ਸ਼ੁਭ ਅਮਲਾਂ ਬਾਝੋਂ ਦੋਨੋ ਰੋਈ …

ਸ਼ੁਭ ਅਮਲਾਂ ਬਾਝੋਂ ਦੋਨੋ ਰੋਈ …

ਲੇਖਕ : ਕੁਲਵਿੰਦਰ ਖਹਿਰਾ
ਅੱਜ ਜਦੋਂ ਫੇਸਬੁੱਕ ‘ਤੇ ਅਖੌਤੀ ਕਾਮਰੇਡਾਂ ਅਤੇ ਅਖੌਤੀ ‘ਖ਼ਾਲਸਿਆਂ’ ਦੇ ਸਿੰਗ ਫ਼ਸੇ ਵੇਖਦਾ ਹਾਂ ਤਾਂ ਭਾਈ ਗੁਰਦਾਸ ਜੀ ਬਹੁਤ ਯਾਦ ਆਉਂਦੇ ਨੇ। ਭਾਈ ਗੁਰਦਾਸ ਜੀ ਬਾਬੇ ਨਾਨਕ ਦੀ ਵਾਰ ਲਿਖਦਿਆਂ ਜ਼ਿਕਰ ਕਰਦੇ ਨੇ ਕਿ ਇੱਕ ਵਾਰ ਕਾਜ਼ੀ ਮੁੱਲਾਂ ਬਾਬੇ ਨੂੰ ਸਵਾਲ ਕਰਨ ਲੱਗ ਪਏ ਕਿ ਦੱਸੋ ਵੱਡਾ (ਚੰਗਾ) ਕੌਣ ਹੈ: ਹਿੰਦੂ ਕਿ ਮੁਸਲਮਾਨ? ਤੇ ਕਹਿੰਦੇ ਬੜਾ ਨਿਧੜਕ ਹੋ: ਬਾਬਾ ਆਖੇ ਹਾਜੀਆਂ ਸ਼ੁਭ ਅਮਲਾਂ ਬਾਝੋ ਦੋਵੇਂ ਰੋਈ॥ ਅੱਜ ਫੇਸਬੁੱਕ ‘ਤੇ ਸਿੱਖੀ ਅਤੇ ਕਾਮਰੇਡੀ ਦੇ ਨਾਂ ‘ਤੇ ਜੋ ਗਾਲ਼ੀ-ਗਲੋਚ, ਅਪਮਾਨ ਅਤੇ ਨਫ਼ਰਤ ਦਾ ਪ੍ਰਚਾਰ ਹੋ ਰਿਹਾ ਹੈ, ਉਹ ਨਾ ਸਿਰਫ ਸਾਡੀ ਔਕਾਤ ਦਾ ਪ੍ਰਗਟਾਵਾ ਹੈ ਸਗੋਂ ਸਾਡੀ ਅਨਪੜ੍ਹਤਾ ਅਤੇ ਸਵੈ-ਵਿਸ਼ਵਾਸ ਦੀ ਅਣਹੋਂਦ ਦਾ ਦਹਾੜਦਾ ਹੋਇਆ ਸਬੂਤ ਹੈ। ਇਵੇਂ ਲੱਗਦਾ ਹੈ ਕਿ ਪੰਜਾਬ ਵਿਚ ਬਾਕੀ ਸਾਰੇ ਮਸਲੇ ਮੁੱਕ ਗਏ ਹਨ ਅਤੇ ਸਿਰਫ ਸਿੱਖਾਂ ਅਤੇ ਕਾਮਰੇਡਾਂ ਦਾ ਕੌਰਵਾਂ-ਪਾਂਡਵਾਂ ਵਾਲ਼ਾ ਯੁੱਧ ਹੋਣਾ ਹੀ ਇੱਕੋਇੱਕ ਮਸਲਾ ਰਹਿ ਗਿਆ ਹੈ। ਬੇਸ਼ੱਕ ਨਕਲੀ ਆਈਡੀਆਂ ਰਾਹੀਂ ਹੋ ਰਿਹਾ ਬਹੁਤਾ ਪ੍ਰਚਾਰ ਇਹ ਗੱਲ ਸਾਬਤ ਕਰਦਾ ਹੈ ਕਿ ਸਰਕਾਰੀ ਏਜੰਸੀਆਂ ਵੀ ਪੰਜਾਬੀਆਂ ਨੂੰ ਪਾੜਨ ਅਤੇ ਕਿਸੇ ਵੀ ਤਰ੍ਹਾਂ ਦੀ ਬਾਗ਼ੀ ਸੁਰ ਉਭਰਨ ਦੇ ਆਸਾਰ ਨੂੰ ਦਬਾਉਣ ਲਈ (ਖ਼ਾਸ ਕਰਕੇ ਹਾਲ ਹੀ ਵਿਚ ਕਿਸਾਨ ਅੰਦੋਲਨ ਦੌਰਾਨ ਪੰਜਾਬੀਆਂ ਹੱਥੋਂ ਹੋਈ ਸਰਕਾਰ ਦੀ ਹਾਰ ਦੇ ਸੰਦਰਭ ਵਿਚ) ਕਿੰਨੀ ਬੇਸਬਰੀ ਨਾਲ਼ ਸਰਗਰਮ ਹਨ, ਪਰ ਇਹ ਵੀ ਹਕੀਕਤ ਹੈ ਕਿ ਦੋਹੀਂ ਪਾਸੀ ਅੱਤ ਸਿਰੇ ਦੇ ਬੇਵਕੂਫ਼ ਲੋਕਾਂ ਦੀ ਵੀ ਕੋਈ ਘਾਟ ਨਹੀਂ, ਜੋ ਨਫ਼ਰਤ ਫੈਲਾਉਣ ਲੱਗਿਆਂ ਇਹ ਵੀ ਨਹੀਂ ਸੋਚਦੇ ਕਿ ਇਨ੍ਹਾਂ ਦਾ ਕੀਤਾ ਬਕਵਾਸ ਸਮੁੱਚੇ ਪੰਜਾਬ ਅਤੇ ਪੰਜਾਬੀਆਂ ਲਈ ਕਿੰਨਾ ਘਾਤਕ ਹੋ ਸਕਦਾ ਹੈ। ਮੇਰਾ ਖਿਆਲ ਹੈ ਕਿ ਜਿੱਥੇ ਸਿੱਖ ਚਿੰਤਕਾਂ ਨੂੰ ਇਸ ਪ੍ਰਚਾਰ ਲਈ ਅੱਗੇ ਆਉਣਾ ਚਾਹੀਦਾ ਹੈ ਕਿ ਨਫ਼ਰਤ ਫੈਲਾਉਣ ਦਾ ਨਾਂ ਸਿੱਖੀ ਨਹੀਂ ਅਤੇ ਨਾ ਹੀ ਭੇਡਾਂ ਵਾਂਗ ਅੱਖਾਂ ਮੀਟ ਕੇ ਕਿਸੇ ਦੇ ਪਿੱਛੇ ਲੱਗ ਤੁਰਨ ਦਾ ਨਾਂ ਸਿੱਖੀ ਹੈ, ਓਥੇ ਕਾਮਰੇਡ ਵਿਦਵਾਨਾਂ ਨੂੰ ਵੀ ਅੱਗੇ ਆਉਣਾ ਚਾਹੀਦਾ ਹੈ ਕਿ ਇਨਕਲਾਬ ਦੇ ਰਾਹ ਦਾ ਰੋੜਾ ਸਿਰਫ ਤੇ ਸਿਰਫ ਧਰਮ ਹੀ ਨਹੀਂ, ਸਗੋਂ ਉਹ ਤਾਕਤਾਂ ਹਨ ਜੋ ਧਰਮਾਂ ਦਾ ਆਸਰਾ ਲੈ ਕੇ ਜਨਤਕ ਤਾਕਤਾਂ ਨੂੰ ਖੋਰਾ ਲਾ ਰਹੀਆਂ ਹਨ। ਇਹ ਜੋ ਤਸਵੀਰ ਪੇਸ਼ ਕੀਤੀ ਜਾ ਰਹੀ ਹੈ ਕਿ ਕਾਮਰੇਡ ਧਰਮ ਦੇ ਹਿਟਲਰ ਵਰਗੇ ਦੁਸ਼ਮਣ ਹਨ, ਇਸਨੂੰ ਤੋੜਨ ਅਤੇ ਸਾਂਝੇ ਕਦਮਾਂ ਰਾਹੀਂ ਪੰਜਾਬ ਦੇ ਭਲੇ ਲਈ ਸੋਚ ਉਭਾਰਨ ਦੀ ਲੋੜ ਹੈ। ਪੰਜਾਬ ਦੇ ਨੌਜਵਾਨਾਂ ਅੰਦਰ ਭਰੇ ਜਾ ਰਹੇ ਨਫ਼ਰਤਾਂ ਦੇ ਭੰਡਾਰਾਂ ਨੂੰ ਠੱਲ੍ਹ ਪਾਉਣ ਦੀ ਲੋੜ ਹੈ, ਵਰਨਾ ਪੰਜਾਬੀਆਂ ਦੀ ਬਰਬਾਦੀ ਨੂੰ ਕੋਈ ਨਹੀਂ ਰੋਕ ਸਕਦਾ ਤੇ ਇਹ ਵੀ ਨਾ ਭੁੱਲੋ ਕਿ ਹਰ ਪੰਜਾਬੀ ਪੰਜਾਬ ਛੱਡ ਕੇ ਕੈਨੇਡਾ/ਅਮਰੀਕਾ ਵੀ ਨਹੀਂ ਭੱਜ ਸਕਦਾ। ਇਸ ਲਈ ਇਸ ਨੂੰ ਜੀਣ ਜੋਗਾ ਬਣਾਉਣ ਲਈ ਚੁੱਪ ਕੀਤੇ ਬੈਠੇ ਦੋਹਾਂ ਪਾਸਿਆਂ ਦੇ ਵਿਦਵਾਨਾਂ ਨੂੰ ਆਪਣੀ ਚੁੱਪ ਤੋੜਨੀ ਪਵੇਗੀ। ਦੂਸਰੇ ਪਾਸੇ ਸਾਡਾ ਸਿਮਰਨਜੀਤ ਮਾਨ ਵਰਗੇ ਗੈਰ-ਜ਼ਿੰਮੇਵਾਰ ਬੰਦੇ ਨਾਲ਼ ਵਿਰੋਧ ਹੋ ਸਕਦਾ ਹੈ ਪਰ ਉਸਦੀ ਪੱਗ ਲਾਹ ਕੇ ਜੁੱਤੀ ਮਾਰਨ ਦੀ ਗੱਲ ਕਰਨੀ ਉਸਤੋਂ ਵੀ ਘਟੀਆ ਅਤੇ ਗੈਰਜ਼ਿੰਮੇਵਾਰਾਨਾ ਹਰਕਤ ਹੈ, ਜੋ ਬਹੁਤ ਸਾਰੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾ ਸਕਦੀ ਹੈ। ਅਜਿਹੇ ਕਿਸੇ ਵੀ ਬਿਆਨ ਦੀ ਤੁਰੰਤ ਨਿਖੇਧੀ ਕੀਤੀ ਜਾਣੀ ਬਣਦੀ ਹੈ। ਮੈਨੂੰ ਅੱਜ ਫਿਰ ਬਹੁਤ ਹੀ ਉਦਾਸ ਸੁਰ ‘ਚ ਬਾਬਾ ਨਾਨਕ ਗਾਉਂਦਾ ਹੋਇਆ ਸੁਣਾਈ ਦੇ ਰਿਹਾ ਹੈ: ਅਮਲਾਂ ਬਾਝੋ ਦੋਵੇਂ ਰੋਈ … ਸ਼ੁੱਭ ਅਮਲਾਂ ਦਾ ਹੋਕਾ ਦੇਣ ਹੁਣ ਬਾਬੇ ਨੇ ਨਹੀਂ ਆਉਣਾ, ਇਹ ਕੰਮ ਸਾਨੂੰ ਬਾਬੇ ਦੇ ਵਾਰਿਸਾਂ ਨੂੰ ਆਪ ਕਰਨਾ ਪੈਣਾ ਹੈ૷-ਸਾਡਾ ਪੰਜਾਬ ਤੇ ਸਾਡੀ ਪੰਜਾਬੀ ਤਹਿਜ਼ੀਬ ਵੀ, ਨਸਲ ਵੀ ਨਫ਼ਰਤ ਦੇ ਦਰਿਆ ਵਿਚ ਰੁੜ੍ਹਦੀ ਜਾ ਰਹੀ ਹੈ, ਸਰਕਾਰੀ ਏਜੰਸੀਆਂ ਸਾਡੇ ਵਿਚੋਂ ਹੀ ਏਜੰਟ ਲੱਭ ਕੇ ਇਸ ਅੱਗ ਨੂੰ ਹੋਰ ਤੇਜ਼ ਕਰਵਾ ਰਹੀਆਂ ਹਨ। ਇਸ ਅੱਗ ਨੂੰ ਬੁਝਾਉਣ ਅਤੇ ਪੰਜਾਬ ਤੇ ਪੰਜਾਬੀਅਤ ਨੂੰ ਬਚਾਉਣ ਦਾ ਜ਼ਿੰਮਾ ਹੁਣ ਸਾਡਾ ਹੈ।