ਕੈਨੇਡਾ ਨੇ ਕਾਮਨਵੈਲਥ ਗੇਮਜ਼ ‘ਚ 17 ਗੋਲਡ ਸਮੇਤ ਹੁਣ ਤੱਕ 59 ਮੈਡਲ ਜਿੱਤੇ

ਕੈਨੇਡਾ ਨੇ ਕਾਮਨਵੈਲਥ ਗੇਮਜ਼ ‘ਚ 17 ਗੋਲਡ ਸਮੇਤ ਹੁਣ ਤੱਕ 59 ਮੈਡਲ ਜਿੱਤੇ

ਕਾਮਨਵੈਲਥ ਗੇਮਜ਼ ‘ਚ ਕੈਨੇਡਾ ਦੇ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਹੈ। ਕੈਨੇਡਾ ਦੇ ਖਿਡਾਰੀਆਂ ਨੇ ਹੁਣ ਤੱਕ 17 ਗੋਲਡ ਮੈਡਲ, 20 ਸਿਲਵਰ ਮੈਡਲ ਅਤੇ 22 ਬ੍ਰੋਨਜ਼ ਮੈਡਲ ਜਿਤੇ ਹਨ। ਕਾਮਨਵੈਲਥ ਗੇਮਜ਼ ਦੇ ਪਹਿਲੇ ਦਿਨ ਸਮਰ ਮੈਕਿੰਗਟੋਸ਼ ਨੇ ਤੈਰਾਕੀ ‘ਚ ਕੈਨੇਡਾ ਲਈ ਪਹਿਲਾ ਗੋਲਡ ਮੈਡਲ ਜਿੱਤਿਆ। ਇਸੇ ਤਰ੍ਹਾਂ ਕੁਲ 7 ਗੋਲਡ ਮੈਡਲ ਹੁਣ ਤੱਕ ਕੈਨੇਡਾ ਨੂੰ ਤੈਰਾਕੀ ‘ਚ ਮਿਲੇ। ਜਿਨ੍ਹਾਂ ‘ਚ ਨਿਕੋਲਸ ਗਾਈ ਟਰਬਾਈਡ, ਮੈਗੀ ਮੈਕ ਨੀਲ, ਸਮਰ ਮੈਕਿੰਟੋਸ਼, ਜੋਸ਼ੂਆ ਲਿਏਂਡੋ, ਨਿਕੋਲਸ ਬੇਨੇਟ ਅਤੇ ਕਾਇਲੀ ਮੈਸੇ ਵਰਗੇ ਦਿਗਜ਼ ਖਿਡਾਰੀਆਂ ਦੇ ਨਾਮ ਜ਼ਿਕਰਯੋਗ ਹਨ।
ਇਸ ਤੋਂ ਇਲਾਵਾ ਕਾਮਨਵੈਲਥ ਗੇਮਜ਼ ਵਿਚ ਮਾਯਾ ਲੇਲਰ ਦੇ ਗੋਲਡ ਮੈਡਲ ਜਿੱਤ ਨੇ ਚਰਚਾ ਛੇੜੀ ਹੈ। ਔਰਤਾਂ ਦੀ 76 ਕਿਲੋ ਵੇਟਲਿਫ਼ਟਿੰਗ ਸ਼੍ਰੇਣੀ ਵਿਚ ਲੇਲਰ ਨੇ ਇਹ ਸੋਨ ਤਮਗ਼ਾ ਹਾਸਿਲ ਕੀਤਾ ਹੈ।
ਆਪਣੀ ਪਹਿਲੀ ਕੋਸ਼ਿਸ਼ ਵਿਚ ਲੇਲਰ ਨੇ 100 ਕਿਲੋ ਚੁੱਕ ਕੇ ਮੁਕਾਬਲੇ ਵਿਚ ਲੀਡ ਪ੍ਰਾਪਤ ਕੀਤੀ ਅਤੇ ਦੂਸਰੀ ਕੋਸ਼ਿਸ਼ ਵਿਚ ਕਲੀਨ ਐਂਡ ਜਰਕ ਲਿਫ਼ਟ ਵਿਚ 128 ਕਿਲੋ ਚੁੱਕ ਕੇ ਕਾਮਨਵੈਲਥ ਰਿਕਾਰਡ ਦਰਜ ਕੀਤਾ। ਕੁਲ 228 ਕਿਲੋ ਦਰਜ ਕਰਕੇ ਲੇਲਰ ਨੇ ਆਪਣਾ ਪਹਿਲਾ ਸਥਾਨ ਪੱਕਾ ਕੀਤਾ।
ਨਾਈਜੀਰੀਆ ਦੀ ਟਾਇਵੋ ਲਿਆਡੀ ਨੇ ਸਿਲਵਰ ਮੈਡਲ ਜਿੱਤਿਆ। ਲਿਆਡੀ ਨੇ ਪਹਿਲੀ ਕੋਸ਼ਿਸ਼ ਦੌਰਾਨ 96 ਕਿਲੋ ਅਤੇ ਕਲੀਨ ਐਂਡ ਜਰਕ ਵਿਚ 120 ਕਿਲੋ ਭਾਰ ਚੁੱਕਿਆ। ਕੈਨੇਡੀਅਨ ਖਿਡਾਰੀ ਤੋਂ ਉਹ ਸਿਰਫ਼ 12 ਕਿਲੋ ਦੇ ਫ਼ਰਕ ‘ਤੇ ਰਹੀ।
ਨਾਊਰੋ ਦੀ ਮੈਕਸੀਮੀਨਾ ਓਏਪਾ ਦਾ ਕੁਲ ਅੰਕੜਾ 216 ਕਿਲੋ ਰਿਹਾ ਅਤੇ ਉਸ ਨੇ ਆਪਣੇ ਮੁਲਕ ਨੂੰ ਬ੍ਰੌਂਜ਼ ਮੈਡਲ ਜਿਤਾਇਆ।
ਤਾਸ਼ਕੰਤ ਵਿਚ ਆਯੋਜਿਤ 2021 ਦੀਆਂ ਕਾਮਨਵੈਲਥ ਗੇਮਜ਼ ਵਿਚ ਵੀ ਲੇਲਰ ਨੇ ਵੇਟਲਿਫ਼ਟਿੰਗ ਦੀ ਇਸੇ ਸ਼੍ਰੇਣੀ ਵਿਚ ਗੋਲਡ ਮੈਡਲ ਕੈਨੇਡਾ ਦੇ ਨਾਂ ਕੀਤਾ ਸੀ। ਲੇਲਰ ਦੇ ਮੈਡਲ ਸਮੇਤ 2022 ਦੀਆਂ ਕਾਮਨਵੇਲਥ ਗੇਮਜ਼ ਵਿਚ ਹੁਣ ਤੱਕ ਕੈਨੇਡਾ ਦੇ ਹਿੱਸੇ ਪੈ ਚੁੱਕੇ ਗੋਲਡ ਮੈਡਲਾਂ ਦੀ ਗਿਣਤੀ ਵੀਰਵਾਰ ਰਾਤ ਤੱਕ 17 ਹੋ ਗਈ ਹੈ। ਕੈਨੇਡੀਅਨ ਅਥਲੀਟ ਹੁਣ ਤੱਕ ਕਾਮਨਵੈਲਥ ਗੇਮਜ਼ ਵਿਚ ਕੁਲ 59 ਮੈਡਲ ਜਿੱਤ ਚੁੱਕੇ ਹਨ, ਜਿਸ ਵਿਚ 17 ਗੋਲਡ, 20 ਸਿਲਵਰ ਅਤੇ 22 ਬ੍ਰੌਂਜ਼ ਮੈਡਲ ਹਨ।
22ਵੀਆਂ ਕਾਮਨਵੈਲਥ ਗੇਮਜ਼ ਇੰਗਲੈਂਡ ਦੇ ਬਰਮਿੰਘਮ ਵਿਚ ਆਯੋਜਿਤ ਕੀਤੀਆਂ ਗਈਆਂ ਹਨ। ਇਹ ਅੰਤਰਰਾਸ਼ਟਰੀ ਖੇਡ ਮੁਕਾਬਲਾ 28 ਜੁਲਾਈ ਨੂੰ ਸ਼ੁਰੂ ਹੋਇਆ ਸੀ ਅਤੇ 8 ਅਗਸਤ ਤੱਕ ਜਾਰੀ ਰਹੇਗਾ।