨਿਸ਼ਕਾਮ ਸੇਵਾ ਕਰਦੇ ਤੇ ਵੱਧ ਸਮਾਂ ਦਿੰਦੇ ਸਨ । ਪ੍ਰਮਾਤਮਾਂ ਦੀ ਐਸੀ ਕਰਨੀ ਹੋਈ ਕਿ ਲੁਧਿਆਣਾ ਦੇ ਦੋ ਸਿੰਘ ਇੱਕ ਲੂਲੇ ਬੱਚੇ ਨੂੰ ਗੁਰੂਦਵਾਰਾ ਡੇਹਰਾ ਸਾਹਿਬ ਦੇ ਦਰਸ਼ਨੀ ਦਰਵਾਜੇ ਪਾਸ ਛੱਡ ਗਏ । ਉਹ ਚਾਰ ਸਾਲ ਦਾ ਬੱਚਾ(ਲੂਲਾ) ਬਹੁਤ ਸੁੰਦਰ ਮੁੰਡਾ ਸੀ। ਉਸ ਸਮੇਂ ਗਿਆਨੀ ਅੱਛਰ ਸਿੰਘ ਗੁਰੂਦਵਾਰਾ ਸਾਹਿਬ ਦੇ ਹੈੱਡ ਗਰੰਥੀ ਸਨ । ਉਹਨਾਂ ਪੂਰਨ ਸਿੰਘ ਨੂੰ ਇਹ ਬਾਲਕ ਸਾਂਭਣ ਲਈ ਉਤਸ਼ਾਹਤ ਕੀਤਾ। ਬਾਲਕ ਨੂੰ ਦੇਖਕੇ ਪੂਰਨ ਸਿੰਘ ਨੂੰ ਆਪਣਾ ਬਚਪਨ ਯਾਦ ਆ ਗਿਆ। ਪ੍ਰੇਮੀ ਉਪ ਨਾਮ ਤਾਂ ਆਪਨੂੰ ਮਿੱਲ ਹੀ ਚੁੱਕਾ ਸੀ, ਬੱਚਾ ਬਿਲਕੁੱਲ ਅਪਾਹਜ ਸੀ ਆਪਣੀ ਕਿਰਿਆ ਵੀ ਸਾਧ ਸਕਦਾ ਸੀ । ਪੂਰਨ ਸਿੰਘ ਜੀ ਇਸ ਬੱਚੇ ਨੂੰ ਆਪਣੀ ਪਿੱਠ ਤੇ ਬਹੁਤ ਸਮਾਂ ਰੱਖਦੇ ਤੇ ਸੇਵਾ ਵਿੱਚ ਜੁੱਟੇ ਰਹਿੰਦੇ । ਪੂਰਨ ਦੇ ਸੁਭਾਅ ਵਿੱਚ ਮਾਤਾ -ਪਿਤਾ ਵਾਲੀ ਮੱਮਤਾ ਨੇ ਜਨਮ ਲਿਆ ਤੇ ਇਹ ਸਹਿਜੇ-ਸਹਿਜੇ ਇਹ ਨਿਖਾਰ ਹੋਰ ਅਪਾਹਿਜਾ ਤੇ ਬਿਮਾਰਾਂ ਲਈ ਵਰਦਾਨ ਸਿੱਧ ਹੋਇਆ । ਕੁਝ ਸਮਾਂ ਬੀਤਣ ਤੋਂ ਬਾਅਦ ਦੇਸ਼ ਦੀ ਵੰਡ ਹੋਣ ਦੇ ਆਸਾਰ ਬਣ ਗਏ ਹਾਲਾਤ ਖਰਾਬ ਹੋ ਗਏ 1947 ਦੀ ਵੰਡ ਸਮੇਂ ਇਸ ਬਾਲਕ ਜਿਸਨੂੰ ਉਹ ਪਿਆਰਾ ਕਹਿ ਕੇ ਪੁਕਾਰਦੇ ਸਨ ।ਆਪਣੀ ਸੰਤਾਨ ਸਮਝਕੇ ਅਮ੍ਰਿਤਸਰ ਖਾਲਸਾ ਕਾਲਜ ਦੇ ਰੀਫਿਊਜੀ ਕੈਂਪ ਵਿੱਚ ਆ ਟਿੱਕੇ । ਇਸ ਕੈਂਪ ਵਿੱਚ ਬਿਮਾਰਾਂ ਅਤੇ ਨਿਆਸਰਿਆਂ ਦੀ ਕੋਈ ਘਟ ਨਹੀਂ ਸੀ। ਇੰਨਾਂ ਸਾਰਿਆਂ ਦੀ ਸੇਵਾ ਵਿੱਚ ਜੁੱਟ ਗਏ । ਕੁੱਝ ਚਿਰ ਬਾਅਦ ਇਹ ਕੈਂਪ ਸਮਾਪਤ ਹੋ ਗਿਆ । ਪਰ ਇਕ-ਦੋ ਹੋਰ ਸਾਥੀਆ ਸਮੇਤ ਇਹ ਲਵਾਰਸਾਂ ਅਤੇ ਗੰਭੀਰ ਬਿਮਾਰਾ ਦੀ ਸੇਵਾ ਵਿਚ ਜੁੱਟੇ ਰਹੇ । ਇਵੇਂ 1948 ਵਿੱਚ ਪਿੰਗਲਵਾੜੇ ਦੀ ਅਰੰਭ ਕਹਾਣੀ ਦਾ ਮੁੰਢ ਬੱਝਾ । ਕੁੱਝ ਸਮੇਂ ਲਈ ਰੇਲਵੇ ਸਟੇਸ਼ਨ ਬਾਹਰ ਜਾ ਡੇਰਾ ਲਾਇਆ । ਉਥੋਂ ਉੱਠੇ ਤਾਂ ਵੀ. ਜੇ. ਹਸਪਤਾਲ ਦੇ ਪੂਰਬੀ ਦਰਵਾਜੇ ਕੋਲ ਬੋਹੜ ਦੇ ਹੇਠਾਂ ਆਸਣ ਆ ਲਾਇਆ । ਕੁਝ ਚਿਰ ਬਾਅਦ ਮੁਸਲਮਾਨਾ ਦੇ ਮਕਾਨਾ ਦੇ ਟੁੱਟੇ ਭੱਜੇ ਕਮਰਿਆ ਵਿੱਚ ਸਿਰ ਲਕਾਉਣ ਲਈ ਜਾ ਟਿਕਾਉ ਕੀਤਾ । ਭਗਤ ਜੀ ਆਪ ਤੇ ਇੰਨਾਂ ਸਾਥੀ ਪ?ਸ਼ਾਦੇ ਮੰਗ ਕੇ ਲਿਆਉਦੇ ਤੇ ਕੰਮ ਚਲਾਉਂਦੇ । ਭਲੇ ਪੁਰਸ਼ਾਂ ਦੀ ਤਵਜੋਂ ਇੰਨਾਂ ਦੀ ਸੇਵਾ ਨੇ ਖਿੱਚ ਲਈ ਤੇ ਮਾਇਆ ਵੀ ਆਉਣ ਲੱਗ ਪਈ । ਬਿਮਾਰਾਂ ਹਸਪਤਾਲ ਲਿਜਾਣ ਲਈ ਟਰਾਲੀਆ (ਰੇਹੜੀਆ)ਬਣ ਗਈਆਂ ਤੇ ਬਿਮਾਰਾਂ ਨੂੰ ਡਾਕਟਰੀ ਸਹਾਇਤਾ ਲਈ ਹਸਪਤਾਲ ਲਿਜਾਇਆ ਜਾਣ ਲੱਗ ਪਿਆ । ਕੁੱਝ ਚਿਰ ਇੰਦਰ ਪੈਲੇਸ ਸਿਨੇਮੇ ਦੀ ਅਧੂਰੀ ਇਮਾਰਤ ਵਿੱਚ ਵੀ ਪਿੰਗਲਵਾੜਾ ਰਿਹਾ। ਇਸ ਪਿੱਛੋਂ ਅੱਜ ਵਾਲੀ ਥਾਂ, ਤੇ ਅਤੇ ਇਸਦੇ ਸਾਹਮਣੇ ਵਾਲੀ ਜਮੀਨ ਤੇ ਭਗਤ ਜੀ ਨੇ ਆਪਣੀ ਸੰਸਥਾ ਦਾ ਵਿਸਥਾਰ ਕੀਤਾ । ਇਕ ਦੋ ਵਾਰੀ ਨਗਰ ਨਿਗਮ ਤੇ ਇੰਮਪਰੂਵ ਮੈਂਟ ਟਰੱਸਟ ਵਲੋਂ ਇਸ ਥਾ ਨੂੰ ਖਾਲੀ ਕਰਨ ਲਈ ਨੋਟਿਸ ਵੀ ਭੇਜੇ ਪਰ ਸਮਾਂ ਪਾ ਕੇ ਇਹ ਥਾਂ ਪਿੰਗਲਵਾੜੇ ਨੰ ਮਿੱਲ ਗਈ । ਭਗਤ ਜੀ ਨੂੰ ਗਿਆਨ ਭਰਪੂਰ ਲੇਖ ਛਾਪ ਕੇ ਵੰਡਣ ਦਾ ਬਹੁਤ ਸ਼ੋਕ ਸੀ । ਉਨਾਂ ਨੇ ਇਕ ਪੰਜਾਬੀ ਦਾ ਮਹੀਨਾਵਾਰ ਰਸਾਲਾ ‘ ਜੀਵਨ ਲਹਿਰ ‘ ਵੀ ਸੰਪਾਦਤ ਕੀਤਾ । ਅੱਜ ਪਿੰਗਲਵਾੜਾ ਜੋ ਵੀ ਹੈ ਉਹ ਭਗਤ ਜੀ ਦੀ ਸੇਵਾ, ਤਿਆਗ ਤੇ ਲਗਨ ਦਾ ਫੱਲ ਹੈ । ਇਹ ਅਦਾਰਾ ਨਿਆਸਰਿਆ ਦਾ ਆਸਰਾ, ਦੀਰਘ ਬਿਮਾਰ ਲੋਕਾਂ ਦਾ ਸਹਾਰਾ ਬਣ ਗਿਆ ਹੈ । ਅਪਾਹਜ, ਲਾ-ਇਲਾਜ ਬਿਮਾਰਾਂ ਦਾ ਸੰਭਾਲ ਕੇਂਦਰ ਹੈ । ਇਸ ਅਦਾਰੇ ਵਿੱਚ ਅਪ੍ਰੈਲ 2017 ਦੇ ਅੰਕੜੇ ਮੁਤਾਬਿਕ ਮਰੀਜਾ ਦੀ ਗਿਣਤੀ 1764 ਹੈ ਤੇ ਪਿੰਗਲਵਾੜੇ ਦਾ ਰੋਜਾਨਾ ਦਾ ਖਰਚ ਸਾਢੇ ਛੇ ਲੱਖ ਰੁਪਏ ਹੈ । ਇਸ ਅਦਾਰੇ ਵਿਚ 150 ਕਰੀਬ ਪਾਗਲ ਇਸਤਰੀਆ ਅਤੇ 40 ਕਰੀਬ ਪਾਗਲ ਮੁੰਡਿਆ ਦਾ ਬੋਝ ਵੀ ਇਸ ਨੇ ਉਠਾਇਆ ਹੋਇਆ ਹੈ । ਇਥੇ ਇਹ ਜਿਕਰ ਕਰਨਾ ਬਣਦਾ ਹੈ ਕਿ ਸੂਝਵਾਨ ਪਾਠਕ ਚੰਗੀ ਤਰਾਂ ਜਾਣਦੇ ਹੋਣਗੇ ਕਿ ਜਦੋਂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਤਰਨ ਤਾਰਨ ਸ਼ਹਿਰ ਵਸਾਉਂਦੇ ਸਮੇਂ ਉਥੇ ਦਰਬਾਰ ਸਾਹਿਬ ਦਾ ਵਿਸ਼ਾਲ ਸਰੋਵਰ ਨਿਰਮਾਣ ਕੀਤਾ , ਉਥੇ ਉਨਾਂ ਕੁਸ਼ਟ ਰੋਗੀਆ ਵਾਸਤੇ ਇਲਾਜ ਮੁਆਵਜੇ ਦਾ ਪ੍ਰਬੰਧ ਵੀ ਕੀਤਾ । ਝਵਾਲ ਪਿੰਡ ਨੂੰ ਜਾਂਦੀ ਸੜਕ ਉਤੇ ਉਹਦੀ ਪੈੜ ਅਜੇ ਵੀ ਕੋਹੜ ਗੜ ਦੇ ਰੂਪ ਵਿਚ ਮਿਲਦੀ ਹੈ । ਜਿਥੇ ਇਲਾਜ ਅਤੇ ਵਿਦਿਆ ਦਾ ਪ੍ਰਬੰਧ ਚੱਲਦਾ ਹੈ । ਇਸ ਲੜੀ ਦਾ ਅੱਗਲਾ ਪ੍ਰਸਿੱਧ ਪਾਤਰ ਭਾਈ ਘਨੱਈਆ ਜੀ ਦੀ ਹਸਤੀ ਉਜਾਗਰ ਹੋਇਆ, ‘ ਸੇਵਾ ਕਰਤ ਹੋਇ ਨਿਹ ਕਾਮੀ” ਜਿੰਨਾਂ ਦਸਮੇਸ਼ ਪਿਤਾ ਜੀ ਦੀ ਖੁਸ਼ੀ ਹਾਸਲ ਕੀਤੀ । ਗੁਰਬਾਣੀ ਅਤੇ ਸਿੱਖ ਵਿਰਸੇ ਦੇ ਇਤਿਹਾਸ ਨਾਲ ਪਰਨਾਏ ਭਗਤ ਪੂਰਨ ਸਿੰਘ ਜੀ ਉਤੇ ਪ੍ਰਭਾਵ ਪਿਆ । ਇਸੇ ਪ੍ਰਭਾਵ ਦੀ ਬਦੌਲਤ ਪੰਜਾਬ ਖਾਸ ਕਰਕੇ ਸਿੱਖ ਜਗਤ ਚ’ਇਸ ਪਰੰਪਰਾ ਦਾ ਬਾਨੀ ਭਗਤ ਪੂਰਨ ਸਿੰਘ ਬਣਿਆ । ਹਾਂ ਪਰ ਇਕ ਵਿਚਾਰ ਪ੍ਰਚੱਲਤ ਹੈ ਕਿ ਭਗਤ ਪੂਰਨ ਸਿੰਘ ਦੇ ਤੌਰ ਤੇ ਸਿਰਜਣ ਵਾਲਾ ਉਹ ‘ਪਿਆਰਾ ਏ ” ਉਹ ਵਿਕਲਾਂਗ ਪਿਆਰਾ ਜਿਸਨੂੰ ਚਾਰ ਸਾਲ ਦੀ ਉਮਰ ਵਿੱਚ ਸੀਰੀ ਪਿਉ ਜਿਮੀਦਾਰਾਂ ਦੇ ਘਰ ਛੱਡ ਕੇ ਖਿਸਕ ਗਿਆ । ਜਿਮੀਦਾਰਾਂ ਦਾ ਇਹ ਯੱਤਨ ਤਾਂ ਸ਼ਲਾਘਾ ਯੋਗ ਸੀ ਕਿ ਉਹ ਪਿਆਰੇ ਲਈ ਯਤੀਮਖਾਨੇ ਤਾਂ ਲੱਭਣ ਲੱਗ ਪਏ । ਪਰ ਉਹ ਵੀ ਵਿਕਲਾਂਗ ਚੋਂ ਪਿਆਰਾ ਨਾ ਲੱਭ ਸਕੇ । ਫਿਰ ਲਹੌਰ ਅਤੇ ਅਮ੍ਰਤਿਸਰ ਦੇ ਯਤੀਮਖਾਨੇ ਨੂੰ ਵੀ ‘ਪਿਆਰੇ ,ਦੀ ਪਛਾਣ ਨਾ ਹੋ ਸਕੀ । ਇਥੋਂ ਤੱਕ ਕੇ ਗੁਰੂਦਵਾਰਾ ਡੇਹਰਾ ਸਾਹਿਬ ਦੇ ਸੇਵਾਦਾਰ ਵੀ ਨਾ ਸੰਭਾਲ ਸਕੇ -ਅੱਕ ਗਏ । ਅੰਤ ਇਹ ਰਾਮ ਜੀ ਦਾਸ ਵਿੱਚ ਹੀ ਭਗਤ ਪੂਰਨ ਸਿੰਘ ਸੀ, ਜਿਹਦੇ ਹਿਰਦੇ ਵਿੱਚ ਵਿਕਲਾਂਗ ਲਈ ਮਮਤਾ ਉੱਛਲੀ ਅਤੇ ਜਿਹੜੀ ਆਖਰੀ ਸਵਾਸ ਤੱਕ ਉਹਨੂੰ ਮਾਂ ਵਾਂਗ ਕੁੱਛੜ -ਕੰਧੇੜੇ ਚੁੱਕੀ ਫਿਰਦੀ ਰਹੀ ਤੇ ਗੋਦ ਵਿੱਚ ਲੋਰੀਆਂ ਦਿੰਦੀ ਰਹੀ । ਭਗਤ ਪੂਰਨ ਸਿੰਘ ਦੀ ਜੀਵਨ ਸ਼ੈਲੀ ਤੋਂ ਉਨਾਂ ਦੀ ਜਾਨਵਰਾਂ ਅਤੇ ਪ੍ਰਾਕ੍ਰਿਤੀ ਪ੍ਰਤੀ ਮੁਹੱਬਤ ਦੇ ਪ੍ਰਮਾਣ ਮਿਲਦੇ ਹਨ । ਉਹ ਰੁੱਖ ਚੇਤਨ ਅਤੇ ਭੂੰਮੀ ਸੁਰੱਖਸ਼ਾ ਦੀ ਮਹਿੰਮ ਵਿਚ ਵੀ ਹਿਸਾ ਲੈਂਦੇ ਰਹੇ । ਉਹ ਨੋਰਥ ਅਮਰੀਕਾ ਚ’ ਸੀਲ ਹੰਟਿੰਗ ਤੋਂ ਛੁੱਟ ਸੰਸਾਰ ਵਿੱਚ ਚੂਹਿਆ ,ਡੱਡੂਆਂ,ਖਰਗੋਸ਼ਾਂ ਆਦਿ ਦੀ ਖੋਜਾਂ ਨਾਤੇ ਪ੍ਰਯੋਗਸ਼ਾਲਾਂ ‘ਚ’ ਹੁੰਦੀ ਚੀਰ ਫਾੜ ਦੇ ਵੀ ਖਿਲਾਫ ਚਲਦੀਆ ਮਜੂਦਾਂ ਲਹਿਰਾਂ ਦੇ ਵੀ ਝੰਡਾ ਬਰਦਾਰ ਰਹੇ ਸਨ । ਕਿਉਂਕਿ ਉਹ ਜੀਵ ਜੰਤੂਆ ਨਾਲ ਪਿਆਰ ਕਰਦੇ ਸਨ । ਉਹ ਗੁਰਬਾਣੀ ਅਤੇ ਫਲਸਫੇ ਦੇ ਪਰਨਾਏ ਜਾਤ-ਪਾਤ, ਮਜਹਮਾਂ, ਕੌਮਾਂ, ਜਿਨਸੀ ਵਿੱਤਕਰਿਆਂ ਅਤੇ ਜੁਗਰਾਫੀ ਆਈ ਹੱਦਾਂ ਤੋਂ ਉਪਰ ਉੱਠ ਕੇ ਕਾਰਜਸ਼ੀਲ ਰਹੇ । ਉਨਾਂ ਨੂੰ ਵੱਖ ਵੱਖ ਸੰਸਥਾਵਾਂ ਤੇ ਸਰਕਾਰ ਵਲੋਂ ਸੰਨ 1981 ਈਸਵੀ ਵਿੱਚ ਪਦਮ ਸ੍ਰੀ ਅਵਾਰਡ,1990 ਵਿੱਚ ਹਰਮਨੀ ਅਵਾਰਡ, 1991 ਵਿੱਚ ਰੋਗ ਰਤਨ ਅਤੇ1991 ਵਿੱਚ ਭਾਈ ਘਨੱਈਆ ਜੀ ਐਵਾਰਡ ਨਾਲ ਸਨਮਾਨਤ ਵੀ ਕੀਤੇ ਗਏ ਸਨ ।ਪਰ 1984 ਵਿੱਚ ਸਾਕਾ ਨੀਲਾ ਤਾਰਾ ਦੋਰਾਨ ਹਰਿਮੰਦਰ ਸਾਹਿਬ ਤੇ ਹੋਏ ਹਮਲੇ ਤੋਂ ਦੁੱਖੀ ਹੋਏ ਮਨ ਨਾਲ ਪਦਮ ਸ੍ਰੀ ਵਿਭੂਸ਼ਣ ਵਾਪਸ ਕਰ ਦਿੱਤਾ ਸੀ। ਪਿੰਗਵਾੜੇ ਦੇ ਸੰਕਲਪ ਨੂੰ ਪਰਨਾਏ ਭਗਤ ਪੂਰਨ ਸਿੰਘ ਜੀ ਏਸ ਸਬੰਧੀ ਵਾਹਿਦ ਨਿਗਰਾਨ ਦੇ ਤੌਰ ਤੇ ਕਾਰਜਸ਼ੀਲ ਰਹੇ । ਉਨਾਂ ਨੂੰ ਪੈਸੇ , ਸੇਵਾ ਅਤੇ ਪ੍ਰਬੰਧ ਨਾਤੇ ਆਪਣੀ ਇਮਾਨਦਾਰੀ, ਸਵੈ ਭਰੋਸੇ ਅਤੇ ਲਗਨ ਵਾਰੇ ਪੂਰਾ ਮਾਣ ਅਤੇ ਸਪਸ਼ਟਤਾ ਸੀ। ਇਹ ਰੁੱਚੀ ਉਹਨਾਂ ਤੇ ਉਨਾਂ ਚਿਰ ਭਾਰੂ ਰਹੀ, ਜਦੋਂ ਤੀਕ ਉਨਾਂ ਇਸ ਕਾਰਜ ਲਈ ਆਪਣਾ ਜਾਨਸ਼ੀਨ ਡਾ. ਇੰਦਰਜੀਤ ਕੋਰ ਵਿੱਚੋਂ ਨਾ ਲੱਭ ਲਿਆ । ਇਸ ਸਬੰਧੀ ਉਨਾਂ ਐਲਾਨ ਨਾਮਾ ਭਰੀ ਸੰਗਤ ਵਿੱਚ, ਵਸੀਅਤ ਦੇ ਰੂਪ ਵਿੱਚ ਪੜ ਕੇ ਗੁਰੂ ਪਰੰਪਰਾ ਨੂੰ ਇਕ ਵਾਰ ਫੇਰ ਭਰਪੂਰ ਸਿਜਦਾ ਵੀ ਕਰ ਦਿੱਤਾ । ਭਗਤ ਜੀ ਆਪਣੇ ਆਪ ਗੁਰੂ ਦੇ ਦਰ ਦੇ ਪਹਿਰੇਦਾਰ ਕਹਿ ਕੇ ਖੁਸ਼ ਹੁੰਦੇ ਸਨ । ਉਹ ਰੋਜ ਗੁਰੂ ਦੇ ਦਰ ਤੇ ਪਹਿਰਾ ਦੇਣ ਨੇਮ ਨਾਲ ਜਾਇਆ ਕਰਦੇ ਸਨ । ਅਚਾਨਕ 20 ਜੂਨ 1992 ਨੂੰ ਹਿੱਚਕੀ ਦੀ ਤਕਲੀਫ ਹੋਈ, ਅੱਗੇ ਵੀ ਇਕ ਦੋ ਵਾਰ ਹੋ ਚੁੱਕੀ ਸੀ । ਜਦੋਂ ਇਹ ਔਹਰ ਹੁੰਦੀ ਤਾਂ ਭਗਤ ਜੀ ਦੀ ਧਰਮ ਦੀ ਪੁੱਤਰੀ ਡਾਕਟਰ ਬੀਬੀ ਇੰਦਰਜੀਤ ਕੋਰ ਸੰਗਰੂਰ ਵਾਲੀ ਆਪਣੇ ਕੋਲ ਲੈ ਜਾਂਦੇ ਸਨ ਤੇ ਠੀਕ ਹੋਣ ਉਪਰੰਤ ਉਹ ਅਮ੍ਰਤਿਸਰ ਪਿੰਗਲਵਾੜੇ ਛੱਡ ਜਾਂਦੇ । ਪਰ ਇਸ ਵਾਰ 20 ਜੂਨ ਨੂੰ ਬੀਬੀ ਜੀ ਸੰਗਰੂਰ ਤੋਂ ਲੈਣ ਆਏ ਪਰ ਆਪ ਵੀ ਨਹੀਂ ਗਏ । 21ਜੂਨ ਨੂੰ ਸ.ਵਰਿਆਮ ਸਿੰਘ ਦੇ ਨਰਸਿੰਗ ਹੋਮ ਦਾਖਲ ਕਰਵਾਏ ,ਕੁੱਝ ਟੈਸਟਾਂ ਉਪਰੰਤ 23 ਜੂਨ ਨੂੰ ਡਾਕਟਰਾਂ ਦੇ ਪੈਨਲ ਨੇ ਭਗਤ ਜੀ ਦੇ ਪੇਟ ਸਫਲ ਐਪਰੇਸ਼ਨ ਕਰ ਦਿੱਤਾ ਗਿਆ । ਪਹਿਲੀ ਜੁਲਾਈ ਨੂੰ ਸ.ਬੇਅੰਤ ਸਿੰਘ ਮੁੱਖ ਮੰਤਰੀ ਪੰਜਾਬ ਭਗਤ ਜੀ ਦੀ ਮਿਜਾਜ ਪੁਰਸ਼ੀ ਲਈ ਆਏ । ਉਸ ਵੇਲੇ ਭਗਤ ਜੀ ਨੇ ਆਪਣੇ ਦੁੱਖ ਵਾਰੇ ਕੋਈ ਗੱਲ ਨਾ ਕੀਤੀ। ਗੱਲਾਂ ਕੀਤੀਆ ਪਾਗਲਖਾਨੇ ਦੇ ਮਰੀਜਾਂ ਵਾਰੇ । ਉਸੇ ਰਾਤ ਅਚਾਨਕ ਹਾਲਤ ਵਿਗੜ ਗਈ । 2 ਜੁਲਾਈ ਨੂੰ ਪੀ ਜੀ ਆਈ ਤੋਂ ਡਾਕਟਰਾਂ ਦੀ ਟੀਮ ਆਈ ਉਹਨਾਂ ਸਲਾਹ ਦਿੱਤੀ ਕਿ ਭਗਤ ਜੀ ਨੂੰ ਪੀ ਜੀ ਆਈ ਲਿਜਾਇਆ ਜਾਵੇ । 