ਆਖਰ ਅੰਤਰ-ਰਾਸ਼ਟਰੀ ਵਿਦਿਆਰਥੀਆਂ ਨੂੰ ਕਦ ਜ਼ਲੀਲ ਕਰਦੇ ਰਹਿਣਗੇ ਆਪਣੇ!

ਆਖਰ ਅੰਤਰ-ਰਾਸ਼ਟਰੀ ਵਿਦਿਆਰਥੀਆਂ ਨੂੰ ਕਦ ਜ਼ਲੀਲ ਕਰਦੇ ਰਹਿਣਗੇ ਆਪਣੇ!

ਸਥਾਪਿਤ ਪੰਜਾਬੀਆਂ ਵਲੋਂ ਹੀ ਨਵੇਂ ਆਇਆਂ ਨੂੰ ਦਿੱਤੀ ਜਾ ਰਹੀ ਜਲਾਲਤ ਗੰਭੀਰ ਮੁੱਦਾ

ਗੁਰਪ੍ਰੀਤ ਸਿੰਘ ਤਲਵੰਡੀ, ਵੈਨਕੂਵਰ (ਕੈਨੇਡਾ)
ਵਿਕਾਸ-ਸ਼ੀਲ ਮੁਲਕਾਂ ਕੈਨੇਡਾ, ਅਮਰੀਕਾ, ਨਿਊਜੀਲੈਂਡ, ਅਸਟ੍ਰੇਲੀਆ ਅਤੇ ਇੰਗਲੈਂਡ ਵੱਖ-ਵੱਖ ਸਮੇਂ ਭਾਰਤੀ ਵਿਦਿਆਰਥੀਆਂ ਲਈ ਵੱਡੀ ਖਿੱਚ ਦਾ ਕੇਂਦਰ ਬਣਦੇ ਰਹੇ ਹਨ। ਇਸ ਵਕਤ ਕੈਨੇਡਾ ਦੁਨੀਆਂ ਭਰ ਦੇ ਹੋਰਨਾਂ ਮੁਲਕਾਂ ਦੇ ਮੁਕਾਬਲੇ ਭਾਰਤੀ ਵਿਦਿਅਰਥੀਆਂ ਲਈ ਪਹਿਲੀ ਪਸੰਦ ਬਣਿਆਂ ਹੋਇਆ ਹੈ। ਭਾਰਤ ਵਿੱਚੋਂ ਕੈਨੇਡਾ ਨੂੰ ਜਹਾਜ ਭਰ ਭਰ ਕੇ ਸ਼ਾਇਦ ਹਰ ਰੋਜ਼ ਜਿਨ੍ਹੇ ਪੰਜਾਬੀ ਵਿਦਿਆਰਥੀ ਕੈਨੇਡਾ ਅੱਪੜ ਰਹੇ ਹਨ, ਸ਼ਾਇਦ ਹੀ ਭਾਰਤ ਦੇ ਕਿਸੇ ਹੋਰ ਸੂਬੇ ਦੇ ਵਿਦਿਆਰਥੀ ਹੋਣ।
ਪੰਜਾਬ ਦੀ ਸੱਤਾ ਤੇ ਕਾਬਜ਼ ਰਹੀ ਹਰ ਇੱਕ ਧਿਰ ਵਲੋਂ ਹੀ ਪੰਜਾਬ ਨੂੰ ਬੁਰੀ ਤਰ੍ਹਾਂ ਲੁੱਟਿਆ ਗਿਆ ਹੈ। ਪੰਜਾਬ ਨੂੰ ਅਪਰਾਧਾਂ ਵੱਲ੍ਹ ਨੂੰ ਧਕੇਲਣ ਲਈ ਵੀ ਰਾਜਸੀ ਧਿਰਾਂ ਹੀ ਜਿੰਮੇਵਾਰ ਹਨ। ਜਿਨ੍ਹਾਂ ਨੇ ਆਪਣੇ ਨਿੱਜੀ ਮੁਫਾਦਾਂ ਲਈ ਪੰਜਾਬ ਦੀ ਜੁਆਨੀ ਨੂੰ ਕੁਰਾਹੇ ਪਾਇਆ। ੳਜੋਕੇ ਦੌਰ ‘ਚ ਪੰਜਾਬ ਅੰਦਰ ਹੋ ਰਹੀਆਂ ਲੁੱਟ ਖੋਹ ਅਤੇ ਮਾਰਧਾੜ ਦੀਆਂ ਘਟਨਾਵਾਂ ਤੋਂ ਤਰਾਹੁੰਦੇ ਮਾਪਿਆਂ ਅੱਗੇ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜਣ ਤੋਂ ਸਿਵਾਏ ਹੋਰ ਕੋਈ ਚਾਰਾ ਨਹੀਂ ਬਚਿਆ। ਬੱਚਿਆਂ ਦੇ ਮਾਪੇ ਆਪਣੀ ਜਿੰਦਗੀ ਦੀ ਜਮ੍ਹਾਂ ਪੁੰਜੀ ਲਗਾ ਕੇ ਆਪਣੇ ਜਿਗਰ ਦੇ ਟੋਟਿਆਂ ਨੂੰ ਵਿਦੇਸ਼ ਭੇਜ਼ ਰਹੇ ਹਨ। ਪ੍ਰੰਤੂ ਏੱਥੇ ਕੈਨੇਡਾ ਵਰਗੇ ਮੁਲਕਾਂ ਵਿੱਚ ਵੀ ਪਹਿਲਾਂ ਤੋਂ ਸਥਾਪਿਤ ਹੋ ਚੁੱਕੇ ਆਪਣੇ ਹੀ ਇਹਨਾਂ ਵਿਦਿਆਰਥੀਆਂ ਨੂੰ ਜਲਾਲਤ ਦੇ ਰਹੇ ਹਨ। ਭਾਵੇਂ ਕੈਨੇਡਾ ਤੋਂ ਕਈ ਵਾਰ ਖਬਰਾਂ ਆਉਂਦੀਆਂ ਹਨ ਕਿ ਅੰਤਰਰਾਸ਼ਟਰੀ ਵਿਦਿਆਰਥੀ ਏੱਥੇ ਆ ਕੇ ਹੁੱਲੜਬਾਜ਼ੀ ਕਰਦੇ ਹਨ, ਜਿਸ ਨਾਲ਼ ਸਮੁੱਚੇ ਪੰਜਾਬੀ ਭਾਈਚਾਰੇ ਦਾ ਨਾਮ ਬਦਨਾਮ ਹੁੰਦਾ ਹੈ। ਪ੍ਰੰਤੂ ਬਹੁਗਿਣਤੀ ਪਰਿਵਾਰਾਂ ਨੂੰ ਛੱਡ ਕੇ ਕੁੱਝ ਅਜਿਹੇ ਪੰਜਾਬੀ ਭਾਈਚਾਰੇ ਦੇ ਲੋਕ ਵੀ ਹਨ ਜੋ ਅੰਤਤਰਾਸ਼ਟਰੀ ਵਿਦਿਆਰਥੀਆਂ ਨੂੰ ਜਲਾਲਤ ਦਿੰਦੇ ਹਨ, ਜਿਸ ਨਾਲ ਕੈਨੇਡਾ ਵਸਦੇ ਸਮੁੱਚੇ ਭਾਈਚਾਰੇ ਨੂੰ ਨਮੋਸ਼ੀ ਦਾ ਸਾਹਮਣਾਂ ਕਰਨਾਂ ਪੈਂਦਾ ਹੈ। ਜੇਕਰ ਵਿਦਿਆਰਥੀਆਂ ਦੀ ਗੱਲ ਕੀਤੀ ਜਾਵੇ ਤਾਂ ਕੈਨੇਡਾ ਵਰਗੇ ਮੁਲਕਾਂ ਵਿੱਚ ਆਪਣੇ ਮਾਪਿਆਂ ਤੋਂ ਬਗੈਰ ਇਹ ਵਿਦਿਆਰਥੀ ਕਰੜੀ ਮਿਹਨਤ ਕਰਦੇ ਹਨ। ਦਿਨ ਵਿੱਚ ਕਾਲਜਾਂ ਵਿੱਚ ਪੜ੍ਹਾਈ ਕਰਨ ਤੋਂ ਬਾਅਦ ਦੋ-ਦੋ ਨੌਕਰੀਆਂ ਕਰਕੇ ਮਸਾਂ ਹੀ ਆਪਣੀ ਪੜ੍ਹਾਈ ਦਾ ਖਰਚਾ ਤੋਰਿਆ ਜਾਂਦਾ ਹੈ। ਇਸਦੇ ਨਾਲ ਨਾਲ ਆਪਣੇ ਪਿੱਛੇ ਬੈਠੇ ਮਾਪਿਆਂ ਨੂੰ ਵੀ ਪੈਸੇ ਭੇਜੇ ਜਾਂਦੇ ਹਨ, ਤਾਂ ਕਿ ਉਹ ਵੀ ਖਰਚੇ ਪੱਖੋਂ ਤੰਗ ਨਾਂ ਹੋਣ। ਕਿਉਂਕਿ ਜਿਹੜੇ ਮਾਪਿਆਂ ਨੇ ਪਹਿਲਾਂ ਹੀ ਕਰਜ਼ਾ ਚੁੱਕ ਕੇ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜਿਆ ਹੁੰਦਾ ਹੈ, ਉਹ ਵੀ ਤਕੜੀ ਆਰਥਿਕ ਮੰਦਹਾਲੀ ਦਾ ਸ਼ਿਕਾਰ ਹੁੰਦੇ ਹਨ। ਕਈ ਵਾਰ ਤਾਂ ਜਦ ਕਿਸੇ ਪੰਜਾਬੀ ਵਿਅਕਤੀ ਕੋਲ਼ ਕੋਈ ਵਿਦਿਆਰਥੀ ਕੰਮ ਕਰਦਾ ਹੈ ਤਾਂ ਉਨ੍ਹਾਂ ਦੀ ਮਿਹਨਤ ਦੇ ਪੈਸੇ ਵੀ ਮਾਰ ਲਏ ਜਾਂਦੇ ਹਨ। ਜਿਸ ਨਾਮ ਵਿਦਿਆਰਥੀਆਂ ਨੂੰ ਢੇਰ ਸਾਰੀਆਂ ਦੁਸ਼ਵਾਰੀਆਂ ਵੀ ਝੱਲਣੀਆਂ ਪੈਂਦੀਆਂ ਹਨ। ਵਿਦਿਆਰਥੀਆਂ ਕੋਲ਼ੋ ਕੰਮ ਕਰਵਾ ਕੇ ਪੈਸੇ ਨਾਂ ਦੇਣ ਦੇ ਮਾਮਲੇ ਟੋਰਾਂਟੋ-ਬਰੈਂਪਟਨ ਦੇ ਇਲਾਕੇ ਵਿੱਚ ਅਕਸਰ ਹੀ ਸੁਰਖੀਆਂ ਵਿੱਚ ਆਉਂਦੇ ਰਹਿੰਦੇ ਹਨ। ਪ੍ਰੰਤੂ ਬਹੁਤਾਤ ਅਜਿਹੇ ਮਾਮਲੇ ਕਿਸੇ ਮਜ਼ਬੂਰੀ ਵੱਸ ਦੱਬ ਕੇ ਰਹਿ ਜਾਂਦੇ ਹਨ। ਇਸ ਤੋਂ ਬਿਨ੍ਹਾਂ ਜਿਆਦਾਤਰ ਪਰਿਵਾਰਾਂ ਵਲੋਂ ਵਿਦਿਆਰਥੀਆਂ ਤੇ ਰਹਿਣ ਸਹਿਣ ਦੇ ਖਰਚੇ ਦਾ ਜਾਣਬੁੱਝ ਕੇ ਚੋਖਾ ਬੋਝ ਪਾਇਆ ਜਾ ਰਿਹਾ ਹੈ। ਇੱਕ ਕਮਰੇ ਵਾਲ਼ੀਆਂ ਬੇਸਮੈਂਟਾਂ ਦਾ ਕਿਰਾਇਆ ਹੀ ਦੁੱਗਣਾਂ ਕਰ ਦਿੱਤਾ ਗਿਆ ਹੈ। ਅਜਿਹੀ ਹੀ ਇੱਕ ਘਟਨਾਂ ਦਾ ਜ਼ਿਕਰ ਕਰਨਾਂ ਮੈਂ ਏੱਥੇ ਜਰੂਰੀ ਸਮਝਦਾ ਹਾਂ। ਬ੍ਰਿਟਿਸ਼ ਕੋਲੰਬੀਆ ਦੇ ਸਰੀ ਸ਼ਹਿਰ ਵਿੱਚ ਇੱਕ ਵਿਅਕਤੀ, ਜੋ ਖੁਦ ਰੀਅਲ ਐਸਟੇਟ ਦਾ ਕਾਰੋਬਾਰੀ ਹੈ। ਉਸ ਦੁਆਰਾ ਆਪਣੇ ਘਰ ਵਿੱਚ ਸਿੰਗਲ ਬੈਡਰੂਮ ਬੇਸਮੈਂਟ ਤਿਆਰ ਕੀਤੀ ਗਈ। ਉਸ ਵਿੱਚ ਰਹਿਣ ਲਈ ਦੋ ਪੰਜਾਬੀ ਵਿਦਿਆਰਥੀ ਲੜਕੀਆਂ ਵਲੋਂ ਉਕਤ ਵਿਅਕਤੀ ਤੱਕ ਪਹੁੰਚ ਕੀਤੀ ਗਈ। ਉਕਤ ਵਿਅਕਤੀ ਵਲੋਂ ਲਿਖਤੀ ਕੰਟਰੈਕਟ ਕਰਦਿਆਂ 1200 ਰੁਪਏ ਮਹੀਨਾਂ ਕਿਰਾਇਆ ਅਤੇ ਇੱਕ ਸਾਲ ਤੱਕ ਬੇਸਮੈਂਟ ਨਾਂ ਛੱਡਣ ਦੀ ਸ਼ਰਤ ਦੇ ਲੜਕੀਆਂ ਨੂੰ ਬੇਸਮੈਂਟ ਕਿਰਾਏ ਤੇ ਦਿੱਤੀ ਗਈ। ਲੜਕੀਆਂ ਨੇ ਆਪਣੇ ਨਾਮ ਗੁਪਤ ਰੱਖਣ ਦੀ ਸ਼ਰਤ ਤੇ ਦੱਸਿਆ ਕਿ ਸਾਡੀ ਬੇਸਮੈਂਟ ਤੱਕ ਪਹੁੰਚਣ ਲਈ ਸਾਨੂੰ ਬੈਕਯਾਰਡ ਤੋਂ ਘਾਹ ਵਿੱਚਦ ਲੰਘਕੇ ਜਾਂਣਾ ਪੈਂਦਾ ਹੈ, ਕਿਉਂਕਿ ਉਕਤ ਵਿਅਕਤੀ ਵਲੋਂ ਬੇਸਮੈਂਟ ਤੱਕ ਸੀਮਿੰਟ ਦੀ ਪਗਡੰਡੀ ਵੀ ਬਨਵਾਉਣੀ ਜਰੁਰੀ ਨਹੀਂ ਸਮਝੀ। ਲੜਕੀਆਂ ਅਨੁਸਾਰ ਬਾਰਿਸ਼ ਦੇ ਦਿਨਾਂ ਵਿੱਚ ਛੋਟੇ ਛੋਟੇ ਜੀਅ ਵੀ ਸਾਡੇ ਪੈਰਾਂ ਨਾਲ ਕਮਰਿਆਂ ਦੇ ਅੰਦਰ ਤੱਕ ਦਾਖਲ ਹੋ ਜਾਂਦੇ ਹਨ। ਜਦ ਮੈਂ ਉਕਤ ਵਿਅਕਤੀ ਨਾਲ ਕਮਰੇ ਦੇ ਕਿਰਾਏ ਸੰਬੰਧੀ ਗੱਲਬਾਤ ਕੀਤੀ ਤਾਂ ਉਸ ਦਾ ਕਹਿਣਾਂ ਸੀ ਕਿ ਮੇਰੇ ਇਸ ਘਰ ਦਾ ਕੁੱਲ ਖਰਚਾ 3500 ਰੁਪਏ ਮਹੀਨਾਂ ਪੈ ਰਿਹਾ ਹੈ, ਮੇਰੇ ਕੋਲ਼ ਕਿਰਾਇਆ ਵਧਾਉਣ ਤੋਂ ਸਿਵਾਏ ਕੋਈ ਚਾਰਾ ਨਹੀਂ। ਜਦ ਉਸ ਨੂੰ ਸਵਾਲ ਕੀਤਾ ਗਿਆ ਕਿ ਤੂੰ ਆਪਣੀ ਪ੍ਰਾਪਰਟੀ ਖਰੀਦੀ ਹੈ, ਤਾਂ ਸਾਰਾ ਬੋਝ ਇਹਨਾਂ ਲੜਕੀਆਂ ਸਿਰ ਹੀ ਕਿਉਂ ਤਾਂ ਉਹ ਵਿਅਕਤੀ ਨਿਰਉੱਤਰ ਸੀ। ਹੁਣ ਸੋਚੋ ਕਿ ਆਪਣੀ ਮਨਮਰਜੀ ਦਾ ਕਿਰਾਇਆ ਵਸੂਲ ਕੇ ਵਿਦਿਆਰਥੀਆਂ ਦਾ ਨਜਾਇਜ਼ ਫਾਇਦਾ ਚੁੱਕਣ ਵਾਲ਼ੇ ਅਜਿਹੇ ਲੋਕਾਂ ਤੇ ਸ਼ਹਿਰਾਂ ਦੀ ਸਿਟੀ ਕੌਂਸਲ ਦੀ ਨਿਗ੍ਹਾ ਕਿਉਂ ਨਹੀਂ ਪੈਂਦੀ। ਵਿਦਿਆਰਥੀਆਂ ਦੀਆਂ ਊਣਤਾਈਆਂ ਤਾਂ ਝੱਟ ਗਿਣਾਂ ਦਿੱਤੀਆਂ ਜਾਂਦੀਆਂ ਹਨ, ਪ੍ਰੰਤੂ ਕਿਰਾਇਆ ਲੈ ਕੇ ਵੀ ਬਣਦੀਆਂ ਸਹੂਲਤਾਂ ਨਾਂ ਦੇਣ ਵਾਲੇ ਅਜਿਹੇ ਲੋਕਾਂ ਨੂੰ ਵੀ ਸਰਕਾਰ ਦੁਆਰਾ ਕਟਹਿਰੇ ਵਿੱਚ ਖੜਾਇਆ ਜਾਣਾਂ ਚਾਹੀਦਾ ਹੈ। ਅਜਿਹੀ ਇੱਕ ਘਟਨਾਂ ਨਹੀਂ, ਸਗੋਂ ਹਰ ਰੋਜ਼ ਸੈਂਕੜੇ ਘਟਨਾਵਾਂ ਵਿਦਿਆਰਥੀਆਂ ਨਾਲ਼ ਵਾਪਰ ਰਹੀਆਂ ਹਨ, ਜੋ ਸਮੁੱਚੇ ਪੰਜਾਬੀ ਭਾਈਚਾਰੇ ਦੇ ਮੱਥੇ ਤੇ ਕਲੰਕ ਹਨ। ਸਰਕਾਰ ਵਿੱਚ ਲੋਕਾਂ ਦੇ ਨੁਮਾਇੰਦਿਆਂ ਨੂੰ ਅਜਿਹੀਆਂ ਘਟਨਾਵਾਂ ਨੂੰ ਗੰਭੀਰਤਾ ਨਾਲ ਲੈ ਕੇ ਇੱਕ ਵੱਖਰਾ ਹੈਲਪਲਾਈਨ ਨੰਬਰ ਚਾਲੂ ਕਰਕੇ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਸੁਣਕੇ ਉਨ੍ਹਾਂ ਦੇ ਹੱਲ ਲਈ ਸੁਹਿਰਦ ਹੋਣਾਂ ਚਾਹੀਦਾ ਹੈ। ਦੂਸਰੇ ਪਾਸੇ ਭਾਵੇਂ ਗੁਰਦਵਾਰਾ ਕਮੇਟੀਆਂ ਵਿਦਿਆਰਥੀਆਂ ਦੀ ਹਰ ਸੰਭਵ ਮੱਦਦ ਕਰਦੀਆਂ ਹਨ, ਲੇਕਿਨ ਇਹਨਾਂ ਕਮੇਟੀਆਂ ਨੂੰ ਵਿਦਿਆਰਥੀਆਂ ਨਾਲ ਅਜਿਹੇ ਮਾਮਲਿਆਂ ਦੇ ਖੜ੍ਹ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਸੁਲਝਾਉਣ ਲਈ ਅਵਾਜ਼ ਉਠਾਉਣੀ ਚਾਹੀਦੀ ਹੈ। ਤਾਂ ਕਿ ਵਿਦਿਆਰਥੀ ਵਰਗ ਨੂੰ ਦੁਸ਼ਵਾਰੀਆਂ ਚੋਂ ਕੱਢ ਕੇ ਆਪਣਿਆਂ ਵਰਗਾ ਅਹਿਸਾਸ ਕਰਵਾਇਆ ਜਾ ਸਕੇ।