ਬੀ.ਸੀ. ਸੂਬੇ ‘ਚ ਡਾਕਟਰਾਂ ਦੀ ਭਾਰੀ ਘਾਟ ਕਾਰਨ ਲੋਕ ਪ੍ਰੇਸ਼ਾਨ

ਸਰੀ : ਦੁਨੀਆ ‘ਚ ਲੋਕਾਂ ਦੀ ਸਿਹਤ ਸੰਭਾਲ ਲਈ ਅੱਵਲ ਮੰਨੇ ਜਾਂਦੇ ਬੀ.ਸੀ. ਸੂਬੇ ‘ਚ ਸਿਹਤ ਵਿਭਾਗ ਦੇ ਹਾਲਾਤ ਦਿਨੋ-ਦਿਨ ਵਿਗੜਦੇ ਜਾ ਰਹੇ ਹਨ। ਲੋਕਾਂ ਨੂੰ ਦਵਾਈਆਂ ਲਿਖਵਾਉਣ ਲਈ ਵੀ ਕੋਈ ਪਰਿਵਾਰਕ ਡਾਕਟਰ ਨਹੀਂ ਮਿਲ ਰਿਹਾ। ਸੂਬੇ ਦੇ ਪ੍ਰੀਮੀਅਰ ਜੌਹਨ ਹੌਰਗਨ ਵਲੋਂ ਵੀ ਹੁਣ ਸਿਹਤ ਵਿਭਾਗ ਦੀ ਮਾੜੀ ਹਾਲਤ ਨੂੰ ਲੈ ਕੇ ਚਿੰਤਾ ਜਤਾਈ ਜਾ ਰਹੀ ਹੈ। ਪਿਛਲੇ ਸਮੇਂ ਤੋਂ ਬੀ.ਸੀ. ਸੂਬੇ ‘ਚ ਅਬਾਦੀ ਵੱਧਣ ਦੇ ਮੁਕਾਬਲੇ ਸਿਹਤ ਵਿਭਾਗ ਦੇ ਸਟਾਫ਼ ‘ਚ ਨਾ-ਮਾਤਰ ਵਾਧਾ ਬਾਕੀ ਕੀਤਾ ਗਿਆ ਹੈ। ਜਿਸ ਕਰਕੇ ਹਸਪਤਾਲਾਂ ‘ਚ ਡਾਕਟਰਾਂ ਅਤੇ ਨਰਸਾਂ ਦੀ ਬਹੁਤ ਘਾਟ ਮਹਿਸੂਸ ਹੋ ਰਹੀ ਹੈ। ਇਸ ਦੇ ਨਾਲ ਮਰੀਜ਼ਾਂ ਨੂੰ ਆਪਣੇ ਇਲਾਜ ਤੇ ਚੈੱਕਅਪ ਲਈ ਕਈ ਘੰਟੇ ਇੰਤਜ਼ਾਰ ਕਰਨਾ ਪੈ ਰਿਹਾ ਹੈ। ਇਹ ਵੀ ਪਤਾ ਲੱਗਾ ਹੈ ਕਿ ਇਸ ਸੂਬੇ ‘ਚ ਵਧ ਰਹੀ ਆਬਾਦੀ ਮੁਤਾਬਿਕ ਸਿਹਤ ਵਿਭਾਗ ਕੋਲ ਵੀ. ਐਮ. ਆਈ. ਭਾਵ ਐਂਮਰਜੈਂਸੀ ਐਬੂਲੈਂਸ ਦੀ ਵੀ ਬਹੁਤ ਘਾਟ ਹੈ ਤੇ ਫਿਰ ਵੀ ਜਦੋਂ ਕੋਈ ਮਰੀਜ਼ ਐਮਰਜੈਂਸੀ ਕਾਲ ਕਰਦਾ ਹੈ ਤਾਂ ਕਾਫ਼ੀ ਸਮਾਂ ਲੱਗ ਜਾਂਦਾ ਹੈ, ਇਸ ਸਮੇਂ ਐਬੂਲੈਂਸ ਵੈਨਾਂ ਨੂੰ ਵਧਾਏ ਜਾਣ ਦੀ ਵੀ ਭਾਰੀ ਮੰਗ ਹੈ ਤਾਂ ਕਿ ਮਰੀਜ਼ ਤੱਕ ਪਹੁੰਚਣ ਲਈ ਸਮਾਂ ਘੱਟ ਤੋਂ ਘੱਟ ਲੱਗੇ। ਇਸ ਦੌਰਾਨ ਬੀ.ਸੀ. ਦੇ ਸਿਹਤ ਮੰਤਰਾਲੇ ਦਾ ਕਹਿਣਾ ਹੈ ਕਿ ”ਸਾਨੂੰ ਅਹਿਸਾਸ ਹੈ ਕਿ ਇੱਥੇ ਬਹੁਤ ਕੰਮ ਕਰਨਾ ਹੈ, ਅਤੇ ਸਿਸਟਮ ਰਾਤੋ-ਰਾਤ ਨਹੀਂ ਬਦਲੇਗਾ ਕਿਉਂਕਿ ਅਸੀਂ ਕਈ ਦਹਾਕਿਆਂ ਤੋਂ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹਾਂ,” ਅਸੀਂ ਲੰਬੇ ਸਮੇਂ ਤੋਂ ਚੱਲ ਰਹੇ ਇਹਨਾਂ ਮੁੱਦਿਆਂ ਨੂੰ ਹੱਲ ਕਰਨ ਅਤੇ ਇਹ ਯਕੀਨੀ ਬਣਾਉਣ ਲਈ ਕਿ ਮੌਜੂਦਾ ਚੁਣੌਤੀਆਂ ਦੇ ਬਾਵਜੂਦ, ਪ੍ਰਾਂਤ ਦੇ ਹਰੇਕ ਵਿਅਕਤੀ ਨੂੰ ਮਿਆਰੀ ਸਿਹਤ ਦੇਖਭਾਲ ਤੱਕ ਪਹੁੰਚ ਪ੍ਰਾਪਤ ਕਰਨ ਲਈ ਪਰਿਵਾਰਕ ਡਾਕਟਰਾਂ ਦੇ ਨਾਲ ਮਿਲ ਕੇ ਕੰਮ ਕਰਨ ਲਈ ਵਚਨਬੱਧ ਹਾਂ।” ਹਾਲਾਂਕਿ, ਬੀ.ਸੀ. ਦੇ ਡਾਕਟਰਾਂ ਦਾ ਕਹਿਣਾ ਹੈ ਕਿ ਸਿਹਤ ਸੰਭਾਲ ਪ੍ਰਣਾਲੀ ਇਸ ਸਮੇਂ ਸੰਕਟ ‘ਚ ਅਤੇ ਇਸ ‘ਚ ਜ਼ਰੂਰੀ ਸੁਧਾਰ ਜਲਦੀ ਤੋਂ ਜਲਦੀ ਚਾਹੀਦੇ ਹਨ ਕਿਉਂਕਿ ਹੱਲ ‘ਤੇ ਸਹਿਮਤੀ ਹੋਣ ਤੋਂ ਪਹਿਲਾਂ ਹੋਰ ਪਰਿਵਾਰਕ ਡਾਕਟਰ ਆਪਣੀ ਨੌਕਰੀ ਤੋਂ ਸੇਵਾਮੁਕਤ ਹੋ ਜਾਣਗੇ।
ਡਾਕਟਰ ਐਸੋਸੀਏਸ਼ਨ ਵਲੋਂ ਕਿਹਾ ਗਿਆ ਹੈ ਕਿ ”ਸਾਨੂੰ ਫੌਰੀ ਤੌਰ ‘ਤੇ ਵਧੇਰੇ ਮਰੀਜ਼ਾਂ ਨੂੰ ਲੈਣ ਲਈ ਫੈਮਿਲੀ ਡਾਕਟਰਾਂ ਦੀ ਪਹੁੰਚ ਅਤੇ ਸਹਾਇਤਾ ਨੂੰ ਵਧਾਉਣ ਦੇ ਯੋਗ ਹੋਣਾ ਚਾਹੀਦਾ ਹੈ। ਸਾਨੂੰ ਲੰਮੀ ਦੇਖਭਾਲ ਕਰਨ ਵਾਲੇ ਹੋਰ ਡਾਕਟਰਾਂ ਨੂੰ ਇਸ ਕਿੱਤੇ ‘ਚ ਲਿਆਉਣ ਦੀ ਲੋੜ ਹੈ, ਅਤੇ ਸਰਕਾਰ ਨੂੰ ਡਾਕਟਰਾਂ ‘ਤੇ ਵੱਧ ਰਹੇ ਆਰਥਿਕ ਅਤੇ ਪ੍ਰਬੰਧਕੀ ਬੋਝ ਦਾ ਧਿਆਨ ਰੱਖਣ ਦੀ ਲੋੜ ਹੈ। ਸਾਨੂੰ ਅਸਲ ਵਿੱਚ ਉਹਨਾਂ ਚੀਜ਼ਾਂ ਵੱਲ ਧਿਆਨ ਦੇਣ ਦੀ ਲੋੜ ਹੈ ਜੋ ਸਧਾਰਨ, ਆਸਾਨ ਹੱਲ ਹਨ। ਸਾਨੂੰ ਅਤੇ ਸਰਕਾਰ ਨੂੰ ਇਹ ਸਮਝਣ ਦੀ ਲੋੜ ਹੈ ਕਿ ਇਹ ਹੱਲ ਅਸਲ ਵਿੱਚ ਹੋ ਸਕਦੇ ਹਨ ਅਤੇ ਬਹੁਤ ਤੇਜ਼ੀ ਨਾਲ ਹੋ ਸਕਦੇ ਹਨ।
ਜ਼ਿਕਰਯੋਗ ਹੈ ਕਿ ਇਸ ਗਰਮੀਆਂ ਦੇ ਸ਼ੁਰੂ ਵਿੱਚ, ਸੂਬਾਈ ਸਰਕਾਰ ਵਲੋਂ ਕਿਹਾ ਗਿਆ ਸੀ ਕਿ 200 ਤੋਂ ਘੱਟ ਪਰਿਵਾਰਕ ਡਾਕਟਰ ਗ੍ਰੈਜੂਏਟਾਂ ਨੂੰ ਪੜ੍ਹਾਈ ਦੀ ਕਰਜ਼ਾ ਮੁਆਫ਼ੀ ਦੇ ਨਾਲ $25,000 ਸਾਈਨਿੰਗ ਬੋਨਸ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ ਜੇਕਰ ਉਹ ਅਗਲੇ ਮਹੀਨੇ ਬੀ.ਸੀ. ਵਿੱਚ ਪਰਿਵਾਰਕ ਡਾਕਟਰਾਂ ਵਜੋਂ ਕੰਮ ਕਰਨ ਲਈ ਦਸਤਖ਼ਤ ਕਰਦੇ ਹਨ।