ਰੁੱਖ

ਰੁੱਖ

ਰੁੱਖ ਨੂੰ ਸਵਾਲ
ਠੰਡੇ ਤੱਤੇ ਕਿਉਂ ਸਹਿੰਦਾ ਏਂ, ਰੜ੍ਹੇ ਮੈਦਾਨ ਚ’ ਕਿਉਂ ਬਹਿੰਦਾ ਏਂ।
ਮਨੁੱਖਤਾ ਦੀ ਸੇਵਾ ਤੂੰ ਕਰਕੇ, ਹਾਏ ਵੇ ਰੁੱਖਾ ਕਿਉਂ ਰੋਂਦਾ ਏਂ।
ਸਾਫ ਹਵਾ ਤੇ ਸ਼ੁੱਧ ਪਾਣੀ, ਵਿੱਚ ਹਵਾ ਦੇ ਤੂੰ ਦੇਂਦਾ ਏਂ।
ਵਡਮੁੱਲੇ ਨੇ ਕਾਰਜ ਸਾਰੇ, ਹਾਏ ਵੇ ਰੁੱਖਾ ਕਿਉਂ ਰੋਂਦਾ ਏਂ।
ਤਪਦੀ ਧਰਤੀ ਵਰ੍ਹਦੀ ਅੱਗ ਵਿੱਚ, ਛਾਂ ਆਸਰੇ ਤੂੰ ਦੇਂਦਾ ਏਂ।
ਠੰਡਕ ਤੇਰੀ ਸਵਰਗ ਜਿਹੀ ਜਾਪੇ, ਹਾਏ ਵੇ ਰੁੱਖਾ ਕਿਉਂ ਰੋਂਦਾ ਏਂ।
ਤਣਾ, ਪੱਤੇ ਹਰ ਟਾਹਣੀ ਤੇਰੀ, ਹਰ ਦੁੱਖ ਤੂੰ ਭਜਾ ਦਿੰਦਾ ਏਂ।
ਗਰੀਬਾਂ ਦਾ ਰਾਖਾ ਤੂੰ ਸੱਜਣਾਂ, ਹਾਏ ਵੇ ਰੁੱਖਾ ਕਿਉਂ ਰੋਂਦਾ ਏਂ।
ਵਿੱਚ ਤ੍ਰਿੰਝਣਾਂ ਪੀਘਾਂ ਦੇ ਸੰਗ, ਖੁਸ਼ੀ ਦੇ ਨਾਦ ਵਜਾ ਦੇਂਦਾ ਏਂ।
ਹਰ ਮੌਸਮ ਦੀ ਜਾਨ ਤੂੰ ਸੱਜਣਾਂ, ਹਾਏ ਵੇ ਰੁੱਖਾ ਕਿਉਂ ਰੋਂਦਾ ਏਂ।
ਰੁੱਖ ਦਾ ਜਵਾਬ
ਮੇਰਾ ਰੋਣਾ ਸੱਚ ਹੈ ਬੰਦਿਆ, ਤੂੰ ਕੁਦਰਤ ਦਾ ਵੈਰੀ ਹੋ ਗਿਆਂ।
ਤਰੱਕੀ ਦੀਆਂ ਰਾਹਾਂ ਤੇ ਚੱਲ, ਪੈਸੇ ਅੱਗੇ ਢੇਰੀ ਹੋ ਗਿਆਂ।
ਸ਼ਹਿਰੋਂ ਕੱਢ ਸੜਕਾਂ ਤੇ ਲਾਇਆ, ਮੌਸਮ ਤੇਰਾ ਜ਼ਹਿਰੀ ਹੋ ਗਿਆਂ।
ਬੰਦਿਆਂ ਤੈਨੂੰ ਫਿਕਰ ਨਾ ਆਪਣੀ, ਚੰਗੀ ਸਿਹਤ ਤੋਂ ਢੇਰੀ ਹੋ ਗਿਆਂ।
ਜੁਆਕ ਤੇਰੇ ਨਾਂ ਭੁੱਲ ਗਏ ਮੇਰੇ, ਤੂੰ ਬੰਦਿਆਂ ਹੁਣ ਸ਼ਹਿਰੀ ਹੋ ਗਿਆਂ।
ਮੇਰੇ ਕਾਰਨ ਤੂੰ ਵਸਦਾ ਏਂ, ਚੁੱਕ ਆਰੀ ਹੁਣ ਵੈਰੀ ਹੋ ਗਿਆਂ।
‘ਸੁੱਖਿਆ’ ਪੈਸੇ ਛਾਵੇਂ ਬਹਿ ਜਾਈਂ, ਪਾਣੀ ਤੇਰਾ ਮੁੱਲ ਹੋ ਗਿਆਂ।
ਮੇਰਾ ਰੋਣਾ ਸੱਚ ਹੈ ਬੰਦਿਆ, ਤੂੰ ਕੁਦਰਤ ਦਾ ਵੈਰੀ ਹੋ ਗਿਆਂ।
ਲੇਖਕ : ਸੁਖਦੇਵ ਸਿੰਘ