ਪਿਛਲੇ ਸਾਲ ਦੇ ਮੁਕਾਬਲੇ ਜੁਲਾਈ ‘ਚ ਘਰਾਂ ਦੀ ਵਿਕਰੀ 43 ਫੀਸਦੀ ਘਟੀ

ਮਾਹਰਾਂ ਅਨੁਸਾਰ ਵੱਡੇ ਨਿਵੇਸ਼ਾਂ ਦੀ ਨਜ਼ਰ ਕੈਨੇਡਾ ਦੇ ਰੀਅਲ ਅਸਟੇਟ ਬਾਜ਼ਾਰ ‘ਤੇ

ਸਰੀ, (ਪਰਮਜੀਤ ਸਿੰਘ): ਰੀਅਲ ਅਸਟੇਟ ਬੋਰਡ ਆਫ਼ ਗ੍ਰੇਟਰ ਵੈਨਕੂਵਰ ਦੇ ਅਨੁਸਾਰ ਪਿਛਲੇ ਮਹੀਨੇ ਘਰਾਂ ਦੀ ਵਿਕਰੀ ਜੁਲਾਈ 2021 ਨੇ ਮੁਕਾਬਲੇ 43 ਫੀਸਦੀ ਘਟ ਗਈ ਹੈ। ਪਿਛਲੇ ਸਾਲ ਜੂਨ ਦੇ ਮੁਕਾਬਲੇ ਵੀ ਇਸ ਸਾਲ ਜੁਲਾਈ ਮਹੀਨੇ ਘਰਾਂ ਦੀ ਵਿਕਰੀ 23 ਫੀਸਦੀ ਘਟ ਸੀ। ਬੋਰਡ ਅਨੁਸਾਰ ਇਸ ਵਾਰ ਜੁਲਾਈ ਮਹੀਨੇ ਘਰਾਂ ਦੀ ਕੁਲ ਵਿਕਰੀ 1887 ਰਹੀ, ਜੋ ਕਿ ਪਿਛਲੇ 10 ਸਾਲ ਦੀ ਜੁਲਾਈ ਦੀ ਵਿਕਰੀ ਤੋਂ ਔਸਤਨ 35.2 ਪ੍ਰਤੀਸ਼ਤ ਘਟ ਹੈ। ਬੋਰਡ ਦਾ ਕਹਿਣਾ ਹੈ ਕਿ ਖਰੀਦਦਾਰ ਅਤੇ ਵਿਕਰੇਤਾ ਦੋ ਸਾਲਾਂ ਦੀ ਬੇਚੈਨੀ ਅਤੇ ਉਤਰਾ-ਚੜ੍ਹਾਅ ਤੋਂ ਬਾਅਦ ਹੁਣ ਆਰਾਮ ਦਾ ਸਾਹ ਲੈ ਰਹੇ ਹਨ। ਮੁੰਨ ਨੇ ਕਿਹਾ ਖਰੀਦਦਾਰ ਇਸ ਸਮੇਂ ਕੈਨੇਡਾ ‘ਚ ਵੱਧਦੀ ਮਹਿੰਗਾਈ ਅਤੇ ਵਿਆਜ਼ ਦਰਾਂ ‘ਚ ਲਗਾਤਾਰ ਕੀਤੇ ਜਾ ਰਹੇ ਵਾਧੇ ਕਾਰਨ ਘਰਾਂ ਦੀ ਖਰੀਦਦਾਰੀ ਤੋਂ ਟਾਲਾ ਵੱਟਦੇ ਨਜ਼ਰ ਆ ਰਹੇ ਹਨ। ਇਸ ਤੋਂ ਇਲਾਵਾ ਸਥਾਨਕ ਖੇਤਰ ‘ਚ ਬੈਂਚਮਾਰਕ ਕੀਮਤ ਪਿਛਲੇ ਮਹੀਨੇ 1.2 ਮਿਲੀਅਨ ਰਿਕਾਰਡ ਹੋਈ ਸੀ ਜੋ ਕਿ ਜੁਲਾਈ 2021 ਤੋਂ ਤਕਰੀਬਨ 10 ਫੀਸਦੀ ਜ਼ਿਆਦਾ ਹੈ। ਮੁੰਨ ਨੇ ਕਿਹਾ ਪਿਛਲੇ ਤਿੰਨ ਮਹੀਨਿਆਂ ਤੋਂ ਕੀਮਤਾਂ ਘੱਟਣੀਆਂ ਸ਼ੁਰੂ ਹੋਈਆਂ ਹਨ ਅਤੇ ਹੌਲੀ ਹੌਲੀ ਇਹ ਰਫ਼ਤਾਰ 2 ਫੀਸਦੀ ਮਹੀਨੇ ਤੇ ਪਹੁੰਚ ਗਈ ਹੈ। ਬੀ.ਸੀ. ‘ਚ ਰੀਅਲ ਅਸਟੇਟ ਦੇ ਪ੍ਰਮੁੱਖ ਅਰਥ ਸ਼ਾਸਤਰੀ ਬ੍ਰੈਂਡਨ ਓਗਮੰਡਸਨ ਨੇ ਕਿਹਾ ਕਿ ਸੂਬੇ ਦੇ ਬਹੁਤੇ ਸ਼ਹਿਰਾਂ ‘ਚ ਘਰਾਂ ਦੀ ਵਿਕਰੀ ਅਤੇ ਘਰਾਂ ਦੀ ਮੰਗ ਘੱਟ ਰਹੀ ਹੈ। ਉਨ੍ਹਾਂ ਕਿਹਾ ਆਮ ਤੌਰ ‘ਤੇ ਸਾਲ ਦੇ ਇਸ ਸਮੇਂ ‘ਚ ਆਮ ਨਾਲੋਂ ਮੰਗ 20 ਤੋਂ 25 ਫੀਸਦੀ ਘਟ ਹੁੰਦੀ ਹੈ। ਉਨ੍ਹਾਂ ਕਿਹਾ ਘਰਾਂ ਦੀਆਂ ਕੀਮਤਾਂ ਘਟੀਆਂ ਹਨ ਇਹ ਵਿਆਜ਼ ਦਰਾਂ ‘ਚ ਹੋਏ ਵਾਧੇ ਦਾ ਪ੍ਰਤੀਕਰਮ ਵੀ ਹੈ।