ਕੈਨੇਡਾ ਸਰਕਾਰ ਨੇ 43 ਰੂਸੀ ਅਧਿਕਾਰੀਆਂ ਖ਼ਿਲਾਫ਼ ਨਵੀਆਂ ਪਾਬੰਦੀਆਂ ਲਗਾਈਆਂ

ਕੈਨੇਡਾ ਸਰਕਾਰ ਨੇ 43 ਰੂਸੀ ਅਧਿਕਾਰੀਆਂ ਖ਼ਿਲਾਫ਼ ਨਵੀਆਂ ਪਾਬੰਦੀਆਂ ਲਗਾਈਆਂ

ਔਟਵਾ : ਕੈਨੇਡਾ ਸਰਕਾਰ ਨੇ ਰੂਸ ਖ਼ਿਲਾਫ਼ ਨਵੀਆਂ ਪਾਬੰਦੀਆਂ ਦਾ ਐਲਾਨ ਕੀਤਾ ਹੈ। ਰੂਸ ਦੇ ਜਿਹਨਾਂ ਫ਼ੌਜੀ ਅਧਿਕਾਰੀਆਂ ਦੇ ਸੈਨਿਕਾਂ ‘ਤੇ ਯੂਕਰੇਨ ਦੇ ਬੂਚਾ ਸ਼ਹਿਰ ਵਿਚ ਆਮ ਨਾਗਰਿਕਾਂ ‘ਤੇ ਜ਼ੁਲਮ ਕਰਨ ਦੇ ਇਲਜ਼ਾਮ ਹਨ, ਨਵੀਆਂ ਬੰਦਿਸ਼ਾਂ ਵਿਚ ਉਹਨਾਂ ਫ਼ੌਜੀ ਅਧਿਕਾਰੀਆਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ।
ਕੈਨੇਡਾ ਦੀ ਵਿਦੇਸ਼ ਮੰਤਰੀ ਮੈਲੇਨੀ ਜੋਲੀ ਨੇ ਅਜਿਹੇ 43 ਰੂਸੀ ਅਧਿਕਾਰੀਆਂ ਖ਼ਿਲਾਫ਼ ਨਵੀਆਂ ਪਾਬੰਦੀਆਂ ਦਾ ਐਲਾਨ ਕੀਤਾ ਹੈ।
ਯੂਕਰੇਨ ਉੱਪਰ ਹਮਲੇ ਦਾ ਸਮਰਥਨ ਕਰਨ ਕਰਕੇ ਕੈਨੇਡਾ ਨੇ 17 ਰੂਸੀ ਕੰਪਨੀਆਂ ਅਤੇ ਅਦਾਰਿਆਂ ਨੂੰ ਵੀ ਪਾਬੰਦੀਸ਼ੁਦਾ ਨਾਮਾਂ ਦੀ ਸੂਚੀ ਵਿਚ ਸ਼ਾਮਲ ਕੀਤਾ ਹੈ।
ਸੂਚੀ ਵਿੱਚ ਸ਼ਾਮਲ ਕੀਤੇ ਗਏ ਜ਼ਿਆਦਾਤਰ ਵਿਅਕਤੀ ਉਹ ਰੂਸੀ ਫ਼ੌਜੀ ਅਧਿਕਾਰੀ ਹਨ ਜੋ ਕਿ ਆਪਣੇ ਸੈਨਿਕਾਂ ਵੱਲੋਂ ਬੂਚਾ ਵਿਚ ਕੀਤੀਆਂ ਕਾਰਵਾਈਆਂ ਕਰਕੇ ਯੂਰਪੀਅਨ ਯੂਨੀਅਨ ਦੁਆਰਾ ਜੂਨ ਵਿੱਚ ਪਾਬੰਦੀਸ਼ੁਦਾ ਸੂਚੀ ਵਿਚ ਸ਼ਾਮਲ ਕੀਤੇ ਗਏ ਸਨ।
ਹਮਲੇ ਦੇ ਪਹਿਲੇ ਮਹੀਨੇ ਦੌਰਾਨ, ਯੂਕਰੇਨ ਦੇ ਬੂਚਾ ਸ਼ਹਿਰ ਵਿਚ ਰੂਸੀ ਫ਼ੌਜੀਆਂ ਉੱਪਰ ਸੈਂਕੜੇ ਆਮ ਨਾਗਰਿਕਾਂ ਦੀ ਹੱਤਿਆ ਕਰਨ, ਉਹਨਾਂ ‘ਤੇ ਤਸ਼ੱਦਦ ਕਰਨ ਅਤੇ ਬਲਾਤਕਾਰ ਵਰਗੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਦੇ ਇਲਜ਼ਾਮ ਲੱਗੇ ਸਨ।
ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਰੂਸੀ ਸੈਨਿਕਾਂ ਦੁਆਰਾ ਇਹਨਾਂ ਕਥਿਤ ਜੰਗੀ ਅਪਰਾਧਾਂ ਅਤੇ ਮਨੁੱਖਤਾ ਵਿਰੁੱਧ ਅਪਰਾਧਾਂ ਦੀ ਜਾਂਚ ਕਰ ਰਹੀ ਹੈ। ਮਾਰਚ ਵਿਚ ਰੂਸੀ ਫ਼ੌਜਾਂ ਬੂਚਾ ਤੋਂ ਬਾਹਰ ਹੋ ਗਈਆਂ ਸਨ।