3 ਜੁਲਾਈ ਨੂੰ ਹਵਾਈ ਜਹਾਜ ਰਾਹੀਂ ਪੀ ਜੀ ਆਈ ਲਿਜਾਏ ਗਏ। ਸਭ ਦੀਆਂ ਨਜਰਾਂ ਭਗਤ ਜੀ ਵੱਲ ਸਨ । ਸਭ ਉਹਨਾਂ ਦੀ ਦੇਹ ਅਰੋਗਤਾ ਦੀਆਂ ਅਰਦਾਸਾਂ ਕਰ ਰਹੇ ਸਨ । ਪੀ ਜੀ ਆਈ ਵਿੱਚ ਦਵਾਰਾ ਐਪਰੇਸ਼ਨ ਹੋਇਆ ਕਮਜੋਰੀ ਵੱਧ ਗਈ ਤੇ ਨਾਲ ਹੀ ਦਿੱਲ ਦੇ ਫੇਫੜੇ ਦੀ ਤਕਲੀਫ ਹੋ ਗਈ । ਭਗਤ ਜੀ ਬੇਹੋਸ਼ੀ ਨਿੱਚ ਚਲੇ ਗਏ । 20 ਜੁਲਾਈ ਨੂੰ ਭਗਤ ਜੀ ਪੂਰਾ ਇਕ ਮਹੀਨਾ ਅਮ੍ਰਤਿਸਰ ਅਤੇ ਚੰਡੀਗੜ ਦੇ ਹਸਪਤਾਲਾਂ ਵਿਚ ਬੀਤ ਚੁੱਕਾ ਸੀ । ਦੇਸਾਂ ਪ੍ਰਦੇਸਾਂ ਵਿੱਚ ਭਗਤ ਜੀ ਦੀ ਅਰੋਗਤਾ ਲਈ ਅਰਦਾਸਾਂ,ਪਾਠ ਅਤੇ ਅਖੰਠ ਪਠਾਂ ਦੀਆਂ ਲੜੀਆਂ ਅਰੰਭ ਸਨ । ਪਰ ਹਲਾਤ ਦਸਦੇ ਸਨ ਕਿ ਦਰਗਾਹੀ ਸੱਦੇ ਆਉਂਣ ਵਾਲੇ ਹਨ । ਅੰਤ 5 ਅਗੱਸਤ 1992 ਨੂੰ ਬਾਅਦ ਦੁਪਹਿਰ ਭਗਤ ਜੀ ਸਤਿਗੁਰੂ ਦੇ ਚਰਨਾ ਵਿੱ ਜਾ ਬਿਰਾਜੇ । ਗੁਰਬਾਣੀ ਦੇ ਮਹਾਂਵਾਕ ਅਨੁਸਾਰ ‘ ਸੂਰਜ ਕਿਰਣ ਮਿਲੇ ਜਲ ਕਾ ਜਲੁ ਹੂਆ ਰਾਮ ॥ ਜੋਤੀ ਜੋਤਿ ਰਲੀ ਸੰਪੂਰਨ ਥੀਆ ਰਾਮ ॥ ਸੰਗਤਾਂ ਥਾਂ ਥਾਂ ਤੇ ਪੜ ਰਹੀਆਂ ਸਨ । ”ਗੁਰਮੁੱਖ ਜਨਮੁ ਸਵਾਰਿ ਦਰਗਹ ਚਲਿਆ
ਕੁਝ ਖਾਰ ਕਮ ਤੋ ਕਰ ਹੀ ਗਏ,
ਗੁਜਰੇ ਜਿਧਰ ਸੇ ਹਮ
ਮਾਨਾ ਤੇਰੇ ਜਹਾਂ ਕੋ ਨਾ
ਹਮ ਗੁਲਜਾਰ ਕਰ ਸਕੇ ,